Fri. Oct 18th, 2019

ਗੰਧਲੀ ਬਣਦੀ ਜਾ ਰਹੀ ਅਜੋਕੀ ਗਾਇਕੀ ਅਤੇ ਗੀਤਕਾਰੀ

ਗੰਧਲੀ ਬਣਦੀ ਜਾ ਰਹੀ ਅਜੋਕੀ ਗਾਇਕੀ ਅਤੇ ਗੀਤਕਾਰੀ

ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਵਿੱਚ ਅੱਜਕੱਲ੍ਹ ਨਵਾਂ ਮੋੜ ਆਇਆ ਹੈ । ਲੋਕ ਸੱਭਿਆਚਾਰ ਨੂੰ ਭੁੱਲ ਕੇ ਲੱਚਰਤਾ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ । ਇੰਝ ਜਾਪਦਾ ਹੈ ਜਿਵੇਂ ਗੀਤਕਾਰਾਂ ਦੀ ਕਲਮ ਵਿੱਚ ਦਮ ਨਹੀਂ ਰਿਹਾ ਅਤੇ ਗਾਉਣ ਵਾਲਿਆਂ ਦੀ ਹਿੱਕ ਵਿੱਚ ਜ਼ੋਰ ਮੁੱਕ ਚੁੱਕਾ ਹੈ । ਬੇਸ਼ੱਕ ਦੇਸ਼ਾਂ-ਵਿਦੇਸ਼ਾਂ ਵਿੱਚ ਪੰਜਾਬ ਦੀ ਗਾਇਕੀ ਧੁੰਮਾਂ ਪਾ ਰਹੀ ਹੈ ਪ੍ਰੰਤੂ ਸਿਰਫ ਹਾਹਾਕਾਰ ਮਚਾਉਂਦੀ ਦਿਖਾਈ ਦਿੰਦੀ ਹੈ । ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ ਦੀ ਪਵਿੱਤਰ ਧਰਤੀ ਹੈ । ਪਰੰਤੂ ਕੁਝ ਜ਼ਮੀਰਾਂ ਵੇਚ ਰਹੇ ਗੀਤਕਾਰ ਅਤੇ ਗਾਇਕ ਇਸ ਪਾਵਣ ਧਰਤੀ ਦੇ ਇਤਿਹਾਸ ਨੂੰ ਦਿਲੋਂ ਭੁਲਾ ਕੇ ਆਪਣੀ ਝੂਠੀ ਪਹਿਚਾਣ ਬਣਾਉਣ ਲਈ ਲੱਚਰਤਾ ਪੇਸ਼ ਕਰ ਰਹੇ ਹਨ । ਜਿਸ ਕਾਰਨ ਚੰਗਾ ਸੰਗੀਤ ਸੁਣਨ ਵਾਲੇ ਸਰੋਤਿਆਂ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ ।
ਅਜੋਕੇ ਅਤੇ ਪੁਰਾਤਨ ਸੰਗੀਤ ਵਿੱਚ ਅੰਤਰ
ਅੱਜ ਕੱਲ੍ਹ ਦੇ ਗਾਣਿਆਂ ਵਿੱਚ ਸ਼ਰੇਆਮ ਆਸ਼ਕੀ ਦਾ ਪਾਠ ਪੜਾਇਆ ਜਾ ਰਿਹਾ ਹੈ । ਔਰਤਾਂ ਦਾ ਸਤਿਕਾਰ ਕਰਨ ਦੀ ਬਜਾਏ ਗਾਣਿਆਂ ਰਾਹੀਂ ਔਰਤਾਂ ਨੂੰ ਭੰਡਿਆ ਜਾ ਰਿਹਾ ਹੈ । ਗਾਇਕੀ ਦੀ ਇਸ ਬਦਲ ਰਹੀ ਦਿਸ਼ਾ ਵਿੱਚ ਸਰੋਤੇ ਵੀ ਕਸੂਰਵਾਰ ਹਨ । ਹਥਿਆਰਾਂ ਵਾਲੇ ਗੀਤਾਂ ਨੂੰ ਸ੍ਰੋਤੇ ਬਹੁਤ ਖੂਬ ਪਸੰਦ ਕਰਨ ਲੱਗ ਗਏ ਹਨ । ਪਰ ਸੁਰੀਲਾ ਅਤੇ ਸਾਫ਼-ਸੁਥਰਾ ਗਾਉਣ ਵਾਲੇ ਫਨਕਾਰਾਂ ਨੂੰ ਸਰੋਤੇ ਘੱਟ ਹੀ ਸੁਣਦੇ ਹਨ । ਪੁਰਾਣੇ ਸਮਿਆਂ ਵਿੱਚ ਝਾਤੀ ਮਾਰੀਏ ਤਾਂ ਗੀਤਕਾਰ ਸੱਭਿਆਚਾਰ ਨਾਲ ਸੰਬੰਧਿਤ ਗੀਤ ਲਿਖਦੇ ਸਨ ਅਤੇ ਗਾਇਕਾਂ ਦੁਆਰਾ ਮਿੱਠੀ ਅਵਾਜ਼ ਵਿੱਚ ਗਾਏ ਜਾਣ ਵਾਲੇ ਗੀਤਾਂ ਨੂੰ ਸਰੋਤੇ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਸਨ । ਉਸ ਸਮੇਂ ਵਿੱਚ ਚੰਦ ਛਿੱਲੜਾਂ ਖਾਤਿਰ ਆਪਣਾ ਜ਼ਮੀਰ ਵੇਚ ਕੇ ਸੱਭਿਆਚਾਰ ਨੂੰ ਭੁੱਲਣ ਵਾਲੇ ਗੀਤਕਾਰ ਨਹੀਂ ਸਨ । ਪ੍ਰੰਤੂ ਨਵਾਂ ਜ਼ਮਾਨਾ ਆਇਆ ਤਾਂ ਲੋਕਾਂ ਨੇ ਇਨਸਾਨੀਅਤ ਹੀ ਗਵਾਉਣੀ ਸ਼ੁਰੂ ਕਰ ਦਿੱਤੀ ਹੈ । ਮਸ਼ਹੂਰ ਹੋਣ ਲਈ ਗਾਣਿਆਂ ਵਿੱਚ ਨਸ਼ੇ ਨੂੰ ਮੋਹਰੀ ਬਣਾਇਆ ਜਾਣ ਲੱਗ ਗਿਆ । ਇੱਕ ਪਾਸੇ ਤਾਂ ਸਾਰੇ ਗਾਇਕ ਅਤੇ ਗੀਤਕਾਰ ਕਹਿੰਦੇ ਹਨ ਕਿ ਅਸੀਂ ਆਪਣੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਾਂ ਪਰ ਦੇਖਿਆ ਜਾਵੇ ਤਾਂ ਇੰਨ੍ਹਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਛੱਡ ਕੇ ਹਥਿਆਰਾਂ, ਨਸ਼ਿਆਂ ਅਤੇ ਲੱਚਰਤਾ ਵਾਲੇ ਗੀਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਇਸ ਤਰ੍ਹਾਂ ਤਾਂ ਕਲਾਕਾਰਾਂ ਦੁਆਰਾ ਪੰਜਾਬੀ ਮਾਂ-ਬੋਲੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ।
ਇਹ ਸਿਰਲੇਖ ਲਿਖਣ ਦਾ ਮੇਰਾ ਮੁੱਖ ਮੰਤਵ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਇਹ ਸੁਨੇਹਾ ਲਾਉਣਾ ਸੀ ਕਿ ਬੇਸ਼ੱਕ ਅਜੋਕੀ ਗਾਇਕੀ ਅਤੇ ਗੀਤਕਾਰੀ ਗੰਧਲੀ ਹੋ ਰਹੀ ਹੈ ਪ੍ਰੰਤੂ ਅੱਜ ਵੀ ਸੁਰੀਲਾ ਅਤੇ ਸਾਫ-ਸੁਥਰਾ ਗਾਉਣ ਵਾਲੇ ਕਲਾਕਾਰ ਮਾਂ-ਬੋਲੀ ਨੂੰ ਸਤਿਕਾਰ ਦੇ ਰਹੇ ਹਨ । ਕਿਰਪਾ ਕਰਕੇ ਹਥਿਆਰਾਂ, ਗੁੰਡਾਗਰਦੀ, ਅਤੇ ਲੱਚਰਤਾ ਵਾਲੇ ਗੀਤਾਂ ਨੂੰ ਛੱਡ ਕੇ ਸੱਭਿਆਚਾਰਕ ਗੀਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਆਉਣ ਵਾਲੀ ਨਵੀਂ ਪੀੜੀ ਤੇ ਮਾੜਾ ਪ੍ਰਭਾਵ ਪੈਣ ਤੋਂ ਬਚਾਇਆ ਜਾ ਸਕੇ ।

ਪੈਰੀ ਪਰਗਟ
81461-02593

Leave a Reply

Your email address will not be published. Required fields are marked *

%d bloggers like this: