Sat. Dec 14th, 2019

ਗੁਰੂ ਨਾਨਕ ਸਾਹਿਬ ਦੇ ਪ੍ਰਚਾਰ ਵਾਲੀਆਂ ਚਾਰ ਉਦਾਸੀਆਂ ਅੰਤਿਮ ਨਹੀ,ਅੰਤਰਰਾਸ਼ਟਰੀ ਪੱਧਰ ਤੇ ਹੋਰ ਖੋਜ ਦੀ ਲੋੜ

ਗੁਰੂ ਨਾਨਕ ਸਾਹਿਬ ਦੇ ਪ੍ਰਚਾਰ ਵਾਲੀਆਂ ਚਾਰ ਉਦਾਸੀਆਂ ਅੰਤਿਮ ਨਹੀ,ਅੰਤਰਰਾਸ਼ਟਰੀ ਪੱਧਰ ਤੇ ਹੋਰ ਖੋਜ ਦੀ ਲੋੜ

ਬਘੇਲ ਸਿੰਘ ਧਾਲੀਵਾਲ

ਇਹਦੇ ਵਿੱਚ ਕੋਈ ਅਤਿਕਥਨੀ ਨਹੀ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਦ੍ਰਿੜਤਾ,ਨਿੱਡਰਤਾ ਅਤੇ ਭੈਅ ਰਹਿਤ ਮਾਨਵਵਾਦੀ ਤੇ ਕਰਾਂਤੀਕਾਰੀ ਪੈਂਤੜੇ ਕਾਰਨ ਪੰਦਰਵੀ ਸਦੀ ਇੱਕ ਅਜਿਹੇ ਵੱਡੇ ਸਮਾਜੀ ਬਦਲਾਅ ਦੀ ਪਰਤੀਕ ਹੋ ਨਿਬੜੀ,ਜਿਸ ਨੇ ਦੁਨੀਆਂ ਨੂੰ ਇਨਕਲਾਬ ਦੀ ਅਸਲੀ ਪਰਿਭਾਸ਼ਾ ਤੋ ਜਾਣੂ ਕਰਵਾਇ। ਸਮਾਜਿਕ ਕਰਾਂਤੀ ਦੀ ਜਾਂਚ ਦੱਸੀ।ਮਨੁੱਖੀ ਅਧਿਕਾਰਾਂ ਦੀ ਪਹਿਲੀ ਲੜਾਈ ਦੀ ਸ਼ੁਰੂਆਤ ਕੀਤੀ। ਮਨੁੱਖ ਹੱਥੋਂ ਹੁੰਦੀ ਮਨੁੱਖ ਦੀ ਆਰਥਿਕ ਲੁੱਟ ਹੀ ਨਹੀ,ਬਲਕਿ ਮਾਨਸਿਕ ਅਤੇ ਸਰੀਰਕ ਲੁੱਟ ਭਾਵ ਹਰ ਤਰਾਂ ਦੀ ਲੁੱਟ ਦੇ ਖਿਲਾਫ ਸੰਘਰਸ਼ ਦਾ ਬਿਗਲ ਬਜਾਇਆ।ਇਸ ਕਾਰਜ ਨੂੰ ਸੰਪੂਰਨਤਾ ਤੱਕ ਲੈ ਕੇ ਜਾਣ ਲਈ ਇੱਕ ਵੱਖਰੇ ਰਸਤੇ,ਵੱਖਰੇ ਧਰਮ ਅਤੇ ਵੱਖਰੀ ਕੌਂਮ ਦੀ ਲੋੜ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਤੇ ਇਸ ਔਖੇ ਮਾਰਗ ਦੇ ਪਾਂਧੀ ਬਣ ਕੇ ਇੱਕ ਅਜਿਹੇ ਵਿਗਿਆਨਿਕ ਧਰਮ,ਕੌਂਮ ਦੀ ਨੀਂਹ ਰੱਖ ਦਿੱਤੀ,ਜਿਸ ਨੇ ਬਹੁਤ ਜਲਦੀ ਦੇਸ਼ ਦੁਨੀਆਂ ਵਿੱਚ ਅਪਣੀ ਵੱਖਰੀ ਪਛਾਣ ਬਣਾ ਲਈ।
ਇਹ ਮਹਾਂ ਕਾਰਜ ਕਰਨ ਦਾ ਸ਼ਿਹਰਾ ਸਿੱਖ ਪੰਥ ਦੇ ਉਸ ਬਾਨੀ ਸੰਸਥਾਪਕ,ਮਾਨਵਤਾ ਦੇ ਅਸਲੀ ਰਹਿਬਰ,ਦਲਿਤ ਸਮਾਜ ਦੇ ਰਾਖੇ,ਔਰਤ ਜਾਤੀ ਦੇ ਪਹਿਲੇ ਪਰਸੰਸਕ ਅਤੇ ਸਰਮਾਏਦਾਰੀ ਸਿਸਟਮ ਦੇ ਪਹਿਲੇ ਸਫਲ ਵਿਰੋਧੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਜਾਂਦਾ ਹੈ,ਜਿਸ ਨੇ ਸੁਰਤ ਸੰਭਾਲਦਿਆਂ ਹੀ ਸਮੇ ਦੇ ਸੱਚ ਨੂੰ ਗਹੁ ਨਾਲ ਜਾਣਿਆ,ਵਾਚਿਆ ਤੇ ਸਮਾਜਿਕ ਨਾ-ਬਰਾਬਰੀ ਕਾਰਨ ਧਾਰਮਿਕ ਅੱਤਿਆਚਾਰਾਂ ਦੀ ਮਾਰ ਝੱਲਦੇ ਪਿਛੜੇ ਦਲਿਤ ਸਮਾਜ ਦੀ ਦਿਸ਼ਾ ਤੇ ਦਸ਼ਾ ਨੂੰ ਦੇਖਿਆ ਅਤੇ ਮੁੱਲਾਂ ਮੁਲਾਣਿਆ,ਪਾਂਡਿਆਂ,ਬ੍ਰਾਹਮਣਾਂ ਦੁਆਰਾ ਸੱਤਾ ਦੀ ਸਹਿ ਤੇ ਸਮਾਜ ਵਿੱਚ ਫੈਲਾਏ ਗਏ ਕਰਮਕਾਂਡੀ ਅਤੇ ਜਾਤੀਵਾਦੀ ਧੁੰਦੂਕਾਰੇ ਨੂੰ ਡੰਕੇ ਦੀ ਚੋਟ ਤੇ ਲਲਕਾਰਦਿਆਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਅਹਿਦ ਕੀਤਾ।ਮੰਨੂਵਾਦੀ ਸਿਸਟਮ ਦੁਆਰਾ ਔਰਤ ਦੀ ਕੀਤੀ ਜਾ ਰਹੀ ਦੁਰਦਸ਼ਾ ਤੇ “ਸੋ ਕਿਉਂ ਮੰਦਾ ਆਖੀਐ,ਜਿਤੁ ਜੰਮਹਿ ਰਾਜਾਨ” ਕਹਿੰਦਿਆਂ ਸਦੀਆ ਤੋ ਲਿਤਾੜੀ ਜਾ ਰਹੀ ਔਰਤ ਜਾਤੀ ਨੂੰ ਵੱਡਾ ਮਾਣ ਦੇ ਕੇ ਮੰਨੂਵਾਦੀ ਅਤਿਚਾਰ ਤੇ ਹਮੇਸਾਂ ਲਈ ਵਿਰਾਮ ਲਾ ਦਿੱਤਾ।ਇਹ ਉਹ ਮਹਾਂਨ ਰਹਿਬਰ ਗੁਰੂ ਨਾਨਕ ਸਾਹਿਬ ਹੀ ਸਨ,ਜਿੰਨਾਂ ਨੇ ਸਭ ਤੋਂ ਪਹਿਲਾਂ ਔਰਤ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ,ਮਨੁੱਖ ਹੱਥੋਂ ਹੁੰਦੀ ਮਨੁੱਖ ਦੀ ਲੁੱਟ ਨੂੰ ਹਮੇਸਾਂ ਹਮੇਸਾਂ ਲਈ ਬੰਦ ਕਰਨ ਲਈ ਸਮਾਜਿਕ ਨਾ-ਬਰਾਬਰੀ ਦੇ ਖਿਲਾਖ ਝੰਡਾ ਚੁੱਕਿਆ,ਦਲਿਤ ਅਤੇ ਪਛੜੇ ਸਮਾਜ ਨੂੰ ਮਨੁੱਖੀ ਜਿੰਦਗੀ ਜਿਉਣ ਦੇ ਅਸਲ ਅਰਥ ਸਮਝਾਉਣ ਲਈ ਇਸ ਨਿਰਾਲੇ ਪੰਥ ਚ ਸ਼ਾਮਿਲ ਕਰਕੇ ਸਰਮਾਏਦਾਰੀ ਸਿਸਟਮ ਖਿਲਾਫ ਦੁਨੀਆਂ ਪੱਧਰ ਦੀ ਪਹਿਲੀ ਫੈਸਲਾਕੁਨ ਲੜਾਈ ਅਰੰਭ ਕੇ ਭਾਰਤ ਦੇ ਵੱਖ ਵੱਖ ਸੂਬਿਆਂ ਤੋ ਇਲਾਵਾ ਦੁਨੀਆਂ ਦੇ ਬਹੁਤ ਸਾਰੇ ਹੋਰ ਮੁਲਕਾਂ,ਜਿੱਥੇ ਤੱਕ ਵੀ ਪਹੁੰਚਿਆ ਗਿਆ ਪਹੁੰਚ ਕੇ ਉਥੋ ਦੇ ਲੋਕਾਂ ਨੂੰ ਸਮਾਜਿਕ ਬਰਾਬਰਤਾ ਦਾ ਪਾਠ ਪੜਾਇਆ ਅਤੇ ਕਰਾਂਤੀ ਦੀ ਜਾਗ ਲਾਈ।ਗੁਰੂ ਨਾਨਕ ਸਾਹਿਬ ਦੇ ਇਸ ਮਹਾਂਨ ਕਾਰਜ ਨੂੰ ਸੰਪੂਰਨ ਕਰਨ ਹਿਤ ਹੀ ਅਗਲੇ ਨੌਂ ਗੁਰੂ ਸਹਿਬਾਨਾਂ ਨੇ ਪੜਾਅ ਦਰ ਪੜਾਅ ਇਸ ਕਰਾਂਤੀ ਨੂੰ ਸਫਲ ਬਨਾਉਣ ਲਈ ਕੁਰਬਾਨੀਆਂ ਭਰੇ ਮਿਸ਼ਾਲੀ ਕਾਰਜ ਕੀਤੇ ਤੇ ਅਖੀਰ ਦਸਵੇਂ ਗੁਰੂ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਸੰਪੂਰਨਤਾ ਦੀ ਬਖਸ਼ਿਸ਼ ਕਰਦਿਆਂ ਗੁਰੂ ਨਾਨਕ ਸਾਹਿਬ ਦੀ ਕੌਂਮ ਨੂੰ ਇੱਕ ਵੱਖਰੀ ਪਛਾਣ ਵਾਲੀ ਨਿਆਰੀ,ਨਿਰਾਲੀ ਦਿੱਖ ਦੇਣ ਹਿਤ ਮਾਰਚ 1699 ਦੀ ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋ ਖਾਲਸਾ ਪੰਥ ਦੀ ਸਿਰਜਣਾ ਕੀਤੀ।
ਇਹ ਗੁਰੂ ਨਾਨਕ ਸਾਹਿਬ ਦਾ ਉਹ ਹੀ ਸਿਧਾਂਤ ਹੈ,ਜਿਸ ਤੋਂ ਪ੍ਰਭਾਵਿਤ ਹੋ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਜੀਵਨ ਕਾਲ ਤੋ ਕੋਈ ਸੌ ਸਾਲ ਬਾਅਦ ਹੋਏ ਜਰਮਨੀ ਦੇ ਕਾਰਲ ਮਾਰਕਸ ਨਾਮ ਦੇ ਸਖਸ਼ ਨੇ ਦੁਨੀਆਂ ਭਰ ਦੇ ਮਜਦੂਰਾਂ ਨੂੰ ਇੱਕ ਹੋਣ ਦਾ ਨਾਹਰਾ ਦਿੱਤਾ ਸੀ।ਇਹ ਡੰਕੇ ਦੀ ਚੋਟ ਤੇ ਕਿਹਾ ਜਾਣ ਵਾਲਾ ਸੱਚ ਹੈ ਕਿ ਕਾਰਲ ਮਾਰਕਸ ਦਾ ਸਿਧਾਂਤ ਨਾਨਕਵਾਦੀ ਹੈ,ਕਿਉਕਿ ਜਿਸ ਸਿਸਟਮ ਦੇ ਖਿਲਾਫ ਗੁਰੂ ਨਾਨਕ ਸਾਹਿਬ ਨੇ ਪੰਦਰਵੀ ਸਦੀ ਵਿੱਚ ਲੜਾਈ ਅਰੰਭ ਕੀਤੀ ਸੀ,ਜਿਸ ਲਿਤਾੜੇ,ਨਿਤਾਣੇ ਤੇ ਨਪੀੜੇ ਜਾ ਰਹੇ ਸਮਾਜ ਨੂੰ ਬਰਾਬਰਤਾ ਦਿਵਾਉਣ ਦੀ ਲੜਾਈ ਨਾਨਕ ਸਾਹਿਬ ਨੇ ਸ਼ੁਰੂ ਕੀਤੀ,ਮਿਹਨਤ ਨਾਲ ਕਾਮਯਾਬੀ ਹਾਸਿਲ ਕਰਨ ਲਈ ਕਿਰਤ ਦਾ ਸਿਧਾਂਤ ਦਿੱਤਾ,ਤੇ ਦਸਵੇਂ ਨਾਨਕ ਸਾਹਿਬ ਸ੍ਰੀ ਗੁ੍ਰੁ ਗੋਬਿੰਦ ਸਿੰਘ ਨੇ ਉਸ ਵਿਚਾਰਧਾਰਾ ਨੂੰ ਅਪਨਾਉਣ ਵਾਲੀ ਨਵੀ ਕੌਂਮ ਨੂੰ ਸੰਪੂਰਨਤਾ ਦੀ ਬਖਸ਼ਿਸ਼ ਕੀਤੀ,ਬਾਅਦ ਵਿੱਚ ਉਹਨਾਂ ਮਿਹਨਤੀ ਲੋਕਾਂ ਨੂੰ ਹੀ ਕਾਰਲ ਮਾਰਕਸ ਨੇ ਇੱਕ ਹੋਣ ਦਾ ਸੱਦਾ ਦਿੱਤਾ,ਉਹਨਾਂ ਨਾਨਕਸਾਹੀ ਸਿਧਾਂਤਾਂ ਨੂੰ ਆਦਰਸ਼ ਮੰਨ ਕੇ ਤੇ ਚੱਲ ਕੇ ਹੀ ਉਨੀਵੀਂ ਸਦੀ ਦੀ ਮਾਰਕਸਵਾਦੀ ਵਿਚਾਰਧਾਰਾ ਹੋਂਦ ਵਿੱਚ ਆ ਸਕੀ।
ਕਿੰਨੇ ਅਫਸੋਸ ਦੀ ਗੱਲ ਹੈ ਕਿ ਅਜੋਕੇ ਸਮੇ ਦੇ ਕਾਮਰੇਡ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀ ਹਨ,ਭਾਂਵੇਂ ਕਿ ਉਹ ਇੱਕ ਵੀ ਅਜਿਹੀ ਉਦਾਹਰਣ ਪੇਸ ਨਹੀ ਕਰ ਸਕਦੇ ਜਿਸ ਤੋ ਇਹ ਸਮਝਿਆ ਜਾਵੇ ਕਿ ਕਾਰਲ ਮਾਰਕਸ ਦੀ ਵਿਚਾਰਧਾਰਾ ਨਾਨਕਵਾਦੀ ਨਹੀ ਹੈ।ਨਾਨਕ ਸਾਹਿਬ ਪਹਿਲੇ ਅਜਿਹੇ ਸਮਾਜ ਸੁਧਾਰਕ ਹੋਏ ਹਨ,ਜਿੰਨਾਂ ਨੇ ਇਸ ਅੰਤਰਰਾਸ਼ਟਰੀ ਸਮਾਜਿਕ ਨਾ-ਬਰਾਬਰੀ ਦੀ ਲੜਾਈ ਦੀ ਅਰੰਭਤਾ ਖੁਦ ਜਮੀਨੀ ਪੱਧਰ ਤੋ ਸ਼ੁਰੂ ਕੀਤੀ,ਅਪਣੇ ਮੁਲਕ ਤੋ ਬਾਹਰ ਜਾਕੇ ਦੂਜੇ ਲੋਕਾਂ ਚ ਜਾਕੇ ਅਪਣੇ ਇਸ ਸਿਧਾਂਤ ਤੋ ਜਾਣੂ ਕਰਵਾਇਆ ਅਤੇ ਦੱਸਿਆ ਕਿ ਦੁਨੀਆਂ ਵਿੱਚ ਰਹਿਣ ਵਾਲੇ ਸਾਰੇ ਹੀ ਉਹ ਲੋਕਾਂ ਦਾ ਦਰਦ,ਤੇ ਦੁੱਖ ਸਾਂਝਾ ਹੈ,ਜਿਹੜੇ ਇਸ ਸਰਮਾਏਦਾਰੀ ਸਿਸਟਮ ਦੀ ਮਾਰ ਹੇਠਾਂ ਨਪੀੜੇ ਲਿਤਾੜੇ ਜਾ ਰਹੇ ਹਨ।”ਪਾਪਾਂ ਬਾਝੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।।” ਕਹਿ ਕੇ ਸਰਮਾਏਦਾਰੀ ਜਮਾਤ ਤੇ ਜਿਥੇ ਨਿਧੜਕਤਾ ਨਾਲ ਕਰਾਰੀ ਚੋਟ ਕੀਤੀ ਓਥੇ ਇਸ ਜਮਾਤ ਦਾ ਅਸਲ ਚਿਹਰਾ ਵੀ ਨੰਗਾ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਇਹਨਾਂ ਨਪੀੜੇ ਲਿਤਾੜੇ ਤੇ ਨਿਤਾਣੇ ਲੋਕਾਂ ਨੂੰ ਇਕੱਠਾ ਕਰਕੇ ਕੀਤੀ ਗਈ ਪੰਥਕ ਸਾਜਨਾ ਗੁਰੂ ਨਾਨਕ ਦੀ ਵਿਚਾਰਧਾਰਾ “ਨੀਚਾ ਅੰਦਰਿ ਨੀਚ ਜਾਤਿ,ਨੀਚੀ ਹੂ ਅਤਿ ਨੀਚੁ।। ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।”ਤੇ ਹੀ ਅਧਾਰਤ ਹੈ।ਇਹ ਵੀ ਸੱਚ ਹੈ ਕਿ ਗੁਰੂ ਨਾਨਕ ਸਾਹਿਬ ਅਪਣੀ ਵਿਚਾਰਧਾਰਾ ਦਾ ਪਰਚਾਰ ਪਾਸਾਰ ਕਰਨ ਲਈ ਜਿਹੜੇ ਜਿਹੜੇ ਦੇਸ਼ਾਂ ਵਿੱਚ ਗਏ,ਉਹਨਾਂ ਦੀ ਖੋਜ ਅਜੇ ਵੀ ਸੰਪੂਰਨ ਨਹੀ ਹੋ ਸਕੀ,ਕਿਉਕਿ ਖੁਦ ਸਿੱਖ ਵੀ ਗੁਰੂ ਨਾਨਕ ਸਾਹਿਬ ਦੀ ਦੁਨੀਆਂ ਫੇਰੀ ਨੂੰ ਸਿਰਫ ਚਾਰ ਉਦਾਸੀਆਂ ਦਾ ਨਾਮ ਦੇ ਕੇ ਸਮੇਟ ਚੁੱਕੇ ਹਨ,ਜਦੋ ਕਿ ਉੱਤਰੀ ਅਫਰੀਕਾ ਦੇ ਮੁਲਕਾਂ ਵਿੱਚ ਨਾਨਕ ਸਾਹਿਬ ਦੇ ਜਾਣ ਦੇ ਮਿਲੇ ਪਰਮਾਣ ਇਹ ਦਰਸਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਪਰਚਾਰ ਪਸਾਰੇ ਨੂੰ ਅਜੇ ਹੋਰ ਖੋਜ ਦੀ ਜਰੂਰਤ ਹੈ। ਜੇਕਰ ਕਾਰਲ ਮਾਰਕਸ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾ ਕੇ ਦੁਨੀਆਂ ਪੱਧਰ ਤੱਕ ਅਪਣੀ ਵਿਚਾਰਧਾਰਾ ਦਾ ਪਾਸਾਰਾ ਕਰ ਸਕਦਾ ਹੈ,ਤਾਂ ਇਹ ਸੋਚਣਾ ਬੇਹੱਦ ਜਰੂਰੀ ਹੈ ਕਿ ਉਹ ਕਿਹੜੇ ਕਾਰਨ ਹਨ,ਜਿੰਨਾਂ ਕਰਕੇ ਸਿੱਖ ਗੁਰੂ ਨਾਨਕ ਸਾਹਿਬ ਦੀ ਅਸਲ ਵਿਚਾਰਧਾਰਾ ਨੂੰ ਦੁਨੀਆਂ ਪੱਧਰ ਤੇ ਲੈ ਕੇ ਜਾਣ ਵਿੱਚ ਪਛੜ ਗਏ ਹਨ।ਗੁਰੂ ਨਾਨਕ ਸਾਹਿਬ ਦੀ ਸਾਢੇ ਪੰਜ ਸੌ ਸਾਲਾ ਜਨਮ ਸਤਾਬਦੀ ਮੌਕੇ ਇਹਨਾਂ ਸਾਰੇ ਪਹਿਲੂਆਂ ਤੇ ਵਿਚਾਰਾਂ ਹੋਣੀਆਂ ਚਾਹੀਦੀਆਂ ਹਨ।ਜਿੱਥੇ ਜਿੱਥੇ ਕਮੀਆਂ ਹਨ,ਉਹਨਾਂ ਨੂੰ ਦੂਰ ਕਰਨ ਲਈ ਸਿਰ ਜੋੜ ਕੇ ਸੋਚ ਬੈਠਣਾ ਤੇ ਬੈਠ ਕੇ ਵਿਚਾਰਨ ਨਾਲ ਇਸ ਪਛੜੇਪਣ ਦਾ ਹੱਲ ਸੰਭਵ ਹੋ ਸਕਦਾ ਹੈ।
ਅਪਣਾ ਅਪਾਣਾ ਰਾਗ ਅਲਾਪ ਕੇ ਅਪਣੇ ਆਪ ਨੂੰ ਸਰਬ ਸ਼ਰੇਸਟ ਮੰਨਣਾ ਨਾਨਕ ਬਾਬੇ ਦਾ ਰਾਹ ਨਹੀ ਹੈ।ਇਸ ਪਾਸੇ ਕੌਂਮ ਦੇ ਬੁੱਧੀਜੀਵੀ ਵਿਚਾਰਵਾਨਾਂ ਨੂੰ ਅਪਣੀ ਸ਼ਰੇਸਟਤਾ ਵਾਲੀ ਹਾਉਮੈਂ ਦਾ ਤਿਆਗ ਕਰਕੇ ਪਰਮੁੱਖਤਾ ਨਾਲ ਧਿਆਨ ਦੇਣਾ ਪਵੇਗਾ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਤੇ ਸਿੱਖੀ ਸਿਧਾਂਤਾਂ ਨੂੰ ਦੁਨੀਆਂ ਸਾਹਮਣੇ ਰੱਖ ਕੇ ਇਹ ਦੱਸਣਾ ਹੋਵੇਗਾ ਕਿ ਸਿੱਖ ਵਿਚਾਰਧਾਰਾ ਕਿਸੇ ਇੱਕ ਫਿਰਕੇ,ਇੱਕ ਧਰਮ,ਨਸਲ ਜਾਂ ਮੁਲਕ,, ਲਈ ਨਹੀ,ਬਲਕਿ ਸਮੁੱਚੀ ਮਾਨਵਤਾ ਲਈ ਰਾਹ ਦਿਸੇਰਾ ਹੈ,ਤਾਂ ਹੀ ਕੌਂਮ ਦੀ ਨਿਆਰੀ ਨਿਰਾਲੀ ਹਸਤੀ ਨੂੰ ਭਾਰਤ ਵਿੱਚ ਕਾਇਮ ਰੱਖਿਆ ਜਾ ਸਕੇਗਾ ਅਤੇ ਦੁਨੀਆਂ ਪੱਧਰ ਤੇ ਸਿੱਖ ਸਰਦਾਰੀ ਕਾਇਮੋ ਸਕੇਗੀ।

ਬਘੇਲ ਸਿੰਘ ਧਾਲੀਵਾਲ
99142-58142

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: