Mon. Sep 23rd, 2019

ਚਾਰ ਹਫਤਿਆਂ ਦਾ ਡੇਅਰੀ ਉੱਦਮ ਸਿਖਲਾਈ ਕੋਰਸ 23 ਤੋਂ

ਚਾਰ ਹਫਤਿਆਂ ਦਾ ਡੇਅਰੀ ਉੱਦਮ ਸਿਖਲਾਈ ਕੋਰਸ 23 ਤੋਂ
ਕੋਰਸ ਸਬੰਧੀ ਡੇਅਰੀ ਟਰੇਨਿੰਗ ਸੈਂਟਰ ਚਤਾਮਲੀ ਵਿਖੇ 16 ਸਤੰਬਰ ਨੂੰ ਹੋਵੇਗੀ ਇੰਟਰਵਿਊ

ਚੰਡੀਗੜ੍ਹ,10 ਸਤੰਬਰ: ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਇੰਦਰਜੀਤ ਸਿੰਘ ਸਰਾਂ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ/ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਚਾਰ ਹਫ਼ਤਿਆਂ ਦਾ ਡੇਅਰੀ ਉੱਦਮ ਸਿਖਲਾਈ ਕੋਰਸ 23 ਸਤੰਬਰ 2019 ਨੂੰ ਪੰਜਾਬ ਦੇ ਵੱਖ ਵੱਖ ਟਰੇਨਿੰਗ ਸੈਂਟਰਾਂ ਤੋਂ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਕੁਲਦੀਪ ਸਿੰਘ ਜੱਸੋਵਾਲ ਨੇ ਦੱਸਿਆ ਕਿ ਇਸ ਸਬੰਧੀ ਇੰਟਰਵਿਊ 16 ਸਤੰਬਰ ਨੂੰ ਸਵੇਰੇ 10 ਵਜੇ ਡੇਅਰੀ ਟਰੇਨਿੰਗ ਸੈਂਟਰ ਚਤਾਮਲੀ (ਕੁਰਾਲੀ-ਮੋਰਿੰਡਾ ਰੋਡ) ਜ਼ਿਲ੍ਹਾ ਰੂਪਨਗਰ ਵਿਖੇ ਰੱਖੀ ਗਈ ਹੈ।
ਡੇਅਰੀ ਵਿਕਾਸ ਬੋਰਡ ਮੁਹਾਲੀ ਦੇ ਜ਼ਿਲ੍ਹਾ ਕਾਰਜਕਾਰੀ ਅਫਸਰ ਸ. ਸੇਵਾ ਸਿੰਘ ਭੂਰੜੇ ਨੇ ਦੱਸਿਆ ਕਿ ਡੇਅਰੀ ਉੱਦਮ ਸਿਖਲਾਈ ਸਕੀਮ ਤਹਿਤ ਉਨ੍ਹਾਂ ਵਿਅਕਤੀਆਂ ਨੂੰ ਹੀ ਸਿਖਲਾਈ ਦਿੱਤੀ ਜਾਵੇਗੀ, ਜਿਨ੍ਹਾਂ ਦੀ ਉਮਰ 18 ਸਾਲ ਤੋਂ 45 ਸਾਲ ਦੇ ਦਰਮਿਆਨ ਹੋਵੇਗੀ। ਸਿਖਲਾਈ ਲੈਣ ਦਾ ਚਾਹਵਾਨ ਘੱਟੋ ਘੱਟ ਮੈਟ੍ਰਿਕ ਪਾਸ ਹੋਵੇ, ਪੇਂਡੂ ਖੇਤਰ ਨਾਲ ਸਬੰਧ ਰੱਖਦਾ ਹੋਵੇ ਅਤੇ ਉਸ ਕੋਲ ਘੱਟੋ ਘੱਟ ਪੰਜ ਜਾਂ ਪੰਜ ਤੋਂ ਵੱਧ ਦੁਧਾਰੂ ਪਸ਼ੂ ਹੋਣ ਜਾਂ ਆਪਣਾ ਹਾਈਟੈੱਕ ਡੇਅਰੀ ਫਾਰਮ ਬਣਾਇਆ ਹੋਵੇ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਨਸਲਕੁਸ਼ੀ ਲਈ ਬਨਾਵਟੀ ਗਰਭਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ, ਦੁਧਾਰੂ ਪਸ਼ੂਆਂ ਦੀਆਂ ਆਮ ਬੀਮਾਰੀਆਂ ਅਤੇ ਉਨ੍ਹਾਂ ਦੀ ਜਾਂਚ ਕਰਨਾ, ਦੁੱਧ ਤੋਂ ਉਤਪਾਦ ਤਿਆਰ ਕਰਨਾ, ਸਾਫ ਦੁੱਧ ਪੈਦਾ ਕਰਨਾ ਅਤੇ ਖਾਦ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਜੱਸੋਵਾਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਡੇਅਰੀ ਸਿਖਲਾਈ ਪ੍ਰਾਪਤ ਕਰਕੇ ਵਿਭਾਗ ਦੀਆਂ ਸਕੀਮਾਂ ਦਾ ਪੂਰਨ ਲਾਹਾ ਲੈ ਕੇ ਆਪਣੇ ਡੇਅਰੀ ਧੰਦੇ ਨੂੰ ਵਪਾਰਕ ਲੀਹਾਂ ਉਤੇ ਲਿਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *

%d bloggers like this: