ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰਾਸ਼ਟਰੀ ਯੁਵਕ ਦਿਨ ਮਨਾਇਆ ਗਿਆ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰਾਸ਼ਟਰੀ ਯੁਵਕ ਦਿਨ ਮਨਾਇਆ ਗਿਆ
154ਵੇਂ ਜਨਮਦਿਨ ਮੌਕੇ ਸਵਾਮੀ ਵਿਵੇਕਾਨੰਦ ਦੀ ਵਿਚਾਰਾਧਾਰਾ `ਤੇ ਤੁਰਨ ਦੀ ਪ੍ਰੇਰਨਾ
ਅੰਮ੍ਰਿਤਸਰ, 13 ਜਨਵਰੀ, 2021 (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵੱਲੋਂ ਰਾਸ਼ਟਰੀ ਯੁਵਕ ਦਿਨ ਮੌਕੇ ਸਵਾਮੀ ਵਿਵੇਕਾਨੰਦ ਦੇ 154ਵੇਂ ਜਨਮ ਦਿਨ ਮੌਕੇ ਉਨ੍ਹਾਂ ਦੀ ਸਖਸ਼ੀਅਤ ਅਤੇ ਵਿਚਾਰਧਾਰਾ ਤੋਂ ਪ੍ਰੇਰਣਾ ਲੈਣ ਲਈ ਯਾਦ ਕੀਤਾ। ਇਸ ਆਨਲਾਈਨ ਹੋਏ ਸਮਾਗਮ ਵਿਚ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।
ਪੰਜਾਬ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਦੇ ਸਾਬਕਾ ਚੇਅਰਪਰਸਨ ਪ੍ਰੋ. ਡਾ. ਆਨੰਦ ਭੂਸ਼ਣ ਨੇ ਇਸ ਮੌਕੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ ਅਤੇ ਸਵਾਮੀ ਜੀ ਦੇ ਜੀਵਨ ਅਤੇ ਵਿਚਾਰਧਾਰਾ ਦੀ ਝਲਕ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਦਾ ਜੀਵਨ, ਕਾਰਜ ਅਤੇ ਫਲਸਫਾ ਹਮੇਸ਼ਾ ਹੀ ਸਾਡੀ ਜ਼ਿੰਦਗੀ ਨੂੰ ਸੇਧ ਦਿੰਦਾ ਰਹੇਗਾ।
ਉਨ੍ਹਾਂ ਨੇ `ਮੇਕਿੰਗ ਆਫ ਸਵਾਮੀ ਜੀ` ਦੇ ਹਵਾਲੇ ਨਾਲ ਸਵਾਮੀ ਵਿਵੇਕਾਨੰਦ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਕਲਕੱਤਾ ਦੇ ਨਰੇਂਦਰਨਾਥ ਦੱਤਾ ਤੋਂ ਸਵਾਮੀ ਵਿਵੇਕਾਨੰਦ ਦੇ ਸਫਰ ਤਕ ਪੁੱਜ ਕੇ ਉਨ੍ਹਾਂ ਨੇ ਆਪਣੇ ਜੀਵਨ ਨਾਲ ਅਨੇਕ ਲੋਕਾਂ ਨੂੰ ਦਿਸ਼ਾ ਦਿੱਤੀ। ਉਨ੍ਹਾਂ ਕਿਹਾ ਕਿ 1893 ਵਿਚ ਸਵਾਮੀ ਜੀ ਨੇ ਦੁਨੀਆਂ ਦੀ ਪਹਿਲੀ ਸ਼ਿਕਾਗੋ ਪਾਰਲੀਮੈਂਟ ਵਿਚ ਇਕ ਸ਼ਕਤੀਸ਼ਾਲੀ ਭਾਸ਼ਣ ਰਾਹੀਂ ਆਪਣੀਆਂ ਜੜ੍ਹਾਂ ਤੋਂ ਟੁੱਟ ਰਹੇ ਭਾਰਤੀਆਂ ਨੂੰ ਆਪਣੇ ਵਿਰਸੇ ਦੀ ਅਮੀਰੀ ਤੋਂ ਜਾਣੂ ਕਰਵਾਉਂਦਿਆਂ ਉਸ ਉਪਰ ਮਾਣ ਕਰਨਾ ਅਤੇ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ। ਪ੍ਰੋ. ਭੂਸ਼ਣ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਜੀ ਨੇ ਹਿੰਦੂ ਵਿਰੋਧੀਆਂ `ਚ ਭਾਈਚਾਰੇ ਦਾ ਉਪਦੇਸ਼ ਦਿੱਤਾ ਜੋ ਕਿ ਰਮਾਇਣ ਨੂੰ ਕੇਵਲ ਮਿਥਿਹਾਸ ਦਸਦੇ ਸਨ। ਇਸ ਮੌਕੇ ਪ੍ਰੋ. ਭੂਸ਼ਣ ਨੇ ਸਵਾਮੀ ਜੀ ਦੇ ਅਣਸੁਣੇ ਅਤੇ ਅਣਕਹੇ ਵਾਕੇ ਵੀ ਸਾਂਝੇ ਕੀਤੇ।
ਪ੍ਰੋਜੈਕਟ ਕੋਆਰਡੀਨੇਟਰ ਪ੍ਰੋ. ਅਮਿਤ ਕੌਟਸ ਨੇ ਰਾਸ਼ਟਰੀ ਯੁਵਕ ਦਿਨ ਦੇ ਸਬੰਧ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਵਾਮੀ ਜੀ ਦੀ ਵਿਚਾਰਧਾਰਾ ਅੱਜ ਵੀ ਸਾਰਥਕ ਹੈ ਅਤੇ ਭਵਿੱਖ ਵਿਚ ਵੀ ਆਪਣੀ ਸਾਰਥਕਤਾ ਦਾ ਹਵਾਲਾ ਦਿੰਦੀ ਰਹੇਗੀ। ਵਿਭਾਗ ਦੇ ਮੁਖੀ, ਡਾ. ਦੀਪਾ ਸਿਕੰਦ ਕੌਟਸ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਦਸਦਿਆਂ ਸਾਰਿਆਂ ਦਾ ਧੰਨਵਾਦ ਕੀਤਾ।