ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਨਾਇਆ 51ਵਾਂ ਸਥਾਪਨਾ ਦਿਵਸ

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਨਾਇਆ 51ਵਾਂ ਸਥਾਪਨਾ ਦਿਵਸ
ਅਸਹਿਣਸ਼ੀਲਤਾ ਹਰ ਸਮਾਜ ਲਈ ਘਾਤਕ: ਸਾਬਕਾ ਅੰਬੈਸਡਰ, ਮਿਸਰ ਅਤੇ ਯੂ.ਏ.ਈ.
ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸਰਬਵਿਆਪਕ ਅਤੇ ਸਰਬਕਾਲੀ: ਸ. ਜੋਗੀਸ਼ਵਰ ਸਿੰਘ
ਅੰਮ੍ਰਿਤਸਰ, 24 ਨਵੰਬਰ, 2020: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਨਲਾਈਨ ਮਨਾਏ ਗਏ 51ਵੇਂ ਸਥਾਪਨਾ ਦਿਵਸ ਮੌਕੇ ਮਿਸਰ ਅਤੇ ਯੂ.ਏ.ਈ. ਦੇ ਸਾਬਕਾ ਅੰਬੈਸਡਰ ਸ. ਨਵਦੀਪ ਸਿੰਘ ਸੂਰੀ, ਆਈ ਐਫ ਐਸ (ਰਿਟਾ.) ਅਤੇ ਐਡਮੰਡ ਡੇ ਰੌਥਸਚਾਇਲਡ ਜਨੇਵਾ, ਸਵਿਟਜ਼ਰਲੈਂਡ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਡਾ. ਜੋਗੀਸ਼ਵਰ ਸਿੰਘ, ਆਈ.ਏ.ਐਸ. (ਰਿਟਾ.) ਨੇ ਆਪੋ ਆਪਣੇ ਸੰਬੋਧਨ ਵਿਚ ਜਿਥੇ ਵਿਸ਼ਵ ਵਿਚ ਵਾਪਰ ਰਹੀਆਂ ਮਨੁੱਖੀ ਮਾਨਸਿਕਤਾ ਦੇ ਨਿਘਾਰ, ਕੁਦਰਤ ਨਾਲ ਖਿਲਵਾੜ ਅਤੇ ਅਨੈਤਿਕ ਰਾਜਨੀਤਿਕ ਵਰਤਾਰਿਆਂ ਨਾਲ ਸਬੰਧਤ ਵਾਪਰ ਰਹੀਆਂ ਵੱਖ ਵੱਖ ਘਟਨਾਵਾਂ ਨੂੰ ਮਨੁੱਖਤਾ ਲਈ ਘਾਤਕ ਦੱਸਿਆ ਉਥੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਸਾਰਥਕ ਦੱਸਦਿਆਂ ਸੰਸਾਰ ਪੱਧਰ ਤਕ ਸੁਚੱਜੇ ਢੰਗ ਨਾਲ ਇਨ੍ਹਾਂ ਦੇ ਪ੍ਰਚਾਰਨ, ਪ੍ਰਸਾਰਨ ਅਤੇ ਵਿਵਹਾਰਕਤਾ ਦੀ ਲੋੜ `ਤੇ ਜ਼ੋਰ ਦਿੱਤਾ।
ਨਵੀਂ ਦਿੱਲੀ ਤੋਂ ਸ. ਸੂਰੀ ਅਤੇ ਸਵਿਟਜ਼ਰਲੈਂਡ ਤੋਂ ਡਾ. ਜੋਗੀਸ਼ਵਰ ਸਿੰਘ ਜਿਥੇ ਆਨਲਾਈਨ ਅਕਾਦਮਿਕ ਭਾਸ਼ਣ ਦੇ ਰਹੇ ਸਨ ਉਥੇ ਵਿਸ਼ਵ ਭਰ `ਚੋਂ ਸਰੋਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 51ਵੇਂ ਸਥਾਪਨਾ ਦਿਵਸ ਦਾ ਹਿੱਸਾ ਬਣੇ ਹੋਏ ਸਨ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਸ੍ਰੀ ਹਰਿਮੰਦਰ ਸਾਹਿਬ ਤੋਂ ਹਜੂਰੀ ਰਾਗੀ, ਭਾਈ ਜਗਤਾਰ ਸਿੰਘ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਭਾਈ ਜਗਤਾਰ ਸਿੰਘ ਤੇ ਸਾਥੀ ਅਤੇ ਹੋਰ ਸੇਵਾਦਾਰਾਂ ਦਾ ਉਚੇਚੇ ਤੌਰ `ਤੇ ਸਨਮਾਨ ਵੀ ਕੀਤਾ।ਕੋਵਿਡ 19 ਦੇ ਕਾਰਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇ ਨਜ਼ਰ ਮਨਾਏ ਗਏ ਸਥਾਪਨਾ ਦਿਵਸ ਵਿਚ ਪੂਰਾ ਚਾਅ ਅਤੇ ਉਤਸ਼ਾਹ ਫਿਰ ਵੀ ਬਣਿਆ ਹੋਇਆ ਸੀ।
ਵਾਈਸ ਚਾਂਸਲਰ ਪ੍ਰੋ. ਸੰਧੂ ਦੀ ਪ੍ਰਧਾਨਗੀ ਵਿਚ ਸ਼ੁਰੂ ਹੋਏ ਅਕਾਦਮਿਕ ਭਾਸ਼ਣ ਦੀ ਸ਼ੁਰੂਆਤ ਤੋਂ ਪਹਿਲਾਂ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਸਾਰਿਆਂ ਦਾ ਸਵਾਗਤ ਕੀਤਾ। ਪ੍ਰੋ ਸੰਧੂ ਵੱਲੋਂ ਇਸ ਮੌਕੇ ਯੂਨੀਵਰਸਿਟੀ ਕੈਂਪਸ ਵਿਚ ਵਿਦਿਆਰਥੀਆਂ ਦੀ ਸਹੂਲਤ ਲਈ ਈ-ਬੱਸ ਦੀ ਸ਼ੁਰੂਆਤ ਕਰਨ ਦਾ ਐਲਾਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਜ਼ਿਕਰਯੋਗ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।
ਯੂਨੀਵਰਸਿਟੀ ਦੇ ਅਲੂਮਿਨੀ ਸ. ਨਵਦੀਪ ਸਿੰਘ ਸੂਰੀ ਨੇ ਆਪਣੇ ਨਿਸਚਿਤ ਸਮੇਂ ਵਿਚ ਸ਼ੁਰੂ ਕੀਤੇ ਗਏ ਭਾਸ਼ਣ ਵਿਚ ਜਿਥੇ ਅਰਬ ਮੁਸਲਿਮ ਦੇਸ਼ਾਂ ਦੇ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਸਭਿਆਚਾਰਕ ਹਲਾਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੇ ਨਾਲ ਜੋੜ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਉਥੇ ਉਨ੍ਹਾਂ ਨੇ ਭਾਰਤ ਦੇ ਹਲਾਤਾਂ `ਤੇ ਗੰਭੀਰ ਚਿੰਤਾਵਾਂ ਜ਼ਾਹਿਰ ਕੀਤੀਆਂ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਉਨ੍ਹਾਂ ਕੱਟੜਵਾਦੀ ਵਿਚਾਰਧਾਰਾਈ ਦੇਸ਼ਾਂ ਵਿਚ ਵੀ ਪ੍ਰਫੁਲਤ ਹੋ ਰਹੇ ਹਨ ਜਿਥੇ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਨੇ ਆਪਣੇ ਤਜ਼ਰਬੇ ਨਾਲ ਵਾਪਰੀਆਂ ਕੁੱਝ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਸਮਾਰੋਹ ਸਮੇਂ ਜਿਥੇ ਪੇਂਟਿੰਗ ਪ੍ਰਦਰਸ਼ਨੀ ਅਰਬ ਦੇ ਰਾਜੇ ਵੱਲੋਂ ਵਿਸ਼ੇਸ਼ ਤਵੱਜ਼ੋਂ ਦੇ ਕੇ ਲਗਵਾਈ ਗਈ ਉਥੇ ਉਨ੍ਹਾਂ ਵੱਲੋਂ ਵਿਸ਼ਵ ਪੱਧਰ `ਤੇ ਸ਼ਾਂਤੀ ਦੇ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਉਸਾਰੇ ਗਏ ਇਕ ਮੰਦਿਰ ਨੂੰ ਵੀ ਸ਼ੁਭ ਸੰਕੇਤ ਦੇ ਤੌਰ ਤੇ ਦੱਸਿਆ।
ਉਨ੍ਹਾਂ ਕਿਹਾ ਕਿ ਜਿਹੜੇ ਦੇਸ਼ ਪਹਿਲਾਂ ਹਿੰਦੋਸਤਾਨ ਦੀ ਧਰਮ ਨਿਰਪੱਖਤਾ ਨੂੰ ਇਕ ਉਦਾਹਰਣ ਦੇ ਤੌਰ `ਤੇ ਪੇਸ਼ ਕਰਦੇ ਸਨ ਅਤੇ ਇਥੋਂ ਦੀਆਂ ਪਰੰਪਰਾਵਾਂ ਤੇ ਇਤਿਹਾਸ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਅਹਿਮ ਮੰਨਦੇ ਸਨ ਉਹੀ ਦੇਸ਼ ਹੁਣ ਹਿੰਦੋਸਤਾਨ ਦੀ ਧਰਮ ਨਿਰਪੱਖਤਾ `ਤੇ ਸਵਾਲ ਉਠਾਅ ਰਹੇ ਹਨ ਜੋ ਦੇਸ਼ ਦੇ ਅਕਸ ਨੂੰ ਵਿਗਾੜਨ ਵਾਲੇ ਸਮਝੇ ਜਾ ਸਕਦੇ ਹਨ। ਉਨ੍ਹਾਂ ਇਸ ਗੱਲ `ਤੇ ਜ਼ੋਰ ਦਿਤਾ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਅਡੰਬਰਾਂ ਅਤੇ ਪਾਖੰਡਾਂ ਤੋਂ ਉਪਰ ਉਠ ਕੇ ਅਮਲੀ ਜੀਵਨ ਨਾਲ ਜੋੜ ਕੇ ਪ੍ਰਚਾਰਨ ਦੇ ਲਈ ਜੇ ਵੱਡੀਆਂ ਸੰਸਥਾਵਾਂ ਵੱਲੋਂ ਆਪਣੇ ਪੱਧਰ `ਤੇ ਉਪਰਾਲੇ ਨਾ ਕੀਤੇ ਗਏ ਤਾਂ ਨਵੀਂ ਪੀੜ੍ਹੀ ਨੂੰ ਨਾਲ ਜੋੜ ਕੇ ਰੱਖਣਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸਾਰੀ ਦੁਨੀਆਂ ਲਈ ਹਨ ਅਤੇ ਜ਼ਰੂਰੀ ਹੈ ਕਿ ਉਨ੍ਹਾਂ ਦੇ ਜੋ ਉਪਦੇਸ਼ ਅਸਲ ਰੂਪ ਵਿਚ ਹਨ ਨੂੰ ਹੀ ਪ੍ਰਚਾਰਿਆ ਜਾਵੇ।
ਡਾ. ਜੋਗੀਸ਼ਵਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਅੱਜ ਵੀ ਹਰ ਸਮਾਜ ਦੇ ਲਈ ਸਾਰਥਕ ਦੱਸਿਆ। ਵਿਸ਼ਵ ਵਿਆਪੀ ਅਤੇ ਸਰਬਕਾਲੀ ਹੋਣ ਦੀਆਂ ਉਦਾਹਰਣਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਰੀ ਮਨੁੱਖਤਾ ਲਈ ਹਨ ਕਿਉਂਕਿ ਵਿਸ਼ਵ ਦੇ ਹਰ ਕੋਨੇ ਦੇ ਵਿਚ ਜੋ ਵੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਉਹ ਹਰ ਸਮਾਜ ਵਿਚ ਇਕੋ ਜਿਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਕਦੇ ਕਿਸੇ ਧਰਮ ਦੀ ਆਲੋਚਨਾ ਨਹੀਂ ਕੀਤੀ ਪਰ ਉਨ੍ਹਾਂ ਰਸਮਾਂ ਦਾ ਵਿਰੋਧ ਜ਼ਰੂਰ ਕੀਤਾ ਜੋ ਪਾਖੰਡ ਅਤੇ ਝੂਠੇ ਪ੍ਰਦਰਸ਼ਨ ਦੀਆਂ ਲਿਖਾਇਕ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਨੁਸਾਰ ਉਨ੍ਹਾਂ ਕਿਹਾ ਕਿ ਰਾਜਨੀਤੀ ਨੈਤਿਕਤਾ ’ਤੇ ਅਧਾਰਤ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਨੈਤਿਕ ਸੇਧਾਂ ਅਨੁਸਾਰ ਹੀ ਰਾਜਨੀਤਿਕ ਕਦਰਾਂ ਕੀਮਤਾਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਇਆ ਜਾਣਾ ਚਾਹੀਦਾ ਹੈ। ਉਨ੍ਹਾਂ `ਜਪੁਜੀ ਸਾਹਿਬ` ਅਤੇ `ਆਸਾ ਦੀ ਵਾਰ` ਵਿਚੋਂ ਗੁੁਰਬਾਣੀ ਦੇ ਹਵਾਲੇ ਨਾਲ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਹੀ ਅੱਜ ਸਮੁੱਚੇ ਵਿਸ਼ਵ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਕਈ ਕਾਰਗਰ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਸਰਬੱਤ ਦੇ ਭਲੇ ਵਾਲੀ ਰਾਜਨੀਤਿਕ ਪਹੁੰਚ ਅੱਜ ਵੀ ਵਿਲੱਖਣ ਅਤੇ ਸਰਬਕਾਲੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਦੀਆਂ ਸਿਖਿਆਵਾਂ ਨੂੰ ਸਿਰਫ ਸਿੱਖ ਧਰਮ ਤਕ ਸੀਮਤ ਰੱਖਣ ਦੀ ਗਲਤ ਪਰਿਪਾਟੀ ਪਾਈ ਜਾ ਰਹੀ ਹੈ ਜਦੋਂਕਿ ਉਨ੍ਹਾਂ ਨੂੰ ਵਿਸ਼ਵ ਪੱਧਰ ਤਕ ਪੁਚਾਉਣ ਦੀ ਲੋੜ ਹੈ। ਉਨ੍ਹਾਂ ਨੇ ਵੱਖ ਵੱਖ ਦੇਸ਼ਾਂ ਦੇ ਵਿਚ ਵਾਪਰ ਰਹੀਆਂ ਕੁੱਝ ਘਟਨਾਵਾਂ ਦਾ ਉਚੇਚੇ ਤੌਰ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਮੇਂ ਜੋ ਧਰਮ ਅਤੇ ਰਾਜਨੀਤੀ `ਤੇ ਸੁਆਲ ਉਠ ਰਹੇ ਹਨ ਉਥੇ ਵਿਸ਼ਵ ਦੇ ਕਿਸੇ ਹਿੱਸੇ ਵਿਚ ਜੋ ਕੁੱਝ ਵਿਨਾਸ਼ਕਾਰੀ ਵਾਪਰ ਰਿਹਾ ਹੈ ਉਸ ਉਪਰ ਪਰਦਾ ਨਹੀਂ ਪਾਇਆ ਜਾ ਸਕਦਾ। ਪਰ ਇਨ੍ਹਾਂ ਦੇ ਸੰਦਰਭ ਵਿਚ ਜੋ ਵਿਚਾਰਧਾਰਾਵਾਂ ਉਭਰ ਕੇ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਨੂੰ ਗੁਰਬਾਣੀ ਨਾਲ ਜੋੜ ਕੇ ਡੂੰਘੇ ਤੱਥਾਂ ਬਾਰੇ ਸਮਝਿਆ ਜਾਣਾ ਜਰੂਰੀ ਹੈ ਅਤੇ ਉਸ ਨੂੰ ਅਮਲ ਵਿਚ ਲਿਆਉਣ ਦੇ ਲਈ ਵਿਸ਼ਵ ਪੱਧਰ `ਤੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਵਾਤਾਵਰਣ ਦੇ ਨਿਘਾਰ ਬਾਰੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਗੁਰਬਾਣੀ ਦੇ ਹਵਾਲੇ ਨਾਲ ਕਿਹਾ ਕਿ ਜੇ ਕੁਦਰਤ ਦੇ ਨਾਲ ਮਨੁੱਖ ਵੱਲੋਂ ਆਪਣੇ ਸੁਆਰਥੀ ਹਿੱਤਾਂ ਲਈ ਇੰਝ ਹੀ ਘਾਣ ਕੀਤਾ ਜਾਂਦਾ ਰਿਹਾ ਤਾਂ ਇਹ ਮਨੁੱਖਤਾ ਲਈ ਹੀ ਘਾਤਕ ਸਿੱਧ ਹੋਣਾ ਹੈ ਇਸ ਲਈ ਜ਼ਰੁੂਰੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਰਸਤੇ `ਤੇ ਚੱਲ ਕੇ ਕੁਦਰਤ ਅਤੇ ਮਨੁੱਖ ਵਿਚ ਸੰਤੁਲਨ ਬਣਾ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਜੀ ਦਾ ਇਹ ਉਪਦੇਸ਼ ਪੂਰੇ ਵਿਸ਼ਵ ਵਿਚ ਪੂਰੀ ਤਬਦੀਲੀ ਦਾ ਵਾਹਕ ਬਣ ਸਕਦਾ ਹੈ। ਉਨ੍ਹਾਂ ਇਸ ਮੌਕੇ ਕੁੱਝ ਸਮਾਜਸੇਵੀ ਸੰਸਥਾਵਾਂ ਵੱਲੋਂ ਵਿਸ਼ਵ ਦੇ ਵੱਖ ਵੱਖ ਕੋਨਿਆਂ ਵਿਚ ਵਾਪਰੀਆਂ ਵਿਨਾਸ਼ਕਾਰੀ ਘਟਨਾਵਾਂ ਵਿਚ ਨਿਭਾਏ ਗਈ ਭੂਮਿਕਾ ਦੀ ਸ਼ਲਾਘਾ ਵੀ ਕੀਤੀ ਅਤੇ ਕਿਹਾ ਕਿ ਗੁਰੂ ਦਾ ਉਪਦੇਸ਼ ਇੰਝ ਹੀ ਅੱਗੇ ਤੁਰਨਾ ਚਾਹੀਦਾ ਹੈ।
ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਦੋਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਕਾਦਮਿਕ ਭਾਸ਼ਣ ਨੂੰ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਸਾਬਤ ਹੋਣਗੇ।