Sat. Jul 20th, 2019

ਗੁੱਜਰਾਂਵਾਲਾ ਖਾਲਸਾ ਕਾਲਜ ‘ਚ ਪਰਵਾਸੀ ਪੰਜਾਬੀ ਸਾਹਿਤ ਅਧਿਐਨ ਅਤੇ ਪੰਜਾਬ ਭਵਨ, ਸਰੀ (ਕੈਨੇਡਾ) ਸਮੇਤ ਹੋਰ ਸੰਸਥਾਵਾਂ ਵੱਲੋਂ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ

ਗੁੱਜਰਾਂਵਾਲਾ ਖਾਲਸਾ ਕਾਲਜ ‘ਚ ਪਰਵਾਸੀ ਪੰਜਾਬੀ ਸਾਹਿਤ ਅਧਿਐਨ ਅਤੇ ਪੰਜਾਬ ਭਵਨ, ਸਰੀ (ਕੈਨੇਡਾ) ਸਮੇਤ ਹੋਰ ਸੰਸਥਾਵਾਂ ਵੱਲੋਂ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ
ਜੀ. ਜੀ. ਐਨ. ਖ਼ਾਲਸਾ ਕਾਲਜ ‘ਚ ਪੰਜਾਬ ਭਵਨ, ਸਰੀ ਦੇ ਸਹਿਯੋਗ ਨਾਲ ਹੋਈ ਅੰਤਰਰਾਸ਼ਟਰੀ ਕਾਨਫਰੰਸ ਨੇ ਸਫਲਤਾ ਪੂਰਵਕ ਆਪਣੇ ਮਿੱਥੇ ਟੀਚੇ ਨੂੰ ਛੂਹਿਆ

ਲੁਧਿਆਣਾ, 22 ਫਰਵਰੀ 2019 (ਜਗਜੀਤ ਸਿੰਘ ਪੰਜੋਲੀ) : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ “ਪਰਵਾਸੀ ਪੰਜਾਬੀ ਸਾਹਿਤ: ਗਲੋਬਲੀ ਪਰਿਪੇਖ” ਵਿਸ਼ੇ ‘ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਪੰਜਾਬ ਭਵਨ ਸਰੀ, ਕੈਨੇਡਾ, ਸ਼ਾਸਤਰੀ ਇੰਡੋ-ਕੈਨੇਡੀਅਨ ਇੰਸਟੀਚਿਊਟ, ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ, ਆਸਟਰੇਲੀਆ, ਸਾਹਿਤ ਸੁਰ ਸੰਗਮ ਸਭਾ, ਇਟਲੀ ਅਤੇ ਪ੍ਰਾਈਮ ਏਸ਼ੀਆ ਮੀਡੀਆ ਆਦਿ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਗਈ। ਇਹ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਸਫਲਤਾ ਪੂਰਵਕ ਆਪਣੇ ਮਿੱਥੇ ਟੀਚੇ ਨੂੰ ਛੂੰਹਦੀ ਹੋਈ ਸਮਾਪਤ ਹੋਈ।
ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਵਿੱਚ ਸ਼ਾਸਤਰੀ ਇੰਡੋ-ਕੈਨੇਡੀਅਨ ਇੰਸਟੀਚਿਊਟ ਦੇ ਵਾਈਸ- ਪ੍ਰੈਜੀਡੈਂਟ ਪ੍ਰੋ: ਜੋਹਨ ਰੀਡ, ਡਾ. ਪਰਾਚੀ ਕੌਲ, ਡਾਇਰੈਕਟਰ ਸ਼ਾਸਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ, ਦਿੱਲੀ, ਸ. ਸੁੱਖੀ ਬਾਠ, ਸੰਸਥਾਪਕ ਪੰਜਾਬ ਭਵਨ ਸਰੀ, ਕੈਨੇਡਾ, ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ, ਡਾ. ਸਰਬਜੀਤ ਕੌਰ ਸੌਹਲ, ਪੰਜਾਬੀ ਅਕੈਡਮੀ ਦਿੱਲੀ ਦੇ ਸਕੱਤਰ ਸ. ਗੁਰਭੇਜ ਸਿੰਘ ਗੁਰਾਇਆ ਤੇ ਸ. ਅਮਨ ਖਟਕੜ, ਸੀ.ਈ.ਓ. ਪ੍ਰਾਈਮ ਏਸ਼ੀਆ ਮੀਡੀਆ, ਕੈਨੇਡਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ: ਗੁਰਸ਼ਰਨ ਸਿੰਘ ਨਰੂਲਾ, ਆਨਰੇਰੀ ਜਨਰਲ ਸਕੱਤਰ ਤੇ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਡਾ.ਸ.ਪ.ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਡਾ.ਅਰਵਿੰਦਰ ਸਿੰਘ ਨੇ ਇਸ ਕਾਨਫ਼ਰੰਸ ਵਿੱਚ ਪਹੁੰਚੀਆਂ ਸਖ਼ਸ਼ੀਅਤਾਂ ਨੂੰ ਸਵਾਗਤੀ ਸ਼ਬਦ ਕਹੇ। ਕਾਨਫ਼ਰੰਸ ਦਾ ਆਰੰਭ ਸ਼ਬਦ ਗਾਇਨ ਤੋਂ ਹੋਇਆ । ਇਸ ਤੋਂ ਬਾਅਦ ਇਸ ਕਾਨਫ਼ਰੰਸ ਵਿੱਚ ਵੱਖ-ਵੱਖ ਮੁਲਕਾਂ ਤੋਂ ਆਏ ਡੈਲੀਗੇਟਸ, ਪ੍ਰਬੁੱਧ ਸ਼ਖ਼ਸੀਅਤਾਂ, ਸਾਹਿਤਕਾਰਾਂ, ਅਧਿਆਪਕਾਂ ਅਤੇ ਵਿਿਦਆਰਥੀਆਂ ਵਲੋਂ ਪੁਲਵਾਮਾ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਨਤਮਸਤਕ ਹੁੰਦਿਆਂ ਸ਼ਰਧਾਂਜ਼ਲੀ ਭੇਟ ਕੀਤੀ ।
ਡਾ.ਸ.ਪ.ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਨਿੱਘੇ ਰੂਪ ਵਿੱਚ ਸੁਆਗਤ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਦਾ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਖ-ਵੱਖ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਵਿੱਚ ਸਾਰਥਕ ਯਤਨ ਕਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਮਨੋਰਥ ਇਹੋ ਹੀ ਹੈ ਕਿ ਵਿਦੇਸ਼ਾਂ ਵਿੱਚ ਰਚੇ ਜਾ ਰਹੇ ਪਰਵਾਸੀ ਪੰਜਾਬੀ ਸਾਹਿਤ ਦੇ ਵੱਖ-ਵੱਖ ਸਰੋਕਾਰਾਂ ਨੂੰ ਨਵੇਂ ਪਰਿਪੇਖ ਵਿੱਚ ਸਮਝਣ ਦਾ ਯਤਨ ਕੀਤਾ ਜਾਵੇ ।
ਇਸ ਕਾਨਫ਼ਰੰਸ ਦੇ ਉਦਘਾਟਨੀ ਭਾਸ਼ਣ ਵਿੱਚ ਪ੍ਰੋ: ਗੁਰਭਜਨ ਸਿੰਘ ਗਿੱਲ, ਸਾਬਕਾ ਪ੍ਰਧਾਨ, ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਸਾਹਿੱਤ ਸਿਰਜਣ 100 ਸਾਲ ਪਹਿਲਾਂ ਗਦਰੀ ਬਾਬਿਆਂ ਨੇ ਗਦਰ ਗੂੰਜਾਂ ਰਾਹੀਂ ਆਰੰਭੀ। ਉਥੋਂ ਦੇ ਪੰਜਾਬੀ ਲੇਖਕਾਂ ਦੀ ਸਿਰਜਣ ਨੂੰ ਚਿੰਤਨ ਦਾ ਵਿਸ਼ਾ ਬਣਾਉਣਾ ਸਮੇਂ ਦੀ ਲੋੜ ਹੈ ਪਰ ਨਾਲ ਹੀ ਇਸ ਦੇ ਸਮਾਜਿਕ ਪ੍ਰਭਾਵ ਦਾ ਮੁੱਲਾਂਕਣ ਵੀ ਸਮਾਜ ਸ਼ਾਸਤਰੀਆਂ, ਅਰਥ ਸ਼ਾਸਤਰੀਆਂ ਤੇ ਰਾਜਨੀਤੀ ਸ਼ਾਸਤਰੀਆਂ ਨੂੰ ਕਰਨਾ ਚਾਹੀਦਾ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਆਏ ਡਾ. ਰਾਣਾ ਨਈਅਰ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਇਸ ਸੰਸਥਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਆਰੰਭੇ ਗਏ ਅਜਿਹੇ ਸਾਰਥਕ ਯਤਨਾਂ ਰਾਹੀਂ ਦੋਹਾਂ ਧਰਾਤਲਾਂ ‘ਤੇ ਰਚੇ ਜਾ ਰਹੇ ਪੰਜਾਬੀ ਸਾਹਿਤ ਦੇ ਵਿਿਭੰਨ ਸਰੋਕਾਰਾਂ ਤੋਂ ਵਾਕਿਫ਼ ਹੋ ਸਕਾਂਗੇ । ਸ਼ਾਸਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ ਦੇ ਵਾਈਸ ਪ੍ਰੈਜੀਡੈਂਟ ਪ੍ਰੋ: ਜੋਹਨ ਰੀਡ ਨੇ ਕਾਲਜ ਦੇ ਅਜਿਹੇ ਸਾਹਿਤਕ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਯਤਨ ਭਵਿੱਖ ਵਿੱਚ ਸਿਹਤਮੰਦ ਸੰਵਾਦ ਉਸਾਰਨ ਦਾ ਯਤਨ ਕਰਨਗੇ । ਡਾ.ਪਰਾਚੀ ਕੌਲ ਨੇ ਇਸ ਸੰਸਥਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀ ਸ਼ਲਾਘਾ ਕੀਤੀ । ਸ. ਸੁੱਖੀ ਬਾਠ ਨੇ ਕਿਹਾ ਕਿ ਪਰਵਾਸੀ ਅਧਿਐਨ ਕੇਂਦਰ ਅਤੇ ਪੰਜਾਬ ਭਵਨ ਸਰੀ ਨਿਰੰਤਰ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਪ੍ਰਫੂਲਿਤ ਕਰਨ ਲਈ ਪ੍ਰਤੀਬੱਧ ਹਨ ਅਤੇ ਭਵਿੱਖ ਵਿੱਚ ਵੀ ਦੋਵੇਂ ਸੰਸਥਾਵਾਂ ਵਲੋਂ ਅਜਿਹੀਆਂ ਸਰਗਰਮੀਆਂ ਉਲੀਕੀਆਂ ਜਾਣਗੀਆਂ । ਡਾ.ਸਰਬਜੀਤ ਕੌਰ ਸੋਹਲ, ਪ੍ਰਧਾਨ, ਪੰਜਾਬ ਸਾਹਿਤ ਐਕਡਮੀ ਨੇ ਕਿਹਾ ਕਿ ਇਸ ਸੰਸਥਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ ਆਪਣੇ ਯਤਨਾਂ ਸਦਕਾ ਬੜਾ ਹੀ ਬੇਹਤਰੀਨ ਮੰਚ ਤਿਆਰ ਕੀਤਾ ਹੈ । ਪੰਜਾਬੀ ਅਕਾਡਮੀ ਦਿੱਲੀ ਦੇ ਸਕੱਤਰ ਸ. ਗੁਰਭੇਜ ਗੁਰਾਇਆ ਨੇ ਇਸ ਸੰਸਥਾ ਨੂੰ ਵਧਾਈ ਦੇਂਦਿਆਂ ਕਿਹਾ ਕਿ ਅਜਿਹੇ ਸਾਹਿਤਕ ਉਪਰਾਲੇ ਭਵਿੱਖ ਵਿੱਚ ਵਧੇਰੇ ਲਾਹੇਵੰਦ ਸਾਬਿਤ ਹੋਣਗੇ ।
ਇਸ ਕਾਨਫਰੰਸ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਜਿਹੜੇ ਪਰਵਾਸੀ ਸਾਹਿਤਕਾਰ ਹੁਣ ਤਕ ਹਾਸ਼ੀਏ ‘ਤੇ ਸਨ ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਨੂੰ ਵੱਖ ਵੱਖ ਦ੍ਰਿਸ਼ਟੀਆਂ ਪੱਖੋਂ ਅਧਿਅਨ ਕਰਨ ‘ਤੇ ਇਨ੍ਹਾਂ ਸਾਹਿਤਕਾਰਾਂ ਦੀ ਸ਼ਨਾਖਤ ਹੋਈ ਹੈ। ਦੂਸਰੀ ਪ੍ਰਾਪਤੀ ਇਹ ਕਿ ਅਗਲੇ ਸਾਲ ਪਰਵਾਸੀ ਸਾਹਿਤ ਅਧਿਅਨ ਕੇਂਦਰ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ 2020 ਵਿਚ ਅੰਤਰ ਰਾਸ਼ਟਰੀ ਕਾਨਫਰੰਸ ਆਯੋਜਨ ਕਰੇਗਾ ਜਿਸ ਵਿਚ ਪਰਵਾਸੀ ਪੰਜਾਬੀ ਸਾਹਿਤਕਾਰਾਂ ਦੀਆਂ ਬੇਹਤਰੀਨ ਰਚਨਾਵਾਂ ਨੂੰ ਸਨਮਾਨਿਤ ਵੀ ਕਰੇਗਾ। ਪਰਵਾਸੀ ਸਾਹਿਤ ਅਧਿਅਨ ਕੇਂਦਰ ਤੇ ਪੰਜਾਬ ਭਵਨ ਸਰੀ ਨੇ ਇਹ ਐਲਾਨ ਕੀਤਾ ਹੈ ਕਿ ਪਰਵਾਸੀ ਪੰਜਾਬੀ ਸਾਹਿਤਕਾਰਾਂ ਦੀਆਂ ਬੇਹਤਰੀਨ ਰਚਨਾਵਾਂ ਨੂੰ 31000 ਰੁਪਏ ਨਕਦ ਰਾਸ਼ੀ ਅਤੇ ਪਰਵਾਸੀ ਪੰਜਾਬੀ ਸਾਹਿਤ ਦੀ ਬੇਹਤਰੀਨ ਅਲੋਚਨਾਤਮਕ ਪੁਸਤਕ ਨੂੰ 51000 ਰੁਪਏ ਦੀ ਨਕਦ ਰਾਸ਼ੀ ਦੇ ਕੇ ਨਿਵਾਜ਼ਿਆ ਜਾਵੇਗਾ।
ਇਨ੍ਹਾਂ ਵੱਖੋ-ਵੱਖ ਸੈਸ਼ਨਾਂ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਵਿਦਵਾਨ ਚਿੰਤਕਾਂ ਤੇ ਖੋਜਾਰਥੀਆਂ ਨੇੇ ਖੋਜ-ਪੱਤਰ ਪ੍ਰਸਤੁਤ ਕੀਤੇ । ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਵਿੱਚ ਪਰਵਾਸ ਨਾਲ ਸੰਬੰਧਿਤ ਵੱਖ ਵੱਖ ਵਿਸ਼ਿਆਂ ਉੱਤੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿੱਚ 120 ਦੇ ਕਰੀਬ ਪਰਚੇ ਪੜ੍ਹੇ ਗਏ ਜਿਨ੍ਹਾਂ ਨੂੰ ਜਲਦੀ ਹੀ ਕਿਤਾਬ ਦਾ ਰੂਪ ਦਿੱਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: