ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਸਥਾਪਤ ਹੋਵੇਗਾ ਹਵਾ ਦੀ ਗੁਣਵਤਾ ਮਾਪਣ ਵਾਲਾ ਸੈਂਸਰ

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਸਥਾਪਤ ਹੋਵੇਗਾ ਹਵਾ ਦੀ ਗੁਣਵਤਾ ਮਾਪਣ ਵਾਲਾ ਸੈਂਸਰ
ਅੰਮ੍ਰਿਤਸਰ, 30 ਦਸੰਬਰ, 2020 (ਨਿਰਪੱਖ ਆਵਾਜ਼ ਬਿਊਰੋ): ਜਪਾਨ ਦੇ ਰੀਸਰਚ ਆਫ ਹਿੳਮੈਨੇਟੀ ਐਂਡ ਨੇਚਰ ਦੇ ਸਹਿਯੋਗ ਨਾਲ ਗੁਰੂ ਨਾਨਕਦ ਦੇਵ ਯੂਨੀਵਰਸਿਟੀ ਦੇ ਵਿਚ ਹਵਾ ਦੀ ਗੁਣਵਤਾ ਨੂੰ ਜਾਂਚਣ ਵਾਲਾ ਸੈਂਸਰ `ਪੀ.ਐਮ.2.5` ਜਲਦੀ ਸਥਾਪਤ ਹੋ ਜਾਵੇਗਾ ਜੋ ਯੂਨੀਵਰਸਿਟੀ ਕੈਂਪਸ ਦੇ ਨਾਲ ਨਾਲ ਅੰਮ੍ਰਿਤਸਰ ਦੀ ਹਵਾ ਦਾ ਸ਼ੁੱਧਤਾ-ਅਸ਼ੁੱਧਤਾ ਬਾਰੇ ਅੰਕੜੇ ਤਿਆਰ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਪਹਿਲਾਂ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਅਜਿਹਾ ਸੈਂਸਰ ਲਗਾਇਆ ਗਿਆ ਹੈ ਜੋ ਦਰਬਾਰ ਦੇ ਆਲੇ ਦੁਆਲੇ ਦੀ ਹਵਾਂ ਦਾ ਮੁਲਾਂਕਣ ਕਰਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੌਟੈਨੀਕਲ ਐਂਡ ਇਨਵਾਇਰਨਮੈਂਟਲ ਸਾਇੰਸ਼ਜ਼ ਵਿਭਾਗ ਦੇ ਪ੍ਰੋ. ਐਮ.ਐਸ. ਭੱਟੀ ਵੱਲੋਂ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਤਬਦੀਲ ਹੋ ਰਹੇ ਵਾਤਾਵਰਣ ਸਬੰਧੀ ਕਰਵਾਏ ਗਏ ਵੈਬੀਨਾਰ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸੈਂਸਰ ਦੇ ਲੱਗਣ ਉਪਰੰਤ ਹਵਾ ਨੂੰ ਹੋਰ ਸ਼ੁੱਧ ਕਰਨ ਦੇ ਲਈ ਕੀ ਕੀ ਯਤਨ ਕੀਤੇ ਜਾਣੇ ਚਾਹੀਦੇ ਹਨ, ਦੇ ਪ੍ਰਤੀ ਜਾਗਰੂਕਤਾ ਵਧੇਗੀ। ਉਨ੍ਹਾਂ ਕਿਹਾ ਕਿ ਅਜਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵੱਲੋਂ ਨਿੱਜੀ ਤੌਰ `ਤੇ ਵਾਤਾਵਰਣ ਪ੍ਰਤੀ ਵਿਖਾਈ ਜਾ ਰਹੀ ਦਿਲਚਸਪੀ ਕਾਰਨ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਜਪਾਨ ਦੇ ਇਸ ਸੰਸਥਾ ਦੇ ਪ੍ਰਸਿੱਧ ਵਿਗਿਆਨੀ ਪ੍ਰੋ. ਸਚਿਕੋ ਹਯਾਸ਼ਿਦਾ ਦੇ ਯਤਨ ਸਦਕਾ ਸੰਸਥਾ ਵੱਲੋਂ ਤਬਦੀਲੀਯੋਗ ਇਹ ਸੈਂਸਰ ਬਿਲਕੁੱਲ ਮੁਫਤ ਦਿੱਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੁਰੂ ਦੇ ਉੱਘੇ ਵਿਗਿਆਨੀ ਪ੍ਰੋ. ਜੇ. ਸ਼੍ਰੀਨਿਵਾਸਨ ਨੇ ਵਾਤਾਵਰਣ ਤਬਦੀਲੀ ਨੂੰ ਦੂਰ ਕਰਨ ਸਬੰਧੀਆਂ ਆ ਰਹੀਆਂ ਚੁਣੌਤੀਆਂ ਬਾਰੇ ਕਿਹਾ ਹੈ ਕਿ ਨਵੀਆਂ ਤਨਕੀਕਾਂ ਦੇ ਨਾਲ ਵਾਤਾਵਰਣ `ਚ ਪੈਦਾ ਹੋ ਰਿਹਾ ਅਸੰਤੁਲਨ ਦੂਰ ਕਰਨ ਦੇ ਵਿਗਿਆਨਕ ਢੰਗ ਨਾਲ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਵਾਤਾਵਰਣ ਵਿੱਚ ਤਬਦੀਲੀ ਨੂੰ ਸੰਤੁਲਿਤ ਬਣਾਉਣਾ ਇਕ ਬਹੁਤ ਵੱਡੀ ਚੁਣੌਤੀ ਦਸਦਿਆਂ ਕਿਹਾ ਕਿ ਇਸ ਲਈ ਰਾਜਨੀਤਿਕ ਇਛਾ ਸ਼ਕਤੀ ਦੀ ਲੋੜ ਤੋਂ ਇਲਾਵਾ ਕੋਲੇ ਉੱਤੇ ਨਿਰਭਰਤਾ ਨੂੰ ਘਟਾਉਣਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦਾ ਸੰਤੁਲਨ ਹੀ ਸਾਡਾ ਜੀਵਨ ਹੈ ਅਤੇ ਭਵਿਖਤ ਵਿਕਾਸ ਮੁੱਦਿਆਂ ਵਿਚ ਵਾਤਾਵਰਣ ਦੀ ਸੰਤੁਲਿਤਤਾ ਮੁੱਖ ਮੁੱਦਾ ਹੋਣਾ ਚਾਹੀਦਾ ਹੈ। ਖਰਾਬ ਹੋਰ ਰਹੇ ਵਾਤਾਵਰਣ ਵਿਚ ਦੂਜੇ ਵਿਕਾਸ ਦੀ ਕੋਈ ਅਹਿਮੀਅਤ ਨਹੀਂ ਹੈ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਾਡਾ ਆਲਾ ਦੁਆਲਾ ਹੀ ਸਾਡੇ ਜੀਵਨ ਦੇ ਪੱਧਰ ਦਾ ਮਿਆਰ ਨਿਸਚਿਤ ਕਰਦਾ ਹੈ ਅਤੇ ਜੇਕਰ ਸਾਡੇ ਸਾਹ ਲੈਣ, ਖਾਣ-ਪੀਣ ਅਤੇ ਰਹਿਣ ਸਹਿਣ ਅਸ਼ੁੱਧੀਆਂ ਵਾਲਾ ਹੈ ਤਾਂ ਸਾਨੂੰ ਬੈਠ ਕੇ `ਵਿਕਾਸਸ਼ੀਲ` ਹੋਣ `ਤੇ ਚਿੰਤਨ ਕਰਨ ਦੀ ਲੋੜ ਹੈ। ਉਨ੍ਹਾਂ ਜੀਵਨ ਮਿਆਰਾਂ ਦੀ ਉਨਤੀ `ਤੇ ਜ਼ੋਰ ਦਿੰਦਿਆਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਸਾਨੂੰ ਸੁਖ-ਸੁਵਿਧਾਵਾਂ ਨਿਸਚਿਤ ਕਰਨ ਵੇਲੇ ਵਾਤਾਵਰਣ ਸਬੰਧੀ ਕੋਈ ਸੰਤੁਲਿਤ ਪਹੁੰਚ ਵਿਧੀ ਅਪਨਾਉਣੀ ਚਾਹੀਦੀ ਹੈ ਨਹੀਂ ਤਾਂ ਸਾਡਾ ਭਵਿੱਖ ਅਸੰਤੁਲਿਤ ਵਾਤਾਵਰਣ ਕਾਰਨ ਘਾਤਕ ਹੋ ਜਾਵੇਗਾ।
ਵਾਈਸ ਚਾਂਸਲਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਮੇਂ ਸਮੇਂ ਵਾਤਾਵਰਣ ਨੂੰ ਸ਼ੁੱਧ ਬਣਾਉਣ ਦੇ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਵੇਂ ਯੂਨੀਵਰਸਿਟੀ ਵਿਚ ਬਹੁਤ ਸਾਰੇ ਦਰੱਖਤ, ਪੌਦੇ ਹਨ ਪਰ ਫਿਰ ਵੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਲਗਾਤਾਰ ਯੂਨੀਵਸਿਟੀ ਨੂੰ ਹੋਰ ਵੀ ਹਰਿਆ ਭਰਿਆ ਬਣਾਉਣ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਨੇ ਹਾਲ ਵਿਚ ਹੀ ਯੂਨੀਵਰਸਿਟੀ ਕੈਂਪਸ ਵਿਚ ਸ਼ੂਰੂ ਕੀਤੀ ਗਈ ਈ-ਬੱਸ ਸੇਵਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਹ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਯੂਨੀਵਰਸਿਟੀ ਕੈਂਪਸ ਵਿਚ ਪ੍ਰਦੂਸ਼ਣ ਦੀ ਰੋਕਥਾਮ ਲਈ ਹੋਰ ਕੀ ਨਵੇਂ ਨਵੇਂ ਪ੍ਰੋਜੈਕਟ ਲਿਆਂਦੇ ਜਾ ਸਕਦੇ ਹਨ ਤਾਂ ਜੋ ਸਮਾਜ ਨੂੰ ਵਾਤਾਵਰਣ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੱਤਾ ਜਾ ਸਕੇ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਵਾਤਾਵਰਣ ਮਾਹਰ ਪ੍ਰੋ. ਏ.ਪੀ. ਦੀਮਰੀ ਨੇ ਮੌਨਸੂਨ ਦੇ ਰੁਝਾਨਾਂ ਦੇ ਨਾਲ-ਨਾਲ ਉੱਤਰ ਭਾਰਤ ਦੇ ਵਾਤਾਰਣ ਵਿਗਿਆਨਕ ਪਹਿਲੂਆਂ ਬਾਰੇ ਚਰਚਾ ਕੀਤੀ।ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਦੇ ਸਾਬਕਾ ਸਟੇਟ ਡਾਇਰੈਕਟਰ, ਡਾ. ਸਤਨਾਮ ਸਿੰਘ ਲੱਧੜ ਨੇ ਪਰਾਲੀ ਸਾੜਨ ਅਤੇ ਵਾਤਾਵਰਣ ਨਿਘਾਰ ਬਾਰੇ ਵਿਚਾਰ ਪੇਸ਼ ਕੀਤੇ।
ਕੋਰਸ ਦੇ ਕੋਆਰਡੀਨੇਟਰ, ਪ੍ਰੋ. ਸਰੋਜ ਅਰੋੜਾ ਅਤੇ ਪ੍ਰੋ. ਐਮ ਐਸ. ਭੱਟੀ ਨੇ ਇਸ ਵੈਬੀਨਾਰ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਕੇਂਦਰ ਦੇ ਡਾਇਰੈਕਟਰ ਪ੍ਰੋ. ਆਦਰਸ਼ ਪਾਲ ਵਿਗ ਨੇ ਕੇਂਦਰ ਦੀ ਭੂਮਿਕਾ ਐਤ ਕਾਰਜਾਂ ਬਾਰੇ ਦੱਸਿਆ ਅਤੇ ਡਾ. ਰਾਜਬੀਰ ਭੱਟੀ ਨੇ ਸਮੂਹ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ।