ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੰਡੀਕੇਟ ਦੀ ਇਕੱਤਰਤਾ `ਚ ਲਏ ਅਹਿਮ ਫੈਸਲੇ

ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੰਡੀਕੇਟ ਦੀ ਇਕੱਤਰਤਾ `ਚ ਲਏ ਅਹਿਮ ਫੈਸਲੇ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਹੋਸਟਲ ਫੀਸ ਵਿਚ 35 ਫੀਸਦੀ ਛੋਟ ਦੇਣ ਦਾ ਐਲਾਨ
ਅੰਮ੍ਰਿਤਸਰ, 18 ਦਸੰਬਰ, 2020 (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੈਸ਼ਨ 2020-21 ਦੌਰਾਨ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਦੀ ਹੋਸਟਲ ਫੀਸ ਨੂੰ 35 ਫੀਸਦੀ ਘਟਾ ਦਿੱਤਾ ਗਿਆ ਹੈ। ਕੋਵਿਡ 19 ਦੇ ਕਾਰਨ ਆਰਥਕ ਹਲਾਤਾਂ ਨਾਲ ਜੂਝ ਰਹੇ ਵਿਦਿਆਰਥੀਆਂ ਦੇ ਲਈ ਇਹ ਰਾਹਤ ਦੀ ਖਬਰ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਵੱਲੋਂ ਅੱਜ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੂੰ ਵੀ ਜ਼ਿੰਦਗੀ ਭਰ ਮੈਂਬਰਸ਼ਿਪ ਫੀਸ ਵਿਚ ਵੀ ਛੋਟ ਦਿੰਦੇ ਹੋਏ ਭਾਰਤੀ ਵਿਦਿਆਰਥੀਆਂ ਲਈ ਦਸ ਹਜ਼ਾਰ ਰੁਪਏ ਤੋਂ ਪੰਜ ਹਜ਼ਾਰ ਰੁਪਏ ਅਤੇ ਵਿਦੇਸ਼ਾਂ ਵਿਚ ਵਿਚ ਰਹਿ ਰਹੇ ਵਿਦਿਆਰਥੀਆਂ ਲਈ ਦੋ ਸੌ ਯੂ.ਐਸ. ਡਾਲਰ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਸਥਾਪਤ ਹੋਣ ਵਾਲੀ ਨਾਵਲਕਾਰ ਸ. ਨਾਨਕ ਸਿੰਘ ਗੈਲਰੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਜੋ ਤੀਸਰੀ ਮੰਜ਼ਿਲ `ਤੇ ਪੰਜ ਸੌ ਵਰਗ ਫੁਟ ਵਿਚ ਬਣੇਗੀ। ਹਾਲ ਵਿਚ ਹੀ ਇਸ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਾਵਲਕਾਰ ਨਾਨਕ ਸਿੰਘ ਮੈਮੋਰੀਅਲ ਟਰੱਸਟ ਨਾਲ ਇਕ ਸਮਝੌਤਾ ਕੀਤਾ ਗਿਆ ਸੀ ਜਿਸ ਦੇ ਵਿਚ ਨਾਵਲਕਾਰ ਸ. ਨਾਨਕ ਸਿੰਘ ਗੈਲਰੀ ਦੇ ਨਾਲ ਨਾਲ ਹਰ ਸਾਲ ਨਾਵਲਕਾਰ ਸ. ਨਾਨਕ ਸਿੰਘ ਯਾਦਗਾਰੀ ਭਾਸ਼ਣ ਕਰਵਾਉਣ ਤੋਂ ਇਲਾਵਾ ਸਾਲਾਨਾ ਸ. ਨਾਨਕ ਸਿੰਘ ਨਾਵਲਕਾਰ ਐਵਾਰਡ ਦੀ ਵੀ ਸਥਾਪਨਾ ਕੀਤੀ ਗਈ ਹੈ।
ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਮੰਗ ਅਤੇ ਸਮੇਂ ਦੀ ਨਜ਼ਾਕਤ ਦੇ ਅਨੁਸਾਰ ਯੂਨੀਵਰਸਿਟੀ ਵੱਲੋਂ ਇਸ ਤੋਂ ਪਹਿਲਾਂ ਯੂਨੀਵਰਸਿਟੀ ਦੀਆਂ ਵੱਖ ਵੱਖ ਕੰਟੀਨ, ਸਟੈਂਡ ਅਤੇ ਮੈੱਸਾਂ ਦੇ ਕਿਰਾਏ ਵਿਚ ਵੱਡੀ ਰਾਹਤ ਦਿੱਤੀ ਗਈ ਸੀ। ਹੁਣ ਯੂਨੀਵਰਸਿਟੀ ਦੇ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਨੂੰ 35 ਫੀਸਦੀ ਛੋਟ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਛੋਟ ਵਿਦਿਆਰਥੀਆਂ ਨੂੰ ਸੈਸ਼ਨ 2020-21 ਲਈ ਇਕ ਵਾਰੀ ਦਿੱਤੀ ਗਈ ਹੈ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੰਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਿਸ ਦਾ ਏਜੰਡਾ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਪੇਸ਼ ਕੀਤਾ। ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਤੋਂ ਇਲਾਵਾ ਹੋਰ ਸਿੰਡੀਕੇਟ ਮੈਂਬਰਾਂ ਨੇ ਇਸ ਇਕੱਤਰਤਾ ਵਿਚ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਮੁੱਦਿਆਂ `ਤੇ ਹੋਈ ਵਿਚਾਰ ਚਰਚਾ ਅਤੇ ਹੋਏ ਫੈਸਲਿਆਂ ਤੋਂ ਇਲਾਵਾ 09 ਪੀ.ਐਚ.ਡੀ. ਥੀਸਿਜ਼ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ। ਮੀਟਿੰਗ ਦੌਰਾਨ ਹੋਰ ਮੈਂਬਰਾਂ ਤੋਂ ਇਲਾਵਾ ਪ੍ਰੋ. ਵੇਦ ਪ੍ਰਕਾਸ਼, ਪ੍ਰੋ. ਮਹਿਮੂਦ ਮੀਆਂ, ਡਾ. ਸੁਖਦੇਵ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਸਰਬਜਿੰਦਰ ਸਿੰਘ ਆਨਲਾਈਨ ਹਾਜ਼ਰ ਸਨ। ਮੀਟਿੰਗ ਮੌਕੇ ਸਮਾਜਿਕ ਦੂਰੀ ਦੇ ਨਾਲ ਹੋਰ ਇਹਤਿਆਤ ਨੂੰ ਵੀ ਯਕੀਨੀ ਬਣਾਇਆ ਗਿਆ।
ਮੀਟਿੰਘ ਯੂਨੀਵਰਸਿਟੀ ਵਿਦਿਆਰਥੀਆਂ ਲਈ ਲੋਗੋ ਮੁਕਾਬਲੇ ਅਤੇ ਬ੍ਰੈਂਡ ਨੇਮ ਮੁਕਾਬਲੇ ਕਰਵਾਉਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਯੋਗ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਸਾਇੰਸ ਕਲੱਬ ਨੂੰ ਇਕ ਬੱਸ ਵੀ ਸਪੁਰਦ ਕਰਨ ਦਾ ਵੀ ਫੈਸਲਾ ਕੀਤਾ ਗਿਆ ਜਿਸ ਦਾ ਉਦੇਸ਼ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਵਿਚ ਪ੍ਰਦਰਸ਼ਨੀਆਂ ਦਾ ਆਯੋਜਨ ਕਰਨਾ ਹੈ। ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਮਜੂੌਦਾ ਸਮੇਂ ਦੌਰਾਨ ਯੂਨੀਵਰਸਿਟੀ ਵੱਲੋਂ ਕੀਤੀਆਂ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ।