Thu. Jun 20th, 2019

ਚਮਕੌਰ ਸਾਹਿਬ ਨੂੰ ਕੌਮੀ ਮਾਰਗ ‘ਤੇ ਲਿਆਂਦਾ ਜਾਵੇਗਾ : ਚੰਨੀ

ਚਮਕੌਰ ਸਾਹਿਬ ਨੂੰ ਕੌਮੀ ਮਾਰਗ ‘ਤੇ ਲਿਆਂਦਾ ਜਾਵੇਗਾ : ਚੰਨੀ

20 copy

ਸ਼੍ਰੀ ਚਮਕੌਰ ਸਾਹਿਬ: ਰੂਪਨਗਰ ਦੀ ਆਈਟੀਆਈ ਨੂੰ ਮਾਡਲ ਬਣਾਉਣ ਲਈ 10 ਕਰੋੜ ਰੁਪਏ ਖਰਚੇ ਜਾਣਗੇ ਅਤੇ ਇਸ ਸੰਸਥਾ ਨੂੰ ਪੰਜਾਬ ਪੱਧਰ ਦੀ ਇੱਕ ਮਾਡਲ ਸੰਸਥਾ ਬਣਾਇਆ ਜਾਵੇਗਾ। ਬੇਲਾ ਨੇੜੇ ਸਤਲੁਜ ਦਰਿਆ ‘ਤੇ ਪੁਲ ਲਗਾਉਣ ਸਬੰਧੀ ਫਾਇਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਰਾਹੀਂ ਕੇਂਦਰ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਇਹ ਜਾਣਕਾਰੀ ਅੱਜ ਇੱਥੇ ਇਲਾਕੇ ਦੇ ਕਾਂਗਰਸੀ ਵਰਕਰਾਂ ਨਾਲ ਸੱਦੀ ਗਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਤੀ। ਸ੍ਰੀ ਚੰਨੀ ਨੇ ਦੱਸਿਆ ਕਿ ਚਮਕੌਰ ਦੇ ਥੀਮ ਪਾਰਕ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ ਅਤੇ ਇਸ ਲਈ 2 ਕਰੋੜ ਦੀ ਗ੍ਰਾਂਟ ਹੋਰ ਜਾਰੀ ਹੋ ਚੁੱਕੀ ਹੈ। ਇਹ ਸ਼ਹੀਦੀ ਸਮਾਰਕ ਅਗਲੇ ਸਾਲ 2018 ਦੇ ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਹਰ ਹਾਲਤ ਵਿੱਚ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗਾ। ਥੀਮ ਪਾਰਕ ਤੋਂ ਲੈ ਕੇ ਨਹਿਰੀ ਵਿਸ਼ਰਾਮ ਘਰ ਤੱਕ ਸਰਹਿੰਦ ਨਹਿਰ ਦੇ ਕੰਡੇ ਸੈਰਗਾਹ ਵਿਕਸਿਤ ਕੀਤੀ ਜਾਵੇਗੀ ਅਤੇ ਸਮੁੱਚੀ ਪੱਕੀ ਪਗਡੰਡੀ ਦੇ ਨਾਲ-ਨਾਲ ਬੈਠਣ ਲਈ ਬੈਂਚ ਵੀ ਲਗਾਏ ਜਾਣਗੇ। ਚਮਕੌਰ ਸਾਹਿਬ ਵਿਖੇ ਸਥਾਪਤ ਹੋਣ ਵਾਲੀ ਹੁਨਰ ਵਿਕਾਸ ਯੂਨੀਵਰਸਿਟੀ ਬਾਰੇ ਉਨ੍ਹਾਂ ਦੱਸਿਆ ਕਿ ਇਸ ਦਾ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ। ਯੂਨੀਵਰਸਿਟੀ ਵਿੱਚ ਇੱਕ ਰਾਸ਼ਟਰੀ ਪੱਧਰ ਦਾ ਸਟੇਡੀਅਮ ਬਣਾਇਆ ਜਾਵੇਗਾ ਅਤੇ ਜਿੱਥੇ ਚਮਕੌਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ 50 ਲੱਖ ਰੁਪਏ ਦੀ ਲਾਗਤ ਨਾਲ ਰੈਣ ਬਸੇਰਾ ਬਣਾਇਆ ਜਾਵੇਗਾ, ਉੱਥੇ ਹੀ ਸ਼ਹਿਰ ਵਿੱਚੋਂ ਲੰਘਦੇ ਗੰਦੇ ਨਾਲੇ ਨੂੰ ਪੱਕਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਬਡਵੀਜਨ ਦਾ ਕੋਈ ਵੀ ਅਧਿਕਾਰੀ ਤੇ ਕਰਮਚਾਰੀ ਲੋਕਾਂ ਦੇ ਸਹੀ ਕੰਮਕਾਜ ਨਹੀਂ ਕਰੇਗਾ ਤਾਂ ਉਸ ਨੂੰ ਇੱਥੋਂ ਬਦਲਿਆ ਜਾਵੇਗਾ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਆਉਣ ਵਾਲੀਆਂ ਪੰਚਾਇਤੀ, ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਪਹਿਲ ਦੇ ਅਧਾਰ ਜਿੱਤੀਆਂ ਜਾਣੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਚਮਕੌਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤੱਕ ਸੜਕ ਨੂੰ ਰਾਸ਼ਟਰੀ ਮਾਰਗ ਬਣਾਉਣ ਲਈ ਵੀ ਤਜ਼ਵੀਜ਼ ਭੇਜੀ ਜਾ ਚੁੱਕੀ ਹੈ। ਇਸ ਮੌਕੇ ਸਾਬਕਾ ਵਿਧਾਇਕ ਭਾਗ ਸਿੰਘ, ਸੀਨੀਅਰ ਆਗੂ ਸਤਵਿੰਦਰ ਸਿੰਘ ਚੈੜੀਆਂ, ਗਿਆਨ ਸਿੰਘ ਬੇਲਾ, ਬਲਾਕ ਪ੍ਰਧਾਨ ਕਰਨੈਲ ਸਿੰਘ, ਇਕਬਾਲ ਸਿੰਘ ਸਾਲਾਪੁਰ, ਦਵਿੰਦਰ ਸਿੰਘ, ਨੰਬਰਦਾਰ ਜਸਵੀਰ ਸਿੰਘ, ਡਾ. ਬਲਵਿੰਦਰ ਸਿੰਘ, ਸਰਪੰਚ ਮੋਹਣ ਸਿੰਘ, ਰੋਹਿਤ ਸੱਭਰਵਾਲ, ਬਾਵਾ ਸਿੰਘ ਅਤੇ ਬਲਵੀਰ ਸਿੰਘ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *

%d bloggers like this: