ਘੱਗਰ ਦਰਿਆ ਵਿੱਚੋਂ ਅੱਧੀ ਦਰਜਨ ਥਾਵਾਂ ਤੇ ਰੇਤੇ ਅਤੇ ਮਿੱਟੀ ਦੀ ਗੈਰ ਕਾਨੂੰਨੀ ਨਿਕਾਸੀ ਜ਼ੋਰਾਂ ਤੇ

ss1

ਘੱਗਰ ਦਰਿਆ ਵਿੱਚੋਂ ਅੱਧੀ ਦਰਜਨ ਥਾਵਾਂ ਤੇ ਰੇਤੇ ਅਤੇ ਮਿੱਟੀ ਦੀ ਗੈਰ ਕਾਨੂੰਨੀ ਨਿਕਾਸੀ ਜ਼ੋਰਾਂ ਤੇ
ਦਿਨ-ਰਾਤ ਦਰਜਨਾਂ ਟਿੱਪਰ ਤੇ ਟਰੈਕਟਰ-ਟਰਾਲੀਆਂ ਰਾਹੀਂ ਚੁੱਕਿਆ ਜਾ ਰਿਹਾ ਹੈ ਰੇਤਾ-ਮਿੱਟੀ

30-38 (1) 30-38 (2)

ਬਨੂੜ, 30 ਅਗਸਤ (ਰਣਜੀਤ ਸਿੰਘ ਰਾਣਾ): ਪਹਿਲੀ ਜੂਨ ਤੋਂ 30 ਸਤੰਬਰ ਤੱਕ ਬਰਸਾਤਾਂ ਕਾਰਨ ਘੱਗਰ ਦਰਿਆ ਵਿੱਚੋਂ ਰੇਤੇ ਤੇ ਮਿੱਟੀ ਦੀ ਮਾਈਨਿੰਗ ਨਾ ਕਰਨ ਦੇ ਸਰਕਾਰੀ ਹੁਕਮਾਂ ਦੀ ਠੇਕੇਦਾਰ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਬਨੂੜ ਖੇਤਰ ਦੀਆਂ ਅੱਧੀ ਦਰਜਨ ਦੇ ਕਰੀਬ ਖੱਡਾਂ ਵਿੱਚੋਂ ਮਿੱਟੀ ਤੇ ਰੇਤੇ ਦੀ ਮਾਈਨਿੰਗ ਦਿਨ-ਰਾਤ ਜਾਰੀ ਹੈ ਤੇ ਦਰਜਨਾਂ ਟਿੱਪਰ ਤੇ ਟਰੈਕਟਰ-ਟਰਾਲੀਆਂ ਬਿਨਾਂ ਕਿਸੇ ਡਰ ਤੋਂ ਨਜਾਇਜ਼ ਮਾਈਨਿੰਗ ਕਰ ਰਹੇ ਹਨ।
ਪੱਤਰਕਾਰਾਂ ਦੀ ਟੀਮ ਵੱਲੋਂ ਅੱਜ ਇਸ ਖੇਤਰ ਦੇ ਘੱਗਰ ਦਰਿਆ ਦੇ ਆਲੇ ਦੁਆਲੇ ਦੀਆਂ ਖੱਡਾਂ ਦਾ ਦੌਰਾ ਕੀਤਾ ਗਿਆ। ਤਕਰੀਬਨ ਸਾਰੀਆਂ ਥਾਵਾਂ ਤੇ ਜੇਸੀਵੀ ਮਸ਼ੀਨਾਂ ਮਿੱਟੀ ਅਤੇ ਰੇਤਾ ਭਰਨ ਵਿੱਚ ਲੱਗੀਆਂ ਹੋਈਆਂ ਸਨ। ਪਿੰਡ ਝੱਜੋਂ ਅਤੇ ਬੁੱਢਣਪੁਰ ਕੋਲ ਤਿੰਨ ਜੇਸੀਵੀ ਮਸ਼ੀਨਾਂ ਘੱਗਰ ਦਰਿਆ ਵਿੱਚੋਂ ਟਿੱਪਰਾਂ ਅਤੇ ਟਰਾਲੀਆਂ ਵਿੱਚ ਧੱਸੀ ਮਿੱਟੀ ਭਰ ਰਹੀਆਂ ਸਨ। ਇੱਥੇ ਤਿੰਨ ਟਿੱਪਰ ਮਿੱਟੀ ਮਿੱਟੀ ਭਰਾ ਰਹੇ ਸਨ ਤੇ ਤਿੰਨ ਹੋਰ ਵਾਰੀ ਦੀ ਉਡੀਕ ਵਿੱਚ ਖੜੇ ਸਨ। ਇੱਥੇ ਮੌਜੂਦ ਪਿੰਡਾਂ ਦੇ ਕੁੱਝ ਵਸਨੀਕਾਂ ਨੇ ਦੱਸਿਆ ਕਿ ਇੱਥੇ ਦਿਨ ਰਾਤ ਮਾਈਨਿੰਗ ਹੋ ਰਹੀ ਹੈ ਤੇ ਓਵਰਲੋਡ ਟਿੱਪਰਾਂ ਨੇ ਪਿੰਡਾਂ ਦੀਆਂ ਸੜਕਾਂ ਦਾ ਵੀ ਬੁਰਾ ਹਾਲ ਕਰ ਦਿੱਤਾ ਹੈ।
ਅਜਿਹਾ ਹਾਲ ਹੀ ਪਿੰਡ ਨੱਗਲ-ਸਲੇਮਪੁਰ ਤੇ ਛੜਬੜ ਵਿਖੇ ਸੀ। ਇੱਥੇ ਵੀ ਦੋ ਜੇਸੀਵੀ ਮਸ਼ੀਨਾਂ ਮਿੱਟੀ ਭਰ ਰਹੀਆਂ ਸਨ ਤੇ ਤਕਰੀਬਨ ਦਰਜਨ ਦੇ ਕਰੀਬ ਟਰਾਲੀਆਂ ਮਿੱਟੀ ਢੋਹਣ ਵਿੱਚ ਲੱਗੀਆਂ ਹੋਈਆਂ ਸਨ। ਇਸੇ ਤਰਾਂ ਬਾਸਮਾਂ ਵਾਲੇ ਖੇਤਰ ਵਿੱਚ ਵੀ ਨਜ਼ਾਇਜ਼ ਮਾਈਨਿੰਗ ਜ਼ੋਰਾਂ ਤੇ ਚੱਲ ਰਹੀ ਸੀ। ਇਨਾਂ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਮਿੱਟੀ ਅਤੇ ਰੇਤਾ ਚੁਕਾਉਣ ਵਾਲੇ ਠੇਕੇਦਾਰ ਬਾਰਸੂਖ ਹਨ ਤੇ ਉਹ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਸ਼ਰੇਆਮ ਮਾਈਨਿੰਗ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਪਿੰਡਾਂ ਦੇ ਵਸਨੀਕਾਂ ਅਨੁਸਾਰ ਜਦੋਂ ਪਹਿਲੀ ਸਤੰਬਰ ਤੋਂ 30 ਸਤੰਬਰ ਤੱਕ ਮਾਈਨਿੰਗ ਕੀਤੀ ਹੀ ਨਹੀਂ ਜਾ ਸਕਦੀ ਫ਼ਿਰ ਅਜਿਹਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਿਉਂ ਨਹੀਂ ਹੋ ਰਹੀ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਨਾਂ ਠੇਕੇਦਾਰਾਂ ਨੇ ਮਾਈਨਿੰਗ ਵਿਭਾਗ ਕੋਲੋਂ ਇਸ ਖੇਤਰ ਦੀਆਂ ਘੱਗਰ ਦਰਿਆ ਦੀਆਂ ਖੱਡਾਂ ਨਿਲਾਮੀ ਵਿੱਚ ਲਈਆਂ ਹੋਈਆਂ ਹਨ ਉਹੀਉ ਕਾਨੂੰਨ ਦੀ ਉਲੰਘਣਾ ਕਰਕੇ ਰੋਜ਼ਾਨਾ ਹਜ਼ਾਰਾਂ ਟਨ ਮਿੱਟੀ ਤੇ ਰੇਤਾ ਵੇਚਣ ਵਿੱਚ ਲਗੇ ਹੋਏ ਹਨ। ਝੱਜੋਂ ਪਿੰਡ ਕੋਲੋਂ ਘੱਗਰ ਵਿੱਚੋਂ ਧੱਸੀ ਮਿੱਟੀ ਭਰਾ ਰਹੇ ਇੱਕ ਟਿੱਪਰ ਡਰਾਈਵਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ। ਉਨਾਂ ਕਿਹਾ ਕਿ ਠੇਕੇਦਾਰ ਉਨਾਂ ਕੋਲੋਂ ਪ੍ਰਤੀ ਟਿੱਪਰ ਨੌਂ ਸੌ ਰੁਪਏ ਵਸੂਲ ਕਰ ਰਿਹਾ ਹੈ ਤੇ ਇਸ ਦੇ ਬਦਲੇ ਕੋਈ ਪਰਚੀ ਨਹੀਂ ਦਿੱਤੀ ਜਾ ਰਹੀ। ਪਿੰਡ ਮਨੌਲੀ ਸੂਰਤ ਵਿਖੇ ਵੀ ਇੱਕ ਠੇਕੇਦਾਰ ਵੱਲੋਂ ਅਜਿਹੀ ਵਸੂਲੀ ਕੀਤੇ ਜਾਣ ਦੀ ਪਿੰਡ ਦੇ ਸਰਪੰਚ ਸਿਆਮ ਸਿੰਘ ਨੇ ਪੁਸ਼ਟੀ ਕੀਤੀ ਹੈ।

ਸਾਨੂੰ ਕੋਈ ਜਾਣਕਾਰੀ ਨਹੀਂ ਹੈ, ਹੁਣੇ ਛਾਪਾ ਮਾਰਦੇ ਹਾਂ-ਮਾਈਨਿੰਗ ਅਧਿਕਾਰੀ
ਜਦੋਂ ਮਾਈਨਿੰਗ ਵਿਭਾਗ ਦੇ ਡੇਰਾਬਸੀ ਸਥਿਤ ਬੀਐਲਓ ਹਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਘੱਗਰ ਵਿੱਚੋਂ ਮਾਈਨਿੰਗ ਬਾਰੇ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹ ਚਾਰ ਦਿਨਾਂ ਬਾਦ ਛੁੱਟੀ ਤੋਂ ਆਏ ਹਨ। ਹੁਣੇ ਬਨੂੜ ਪੁਲੀਸ ਨੂੰ ਲੈ ਕੇ ਮੌਕੇ ਤੇ ਪਹੁੰਚਕੇ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਪਰਚਾ ਦਰਜ ਕਰਾਉਂਦੇ ਹਨ।
ਮਾਈਨਿੰਗ ਵਿਭਾਗ ਦੇ ਜ਼ਿਲਾ ਇੰਸਪੈਕਟਰ ਵਿਪਨ ਕੰਬੋਜ ਨੇ ਸੰਪਰਕ ਕਰਨ ਉੱਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਨਾਂ ਦਿਨਾਂ ਵਿੱਚ ਕੋਈ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਤੇ 15 ਸਤੰਬਰ ਤੱਕ ਇਸ ਉੱਤੇ ਮੁਕੰਮਲ ਪਾਬੰਦੀ ਹੈ। ਉਨਾਂ ਕਿਹਾ ਕਿ ਉਹ ਬੀਐਲਓ ਨੂੰ ਮੌਕੇ ਤੇ ਭੇਜਕੇ ਸਾਰੀ ਰਿਪੋਰਟ ਮੰਗਾਉਣ ਉਪਰੰਤ ਅਗਲੇਰੀ ਕਾਰਵਾਈ ਕਰਨਗੇ।

Share Button

Leave a Reply

Your email address will not be published. Required fields are marked *