Mon. Jun 17th, 2019

ਘਰੇਲੂ ਕਾਮਿਆਂ ਨੂੰ ਰਜਿਸਟਰ ਕਰਕੇ ਭਲਾਈ ਸਕੀਮਾਂ ਦਾ ਦਿੱਤਾ ਜਾਵੇਗਾ ਲਾਭ : ਬਲਬੀਰ ਸਿੰਘ ਸਿੱਧੂ

ਘਰੇਲੂ ਕਾਮਿਆਂ ਨੂੰ ਰਜਿਸਟਰ ਕਰਕੇ ਭਲਾਈ ਸਕੀਮਾਂ ਦਾ ਦਿੱਤਾ ਜਾਵੇਗਾ ਲਾਭ : ਬਲਬੀਰ ਸਿੰਘ ਸਿੱਧੂ

ਰਾਜ ਸਮਾਜਿਕ ਸੁਰੱਖਿਆ ਬੋਰਡ ਦੀ ਪਲੇਠੀ ਮੀਟਿੰਗ ਵਿੱਚ ਲਿਆ ਗਿਆ ਅਹਿਮ ਫੈਸਲਾ

ਇੱਕ ਮਹੱਤਵਪੂਰਨ ਘਟਨਾਕ੍ਰਮ ਦੇ ਤਹਿਤ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਘਰਾਂ ਵਿੱਚ ਕੰਮ ਕਰਦੇ ਡੋਮੈਸਟਿਕ ਵਰਕਰਜ਼ (ਘਰੇਲੂ ਕਾਮੇ) ਨੂੰ ਰਜਿਸਟਰਡ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਮਾਜਿਕ ਸੁਰੱਖਿਆ ਅਤੇ ਭਲਾਈ ਸਕੀਮਾਂ ਦੇ ਤਹਿਤ ਲਾਭ ਪ੍ਰਦਾਨ ਕੀਤਾ ਜਾਵੇਗਾ। ਇਸ ਸਬੰਧੀ ਫੈਸਲਾ ਅੱਜ ਰਾਜ ਸਮਾਜਿਕ ਸੁਰੱਖਿਆ ਬੋਰਡ ਦੀ ਮੀਟਿੰਗ ਦੌਰਾਨ ਲਿਆ ਗਿਆ ਜਿਸ ਦੀ ਪ੍ਰਧਾਨਗੀ ਕਿਰਤ ਮੰਤਰੀ ਪੰਜਾਬ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਕੀਤੀ। ਜਾਣਕਾਰੀ ਦਿੰਦਿਆਂ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਘਰੇਲੂ ਕਾਮੇ ਅਸੰਗਠਿਤ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਜੇ ਤੱਕ ਘਰੇਲੂ ਕਾਮਿਆਂ ਦੀ ਰਜਿਸਟ੍ਰੇਸ਼ਨ ਦਾ ਕੋਈ ਵੀ ਉਪਬੰਧ ਨਹੀਂ ਸੀ ਜਿਸ ਕਾਰਨ ਜਿੱਥੇ ਇੱਕ ਪਾਸੇ ਇਹ ਕਾਮੇ ਪੰਜਾਬ ਸਰਕਾਰ ਦੀਆਂ ਭਲਾਈ ਸਕੀਤਾਂ ਦਾ ਲਾਭ ਲੈਣ ਤੋਂ ਵਾਂਝੇ ਸਨ ਉੱਥੇ ਦੂਜੇ ਪਾਸੇ ਇਨ੍ਹਾਂ ਨੂੰ ਮਕਾਨ ਮਾਲਕਾਂ ਦੇ ਹੱਥੋਂ ਸੋਸ਼ਣ ਅਤੇ ਹੋਰ ਵਿਤਕਰਿਆਂ ਦਾ ਸ਼ਿਕਾਰ ਹੋਣ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦਾ ਲੋਕਾਂ ਨਾਲ ਇਹ ਵਾਅਦਾ ਸੀ ਕਿ ਅਸੰਗਠਿਤ ਖੇਤਰ ਦੇ ਕਾਮਿਆਂ ਦੀ ਲੁੱਟ-ਖਸੁੱਟ ਨੂੰ ਰੋਕ ਕੇ ਉਨ੍ਹਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਬਣਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਨੇ ਸੱਤਾ ਸੰਭਾਲਦੇ ਸਾਰ ਹੀ ਅਸੰਗਠਿਤ ਖੇਤਰ ਦੇ ਕਾਮਿਆਂ ਦੀ ਭਲਾਈ ਲਈ ਰਾਜ ਸਮਾਜਿਕ ਸੁਰੱਖਿਆ ਬੋਰਡ ਦਾ ਗਠਨ ਕਰ ਦਿੱਤਾ ਸੀ।

 ਸ੍ਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਰਾਜ ਸਮਾਜਿਕ ਸੁਰੱਖਿਆ ਬੋਰਡ ਦੀ ਅੱਜ ਦੀ ਮੀਟਿੰਗ ਦੌਰਾਨ ਸਾਂਝੇ ਤੌਰ ਤੇ ਇਹ ਫੈਸਲਾ ਲਿਆ ਗਿਆ ਕਿ ਅਸੰਗਠਿਤ ਕਿਰਤੀਆਂ ਦੀ ਸ਼੍ਰੇਣੀ ਵਿੱਚ ਸਮੂਹ ਡੋਮੈਸਟਿਕ ਵਰਕਰ (ਘਰੇਲੂ ਕਾਮਿਆਂ) ਦਾ ਰਿਕਾਰਡ ਤਿਆਰ ਕਰਕੇ ਉਨ੍ਹਾਂ ਦਾ ਰਜਿਸਟਰੇਸ਼ਨ ਕੀਤਾ ਜਾਵੇਗਾ। ਇਨ੍ਹਾਂ ਕਾਮਿਆਂ ਨੂੰ ਸਰਕਾਰ ਵੱਲੋਂ ਪਹਿਚਾਣ ਪੱਤਰ ਮੁਹੱਈਆ ਕਰਵਾਇਆ ਜਾਵੇਗਾ ਜੋ ਕਿ ਉਨ੍ਹਾਂ ਦੇ ਆਧਾਰ ਡਾਟੇ ਨਾਲ ਲਿੰਕ ਕੀਤਾ ਜਾਵੇਗਾ।ਰਜਿਸਟ੍ਰੇਸ਼ਨ ਦੀ ਪ੍ਰੀਕ੍ਰਿਆ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਸੰਜੇ ਕੁਮਾਰ ਪ੍ਰਮੁੱਖ ਸਕੱਤਰ ਕਿਰਤ ਵਿਭਾਗ ਨੇ ਦੱਸਿਆ ਕਿ ਕੋਈ ਵੀ ਘਰੇਲੂ ਕਾਮਾ ਜਿਸ ਦੀ ਉਮਰ 14 ਸਾਲ ਤੋਂ ਵੱਧ ਹੈ ਉਹ ਆਪਣੇ ਆਪ ਨੂੰ ਰਾਜ ਸਮਾਜਿਕ ਸੁਰੱਖਿਆ ਬੋਰਡ ਨਾਲ ਰਜਿਸਟਰ ਕਰ ਸਕੇਗਾ ਪਰ ਇਸ ਦੇ ਨਾਲ ਹੀ ਉਸਨੂੰ ਇਹ ਸਵੈ ਘੋਸ਼ਣਾ ਪੱਤਰ ਵੀ ਦੇਣਾ ਪਵੇਗਾ ਕਿ ਉਹ ਅਸੰਗਠਿਤ ਖੇਤਰ ਦਾ ਘਰੇਲੂ ਕਾਮਾ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਕਿਰਤ ਵਿਭਾਗ ਵੱਲੋਂ ਘਰੇਲੂ ਕਾਮਿਆਂ ਨੂੰ ਰਜਿਸਟਰਡ ਕੀਤੇ ਜਾਣ ਸਬੰਧੀ ਦਿਸ਼ਾ ਨਿਰਦੇਸ਼ ਅਤੇ ਹੋਰ ਸੇਵਾ ਸ਼ਰਤਾਂ ਵਿਭਾਗ ਦੀ ਵੈਬਸਾਈਟ ਤੇ ਪਾ ਦਿੱਤੀਆਂ ਜਾਣਗੀਆਂ।ਅੱਜ ਦੀ ਮੀਟਿੰਗ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਅਗਰਵਾਲ, ਲੇਬਰ ਕਮਿਸ਼ਨਰ ਪੰਜਾਬ ਸ੍ਰੀ ਟੀ.ਐਸ. ਧਾਲੀਵਾਲ ਤੋਂ ਇਲਾਵਾ ਰਾਜ ਸਮਾਜਿਕ ਸੁਰੱਖਿਆ ਬੋਰਡ ਦੇ ਸਮੂਹ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: