ਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 636 ਹੋਈ

ਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 636 ਹੋਈ
ਚੀਨ ’ਚ ਘਾਤਕ ਕੋਰੋਨਾ ਵਾਇਰਸ ਲਗਾਤਾਰ ਮਨੁੱਖੀ ਜ਼ਿੰਦਗੀਆਂ ਖ਼ਤਮ ਕਰਦਾ ਜਾ ਰਿਹਾ ਹੈ। ਚੀਨ ’ਚ ਇਸ ਵਾਇਰਸ ਕਾਰਨ ਹੁਣ ਤੱਕ 636 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ 31,161 ਵਿਅਕਤੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਕੱਲ੍ਹ ਵੀਰਵਾਰ ਨੂੰ ਚੀਨ ਦੇ ਇੱਕ ਡਾਕਟਰ ਲੀ ਵੇਨਲਿਆਂਗ ਦੀ ਵੀ ਮੌਤ ਹੋ ਗਈ ਹੈ। ਡਾ. ਵੇਨਲਿਆਂਗ ਨੇ ਮਹਾਮਾਰੀ ਬਾਰੇ ਚੇਤਾਵਨੀ ਦਿੱਤੀ ਸੀ।
ਕੋਰੋਨਾ ਵਾਇਰਸ ਕੀਟਾਣੂਆਂ ਦਾ ਇੱਕ ਵੱਡਾ ਸਮੂਹ ਹੈ ਪਰ ਇਨ੍ਹਾਂ ਵਿੱਚੋਂ ਕੇਵਲ ਛੇ ਕੀਟਾਣੂ ਹੀ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਨਾਲ ਰੋਗ ਦੀ ਸ਼ੁਰੂਆਤ ਸਰਦੀ–ਜ਼ੁਕਾਮ ਤੋਂ ਹੁੰਦੀ ਹੈ, ਗਲ਼ੇ ’ਚ ਖ਼ਰਾਸ਼ ਹੁੰਦੀ ਹੈ ਤੇ ਫਿਰ ਹੌਲੀ–ਹੌਲੀ ਮਰੀਜ਼ ਨੂੰ ਸਾਹ ਲੈਣ ਵਿੱਚ ਔਖ ਆਉਣ ਲੱਗਦੀ ਹੈ। ਇਸੇ ਵਾਇਰਸ ਨੇ 2002–03 ਦੌਰਾਨ ਚੀਨ ਤੇ ਹਾਂਗਕਾਂਗ ’ਚ 650 ਜਾਨਾਂ ਲੈ ਲਈਆਂ ਸਨ।
ਅਮਰੀਕਾ ਦੇ ਸੈਂਟਰ ਫ਼ਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDS) ਮੁਤਾਬਕ ਕੋਰੋਨਾ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਤੱਕ ਪੁੱਜ ਜਾਂਦਾ ਹੈ। ਨਵਾਂ ਚੀਨੀ ਕੋਰੋਨਾ ਵਾਇਰਸ ਸਾਰਸ ਵਾਇਰਸ ਵਾਂਗ ਹੈ।
ਹਾਂਗਕਾਂਗ ਯੂਨੀਵਰਸਿਟੀ ਦੇ ਸਕੂਲ ਆੱਫ਼ ਪਬਲਿਕ ਹੈਲਥ ਦੇ ਵਾਇਰਲੋਜਿਸਟ ਲਿਓ ਪੂਨ ਨੇ ਸਭ ਤੋਂ ਪਹਿਲਾਂ ਇਹ ਵਾਇਰਸ ਡੀਕੋਡ ਕੀਤਾ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਾਇਰਸ ਦੀ ਸ਼ੁਰੂਆਤ ਇੱਕ ਜਾਨਵਰ ਤੋਂ ਹੋਈ ਹੈ ਤੇ ਉੱਥੋਂ ਹੀ ਇਹ ਮਨੁੱਖਾਂ ’ਚ ਫੈਲਿਆ ਹੈ।
ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਕੋਰੋਨਾ ਵਾਇਰਸ (CoV) ਇੱਕ ਜੂਨੋਟਿਕ ਹੈ; ਭਾਵ ਇਹ 2019–nCoV ਰਾਹੀਂ ਜਾਨਵਰਾਂ ਤੋਂ ਮਨੁੱਖਾਂ ’ਚ ਫੈਲਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ 2019-nCoV ਸਮੁੰਦਰੀ ਜੀਵਾਂ ਨੂੰ ਖਾਣ ਨਾਲ ਫੈਲਿਆ ਸੀ ਪਰ ਹੁਣ ਤਾਂ ਕੋਰੋਨਾ ਵਾਇਰਸ ਮਨੁੱਖ ਤੋਂ ਮਨੁੱਖ ਤੱਕ ਫੈਲ ਰਿਹਾ ਹੈ।
ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਉਮਰ 70 ਸਾਲ ਤੋਂ ਵੱਧ ਹੈ ਪਰ ਕੁਝ ਵਿਅਕਤੀਆਂ ਦੀ ਉਮਰ 48 ਵਰ੍ਹੇ ਵੀ ਹੈ। ਇੰਝ ਇਹ ਵੀ ਕਿਹਾ ਜਾ ਸਕਦਾ ਹੈ ਕਿ ਵਾਇਰਸ 48 ਸਾਲ ਦੀ ਉਮਰ ਤੋਂ ਲੈ ਕੇ 70–75 ਸਾਲ ਤੱਕ ਦੀ ਉਮਰ ਦੇ ਲੋਕਾਂ ਦੀਆਂ ਜਾਨਾਂ ਲੈ ਰਿਹਾ ਹੈ।