ਗੁੰਮਨਾਮ ਸ਼ਖ਼ਸੀਅਤ

ss1

ਗੁੰਮਨਾਮ ਸ਼ਖ਼ਸੀਅਤ

ਸਾਡੇ ਦੇਸ਼ ਵਿੱਚ ਇੱਕ ਆਦਰਸ਼ ਸਮਾਜ ਦੀ ਸਿਰਜਣਾ ਦੇ ਲਈ ਜ਼ਮੀਨੀ ਤੌਰ ਤੇ ਅਜਿਹੇ ਬਹੁਤ ਇਨਸਾਨ ਹਨ, ਜੋ ਕਿ ਆਪਣੇ ਸੀਮਤ ਸਾਧਨਾਂ ਦੇ ਹੁੰਦੇ ਹੋਏ ਵੀ ਇੱਕ ਸੱਭਿਅਕ ਸਮਾਜ ਦਾ ਸੁਪਨਾ ਅੱਖਾਂ ਵਿੱਚ ਸੰਜੋਈ, ਆਪਣੇ ਪੱਧਰ ਤੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਯਤਨਸ਼ੀਲ ਹਨ, ਪਰ ਇਹ ਵਿਡੰਬਨਾ ਹੀ ਹੈ ਕਿ ਜ਼ਿਆਦਾਤਰ ਅਜਿਹੇ ਨੇਕ ਇਨਸਾਨ ਸਮਾਜ ਨੂੰ ਤਾਂ ਬਹੁਤ ਕੁਝ ਦਿੰਦੇ ਹਨ ਪਰਤੂੰ ਵਿਵਸਥਾ ਜਾਂ ਸਮਾਜ ਉਹਨਾਂ ਨੂੰ ਬਣਦਾ ਸਥਾਨ ਦੇਣ ਤੋਂ ਹਮੇਸ਼ਾਂ ਲਾਂਭੇ ਰਹਿ ਜਾਂਦਾ ਹੈ ਅਤੇ ਉਹ ਗੁਮਨਾਮ ਸ਼ਖ਼ਸੀਅਤ ਬਣ ਕੇ ਰਹਿ ਜਾਂਦੇ ਹਨ।ਇਤਿਹਾਸ ਗਵਾਹੀ ਭਰਦਾ ਹੈ ਕਿ ਗਰੀਬੀ ਵਿੱਚ ਰਹਿੰਦੇ ਹੋਏ ਵੀ ਬਹੁਤ ਨੇ ਵੱਖੋ ਵੱਖਰੇ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ ਪਰਤੂੰ ਅਖੀਰ ਨੂੰ ਉਹ ਇਨਸਾਨ ਗਰੀਬੀ ਦੇ ਅੱਗੇ ਹਾਰ ਜਾਂਦੇ ਹਨ ਕਿਉਂਕਿ ਢਿੱਡ ਰੋਟੀ ਮੰਗਦਾ ਹੈ ਸੋ ਜ਼ਿੰਦਗੀ ਜਿਊਣ ਲਈ ਰੁਜ਼ਗਾਰ ਦੀ ਜ਼ਰੂਰਤ ਪੈਂਦੀ ਹੈ, ਪਰਤੂੰ ਅਜਿਹੇ ਰਤਨਾਂ ਨੂੰ ਰੁਜ਼ਗਾਰ ਦੀ ਘਾਟ ਸਦਕਾ, ਵਿਵਸਥਾ ਜਾਂ ਸਮਾਜ ਦੀ ਅਣਗਹਿਲੀ ਸਦਕਾ, ਉਹ ਇੱਕ ਬੁਝੇ ਮਨ ਨਾਲ ਇਸ ਸੰਸਾਰ ਨੂੰ ਅਸਿੱਧੇ ਢੰਗ ਨਾਲ ਅਲਵਿਦਾ ਕਹਿਣ ਲਈ ਮਜ਼ਬੂਰ ਹੋ ਜਾਂਦੇ ਹਨ।ਜੇਕਰ ਉਹਨਾਂ ਦੀ ਸਮੇਂ ਰਹਿੰਦੇ ਵਿਵਸਥਾ ਜਾਂ ਸਮਾਜ ਬਾਂਹ ਫੜ੍ਹਦਾ, ਉਹਨਾਂ ਦੀ ਕਦਰ ਕਰਦਾ ਤਾਂ ਹੋ ਸਕਦਾ ਸੀ ਕਿ ਉਹ ਸਮਾਜ ਨੂੰ ਹੋਰ ਬਹੁਤ ਕੁਝ ਦਿੰਦੇ।

umardeenਨਰੋਏ ਸਮਾਜ ਦੀ ਸਥਾਪਨਾ ਦੇ ਲਈ, ਗਰੀਬੀ ਨੂੰ ਆਪਣੇ ਪਿੰਡੇ ਤੇ ਹੰਢਾ ਰਿਹਾ ਸਿੱਧਾ ਸਾਦਾ ਇਨਸਾਨ ਪਰ ਕਰਮਾਂ ਦਾ ਧਨੀ ਜ਼ਿਲ੍ਹੇ ਸੰਗਰੂਰ ਦੇ ਪਿੰਡ ਬਰੜ੍ਹਵਾਲ ਦਾ ਉਮਰਦੀਨ ਇੱਕ ਅਜਿਹੀ ਹੀ ਗੁਮਨਾਮ ਸ਼ਖ਼ਸੀਅਤ ਹੈ ਜੋ ਕਿ ਛੋਟੀ ਉਮਰ ਤੋਂ ਹੀ ਸਾਧਨਾਂ ਦੀ ਘਾਟ ਹੁੰਦੇ ਹੋਏ ਵੀ ਆਪਣੇ ਵਿਚਾਰਾਂ ਅਤੇ ਆਪਣੇ ਕਰਮਾਂ ਨਾਲ ਸਮਾਜ ਦੀ ਸੇਵਾ ਕਰ ਰਿਹਾ ਹੈ। ਪਰਿਵਾਰਿਕ ਕਬੀਲਦਾਰੀ ਭਾਰੀ ਅਤੇ ਆਮਦਨ ਘੱਟ ਹੋਣ ਕਾਰਨ ਪਰਿਵਾਰਕ ਆਮਦਨ ਚ ਹਿੱਸਾ ਪਾਉਣ ਲਈ ਛੋਟੀ ਉਮਰ ਤੋਂ ਹੀ ਪੜ੍ਹਾਈ ਦੇ ਨਾਲ ਨਾਲ ਛੁੱਟੀ ਵਾਲੇ ਦਿਨ ਅਤੇ ਰਾਤ ਨੂੰ ਫੈਕਟਰੀਆਂ ਵਿੱਚ ਨੌਕਰੀ ਜਾਂ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਗਰੀਬੀ ਨੇ ਆਪਣਾ ਰੰਗ ਵਿਖਾਇਆ ਅਤੇ ਉਮਰਦੀਨ ਦੀ ਪੜ੍ਹਾਈ ਵੀ ਜਾਂਦੀ ਰਹੀ, ਪਰ ਪਿੰਡ ਦੇ ਸਰਕਾਰੀ ਸਕੂਲ ਤੋਂ ਅਜਿਹੀ ਗੁੜਤੀ ਮਿਲੀ ਕਿ ਛੋਟੀ ਉਮਰ ਵਿੱਚ ਹੀ ਉਸਨੂੰ ਬੋਲਣ ਦੀ ਮੁਹਾਰਤ ਆ ਗਈ ਤੇ ਉਹ ਸਕੂਲ ਅਤੇ ਪਿੰਡ ਦੇ ਵੱਖੋ ਵੱਖਰੇ ਪ੍ਰੋਗਰਾਮਾਂ ਤੇ ਜਦੋਂ ਵੀ ਮੌਕਾ ਮਿਲਦਾ ਉਹ ਬੋਲਦਾ।ਸਮੇਂ ਦੇ ਨਾਲ ਵਿਆਹ ਵੀ ਹੋਇਆ ਪਰ ਉਹ ਵੀ ਗਰੀਬੀ ਦੀ ਭੇਟ ਚੜ ਗਿਆ।ਸਮਾਂ ਬੀਤਣ ਦੇ ਨਾਲ ਨਾਲ ਵੱਖੋ ਵੱਖਰੇ ਮਜ਼ਦੂਰੀ ਨਾਲ ਸੰਬੰਧਤ ਕੰਮ ਕੀਤੇ ਅਤੇ ਆਪਣੀਆਂ ਤਿੰਨ ਭੈਣਾਂ ਦਾ ਕਾਰਜ ਨੇਪਰੇ ਚਾੜ੍ਹਿਆ। ਅੱਜ ਵੀ ਉਮਰਦੀਨ ਗਰੀਬੀ ਦਾ ਸੰਤਾਪ ਹੰਢਾ ਰਿਹਾ ਹੈ ਅਤੇ ਦੋ ਵਖ਼ਤ ਦੀ ਰੋਟੀ ਲਈ ਮਜ਼ਦੂਰੀ ਕਰ ਰਿਹਾ ਹੈ।

ਸਮਾਜ ਸੁਧਾਰਕ ਚੰਗੇ ਕੰਮ ਲਈ ਸਮਾਂ ਕੱਢ ਹੀ ਲੈਂਦੇ ਹਨ, ਕਿਉਂਕਿ ਬੱਚੇ ਅਤੇ ਨੌਜਵਾਨ ਦੇਸ਼ ਦਾ ਭਵਿੱਖ ਹੰੁਦੇ ਹਨ ਸੋ ਉਮਰਦੀਨ ਵੀ ਸਮੇਂ ਚੋਂ ਸਮਾਂ ਕੱਢ ਕੇ ਸਕੂਲਾਂ, ਕਾਲਜਾਂ ਵਿੱਚ ਜਾ ਕੇ ਸਮਾਜਿਕ ਵਿਸ਼ਿਆਂ, ਨੈਤਿਕ ਸਿੱਖਿਆ ਆਦਿ ਤੇ ਇੱਕ ਨਰੋਏ ਸਮਾਜ ਦੀ ਸਥਾਪਨਾ ਦੇ ਲਈ ਵਿਚਾਰ ਸਾਂਝੇ ਕਰਨ ਲੱਗਿਆ, ਪਰ ਇਹ ਸਾਡੇ ਸਮਾਜ ਦੀ ਤ੍ਰਾਸਦੀ ਹੈ ਕਿ ਜੇਕਰ ਕੋਈ ਰੱਜਦਾ ਪੁੱਜਦਾ ਬੰਦਾ ਕੋਈ ਕੰਮ ਕਰਦਾ ਹੈ ਤਾਂ ਪਿੰਡ ਵਾਲੇ ਉਸਦੀ ਵਾਹ ਵਾਹ ਕਰਦੇ ਹਨ, ਪਰੰਤੂ ਜੇਕਰ ਕੋਈ ਗਰੀਬ ਕਰਦਾ ਹੈ ਤਾਂ ਉਸਦਾ ਪਿੰਡ ਵਿੱਚ ਮਜ਼ਾਕ ਹੀ ਉਡਾਇਆ ਜਾਂਦਾ ਹੈ ਸੋ ਏਦਾਂ ਹੀ ਉਮਰਦੀਨ ਨਾਲ ਵਾਪਰਿਆ, ਉਸਦਾ ਪਿੰਡ ਵਿੱਚ ਮਜ਼ਾਕ ਉਡਾਇਆ ਜਾਂਦਾ ਰਿਹਾ ਪਰੰਤੂ ਉਹ ਆਪਣੇ ਕਰਮ ਤੋਂ ਨਹੀਂ ਭਟਕਿਆ ਅਤੇ ਡੱਟਿਆ ਰਿਹਾ।ਹੁਣ ਤੱਕ ਉਸ ਨੇ ਸੰਗਰੂਰ, ਬਰਨਾਲਾ, ਮੋਗਾ, ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਵਿੱਚ ਤਕਰੀਬਨ 2700 ਸਕੂਲਾਂ ਕਾਲਜਾਂ ਵਿੱਚ ਚੰਗੇ ਸਮਾਜ ਦੀ ਸਿਰਜਣਾ ਲਈ ਵਿਚਾਰ ਸਾਂਝੇ ਕੀਤੇ ਹਨ, ਜਿੱਥੇ ਉਸਨੂੰ ਡਾਢਾ ਹੰੁਗਾਰਾ ਮਿਲਿਆ। ਉਮਰਦੀਨ ਆਪਣੀ ਸਾਰਥਕ ਸਮਾਜ ਦੀ ਸਥਾਪਨਾ ਲਈ ਆਪਣੇ ਪੱਧਰ ਤੇ ਨਿਰੰਤਰ ਆਪਣੀ ਚਾਲ ਚੱਲ ਰਿਹਾ ਹੈ ਅਤੇ ਚੱਲਦਾ ਰਹੇਗਾ। ਇੱਕ ਵਾਰ ਉਮਰਦੀਨ ਨੂੰ ਆਉਂਦੇ ਜਾਂਦੇ ਸਮੇਂ ਐਪਲ ਦਾ ਆਈਫੋਨ ਲੱਭ ਗਿਆ, ਪਰੰਤੂ ਉਮਰਦੀਨ ਦਾ ਕਿਰਦਾਰ ਅਤੇ ਸੋਚ ਉੱਚੀ ਰਹੀ ਅਤੇ ਦਿਲ ਬੇਈਮਾਨ ਨਹੀਂ ਹੋਇਆ, ਜਿਸ ਦਾ ਫੋਨ ਸੀ, ਉਸ ਨੂੰ ਵਾਪਸ ਕੀਤਾ ਅਤੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ।ਜਦ ਵੀ ਉਮਰਦੀਨ ਸਕੂਲਾਂ ਦੀ ਗੱਲ ਕਰਦਾ ਹੈ ਜਾਂ ਉਹਨਾਂ ਸਕੂਲਾਂ ਆਦਿ ਤੋਂ ਮਿਲੇ ਪ੍ਰਸ਼ੰਸਾ ਪੱਤਰ ਵੇਖਦਾ ਹੈ, ਤਾਂ ਇੱਕ ਸੰਤੁਸ਼ਟੀ ਭਰਪੂਰ ਖੁਸ਼ੀ ਉਸਦੀਆਂ ਅੱਖਾਂ ਵਿੱਚ ਸਾਫ਼ ਨਜ਼ਰ ਆਉਂਦੀ ਹੈ।ਪਰ ਇਹ ਵਿਡੰਬਨਾ ਹੈ ਕਿ ਸਾਰਥਕ ਸਮਾਜ ਸਿਰਜਣਾ ਵਿੱਚ ਯੋਗਦਾਨ ਪਾ ਰਹੇ ਉਮਰਦੀਨ ਨੂੰ ਅਜੇ ਤੱਕ ਸਰਕਾਰੀ ਜਾਂ ਗੈਰ-ਸਰਕਾਰੀ ਤੌਰ ਤੇ ਕਿਸੇ ਤਰ੍ਹਾਂ ਦੀ ਆਰਥਿਕ ਮੱਦਦ ਜਾਂ ਹੱਲਾਸ਼ੇਰੀ ਜਾਂ ਸਨਮਾਨ ਆਦਿ ਨਹੀਂ ਪ੍ਰਾਪਤ ਹੋਇਆ।

paramjitਅਜਿਹੇ ਹੀ ਸੰਗਰੂਰ ਜ਼ਿਲ੍ਹੇ ਦੇ ਜੰਮਪਲ ਸਮਾਜ ਸੇਵੀ ਅਤੇ ਸਾਹਿਤਕਾਰ ਸ੍ਰ. ਪਰਮਜੀਤ ਸਿੰਘ ਉਰਫ਼ ਪੰਮੀ ਫੱਗੂਵਾਲੀਆ ਜੀ ਹਨ, ਜੋ ਵੀ ਗਰੀਬੀ ਮਾਰ ਹੇਠ ਡਾਢੇ ਸਮੇਂ ਤੋਂ ਦਿਨ ਕੱਟੀਆਂ ਕਰ ਰਹੇ ਹਨ।ਇਹਨਾਂ ਦੀਆਂ ਅਜੇ ਤੱਕ ਸੂਹੀ ਸਵੇਰ, ਪਾਣੀ ਭਰੇਨੀਆਂ ਪੱਤਣੋਂ, ਪੰਜਾਬੀ ਸੱਭਿਆਚਾਰ ਵਿੱਚ ਗੀਤਾਂ ਦਾ ਵਿਸਥਾਰ ਤੇ ਸਾਹਿਤਕ ਸਬੰਧ, ਕਲਮ ਕਾਫ਼ਲਾ, ਲਗਰਾਂ ਬਣੀਆਂ ਰੁੱਖ, ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀਵਨ, ਦਰਸ਼ਨ ਅਤੇ ਬਾਣੀ ਆਦਿ ਕਿਤਾਬਾਂ ਛਪ ਚੁੱਕੀਆਂ ਹਨ।ਵੱਖੋ ਵੱਖਰੇ ਸਮੇਂ ਸਮੇਂ ਤੇ ਪਰਮਜੀਤ ਸਿੰਘ ਜੀ ਦਾ ਸਨਮਾਨ ਹੁੰਦਾ ਰਿਹਾ ਹੈ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ 1989 ਵਿੱਚ ਸ਼ਫ਼ਦਰ ਹਾਸ਼ਮੀ ਐਵਾਰਡ ਨਟਰਾਜ ਆਰਟਿਸਟ ਥਿਏਟਰ ਸੁਸਾਇਟੀ ਪਟਿਆਲੇ ਵੱਲੋਂ, ਸ੍ਰੀ ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ, ਯੂ.ਕੇ. ਵੱਲੋਂ ਫ਼ਖਰ ਏ ਕੌਮ ਜੂਨ 2015 ਚ, ਦਸੰਬਰ 2007 ਵਿੱਚ ਲਾਹੌਰ (ਪਾਕਿਸਤਾਨ) ਦੇ ਗਵਰਨਰ ਸ੍ਰੀ ਖਾਲਿਦ ਮਕਬੂਲ ਨੇ ਸਨਮਾਨਿਤ ਕੀਤਾ ਅਤੇ 2011 ਵਿੱਚ ਰਾਸ਼ਟਰਪਤੀ ਐਵਾਰਡ ਮਿਲਿਆ, ਗਰੀਬੀ ਦੇ ਮਾਰੇ ਅਤੇ ਲਾਲ ਫੀਤਾ ਸ਼ਾਹੀ ਦੀ ਅਣਗਹਿਲੀ ਕਾਰਨ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਤੋਂ ਰਾਸ਼ਟਰਪਤੀ ਭਵਨ ਵਿੱਚ ਜਾ ਕੇ, ਨਿਰਧਾਰਿਤ ਸਮੇਂ ਤੇ ਅਵਾਰਡ ਹੱਥੋਂ ਨਹੀਂ ਪ੍ਰਾਪਤ ਕਰ ਸਕੇ ਅਤੇ ਰਾਸ਼ਟਰਪਤੀ ਅਵਾਰਡ ਘਰ ਡਾਕ ਰਾਹੀਂ ਆਇਆ।ਅਯੋਕੇ ਸਮੇਂ ਵਿੱਚ ਪਰਮਜੀਤ ਸਿੰਘ ਜਾਂ ਪੰਮੀ ਫੱਗੂਵਾਲੀਆ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਮਜ਼ਦੂਰੀ ਕਰ ਰਹੇ ਹਨ।

ਖ਼ੈਰ! ਅਜਿਹੇ ਅਨਮੋਲ ਰਤਨ ਸਾਡੇ ਪੰਜਾਬ ਅਤੇ ਦੇਸ਼ ਵਿੱਚ ਕੋਨੇ ਕੋਨੇ ਤੇ ਹਨ ਜੋ ਵੱਖੋ ਵੱਖਰੇ ਖੇਤਰਾਂ ਵਿੱਚ ਇੱਕ ਆਦਰਸ਼ ਸਮਾਜ ਦੀ ਸਥਾਪਨਾ ਲਈ ਜ਼ਮੀਨੀ ਤੌਰ ਤੇ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ ਪਰਤੂੰ ਅਫ਼ਸੋਸ ਉਹਨਾਂ ਨੂੰ ਬਣਦਾ ਸਨਮਾਨ ਨਹੀਂ ਮਿਲ ਰਿਹਾ ਅਤੇ ਉਹ ਆਰਥਿਕ ਤੌਰ ਤੇ ਮੰਦਹਾਲੀ ਦਾ ਜੀਵਨ ਬਤੀਤ ਕਰ ਰਹੇ ਹਨ, ਗ਼ਰੀਬੀ ਅੱਗੇ ਹਾਰ ਰਹੇ ਹਨ ਅਤੇ ਗ਼ਰੀਬੀ ਉਹਨਾਂ ਨੂੰ ਖਾ ਰਹੀ ਹੈ।ਵੱਖੋ ਵੱਖਰੇ ਖੇਤਰਾਂ ਨਾਲ ਸੰਬੰਧਤ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਵਡਮੁੱਲਿਆਂ ਹੀਰਿਆਂ ਦੀ ਤਲਾਸ਼ ਕਰ ਕੇ, ਉਹਨਾਂ ਦੀ ਬਾਂਹ ਫੜ੍ਹਨ ਤਾਂ ਜੋ ਉਹਨਾਂ ਨੂੰ ਸਿਰਫ਼ ਰੁਜ਼ਗਾਰ ਦੀ ਥੁੜ੍ਹ ਅਤੇ ਗ਼ਰੀਬੀ ਦੇ ਮਾਰੇ ਇੱਕ ਸਾਰਥਕ ਸਮਾਜ ਸਿਰਜਣਾ ਵਿੱਚ ਯੋਗਦਾਨ ਅੱਧ-ਵਿਚਾਲੇ ਛੱਡ ਕੇ ਦੁਨੀਆਂ ਤੋਂ ਜਾਣ ਲਈ ਮਜ਼ਬੂਰ ਨਾ ਹੋਣਾ ਪਵੇ।

 

Gobinder Singh Dhindsa

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕਖ਼ਾਨਾ : ਬਰੜ੍ਹਵਾਲ

ਤਹਿਸੀਲ : ਧੂਰੀ (ਸੰਗਰੂਰ)

ਮੋਬਾਇਲ ਨੰਬਰ : 92560-66000

Share Button

Leave a Reply

Your email address will not be published. Required fields are marked *