Sat. Sep 14th, 2019

ਗੁਸਤਾਖੀ ਮਾਫ

ਗੁਸਤਾਖੀ ਮਾਫ

ਇੱਕ ਘਰ ਵਿੱਚ ਕਈ ਵਾਰ ਡਾਕਾ ਪੈਂਦਾ ਰਿਹਾ। ਹਰ ਵਾਰ ਡਾਕੂ ਘਰ ਵਿੱਚੋਂ ਚੰਗੇ ਹੱਥ ਰੰਗ ਕੇ ਜਾਂਦੇ। ਡਾਕੂਆਂ ਦੇ ਸਰਦਾਰ ਆਪਣੇ ਕੋਲ ਮੋਟਾ ਮਾਲ ਰੱਖਦੇ, ਬਾਕੀ ਮਾਲ ਟੋਲੇ ਦੇ ਬਾਕੀ ਮੈਂਬਰਾਂ ਨੂੰ ਦਰਜਾ ਬ ਦਰਜਾ ਆਪਸ ਵਿੱਚ ਵੰਡਣ ਦੀ ਇਜਾਜ਼ਤ ਹੁੰਦੀ। ਟੋਲੇ ਦੇ ਸਰਦਾਰ ਦੀ ਇਹ ਨੀਤੀ ਸਾਰੇ ਸਾਥੀਆਂ ਨੂੰ ਵਧੀਆ ਲੱਗੀ। ਕਈ ਵਾਰ ਟੋਲੇ ਦੇ ਮੈਂਬਰ ਇਕੱਲੇ ਇਕੱਲੇ ਵੀ ਆਪਣੀ ਮਰਜ਼ੀ ਨਾਲ ਉਸ ਘਰ ਵਿੱਚ ਡਾਕਾ ਮਾਰਦੇ ਤੇ ਲੁੱਟ ਦੇ ਮਾਲ ਵਿੱਚੋਂ ਇਮਾਨਦਾਰੀ ਨਾਲ ਸਰਦਾਰ ਦਾ ਹਿੱਸਾ ਕੱਢਦੇ ਰਹਿੰਦੇ। ਸਰਦਾਰ ਦੇ ਨਾਲ ਨਾਲ ਸਾਰੇ ਸਾਥੀ ਹੀ ਬਾਗੋ ਬਾਗ਼ ਸਨ।
ਉਸ ਟੋਲੇ ਦਾ ਇਕ ਪੱਕਾ ਅਸੂਲ ਹੁੰਦਾ ਕਿ ਲੁੱਟੇ ਗਏ ਘਰ ਦੇ ਜੀਆਂ ਕੋਲ ਉਹ ਮੌਕਾ ਮਿਲਣ ਤੇ ਭਲ਼ੇਮਾਣਸ ਭੋਲ਼ੇ ਬਣਕੇ ਹਮਦਰਦੀ ਜ਼ਰੂਰ ਪ੍ਰਗਟਾਉਂਦੇ ਅਤੇ ਅੱਗੋਂ ਵਾਸਤੇ ਹਰ ਦੁੱਖ ਸੁੱਖ ਵਿੱਚ ਨਾਲ ਹੋਣ ਅਤੇ ਘਰ ਦੀ ਰਾਖੀ ਦੀ ਹਾਮੀ ਵੀ ਭਰਦੇ ਰਹਿੰਦੇ। ਘਰ ਦੇ ਜੀਅ ਉਹਨਾਂ ਦੀਆਂ ਮੋਮੋ ਠਗਣੀਆਂ ਵਿਚ ਆਕੇ ਫਿਰ ਅਵੇਸਲੇ ਹੋ ਕੇ ਸੌਣਾਂ ਸੁਰੂ ਕਰ ਦਿੰਦੇ। ਡਾਕੇ ਪੈਣੇ ਬੰਦ ਨਾਂ ਹੋਏ। ਘਰ ਚੋ ਮਾਲ ਘਟਦਾ ਰਿਹਾ। ਭੁੱਖੇ ਘਰ ਵਿਚ ਇਕ ਦੂਜੇ ਤੋਂ ਭਰੋਸਾ ਘਟਣ ਲੱਗ ਪਿਆ ਪਰ ਧਾੜਾਂ ਫਿਰ ਵੀ ਜਾਰੀ ਰਹੀਆਂ। ਡਾਕੂਆਂ ਦੇ ਹੌਸਲੇ ਵਧਦੇ ਗਏ। ਘਰ ਦੇ ਲੋਕ ਡਾਕਿਆਂ ਤੇ ਸਬਰ ਕਰਦੇ ਰਹੇ, ਹੱਦ ਤਾਂ ਉਦੋ ਹੋਈ ਜਦੋਂ ਡਾਕੂਆ ਹੱਥੋਂ ਘਰ ਦੇ ਬਾਪੂ ਦੀ ਵੀ ਲਾਹ ਪਾਹ ਹੋਣ ਲੱਗ ਗਈ।
ਹੁਣ ਘਰ ਵਾਲਿਆਂ ਵਾਸਤੇ ਇਹ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੋ ਨਿਬੜੀ। ਸਾਲ ਲ਼ੰਘਦੇ ਰਹੇ। ਕੰਨੋ ਕੰਨੀ ਡਾਕੂਆਂ ਬਾਰੇ ਕਿਆਫੇ ਲੱਗਣ ਲੱਗ ਪਏ ਕਿ ਘਰ ਵਿੱਚ ਤਾਂ ਡੱਕਾ ਨਹੀਂ ਰਿਹਾ ਪਰ ਕੁਝ ਕੁ ਲੋਕਾਂ ਦੀਆਂ ਪੌਂ ਬਾਰਾਂ ਹੋ ਰਹੀਆਂ ਨੇ।
ਜਿਵੇਂ ਕਹਿੰਦੇ ਨੇ ਸੌ ਦਿਨ ਚੋਰ ਦੇ ਇਕ ਦਿਨ ਸਾਧ ਦਾ। ਆਖਿਰਕਾਰ ਡਾਕੂਆਂ ਦਾ ਸਰਦਾਰ ਨੰਗਾ ਹੋ ਹੀ ਗਿਆ। ਹੁਣ ਡਾਕੂਆਂ ਦੇ ਗਰੋਹ ਵਿੱਚ ਫੜੇ ਜਾਣ ਦੇ ਡਰੋਂ ਖਲਬਲੀ ਮੱਚ ਗਈ। ਕਈਆਂ ਨੇ ਗਰੋਹ ਵਿੱਚੋਂ ਖਿਸਕਣ ਵਿੱਚ ਹੀ ਭਲਾ ਸਮਝਦਿਆਂ ਲੁੱਟੇ ਗਏ ਘਰ ਦੇ ਜੀਆਂ ਦੇ ਮੋਢਿਆਂ ਉਤੇ ਹਮਦਰਦੀ ਨਾਲ ਹੱਥ ਰਖਦਿਆਂ ਖੇਖਣ ਕਰਨੇ ਸ਼ੁਰੂ ਕਰ ਦਿੱਤੇ ਅਤੇ ਸਫਾਈਆਂ ਦੇਣ ਲੱਗ ਪਏ ਕਿ ਅਸੀਂ ਸਰਦਾਰ ਨੂੰ ਬਹੁਤ ਕਹਿੰਦੇ ਰਹੇ ਕਿ ਇਸ ਘਰ ਨੂੰ ਨਾਂ ਲੁਟੋ, ਇਹ ਸਾਡੇ ਭਰੋਸੇ ਹੀ ਸੌਦੇ ਹਨ। ਪਰ ਸਰਦਾਰ ਸਾਡੀ ਭੋਰਾ ਨਹੀ ਸੁਣਦਾ ਸੀ। ਪਰ ਹੁਣ ਤੁਸੀ ਫਿਕਰ ਨਾਂ ਕਰੋ ਅਸੀਂ ਗਰੋਹ ਨੂੰ ਤਿਲਾਂਜਲੀ ਦੇ ਆਏ ਹਾਂ, ਹੁਣ ਸਾਡੇ ਹੁੰਦਿਆਂ ਤੁਹਾਨੂੰ ਕਾਹਦਾ ਡਰ।
ਹੁਣ ਘਰ ਦੇ ਜੀਅ ਆਪਸ ‘ਚ ਘੁਸਰ ਮੁਸਰ ਕਰ ਰਹੇ ਸੀ ਕਿ,
ਯਾਰ…, ਇਹ ਕਿਵੇ ਦੇ ਲੋਕ ਹਨ। ਲੁੱਟਾਂ ਵਿੱਚ ਤਾਂ ਇਹ ਵੀ ਸ਼ਾਮਲ ਹੁੰਦੇ ਸੀ। ਇਸ ਵੇਲੇ ਹਮਦਰਦੀ ਜਤਾਉਣ ਵਾਲੇ ਜੇ ਉਦੋਂ ਹੀ ਸਰਦਾਰ ਦੀ ਬਾਂਹ ਮਰੋੜਦੇ ਤਾਂ ਘਰ ਲੁਟਣੋਂ ਬਚ ਸਕਦਾ ਸੀ।
ਪਰ ਜੇ……., ਜਿਸ “” ਜੇ …,”” ਦਾ ਅਜੇ ਤੱਕ ਘਰ ਦੇ ਭੋਲ਼ੇ ਜੀਆਂ ਨੂੰ ਅਰਥ ਪਤਾ ਨਹੀ ਲਗਾ। ਹੁਣ ਫਿਰ ਗਰੋਹ ਦੇ ਮੈਂਬਰਾਂ ਤੇ ਇਤਬਾਰ ਕਰਨ ਤੋਂ ਬਿਨਾਂ ਉਸ ਘਰ ਦੇ ਜੀਆਂ ਕੋਲ ਕੋਈ ਰਸਤਾ ਨਹੀ ਦਿਸਦਾ।
ਡਾਕਿਆਂ ਦੇ ਤਜਰਬੇ ਤੋਂ ਮੋਮੋਠਗਣੇ ਹਮਦਰਦ ਵੀ ਸਮਝ ਗਏ ਸਨ ਕਿ ਘਰ ਦੇ ਜੀ ਹੁਣ ਨਵੇਂ ਸਿਰੇ ਤੋਂ ਫਿਰ ਠਗੇ ਜਾਣ ਲਈ ਤਿਆਰ ਹਨ।
( ਜੇ ਕਿਸੇ ਪਾਰਟੀ ਦੇ ਲੀਡਰਾਂ ਤੇ ਢੁਕਦੀ ਹੋਵੇ ਤਾਂ ਗੁਸਤਾਖ਼ੀ ਮਾਫ)

ਲੇਖਕ :- ਜਸਬੀਰ ਸਾਹੀ
ਸੰਪਰਕ: 9416954454

Leave a Reply

Your email address will not be published. Required fields are marked *

%d bloggers like this: