Wed. Nov 13th, 2019

ਗੈਰ ਸਰਕਾਰੀ ਸੰਗਠਨ (ਐੱਨ ਜੀ ਓ) ਦਾ ਵਰਤਾਰਾ ਹੈ ਕੀ ?

ਗੈਰ ਸਰਕਾਰੀ ਸੰਗਠਨ (ਐੱਨ ਜੀ ਓ) ਦਾ ਵਰਤਾਰਾ ਹੈ ਕੀ ?

ਡਾ: ਅਜੀਤਪਾਲ ਸਿੰਘ ਐਮ ਡੀ

ਲੁੱਟ-ਘਸੁੱਟ ਦਾ ਸ਼ਿਕਾਰ ਲੋਕ ਬਗਾਵਤ ਨਾ ਕਰਨ, ਇਸ ਲਈ ਲੁੱਟ ਕਰਨ ਵਾਲੀ ਜਮਾਤ ਵੱਖ ਵੱਖ ਤਰ੍ਹਾਂ ਦੀਆਂ ਰਾਜਸੀ ਸਾਜਿਸ਼ਾਂ ਕਰਦੀ ਰਹਿੰਦੀ ਹੈ। ਐਨ ਜੀ ਓ (ਗੈਰ ਸਰਕਾਰੀ ਸੰਗਠਨ) ਵੀ ਇੱਕ ਰਾਜਸੀ ਸਾਜ਼ਿਸ਼ ਹੈ। ਲੁੱਟ-ਘੁੱਟ ਦੇ ਸ਼ਿਕਾਰ ਲੋਕਾਂ ਦੇ ਬੁਨਿਆਦੀ ਰਾਜਸੀ ਬਦਲਾਅ ਦੇ ਸੰਘਰਸ਼ ਨੂੰ ਰੋਕ ਕੇ ਉਨ੍ਹਾਂ ਨੂੰ ਦਿਸ਼ਾਹੀਣ ਕਰ ਦੇਣਾ ਹੈ ਐਨਜੀਓ ਦਾ ਪ੍ਰਮੁੱਖ ਉਦੇਸ਼ ਹੈ। ਏਸ਼ੀਆ,ਅਫ਼ਰੀਕਾ ਤੇ ਲਤੀਨੀ ਅਮਰੀਕਾ ਦੀ ਗਰੀਬ ਜਨਤਾ ਵਿੱਚ ਇਹ ਸੰਗਠਨ ਭਾਰੀ ਗਿਣਤੀ ਵਿੱਚ ਸਰਗਰਮ ਹਨ। ਇਨ੍ਹਾਂ ਸੰਗਠਨਾਂ ਦੇ ਰਾਹੀਂ ਸਾਮਰਾਜਵਾਦੀ ਦੇਸ਼ ਖਰਬਾਂ ਡਾਲਰ ਇਹਨਾਂ ਗਰੀਬ ਦੇਸ਼ਾਂ ‘ਤੇ ਖਰਚ ਕਰ ਰਹੇ ਹਨ। ਜੇਮਸ ਪੇਤ੍ਆਸ ਤੇ ਹੇਨਰੀ ਵੇਲਤਮੇਅਰ ਕਹਿੰਦੇ ਹਨ ਕਿ ਐਨਜੀਓ ਇਹ ਨਾਮਕਰਨ ਹੀ ਝੂਠਾ ਹੈ। ਅਸਲ ਵਿੱਚ ਐਨਜੀਓ ਗੈਰ-ਸਰਕਾਰੀ ਸੰਗਠਨ ਨਹੀਂ ਹੈ। ਉਹ ਵਿਦੇਸ਼ੀ ਹਾਕਮਾਂ ਤੋਂ ਧਨ ਹਾਸਲ ਕਰਦੇ ਹਨ ਅਤੇ ਸਥਾਨਕ ਸਰਕਾਰਾਂ ਦੇ ਲਈ “ਸਥਾਨਕ ਉਪ-ਏਜੰਟ” ਦੇ ਰੂਪ ਵਿੱਚ ਕੰਮ ਕਰਦੇ ਹਨ। ਨਾਲ ਹੀ ਸਰਕਾਰ ਤੇ ਹਕੂਮਤੀ ਸਤਾ ਨਾਲ ਹਕੂਮਤੀ ਸਬੰਧ ਰੱਖਣ ਵਾਲੇ ਕਾਰਪੋਰੇਟ ਪੀ੍ਵਾਰਾਂ ਵਲੋਂ ਵੀ ਉਹ ਧਨ ਦੌਲਤ ਹਾਸਲ ਕਰਦੇ ਹਨ।

ਐਨਜੀਓ ਦੀਆਂ ਵਿਸੇਸ਼ਤਾਵਾਂ ਇਹ ਹਨ ਕਿ ਇਹ ਸਰਕਾਰੀ ਜਾਂ ਵਿਦੇਸ਼ੀ ਪੈਸੇ ਤੇ ਚਲਦੀਆਂ ਹਨ। ਇਸ ਲਈ ਉਹਨਾਂ ਵਲੋਂ ਚੁਣਿਆ ਹੋਇਆ ਖੇਤਰ ਤੇ ਕਾਰਜਪ੍ਣਾਲੀ ਸਾਮਰਾਜੀ ਦੇਸ਼ਾਂ ਦੇ ਬੁੱਧੀਜੀਵੀਆਂ ਵਲੋਂ ਤਹਿ ਕੀਤੀ ਜਾਂਦੀ ਹੈ। ਉਕਤ ਕਥਨ ਦੇ ਅਨੁਸਾਰ ਜਿਸ ਖੇਤਰ ਵਿੱਚ ਲੁੱਟ-ਘਸੁੱਟ ਦੀ ਤੀਬਰਤਾ ਵੱਧ ਹੈ ਅਤੇ ਉਥੇ ਖੱਬੇ-ਪੱਖੀ ਰਾਜਨੀਤੀ ਨਾਲ ਜੁੜੀਆਂ ਧਿਰਾਂ ਕੰਮ ਕਰ ਰਹੀਆਂ ਹਨ, ਉਸ ਖੇਤਰ ਚ ਐਨਜੀਓ ਸਰਗਰਮ ਹਨ। ਉਹਨਾਂ ਦਾ ਉਦੇਸ਼ ਇਨਕਲਾਬੀ ਸੰਘਰਸ਼ ਨੂੰ ਖਾਰਿਜ ਕਰਨਾ ਹੈ। ਜਿਨ੍ਹਾਂ ਮੁੱਦਿਆਂ ਤੇ ਉਹ ‘ਕੰਮ’ ਕਰਦੇ ਹਨ, ਉਨ੍ਹਾਂ ਮੁੱਦਿਆਂ/ਸੁਆਲਾਂ ਦਾ ਗੈਰ-ਸਿਆਸੀਕਰਨ ਤੇ ਸਥਾਨਕੀਕਰਨ ਕਰਨ ਦੀ ਰਾਜਨੀਤੀ ਉਹ ਕਰਦੇ ਹਨ। ਮਤਲਬ ਇਹ ਕਿ ਸੁਆਲ ਨੂੰ ਸਮਝ ਕੇ ਉਸ ਨੂੰ ਸੁਲਝਾਉਣ ਵਿੱਚ ਉਨ੍ਹਾਂ ਦੀ ਕੋਈ ਰੁਚੀ ਨਹੀਂ ਹੁੰਦੀ। ਪ੍ਰਚੱਲਤ ਲੁੱਟ-ਘਸੁੱਟ ਦੀ ਦਾਇਰੇ ਵਿੱਚ ਰਹਿ ਕੇ ਉਹ ਉਸ ਸੁਆਲ ਦਾ ਕੰਮ ਚਲਾਉੂ ਜੁਆਬ ਲੱਭਦੇ ਹਨ। ਇਸ ਦੇ ਲਈ ਉਹ ਸੰਘਰਸ਼ ਦੀ ਥਾਂ ਤੇ ਸਮਝੌਤਾਵਾਦੀ ਜਾਂ ਸੁਧਾਰਵਾਦੀ ਰਾਹ ਦੀ ਹਮਾਇਤ ਕਰਦੇ ਹਨ। ਐੱਨਜੀਓ ਲੁੱਟ-ਘਸੁੱਟ ਕਰਨ ਵਾਲੀ ਜਮਾਤ ਅਤੇ ਲੁੱਟੀ ਜਾਂਦੀ ਜਮਾਤ ਦੇ ਦਰਮਿਆਨ ਦਾਨਕਰਤਾ/ ਅਰਜ਼ਕਰਤਾ ਦੇ ਸਬੰਧ ਨੂੰ ਪੱਕਾ ਕਰਦੀਆਂ ਹਨ। ਲੁੱਟ-ਖਸੁੱਟ ਦਾ ਸ਼ਿਕਾਰ ਲੋਕ ਇਨਕਲਾਬ ਦੇ ਰਾਹ ਤੇ ਚੱਲ ਕੇ ਜਮਾਤੀ ਵਿਰੋਧ ਨੂੰ ਖ਼ਤਮ ਨਾ ਕਰਨ ਇਸ ਲਈ ਐਨਜੀਓ ਜਮਾਤੀ ਸੰਘਰਸ਼ ਨੂੰ ਟਾਲ ਕੇ ਜਮਾਤੀ-ਭਿਆਲੀ ਦੀ ਭੂਮਿਕਾ ਨਿਭਾਉਂਦੇ ਹਨ।

ਨਾਲ ਹੀ ਸੰਘਰਸ਼ ਦੀ ਥਾਂ ਤੇ ਲੁਟੇਰਿਆਂ ਨਾਲ ਗੱਲਬਾਤ ਕਰਕੇ ਤਾਲਮੇਲ ਸਥਾਪਤ ਕਰਦੇ ਹਨ। ਖੱਬੇ ਪੱਖੀ/ਸਮਾਜਵਾਦੀ ਘੋਲ ਦੇ ਕਾਰਕੁੰਨ ਲੜਾਕੂ ਚਿੰਤਕ ਤਾਂ ਹੁੰਦੇ ਹੀ ਹਨ, ਨਾਲ ਹੀ ਸਮਾਜ ਵਿੱਚ ਪ੍ਰਭਾਵਸ਼ਾਲੀ ਰੂਪ ਨਾਲ ਸਰਗਰਮ ਵੀ ਹੁੰਦੇ ਹਨ। ਐਨਜੀਓ ਦੇ ਖੁੱਦ ਦੇ ਕਾਰਕੁੰਨਾਂ ਦੀ ਕਮੀ ਹੋਣ ਦੇ ਕਾਰਨ ਉਹ ਇਸ ਅੰਦੋਲਨ ਦੇ ਕਾਰਕੁੰਨਾਂ ਨੂੰ ‘ਹਾਇਰ” ਕਰਦੇ ਹਨ, ਇਸ ਨਾਲ ਖੱਬੇ ਪੱਖੀ/ਸਮਾਜਵਾਦੀ ਸੰਘਰਸ਼ ਦੇ ਕਮਜ਼ੋਰ ਹੋਣ ਦਾ ਕੰਮ ਆਪਣੇ ਆਪ ਹੀ ਹੋ ਜਾਂਦਾ ਹੈ। ਵਿਸ਼ਵੀਕਰਨ ਦੇ ਯੁੱਗ ਵਿੱਚ ਐਨਜੀਓ ਦਾ ਜਾਲ ਪੂਰੇ ਸੰਸਾਰ ਵਿੱਚ ਬੁਣਿਆ ਗਿਆ ਹੈ। ਇਸ ਯੁੱਗ ਵਿੱਚ ਐਨਜੀਓ ਦੀ ਗਿਣਤੀ ਅਚਾਨਕ ਪਰ ਵਿਉਂਤਬੰਦ ਤਰੀਕੇ ਨਾਲ ਵਧੀ ਹੈ। ਸੰਸਾਰ ਬੈਂਕ ਨੇ ਸੱਤਰ ਫੀਸਦੀ ਪ੍ਰਾਜੈਕਟਾਂ ਵਿੱਚ ਐਨਜੀਓ ਨੂੰ ਥਾਂ ਦਿੱਤੀ ਗਈ ਹੈ। ਭਾਰਤ ਵਿੱਚ ਇਸ ਦੌਰਾਨ ਉਨ੍ਹਾਂ ਦਾ ਵਧਣਾ ਮਹੱਤਵਪੂਰਣ ਹੈ। ਗ੍ਰਹਿ ਮੰਤਰਾਲੇ ਦੇ ਸਰਵੇਖਣ ਅਨੂਸਾਰ ਸੰਨ 2000 ਤੱਕ ਭਾਰਤ ਵਿੱਚ 20 ਹਜ਼ਾਰ ਰਜਿਸਟਰਡ ਐਨਜੀਓ ਸਨ। ਉਨ੍ਹਾਂ ਨੂੰ ਮਿਲੀ ਵਿਦੇਸ਼ੀ ਪੂੰਜੀ ਨਿਮਨਲਿਖਤ ਅਨੁਸਾਰ ਹੈ:-

1998-1999—-3,403 ਕਰੋੜ ਰੁਪਏ,
1999-2000—-3,925 ਕਰੋੜ ਰੁਪਏ,
2000-2001—–4,535 ਕਰੋੜ ਰੁਪਏ।

ਮਹਾਰਾਸ਼ਟਰ ਤੇ ਭਾਰਤ ਦੇ ਸੱਭਿਆਚਾਰ ਵਿਚਾਰਕ ਖੇਤਰ ਤੇ ਵੀ ਐਨਜੀਓ ਕਾਬਜ ਹੋਏ ਬੈਠੇ ਹਨ। “ਵਰਲਡ ਸੋਸ਼ਲ ਫੋਰਮ” ਵਿੱਚ ਸਾਮਰਾਜਵਾਦੀਆਂ ਦੇ ਐਨਜੀਓ ਦੇ ਨਾਲ ਸਾਂਝ-ਭਿਆਲੀ ਕਰਨ ਕਰ ਕੇ ਰਾਜਨੀਤੀ ਵਿੱਚ ਨਵੇਂ ਪ੍ਰਸ਼ਨ ਖੜ੍ਹੇ ਹੋਏ ਹਨ। ਮਹਾਰਾਸ਼ਟਰ ਦੇ ਖੱਬੀ-ਪੱਖੀ ਬੁੱਧੀਜੀਵੀ ਐਨਜੀਓ ਦੇ ਨਾਲ ਕਈ ਤਰ੍ਹਾਂ ਦੇ ਸਬੰਧ ਬਣਾਈ ਰੱਖਦੇ ਹਨ। ਮਹਾਰਾਸ਼ਟਰ ਵਿੱਚ ‘ਵਿਚਾਰਵੇਦ’ ਸੰਮੇਲਨਾਂ ਨੂੰ ਵੀ ਐਨਜੀਓ ਨੇ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ। 2005 ਦੇ ਸੰਮੇਲਨ ਦਾ ਵਿਸ਼ਾ ਵੀ “ਵਿਹੁੂਣੇ ਸਮੂਹਾਂ ਦੇ ਸੰਘਰਸ਼: ਅੱਜ ਦੀ ਸਥਿਤੀ ਅਤੇ ਭਵਿੱਖ” ਅਜੇਹਾ ਸੀ। “ਵਿਹੂਣਾ” ਇਹ ਸ਼ਬਦ ਸਾਮਰਾਜਵਾਦੀਆਂ ਵਲੋਂ ਪ੍ਰਚਿਲਤ ਕੀਤਾ ਗਿਆ ਹੈ, ਜੋ ਹਿੰਦੂਤਵ-ਵਾਦੀਆਂ ਨੂੰ ਬਹੁਤ ਪਸੰਦ ਹੈ। ਭੌਤਿਕ ਲੁੱਟ-ਖਸੁੱਟ ਦਾ ਲਾਲਸਾ ਰੱਖਣ ਵਾਲਾ ਅਤੇ ਕਮਿਉੂਨਿਸਟਾਂ ਵਲੋਂ ਪ੍ਰਚੱਲਿਤ ਕੀਤਾ ਗਿਆ ‘ਸ਼ੋਸ਼ਿਤ’ ਸ਼ਬਦ ਅਤੇ ਸਮਾਜਿਕ ਆਰਥਕ ਲੁੱਟ-ਖਸੁੱਟ ਦੀ ਪੇਸ਼ਕਾਰੀ ਕਰਨ ਵਾਲਾ ਡਾ: ਬੀ. ਆਰ. ਅੰਬੇਦਕਰ ਦੁਆਰਾ ਪ੍ਰਚਲਿਤ ਕੀਤਾ ਗਿਆ ‘ਅਛੂਤ’ ਸ਼ਬਦ ਉਨ੍ਹਾਂ ਨੇ ਨਾਮਨਜ਼ੂਰ ਕੀਤਾ ਹੈ। ਐਨਜੀਓ ਸਿਰਫ ਫੰਡ ਹੀ ਨਹੀਂ ਦਿੰਦੀਆਂ, ਬਲਕਿ ਵਿਚਾਰਧਾਰਾ ਵਿੱਚ ਵੀ ਦਖਲਅੰਦਾਜੀ ਕਰਦੀਆਂ ਹਨ। ਇਹ ਬਹਿਸ ਦੀ ਰੂਪ-ਰੇਖਾ ਵੀ ਨਿਸ਼ਚਤ ਕਰਦੀਆਂ ਹਨ। ਕੁਝ ਸਾਲ ਪਹਿਲਾਂ ਗੁਜਰਾਤ ਵਿੱਚ ਹੋਏ ਕਤਲੇਆਮ ਨੂੰ ਮਹਾਰਾਸ਼ਟਰ ਚ ਸਾਮਰਾਜਵਾਦੀਆਂ ਵਲੋਂ ਆਯੋਜਿਤ “ਵਿਚਾਰਵੇਦ ਸੰਮੇਲਨ” ਨੇ ‘ਦੰਗਾ’ ਕਿਹਾ ਸੀ। ਇਹ ਸਿਰਫ ਨਵੇਂ ਸ਼ਬਦਾਂ ਦੀ ਵਰਤੋਂ ਨਹੀਂ ਹੈ; ਬਲਕਿ ਸ਼ਬਦਾਂ ਰਾਹੀਂ ਕੀਤੀ ਕੀਤੀ ਜਾਣ ਵਾਲੀ ਸਭਿਆਚਾਰਕ ਰਾਜਨੀਤੀ ਹੈ। ਪੁਰਸਕਾਰ ਲੈਣ-ਦੇਣ ਦੀ ਸਿਆਸਤ ਅੱਜ ਕੱਲ੍ਹ ਸੱਭਿਆਚਾਰਕ ਖੇਤਰ ਵਿੱਚ ਜੋਰਾਂ ਤੇ ਹੈ।

ਬਿਰਲਾ ਫਾਊਂਡੇਸ਼ਨ,ਸੁਲਭ ਫਾਊਂਡੇਸ਼ਨ,ਮੋਦੀ ਫਾਊਂਡੇਸ਼ਨ ਵਰਗੀ ਵੱਡੀ ਫੌਜ ਪੁਰਸਕਾਰ ਦਾਤਿਆਂ ਦੀ ਹੈ। ਸ਼ਿਤੱਜ ਸ਼ਰਮਾ ਨਾਮਕ ਆਲੋਚਕ ਲਿਖਦੇ ਹਨ: ਹਿੰਦੀ ਵਿੱਚ ਪੁਰਸਕਾਰ ( ਉਸ ਰੂਪ ਵਿੱਚ ਕਿਸੇ ਵੀ ਭਾਸ਼ਾ ਵਿੱਚ) ਸਰਕਾਰ ਵਲੋਂ ਸਾਹਿਤ ਦੇ ਨਾਂ ਤੇ ਵੰਡੀ ਜਾਣ ਵਾਲੀਆਂ ਰਿਉੂੜੀਆਂ ਹਨ, ਜੋ ਨਿਯਮਤ ਸੱਤਾਧਾਰੀ ਦਲ ਦੇ ਪਿਛਲੱਗਾਂ ਵਲੋਂ ਨੂੰ ਅਤੇ ਅਪਵਾਦ ਸਰੂਪ ਇੱਕੇ ਦੁੱਕੇ ਯੋਗ ਵਿਅਕਤੀਆਂ ਨੂੰ ਵੀ, ਸੱਤਾ ਦੇ ਏਜੰਟਾਂ ਜਾਂ ਖੁਲ੍ਹਦਿਲੀ ਵਰਤੀ ਜਾਵੇ ਤਾਂ ਸਾਹਿਤਕਾਰਾਂ-ਵਿਚੋਲਿਆਂ ਵਲੋਂ ਵੰਡੀ ਜਾਂਦੀ ਹੈ। ਸਾਡੇ ਇੱਥੇ ਹੋ ਇਹ ਰਿਹਾ ਹੈ ਕਿ ਹਿੰਦੀ ਸਾਹਿਤ ਜਿੰਨੀ ਤੇਜ਼ੀ ਨੂੰ ਜਨਤਾ ਤੋਂ ਕਟ ਰਿਹਾ ਹੈ,ਉਨ੍ਹੀ ਤੇਜੀ ਨਾਲ ਪੁਰਸਕਾਰਾਂ ਦੀ ਗਿਣਤੀ ਵਧੀ ਹੈ। ਅੱਜ ਮਹਾਰਾਸ਼ਟਰ ਦਾ ਵਿਚਾਰਧਾਰਕ ਖੇਤਰ ਮਹਾਰਾਸ਼ਟਰ ਫਾਊਂਡੇਸ਼ਨ ਨੇ ਖ਼ਰਾਬ ਕੀਤਾ ਹੈ। ਅਨੇਕਾਂ ਪ੍ਰਗਤੀਸ਼ੀਲ ਸਾਹਿਤਕਾਰ ਅਤੇ ਕਾਰਕੁੰਨ ਮਹਾਂਰਾਸ਼ਟਰ ਫਾਉਂਡੇਸ਼ਨ ਤੋਂ ਪੁਰਸਕਾਰਾਂ ਦੀ ਝਾਕ ਲਾਈ ਬੈਠੇ ਹਨ। ਇੱਥੇ ਪੁਰਸਕਾਰਾਂ ਦਾ ਵਿਰੋਧ ਕਰਨ ਦਾ ਮਕਸਦ ਨਹੀਂ ਹੈ। ਪ੍ਰੰਤੂ ਸਿਰਫ ਪੁਰਸਕਾਰਾਂ ਨਾਲ ਸਭਿਆਚਾਰਕ ਵਿਚਾਰਧਾਰਕ ਖੇਤਰ ਵਿਕਸਤ ਨਹੀਂ ਹੋਵੇਗਾ। ਨਾਲ ਹੀ ਪੁਰਸਕਾਰ ਕਿਹੜੀ ਏਜੰਸੀ ਕਿਹੜੀ ਪ੍ਰੇਰਨਾ ਨਾਲ ਦਿੰਦੀ ਹੈ,ਇਹ ਸਮਝਣਾ ਪਵੇਗਾ। ਭਾਜਪਾ-ਸ਼ਿਵਸੈਨਾ ਦੇ (1995-2000) ਦੇ ਹਕੂਮਤੀ ਅਰਸੇ ਵਿਚ ਮਹਾਂਰਾਸ਼ਟਰ ” ਜਿਹਨਾਂ ਦੇ ਹੱਥ ਦਲਿਤਾਂ ਦੇ ਖੂਨ ਨਾਲ ਰੰਗੇ ਹੋਏ ਹਨ, ਉਨ੍ਹਾਂ ਦੇ ਹੱਥਾਂ ਰਾਹੀਂ ਮੈਂ ਪੁਰਸਕਾਰ ਲੈ ਨਹੀਂ ਸਕਦਾ, ਅਜੇਹੀ ਭੂਮਿਕਾ ਦਿੰਦੇ ਚਿੰਤਕ ਸ਼ਰਦ ਪਾਟਿਲ ਨੇ ਰਾਮਬਾਈ ਅੰਬੇਡਕਰ ਨਗਰ ਦੇ ਹਤਿਆਕਾਂਡ ਦੇ ਵਿਰੋਧ ਵਿੱਚ ਸੂਬਾਈ ਹਕੂਮਤ ਦਾ “ਉਤਮ ਵਿਚਾਰਧਾਰਕ ਸਾਹਿਤ”, ਦਸ ਹਜ਼ਾਰ ਰੁਪਏ ਦਾ ਪੁਰਸਕਾਰ ਲੈਣੋ ਨਾਂਹ ਕਰ ਦਿੱਤੀ ਸੀ। ਇਸ ਅਰਸੇ ਵਿੱਚ ਬਹੁਤ ਸਾਰੇ ਪ੍ਰਗਤੀਸ਼ੀਲ,ਸਮਾਜਵਾਦੀ/ ਅੰਬੇਦਕਰਵਾਦੀ ਲੋਕ ਜਿਹਨਾਂ ਦਾ ਬ੍ਰਾਹਮਣਵਾਦੀ ਸਾਮਰਾਜੀ ਸੱਭਿਆਚਾਰਕ ਸਿਆਸਤ ਦਾ ਸਾਨੂੰ ਪਤਾ ਹੀ ਨਹੀਂ ਹੈ, ਇਸ ਸ਼ੈਲੀ ਵਿੱਚ ਭਾਜਪਾ-ਸ਼ਿਵਸੈਨਾ ਸਰਕਾਰ ਵੱਲੋਂ ਦਿੱਤੇ ਗਏ ਪੁਰਸਕਾਰਾਂ ਲੈ ਕੇ ਘੁੰਮਦੇ ਰਹੇ ਹਨ।

ਅੱਜ ਵੀ ਘੁੰਮ ਰਹੇ ਹਨ। ਸਾਮਰਾਜੀ ਸਤਾ ਨੂੰ ਮਜ਼ਬੂਤ ਕਰਨ ਵਿੱਚ ਸੱਭਿਆਚਾਰ ਦੀ ਭੂਮਿਕਾ ਮਹੱਤਵਪੂਰਨ ਹੈ, ਇਹ ਸੱਚ ਸਮਾਰਾਜੀ ਸੱਤਾ ਦੇ ਅੰਤ ਲਈ ਸਭਿਆਚਾਰ ਦੀ ਅਹਿਮੀਅਤ ਵਧਾਉਂਦਾ ਹੈ। ਸਾਮਰਾਜੀ ਤੇ ਵਿਸ਼ਵੀਕਰਨ ਦੇ ਦੌਰ ਵਿੱਚ ਸ਼ੁਰੂ ਹੋ ਵਾਲੀ ਆਰਥਕ ਲੁੱਟ-ਖਸੁੱਟ ਦੇ ਦੌਰ ਵਿੱਚ ਭਾਵ ਗਰੀਬੀ,ਬੇਰਜ਼ਗਾਰੀ,ਅਣਪੜ੍ਹਤਾ, ਮਹਿੰਗਾਈ ਵਿਰੁੱਧ ਲੜਦੇ ਹੋਇਆਂ ਸਾਮਰਾਜੀਆਂ ਵਲੋਂ ਵਰਤੋਂ ਵਿੱਚ ਲਿਆਏ ਜਾਣ ਵਾਲੇ ਧਰਮ,ਸਿੱਖਿਆ,ਸੱਭਿਆਚਾਰ, ਸਾਹਿਤ ਦੇ ਵਿਰੱਧ ਵਿੱਚ ਚੇਤਨਾ ਜਾਗਰਣ ਦੇ ਵੀ ਸੰਘਰਸ਼ਸ਼ੀਲ ਕਾਮਿਆਂ ਨੂੰ ਅਹਿਮੀਅਤ ਦੇਣੀ ਪਵੇਗੀ। ਸਾਮਰਾਜਵਾਦ ਦਾ ਵਿਰੋਧ ਕਰਦੇ ਹੋਏ ਸਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਭਾਰਤੀ ਦੀ ਜਾਤਪਾਤੀ-ਵਿਵਸਥਾ, ਪੂੰਜੀਵਾਦੀ ਸੱਤਾ ਅਤੇ ਪਿਤਰੀ ਸੱਤਾ ਨੇ ਸਾਮਰਾਜਵਾਦੀਆਂ ਨਾਲ ਹੱਥ ਮਿਲਾਏ ਹੋਏ ਹਨ। ਇਸ ਲਈ ਇਨ੍ਹਾਂ ਤਿੰਨ ਲੁਟੇਰਿਆਂ ਸੰਸਥਾਵਾਂ ਵਿਰੁੱਧ ਵਿਆਪਕ ਰੂਪ ਨਾਲ ਸੰਘਰਸ਼ ਕਰਦਿਆਂ,ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਵੀ ਲੁਟੇਰੀ ਸੰਸਥਾ ਨੂੰ ਘੱਟ ਮਹੱਤਵ ਨਾ ਦਿੰਦੇ ਹੋਏ,ਸਭਿਆਚਾਰਕ ਸੰਘਰਸ ਦੀ ਨਵੀਂ ਦਿਸ਼ਾ ਤਹਿ ਕਰਨੀ ਹੋਵੇਗੀ।

ਡਾ: ਅਜੀਤਪਾਲ ਸਿੰਘ ਐਮ ਡੀ
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
9715629301

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: