ਚਾਰ ਸਾਹਿਬਜ਼ਾਦੇ

ss1

ਚਾਰ ਸਾਹਿਬਜ਼ਾਦੇ

ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਨੂੰ ਚਾਰ ਸਾਹਿਬਜ਼ਾਦੇ ਕਿਹਾ ਜਾਂਦਾ ਹੈ। ਇਹਨਾਂ ਚਾਰ ਸਾਹਿਬਜ਼ਾਦਿਆਂ ਵਿੱਚ ਬਾਬਾ ਅਜੀਤ ਸਿੰਘ ਜੀ (ਜਨਮ 1687), ਬਾਬਾ ਜੁਝਾਰ ਸਿੰਘ ਜੀ (ਜਨਮ 1690) ਵੱਡੇ ਸਾਬਿਜਾਦਿਆਂ ਵੱਜੋਂ ਜਾਣੇ ਜਾਣੇ ਜਾਂਦੇ ਹਨ ਅਤੇ ਬਾਬਾ ਜ਼ੋਰਾਵਰ ਸਿੰਘ ਜੀ (ਜਨਮ 1696) ਅਤੇ ਬਾਬਾ ਫਤਹਿ ਸਿੰਘ ਜੀ (ਜਨਮ 1699) ਛੋਟੇ ਸਾਹਿਬਜ਼ਾਦਿਆਂ ਵੱਜੋਂ ਜਾਣੇ ਜਾਂਦੇ ਹਨ।
ਵੱਡੇ ਸਾਹਿਬਜ਼ਾਦਿਆਂ ਦੀ ਵਿੱਦਿਆ ਪੜ੍ਹਾਈ, ਘੋੜਸਵਾਰੀ, ਤਲਵਾਰਬਾਜ਼ੀ ਵਗੈਰਾ ਗੁਰੂ ਸਾਹਿਬ ਅਤੇ ਪ੍ਰਮੁੱਖ ਸਿੱਖ ਸੇਵਕਾਂ ਦੀ ਨਿਗਰਾਨੀ ਹੇਠ ਹੋਈ ਸੀ। ਦਸੰਬਰ 1704 ਈ: ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨੇੜੇ ਦੁਸ਼ਮਣ ਫੌਜਾਂ ਨਾਲ ਭਾਰੀ ਯੁੱਧ ਹੋਇਆ। ਸਰਸਾ ਪਾਰ ਕਰਕੇ ਰੋਪੜ ਨੇੜੇ ਵੀ ਘਮਸਾਨ ਦਾ ਯੁੱਧ ਹੋਇਆ ਅਤੇ ਆਖਰ ਚਮਕੌਰ ਦੀ ਕੱਚੀ ਗੜ੍ਹੀ ਨੁਮਾ ਹਵੇਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦਿਆਂ ਅਤੇ ਕੁੱਝ ਗਿਣਤੀ ਦੇ ਸਿੱਖਾਂ ਨੇ ਪਨਾਹ ਲਈ। ਇਸ ਦੌਰਾਨ ਹੈ ਚਮਕੌਰ ਦੀ ਆਸਵੀਂ ਜੰਗ ਵਿੱਚ ਦੁਸ਼ਮਣ ਫੋਜਾਂ ਨਾਲ ਲੋਹਾ ਲੈਂਦੇ ਹੋਏ 22 ਦਸੰਬਰ 1704 ਨੂੰ ਹੋਰਨਾਂ ਸਿੰਘਾਂ ਨਾਲ ਪਹਿਲਾ ਬਾਬਾ ਅਜੀਤ ਸਿੰਘ ਅਤੇ ਬਾਅਦ ਵਿੱਚ ਬਾਬਾ ਜੁਝਾਰ ਸਿੰਘ ਜੀ ਸ਼ਹੀਦੀ ਦਾ ਜਾਮ ਪੀ ਗਏ ਸਨ।
ਸਰਸਾ ਕੰਢੇ ਹੋਏ ਹਮਲੇ ਦੌਰਾਨ ਗੁਰੂ ਪਿਤਾ ਜੀ ਦਾ ਪਰਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪਰਵਾਰ ਤੋਂ ਵਿਛੜ ਗਏ। ਜਿਨ੍ਹਾਂ ਨੂੰ ਖੇੜੀ ਪਿੰਡ ਦਾ ਗੰਗੂ ਰਸੋਈਆ ਆਪਣੇ ਨਾਲ ਆਪਣੇ ਪਿੰਡ ਲੈ ਗਿਆ ਅਤੇ ਬਾਅਦ ਵਿੱਚ ਲਾਲਚ ਵੱਸ ਆ ਕੇ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ।
ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਮੁਗਲ ਹਕੂਮਤ ਵੱਲੋਂ ਬਹੁਤ ਡਰਾਇਆ ਧਮਕਾਇਆ ਗਿਆ ਅਤੇ ਪਿਆਰ, ਛਲ-ਕਪਟ ਅਤੇ ਲਾਲਚ ਨਾਲ ਆਪਣਾ ਧਰਮ ਛੱਡਣ ਲਈ ਕਿਹਾ, ਪਰ ਜਾ ਸਾਹਿਬਜ਼ਾਦੇ ਨਾ ਮੰਨੇ ਤਾਂ ਵਜ਼ੀਰ ਖਾਨ ਦੇ ਹੁਕਮ ਨਾਲ ਆਪਣੇ ਵੱਡੇ ਵੀਰਾਂ ਚਾਰ ਦਿਨ ਬਾਅਦ 26 ਦਸੰਬਰ 1704 ਨੂੰ ਸਰਹੰਦ ਦੀ ਧਰਤੀ ਤੇ ਜਿਊਂਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ।
ਇਸ ਤਰ੍ਹਾਂ ਛੋਟੀਆਂ ਉਮਰਾਂ ਵਿੱਚ ਵੱਡੇ ਸਾਕੇ ਕਰਕੇ ਚਾਰ ਸਾਹਿਬਜ਼ਾਦੇ ਲੋਕ ਮਨਾਂ ਵਿੱਚ ਹਮੇਸ਼ਾਂ ਲਈ ਅਮਰ ਹੋ ਗਏ, ਕਿਉਂਕਿ ਉਹਨਾਂ ਆਪਣੇ ਧਰਮ ਵਿੱਚ ਪੱਕਿਆਂ ਰਹਿ ਕੇ, ਮਨੁੱਖੀ ਹੱਕਾਂ ਅਤੇ ਹੱਕ ਸੱਚ ਦੀ ਲੜਾਈ ਵਿੱਚ ਆਪਣੀ ਜਾਨ ਦੀ ਬਾਜ਼ੀ ਲਗਾਉਣ ਦੀ ਪਰਵਾਹ ਨਹੀਂ ਕੀਤੀ। ਸਾਨੂੰ ਵੀ ਸਾਹਿਬਜ਼ਾਦਿਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਧਰਮ ਵਿੱਚ ਪੱਕੇ ਰਹਿ ਕੇ, ਜ਼ੁਲਮਫ਼ਧੱਕੇ ਵਿਰੁੱਧ ਸੱਚ ਦੀ ਆਵਾਜ਼ ਬੁਲੰਦ ਕਰਨ ਦੀ ਜਾਚ ਸਿੱਖਣੀ ਚਾਹੀਦੀ ਹੈ।

ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।

Share Button

Leave a Reply

Your email address will not be published. Required fields are marked *