Sat. Jul 20th, 2019

ਗੋਬਿੰਦ ਸਿੰਘ ਲੌਂਗੋਵਾਲ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਗੋਬਿੰਦ ਸਿੰਘ ਲੌਂਗੋਵਾਲ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਦੌਰਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਐੱਸਜੀਪੀਸੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਉਨ੍ਹਾਂ ਦੇ ਨਾਂਅ ਦੀ ਤਜ਼ਵੀਜ਼ ਸਾਬਕਾ ਸ਼੍ਰੋ੍ਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਵਿਰੋਧੀ ਧਿਰ ਵੱਲੋਂ ਅਮਰੀਕ ਸਿੰਘ ਸ਼ਾਹਪੁਰ ਦਾ ਨਾਂਅ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਵਿਰੋਧੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਪ੍ਰਧਾਨਗੀ ਦੀ ਨਾਂਅ ਦੀ ਚੋਣ ਕਰਵਾਈ ਜਾਵੇ।
ਹੰਗਾਮੇ ਦੇ ਚਲਦਿਆਂ ਕ੍ਰਿਪਾਲ ਸਿੰਘ ਬਡੂੰਗਰ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਗੋਬਿੰਦ ਸਿੰਘ ਲੌਗੋਵਾਲ ਅਤੇ ਅਮਰੀਕ ਸਿੰਘ ਸ਼ਾਹਪੁਰ ਦੋਵਾਂ ਵਿਚੋਂ ਜਿਸ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਹਨ, ਪਰਚੀ ‘ਤੇ ਉਸ ਦਾ ਨਾਂਅ ਲਿਖ ਕੇ ਦੇਣ। ਇਸ ਤੋਂ ਬਾਅਦ ਸਾਰੇ ਮੈਂਬਰਾਂ ਨੇ ਇਸ ਪ੍ਰਕਿਰਿਆ ਵਿਚ ਭਾਗ ਲਿਆ। ਦੱਸ ਦੇਈਏ ਕਿ ਅਮਰੀਕ ਸਿੰਘ ਸ਼ਾਹਪੁਰ ਦਾ ਨਾਂਅ ਭੌਰ ਧੜੇ ਵੱਲੋਂ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ 154 ਵੋਟਾਂ ਪਈਆਂ ਜਦੋਂ ਕਿ ਵਿਰੋਧੀ ਧਿਰ ਦੇ ਅਮਰੀਕ ਸਿੰਘ ਸ਼ਾਹਪੁਰ ਨੂੰ 15 ਵੋਟਾਂ ਪਈਆਂ। ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਚੁਣੇ ਜਾਣ ਦਾ ਐਲਾਨ ਕੀਤਾ।
ਦੱਸ ਦੇਈਏ ਕਿ ਗੋਬਿੰਦ ਸਿੰਘ ਲੌਂਗੋਵਾਲ ਦਾ ਪ੍ਰਧਾਨ ਬਣਨਾ ਪਹਿਲਾਂ ਹੀ ਤੈਅ ਮੰਨਿਆ ਜਾ ਰਿਹਾ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਵਿਚ ਅਕਾਲੀ ਧੜੇ ਦੇ ਬਹੁ ਗਿਣਤੀ ਮੈਂਬਰ ਹਨ। ਐੱਸਜੀਪੀਸੀ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਪੂਰੀ ਦੁਨੀਆ ਦੇ ਸਿੱਖਾਂ ਦੀਆਂ ਨਜ਼ਰਾਂ ਅੱਜ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਸਥਿਤ ਤੇਜ਼ਾ ਸਿੰਘ ਸਮੁੰਦਰੀ ਹਾਲ ‘ਚ ਹੋਣ ਵਾਲੇ ਜਨਰਲ ਇਜਲਾਸ ‘ਤੇ ਟਿਕੀਆਂ ਹੋਈਆਂ ਸਨ ਪਰ ਅੱਜ ਚੋਣ ਤੋਂ ਬਾਅਦ ਅਕਾਲੀ ਦਲ ਦਾ ਕਬਜ਼ਾ ਫਿਰ ਤੋਂ ਸ਼੍ਰੋਮਣੀ ਕਮੇਟੀ ‘ਤੇ ਬਰਕਰਾਰ ਰਿਹਾ।
ਇਸ ਤੋਂ ਇਲਾਵਾ ਐੱਸਜੀਪੀਸੀ ਦੇ ਪ੍ਰਧਾਨਗੀ ਅਹੁਦੇ ਲਈ ਚੱਲ ਰਹੀਆਂ ਚਰਚਾਵਾਂ ਵਿਚ ਬਲਬੀਲ ਸਿੰਘ ਘੁੰਨਸ, ਅਵਤਾਰ ਸਿੰਘ ਮੱਕੜ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅਮਰਜੀਤ ਸਿੰਘ ਚਾਵਲਾ ਅਤੇ ਬੀਬੀ ਜਾਗੀਰ ਕੌਰ ਦੇ ਨਾਵਾਂ ਵਿਚੋਂ ਕਿਸੇ ਇੱਕ ਦੇ ਅੱਗੇ ਆਉਣ ਦੀ ਵੀ ਚਰਚਾ ਚੱਲ ਰਹੀ ਸੀ ਪਰ ਇਨ੍ਹਾਂ ਸਾਰੀਆਂ ਚਰਚਾਵਾਂ ‘ਤੇ ਉਦੋਂ ਵਿਸ਼ਰਾਮ ਲੱਗ ਗਿਆ ਜਦੋਂ ਐੱਸਜੀਪੀਸੀ ਦੇ ਇਜਲਾਸ ਵਿਚ ਚੋਣ ਪ੍ਰਕਿਰਿਆ ਰਾਹੀਂ ਅਕਾਲੀ ਦਲ ਦੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ।

Leave a Reply

Your email address will not be published. Required fields are marked *

%d bloggers like this: