ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਚਿੰਤਾ ਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਕੁਝ ਸਮੇਂ ਲਈ ਹਾਸੇ ਖਿਲਰਦਾ ਹੈ ਮੂਰਖ ਦਿਵਸ: (1 ਅਪ੍ਰੈਲ ਮੂਰਖ ਦਿਵਸ ਤੇ ਵਿਸ਼ੇਸ਼)

ਚਿੰਤਾ ਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਕੁਝ ਸਮੇਂ ਲਈ ਹਾਸੇ ਖਿਲਰਦਾ ਹੈ ਮੂਰਖ ਦਿਵਸ: (1 ਅਪ੍ਰੈਲ ਮੂਰਖ ਦਿਵਸ ਤੇ ਵਿਸ਼ੇਸ਼)

ਐਪਰਲ ਫੂਲ ਡੇ ਜੋ ਕਿ ਪਹਿਲੀ ਅਪ੍ਰੈਲ ਦਾ ਦਿਨ ਇਸ ਨੂੰ ਮੂਰਖ ਦਿਵਸ ਦੇ ਨਾਂ ਨਾਲ ਵੀ ਪ੍ਰਸਿੱਧੀ ਪ੍ਰਾਪਤ ਹੈ। ਇਸ ਦਿਨ ਕੋਈ ਕਿਸੇ ਨੂੰ ਮੂਰਖ ਬਣਾਉਂਦਾ ਹ ਅਤੇ ਕੋਈ ਖੁਦ ਮੂਰਖ ਬਣ ਜਾਂਦਾ ਹੈ। ਇਸ ਤਰ੍ਹਾਂ ਇਹ ਪਹਿਲੀ ਅਪ੍ਰੈਲ ਦਾ ਦਿਨ ਇੱਕ ਹਾਸੇ-ਮਜ਼ਾਕ ਦੇ ਸਿਹਤਮੰਦ ਦਿਨ ਵਜੋਂ ਮਾਣਿਆ ਜਾ ਸਕਦਾ ਹੈ। ਪ੍ਰੇਸ਼ਾਨੀਆਂ ਅਤੇ ਤਣਾਵਾਂ ਵਿੱਚ ਘਿਰਿਆ ਸਿਆਣਾ ਇਨਸਾਨ ਹੱਸਣ ਨੂੰ ਵੀ ਤਰਸ ਜਾਂਦਾ ਹੈ,ਪਰ ਮੂਰਖ ਨੂੰ ਕਿਸੇ ਚੜੀ ਲੱਥੀ ਦੀ ਨਹੀਂ ਹੁੰਦੀ ਅਤੇ ਉਸ ਦੀ ਜਿੰਦਗੀ ਤਾਂ ਸਿਰਫ ਹੱਸਣਾ ਹੀ ਹੁੰਦੀ ਹੈ। ਸ਼ਾਇਦ ਮੂਰਖਾਂ ਦੀ ਜਿੰਦਗੀ ਨੂੰ ਬਿਹਤਰ ਮੰਨਦਿਆਂ ਸਿਆਣੇ ਇਨਸਾਨਾਂ ਨੇ ਇੱਕ ਦਿਨ ਲਈ ਮੂਰਖ ਬਣਨ ਦੀ ਸੋਚੀ ਹੈ। ਬਿਨਾਂ ਸ਼ੱਕ ਹਾਸਾ ਇੱਕ ਨਿਆਮਤ ਹੈ ਅਤੇ ਇਸ ਦੀ ਪ੍ਰਾਪਤੀ ਲਈ ਐਪਰਲ ਫੂਲ ਵਾਲੇ ਦਿਨ ਲੋਕੀਂ ਇੱਕ ਦੂਜੇ ਨਾਲ ਮਜਾਕ ਕਰਕੇ ਹਾਸੇ ਦੀ ਪ੍ਰਾਪਤੀ ਕਰਦੇ ਹਨ। ਸੋ ਗੱਲ ਕੀ ਅੱਜ ਦਾ ਦਿਨ ਖੁੱਲ ਕੇ ਹੱਸਣ ਅਤੇ ਪ੍ਰੇਸ਼ਾਨੀਆਂ ਨੂੰ ਠੁੱਡਾ ਮਾਰਨ ਦਾ ਦਿਨ ਹੈ।
ਭਾਰਤ ਸਮੇਤ ਲਗਭਗ ਸਾਰੀ ਦੁਨੀਆ ਵਿੱਚ ਪਹਿਲੀ ਅਪ੍ਰੈਲ ਦਾ ਦਿਨ ‘ਫੂਲਜ਼ ਡੇ’ ਭਾਵ ‘ਮੂਰਖ ਦਿਵਸ’ ਵਜੋਂ ਮਨਾਇਆ ਜਾਂਦਾ ਹੈ, ਜਿਸ ਨੂੰ ‘ਅਪ੍ਰੈਲ ਫੂਲ’ ਦੇ ਨਾਂ ਨਾਲ ਜਾਣਿਆ ਤੇ ਸੰਬੋਧਨ ਕੀਤਾ ਜਾਂਦਾ ਹੈ। ਇਸ ਦਿਨ ਕਿਸੇ ਨਾ ਕਿਸੇ ਬਹਾਨੇ ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਤੇ ਜਾਣ-ਪਛਾਣ ਵਾਲਿਆਂ ਨੂੰ ਕੁਝ ਪਲਾਂ ਲਈ ਮੂਰਖ ਬਣਾ ਕੇ ਹਾਸਾ-ਠੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦਿਵਸ ਪਿੱਛੇ ਲੋਕਾਂ ਨੂੰ ਕੁਝ ਪਲਾਂ ਲਈ ਸਕੂਨ ਦੇਣ ਤੇ ਖੁਸ਼ ਕਰਨ ਦੀ ਸੋਚ ਕੰਮ ਕਰਦੀ ਹੈ, ਜਿਸ ਨਾਲ ਲੋਕਾਂ ਦੀ ਚਿੰਤਾ ਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਕੁਝ ਸਮੇਂ ਲਈ ਹਾਸੇ ਖਿਲਰਦੇ ਹਨ। ਭੁਲੇਖਾ-ਪਾਉ ਗੱਲਾਂ ਕਰ ਕੇ ਇੱਕ-ਦੂਜੇ ਨਾਲ ਕੀਤੇ ਜਾਂਦੇ ਮਜ਼ਾਕ ਦਾ ਸਿਲਸਿਲਾ ਸਾਰਾ ਦਿਨ ਚੱਲਦਾ ਰਹਿੰਦਾ ਹੈ।
ਪਹਿਲੀ ਅਪ੍ਰੈਲ ਨੂੰ ‘ਮੂਰਖ ਦਿਵਸ’ ਵਜੋਂ ਕਿਉਂ ਮਨਾਇਆ ਜਾਂਦਾ ਹੈ, ਹੋਰ ਕਿਸੇ ਦਿਨ ਨੂੰ ਕਿਉਂ ਨਹੀਂ? ਇਸ ਬਾਰੇ ਬਿਲਕੁਲ ਸਹੀ ਜਾਣਕਾਰੀ ਕਿਤੇ ਨਹੀਂ ਮਿਲਦੀ। ਇਸ ਦਿਨ ਨਾਲ ਸੰਬੰਧਤ ਬਹੁਤ ਸਾਰੀਆਂ ਕਹਾਣੀਆਂ ਪ੍ਰਚੱਲਤ ਹਨ, ਜਿਸ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਇਸ ਰਵਾਇਤ ਦਾ ਜਨਮ ਫਰਾਂਸ ਵਿੱਚ ਹੋਇਆ ਸੀ। ਇੱਕ ਕਹਾਣੀ ਅਨੁਸਾਰ ਇਹ ਗੱਲ ਸੰਨ 1564 ਦੀ ਹੈ। ਉਸ ਸਮੇਂ ਯੂਰਪ ਦੇ ਦੇਸ਼ਾਂ ਵਿੱਚ ਜੋ ਕੈਲੰਡਰ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ, ਉਹ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੁੰਦਾ ਸੀ। ਜਿਵੇਂ ਹੁਣ ਅਸੀਂ ਨਵਾਂ ਸਾਲ ਭਾਵ ਇੱਕ ਜਨਵਰੀ ਦਾ ਦਿਨ ਮਨਾ ਕੇ ਯਾਰਾਂ-ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਤੋਹਫੇ ਤੇ ਵਧਾਈਆਂ ਦਿੰਦੇ ਹਾਂ, ਉਸ ਸਮੇਂ ਉਥੇ ਅਜਿਹਾ ਮਾਹੌਲ ਇੱਕ ਅਪ੍ਰੈਲ ਨੂੰ ਹੋਇਆ ਕਰਦਾ ਸੀ। ਉਨ੍ਹਾਂ ਦਿਨਾ ਵਿੱਚ ਫਰਾਂਸ ਨੂੰ ਛੱਡ ਕੇ ਬਾਕੀ ਯੂਰਪ ਦੇ ਦੇਸ਼ਾਂ ਨੇ ਨਵਾਂ ਕੈਲੰਡਰ ਅਪਣਾ ਲਿਆ, ਜੋ ਇੱਕ ਜਨਵਰੀ ਤੋਂ ਨਵੇਂ ਸਾਲ ਦੀ ਸ਼ੁਰੂਆਤ ਕਰਦਾ ਸੀ। ਸੰਨ 1564 ਵਿੱਚ ਫਰਾਂਸ ਵਿੱਚ ਇਹ ਨਵਾਂ ਕੈਲੰਡਰ ਲਾਗੂ ਨਹੀਂ ਸੀ ਹੋਇਆ, ਪਰ ਇਸੇ ਸਾਲ 1564 ਵਿੱਚ ਫਰਾਂਸ ਦੇ ਰਾਜੇ ਚਾਰਲਸ-9 (ਚਾਰਲੀਜ-9) ਨੇ ਫਰਾਂਸ ਵਾਸੀਆਂ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਕਿ ਉਸ ਕੈਲੰਡਰ ਨੂੰ ਅਪਣਾਇਆ ਜਾਵੇ, ਜੋ ਪਹਿਲੀ ਜਨਵਰੀ ਤੋਂ ਸ਼ੁਰੂ ਹੁੰਦਾ ਹੈ। ਰਾਜੇ ਨੇ ਜਦੋਂ ਹੁਕਮ ਦਿੱਤਾ, ਸਾਰੇ ਫਰਾਂਸ ਵਿੱਚ ਨਵਾਂ ਸਾਲ ਪਹਿਲੀ ਜਨਵਰੀ ਤੋਂ ਸ਼ੁਰੂ ਹੋ ਗਿਆ, ਪਰ ਕੁਝ ਲੋਕਾਂ ਨੇ ਪਹਿਲੇ ਕੈਲੰਡਰ ਅਨੁਸਾਰ ਇੱਕ ਅਪ੍ਰੈਲ ਤੋਂ ਸ਼ੁਰੂ ਹੁੰਦੇ ਕੈਲੰਡਰ ਨੂੰ ਮੰਨਣਾ ਜਾਰੀ ਰੱਖਿਆ। ਇਨ੍ਹਾਂ ਦੀ ਇਸ ਹਰਕਤ ਨੂੰ ਉਥੋਂ ਦੇ ਲੋਕ ਮੂਰਖਤਾ ਸਮਝਣ ਲੱਗੇ। ਅਜਿਹੇ ਵਿੱਚ ਉਹ ਕਿਸੇ ਨੂੰ ਮਜ਼ਾਕ ਕਰਨ ਜਾਂ ਹਾਸੇ-ਠੱਠੇ ਲਈ ਕੋਈ ਅਜਿਹੀ ਗੱਲ ਕਹਿ ਦਿੰਦੇ। ਓਦੋਂ ਤੋਂ ਲੈ ਕੇ ਹੁਣ ਤੱਕ ਲੋਕ ਪਹਿਲੀ ਅਪ੍ਰੈਲ ਨੂੰ ਆਪਣੇ ਦੋਸਤਾਂ-ਮਿੱਤਰਾਂ-ਸਨੇਹੀਆਂ ਨਾਲ ਹਾਸਾ-ਠੱਠਾ ਕਰਦੇ ਆ ਰਹੇ ਹਨ ਤੇ ਕਿਸੇ ਨੂੰ ‘ਮੂਰਖ’ ਬਣਾਉਣ ਦੀ ਰਵਾਇਤ ਦਾ ਹਿੱਸਾ ਬਣ ਰਹੇ ਹਨ।
ਇਸ ਮੌਕੇ ਇੱਕ ਦੂਜੇ ਨੂੰ ਖਾਲੀ ਡੱਬੇ ਪੈਕ ਕਰਾ ਕੇ ਤੋਹਫਾ ਦੇਣ ਜਾਂ ਝੂਠ-ਮੂਠ ਕਿਸੇ ਪ੍ਰੋਗਰਾਮ ਬਾਰੇ ਕਹਿ ਕੇ ਘਰ ਖਾਣੇ ‘ਤੇ ਬੁਲਾ ਕੇ ਮੂਰਖ ਬਣਾਉਣ ਦੀ ਰਵਾਇਤ ਪ੍ਰਚੱਲਤ ਹੈ। ਇਸ ਦਿਨ ਇੱਕ ਦੂਜੇ ਨਾਲ ਮਜ਼ਾਕ ਕੀਤਾ ਜਾਣਾ ਆਮ ਹੈ। ਇਸ ਦਾ ਸਿਲਸਿਲਾ ਸਕੂਲਾਂ-ਕਾਲਜਾਂ ਵਿੱਚ ਵੀ ਸ਼ੁਰੂ ਹੋ ਗਿਆ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ‘ਅਪ੍ਰੈਲ ਫੂਲ’ ਮਨਾਉਣ ਦੀ ਸ਼ੁਰੂਆਤ ਇਟਲੀ ਤੋਂ ਹੋਈ। ਪੁਰਾਣੇ ਸਮਿਆਂ ਤੋਂ ਹੀ ਇਟਲੀ ਵਿੱਚ ਪਹਿਲੀ ਅਪ੍ਰੈਲ ਦੇ ਦਿਨ ਇੱਕ ਮਨੋਰੰਜਨ ਉਤਸਵ ਮਨਾਇਆ ਜਾਂਦਾ ਹੈ। ਇਸ ਦਿਨ ਖੂਬ ਨੱਚ-ਗਾ ਕੇ ਹੁੜਦੰਗ ਮਚਾਉਣ ਦੀ ਰਵਾਇਤ ਹੈ। ਰਾਤ ਦੇ ਸਮੇਂ ਦਾਅਵਤਾਂ ਦਿੱਤੇ ਜਾਣ ਦੀ ਰੀਤ ਹੈ। ਇਸ ਨੂੰ ‘ਮੂਰਖ ਦਿਵਸ’ ਨਾਲ ਜੋੜਿਆ ਜਾਂਦਾ ਹੈ।
ਯੂਰਪ ਵਿੱਚ ਪਹਿਲੀ ਅਪ੍ਰੈਲ ਮਨਾਉਣ ਦਾ ਰਿਵਾਜ ਇਸ ਤਰ੍ਹਾਂ ਸੀ ਕਿ ਇਸ ਦਿਨ ਯੂਰਪ ਦੇ ਹਰ ਘਰ ਵਿੱਚ ਨੌਕਰ ਮਾਲਕ ਬਣਦਾ ਸੀ ਅਤੇ ਮਾਲਕ ਨੌਕਰ। ਨੌਕਰ ਮਾਲਕ ਬਣ ਕੇ ਆਪਣੇ ਮਾਲਕ ਦੇ ਸੋਹਣੇ ਕੱਪੜੇ ਪਹਿਨਦਾ ਸੀ ਤੇ ਮਾਲਕ ਵਾਲੀ ਕੁਰਸੀ ‘ਤੇ ਬੈਠ ਕੇ ਹੁਕਮ ਚਲਾਉਂਦਾ ਸੀ। ਇਸ ਦਿਨ ਮਾਲਕ ਬਣੇ ਨੌਕਰ ਨੂੰ ਇਹ ਹੱਕ ਸੀ ਕਿ ਉਹ ਨੌਕਰ ਬਣੇ ਮਾਲਕ ਨੂੰ ਸਜ਼ਾ ਵੀ ਦੇ ਸਕਦਾ ਸੀ। ਆਪਣੇ-ਆਪ ਨੂੰ ਬਹੁਤ ਵੱਡੇ ਕਹਾਉਣ ਵਾਲੇ ਕਈ ਯੂਰਪੀਅਨਾਂ ਨੇ ਕਈ ਵਾਰੀ ਇਸ ਪ੍ਰੰਪਰਾ ਨੂੰ ਖਤਮ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਪ੍ਰੰਪਰਾ ਜਾਰੀ ਰੱਖਣ ਵਾਲਿਆਂ ਦਾ ਵਿਚਾਰ ਹੈ ਕਿ ਸਾਲ ਵਿੱਚ ਇੱਕ ਵਾਰ ਮੂਰਖ ਬਣ ਕੇ ਅਸੀਂ ਆਪਣੀ ਬੁੱਧੀ ਦਾ ਵਿਖਾਵਾ ਕਰਨਾ ਚਾਹੁੰਦੇ ਹਾਂ।
ਫਰਾਂਸ ਵਿੱਚ ਇਸ ਬਾਰੇ ਕਿਹਾ ਜਾਂਦਾ ਹੈ ਕਿ ਪੁਰਾਣੇ ਸਮੇਂ ਵਿੱਚ ਪਹਿਲੀ ਅਪ੍ਰੈਲ ਨੂੰ ਇੱਕ ਸਭਾ ਹੁੰਦੀ ਸੀ। ਉਸ ਦਿਨ ਰਾਜਾ, ਰਾਜਗੁਰੂ ਅਤੇ ਆਮ ਲੋਕ ਸ਼ਾਮਲ ਹੁੰਦੇ ਸਨ। ਇਸ ਸਭਾ ਦਾ ਇੱਕ ਪ੍ਰਧਾਨ ਚੁਣਿਆ ਜਾਂਦਾ, ਜਿਸ ਨੂੰ ਮੂਰਖਾਂ ਦਾ ਗੁਰੂ ਕਿਹਾ ਜਾਂਦਾ ਸੀ। ਇਸ ਪਿੱਛੋਂ ਹਾਸੇ ਵਾਲੇ ਭਾਸ਼ਣ ਹੁੰਦੇ, ਜਿਸ ਵਿੱਚ ਰਾਜਾ, ਰਾਜਗੁਰੂ ਅਤੇ ਧਰਮ ਪ੍ਰਚਾਰਕਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਉਥੇ ਇੱਕ ਗਧਾ ਸੰਮੇਲਨ ਹੁੰਦਾ ਸੀ, ਜਿਸ ਵਿੱਚ ਹਿੱਸਾ ਲੈਣ ਵਾਲੇ ਲੋਕ ਚਿਹਰੇ ‘ਤੇ ਗਧੇ ਦਾ ਮੁਖੌਟਾ ਚੜ੍ਹਾਉਂਦੇ, ਜਿਸ ਦੌਰਾਨ ਸਭ ਗਧੇ ਦੀ ਆਵਾਜ਼ ਕੱਢ ਕੇ ਇਸ ਤਰ੍ਹਾਂ ਇੱਕ ਦੂਜੇ ਨੂੰ ਮੂਰਖ ਸਮਝਦੇ ਹੋਏ ਸ਼ੌਕ ਪੂਰਾ ਕਰਦੇ।
ਯੂਨਾਨ ਬਾਰੇ ਕਿਹਾ ਜਾਂਦਾ ਹੈ ਕਿ ਉਥੇ ਇੱਕ ਸ਼ੇਖੀਖੋਰ ਹੁੰਦਾ ਸੀ, ਜਿਸ ਨੂੰ ਮੂਰਖ ਬਣਾਉਣ ਲਈ ਲੋਕਾਂ ਨੇ ਕਿਹਾ ਕਿ ਅੱਜ ਰਾਤ ਪਹਾੜੀ ‘ਤੇ ਦੇਵਤਾ ਪ੍ਰਗਟ ਹੋਵੇਗਾ, ਜਿਹੜਾ ਮੂੰਹ ਮੰਗਿਆ ਵਰ ਦੇਵੇਗਾ। ਇਹ ਸੁਣ ਕੇ ਸ਼ੇਖੀਖੋਰ ਕੁਝ ਹੋਰਨਾਂ ਲੋਕਾਂ ਨੂੰ ਨਾਲ ਲੈ ਕੇ ਪਹਾੜੀ ‘ਤੇ ਪੁੱਜਾ, ਪਰ ਜਦੋਂ ਦੇਵਤਾ ਪ੍ਰਗਟ ਨਾ ਹੋਇਆ ਤਾਂ ਉਹ ਆਪਣੇ ਸਾਥੀਆਂ ਸਮੇਤ ਵਾਪਸ ਮੁੜ ਪਿਆ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਜਿਨ੍ਹਾਂ ਲੋਕਾਂ ਨੇ ਸ਼ੇਖੀਖੋਰ ਨੂੰ ਦੇਵਤਾ ਪ੍ਰਗਟ ਹੋਣ ਦੀ ਗੱਲ ਕਹੀ ਸੀ, ਉਨ੍ਹਾਂ ਨੇ ਉਸ ਦਾ ਖੂਬ ਮਜ਼ਾਕ ਉਡਾਇਆ। ਉਸ ਦਿਨ ਪਹਿਲੀ ਅਪ੍ਰੈਲ ਸੀ। ਕਿਹਾ ਜਾਂਦਾ ਸੀ ਕਿ ਉਥੋਂ ਇਹ ਮਜ਼ਾਕ ਦਾ ਦਿਨ ਚੱਲਿਆ।
ਇਟਲੀ ਵਿੱਚ ਇਸ ਦਿਨ ਮਰਦ ਤੇ ਔਰਤ ਨੱਚਦੇ-ਗਾਉਂਦੇ ਅਤੇ ਮਜ਼ਾਕ ਕਰਦੇ ਹਨ।
ਸਕਾਟਲੈਂਡ ਵਿੱਚ ਪਹਿਲੀ ਅਪ੍ਰੈਲ ਨੂੰ ਮੂਰਖ ਬਣਾਉਣ ਦੇ ਰਿਵਾਜ ਨੂੰ ਮੁਰਗਿਆਂ ਦਾ ਦਿਨ ਕਿਹਾ ਜਾਂਦਾ ਹੈ ਤੇ ਮਜ਼ਾਕ ਉਡਾਇਆ ਜਾਂਦਾ ਹੈ, ਕਿਉਂਕਿ ਉਥੇ ਮੁਰਗੇ ਨੂੰ ਮੂਰਖਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹੋਰ ਕਈ ਪ੍ਰਸੰਗ ਵੀ ਵਿਸ਼ੇਸ਼ ਤੌਰ ‘ਤੇ ਵਿਦੇਸ਼ਾਂ ਨਾਲ ਸਬੰਧਤ ਕਹੇ ਜਾਂਦੇ ਹਨ।
ਭਾਰਤ ਵਿੱਚ ਇਸ ਬਾਰੇ ਇਹੋ ਕਿਹਾ ਜਾ ਸਕਦਾ ਹੈ ਕਿ ਇਹ ਪੱਛਮੀ ਸਭਿਅਤਾ ਦੀ ਦੇਣ ਹੈ। ਇਸ ਤੋਂ ਵਧੇਰੇ ਇਹ ਦਿਨ ਅੰਗਰੇਜ਼ੀਅਤ ਦੀ ਦੇਣ ਹੈ, ਕਿਉਂਕਿ ਜਿਵੇਂ ਅਸੀਂ ਅੰਗਰੇਜ਼ੀ ਅਤੇ ਅੰਗਰੇਜ਼ ਦਾ ਪਹਿਰਾਵਾ ਸਿਖਿਆ ਹੈ, ਕਲਰਕੀ ਅੰਗਰੇਜ਼ਾਂ ਨੇ ਸਿਖਾਈ ਹੈ, ਅੰਗਰੇਜ਼ੀ ਸ਼ਰਾਬ ਤੇ ਵ੍ਹਿਸਕੀ ਦਾ ਸੁਆਦ ਦਿੱਤਾ ਹੈ, ਇਸ ਤਰ੍ਹਾਂ ਕੁਝ ਮਜ਼ਾਕਾਂ ਦੀ ਦੇਣ ਵੀ ਉਸ ਤੋਂ ਸਾਨੂੰ ਹਾਸਲ ਹੋਈ ਹੈ। ਪਰ ਇਹ ਗੱਲ ਪ੍ਰਚੱਲਤ ਜ਼ਰੂਰ ਹੈ ਕਿ ਪੀੜ੍ਹੀ-ਦਰ ਪੀੜ੍ਹੀ ਅਸੀਂ ਇੱਕ ਦੂਜੇ ਨੂੰ ਬੇਵਕੂਫ ਬਣਾ ਕੇ ਇਸ ਹਾਸੇ-ਮਜ਼ਾਕ ਵਾਲੇ ਦਿਨ ਐਪਰਲ ਫੂਲ ਦਾ ਆਨੰਦ ਮਾਣ ਰਹੇ ਹਾਂ।
ਸਮੇਂ ਦੇ ਬਦਲਾਅ ਨਾਲ ਲੋਕਾਂ ਦੇ ਮਜਾਕ ਅਤੇ ਮੂਰਖ ਬਣਾਉਣ ਦੇ ਢੰਗ ਤਰੀਕਿਆਂ ਵਿੱਚ ਵੀ ਤਬਦੀਲੀ ਆਈ ਹੈ| ਸਾਨੂੰ ਚਾਹੀਦਾ ਹੈ ਕਿ ਇਸ ਪੱਛਮੀ ਰਿਵਾਜ ਨੂੰ ਇੱਕ ਖੇਡ ਦੀ ਤਰ੍ਹਾਂ ਹੀ ਸਮਝਿਆ ਜਾਵੇ ਅਤੇ ਮਜਾਕ ਕਰਨ ਦੇ ਤਰੀਕਿਆਂ ਵਿੱਚ ਇੱਕ ਅਨੁਸਾਸਨ ਹੋਣਾ ਲਾਜਮੀ ਹੈ, ਤਾਂ ਜੋ ਉਨ੍ਹਾਂ ਦੇ ਨਤੀਜੇ ਭਿਆਨਕ ਜਾਂ ਨੁਕਸਾਨ ਦਾਇਕ ਨਾਂ ਹੋਣ| ਇਸ ਦਿਨ ਕਿਸੇ ਨਾਲ ਕੀਤੇ ਮਜ਼ਾਕ ਦਾ ਕੋਈ ਗੁੱਸਾ ਨਹੀਂ ਮਨਾਉਂਦਾ, ਪਰ ਕਿਸੇ ਨਾਲ ਅਜਿਹਾ ਮਜ਼ਾਕ ਵੀ ਨਹੀਂ ਕਰਨਾ ਚਾਹੀਦਾ, ਜਿਸ ਨਾਲ ਕਿਸੇ ਨੂੰ ਸਰੀਰਕ ਜਾਂ ਮਾਨਸਿਕ ਪ੍ਰੇਸ਼ਾਨੀ ਹੋਵੇ। ਪੱਛਮੀ ਸੱਭਿਅਤਾ ਨਾਲ ਜੁੜ੍ਹਦੇ ਜਾ ਰਹੇ ਨੌਜਵਾਨ ਵਰਗ ਦੀ ਦਸਾ ਨੂੰ ਜਰੂਰਤ ਹੈ ਸਹੀ ਦਿਸਾ ਦੀ ਤਾਂ ਜੋ ਉਹ ਭਾਰਤੀ ਸੱਭਿਅਤਾ, ਰਸਮਾਂ-ਰਿਵਾਜਾਂ ਨੂੰ ਜਾਨਣ, ਸਮਝਣ ਅਤੇ ਦਿਲੋਂ ਅਪਨਾਉਣ, ਜਿੰਨੀ ਸਿੱਦਤ ਨਾਲ ਉਹ ਪੱਛਮੀ ਰੰਗ ਵਿੱਚ ਰੰਗੇ ਰਿਵਾਜਾਂ ਨੂੰ ਮਨਾਉਂਦੇ ਹਨ| ਉੱਦੋਂ ਹੀ ਆਪਾਂ ਆਪਣੀ ਜੜ੍ਹਾਂ ਨਾਲ ਜੁੜ ਸਹੀ ਮਾਇਨਿਆਂ ਵਿੱਚ ਤਰੱਕੀ ਦੀ ਪਰਵਾਜ ਭਰ ਸਕਾਂਗੇ। ਜੈ ਹਿੰਦ !

ਵਿਜੈ ਗੁਪਤਾ, ਸ. ਸ. ਅਧਿਆਪਕ
ਸੰਪਰਕ 977 990 3800
ਸ੍ਰੋਤ – ਇੰਟਰਨੈੱਟ

Leave a Reply

Your email address will not be published. Required fields are marked *

%d bloggers like this: