ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਸਥਾਪਤ ਹੋਵੇਗੀ ਨਾਵਲਕਾਰ ਨਾਨਕ ਸਿੰਘ ਗੈਲਰੀ

????????????????????????????????????
ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਸਥਾਪਤ ਹੋਵੇਗੀ ਨਾਵਲਕਾਰ ਨਾਨਕ ਸਿੰਘ ਗੈਲਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨਾਵਲਕਾਰ ਨਾਨਕ ਸਿੰਘ ਮੈਮੋਰੀਅਲ ਟਰੱਸਟ ਵਿਚਕਾਰ ਅਹਿਮ ਸਮਝੌਤਾ
ਨਾਨਕ ਸਿੰਘ ਨਾਵਲਕਾਰ ਸਾਲਾਨਾ ਐਵਾਰਡ ਅਤੇ ਭਾਸ਼ਣ ਦੀ ਵੀ ਹੋਈ ਸਥਾਪਨਾ
ਅੰਮ੍ਰਿਤਸਰ, 14 ਦਸੰਬਰ, 2020: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਪੰਜਾਬੀ ਦੇ ਉੱਘੇ ਨਾਵਲਕਾਰ ਸ. ਨਾਨਕ ਸਿੰਘ ਦੀ ਯਾਦ ਵਿਚ ਇਕ ਵਿਸ਼ੇਸ਼ ਗੈਲਰੀ ਸਥਾਪਤ ਕੀਤੀ ਜਾਵੇਗੀ ਜਿਸ ਦੇ ਵਿਚ ਜਿਥੇ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਵੱਖ ਵੱਖ ਵਸਤਾਂ ਦੀ ਪ੍ਰਦਰਸ਼ਨੀ ਹੋਵੇਗੀ ਉਥੇ ਉਨ੍ਹਾਂ ਦੀਆਂ ਵੱਖ ਵੱਖ ਲਿਖਤਾਂ ਨਾਲ ਸਬੰਧਤ ਆਡੀਓ ਅਤੇ ਵਿਜ਼ੀਉਲ ਸਮੱਗਰੀਆਂ ਵੀ ਉਪਲਬਧ ਹੋਣਗੀਆਂ। ਇਸ ਸਬੰਧੀ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨਾਵਲਕਾਰ ਨਾਨਕ ਸਿੰਘ ਮੈਮੋਰੀਅਲ ਟਰੱਸਟ ਵਿਚਕਾਰ ਅੱਜ ਇਕ ਅਹਿਮ ਸਮਝੌਤਾ ਸਹੀਬੰਦ ਹੋ ਗਿਆ ਹੈ। ਨਾਵਲਕਾਰ ਨਾਨਕ ਸਿੰਘ ਗੈਲਰੀ ਦੇ ਨਾਲ ਨਾਲ ਹਰ ਸਾਲ ਨਾਨਕ ਸਿੰਘ ਯਾਦਗਾਰੀ ਭਾਸ਼ਣ ਕਰਵਾਉਣ ਤੋਂ ਇਲਾਵਾ ਸਾਲਾਨਾ ਨਾਨਕ ਸਿੰਘ ਨਾਵਲਕਾਰ ਐਵਾਰਡ ਦੀ ਵੀ ਸਥਾਪਨਾ ਕੀਤੀ ਗਈ ਹੈ।
ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਅਤੇ ਨਾਵਲਕਾਰ ਨਾਨਕ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਹਾਜਰੀ ਵਿਚ ਅੱਜ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਨਾਵਲਕਾਰ ਨਾਨਕ ਸਿੰਘ ਦੇ ਸਪੁੱਤਰ ਸ. ਕੁਲਵੰਤ ਸਿੰਘ ਸੂਰੀ ਨੇ ਇਸ ਸਮਝੌਤੇ ਉਪਰ ਦਸਤਖਤ ਕੀਤੇ। ਇਸ ਮੌਕੇ ਨਾਵਲਕਾਰ ਨਾਨਕ ਸਿੰਘ ਦੇ ਸਪੁੱਤਰ ਕੁਲਬੀਰ ਸਿੰਘ ਸੂਰੀ, ਪੋਤਰਾ ਸ. ਨਵਦੀਪ ਸਿੰਘ ਸੂਰੀ, ਆਈ ਐਫ ਐਸ (ਰਿਟਾ.) ਸਾਬਕਾ ਅੰਬੈਸਡਰ, ਮਿਸਰ ਅਤੇ ਯੂ.ਏ.ਈ., ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਇੰਡਸਟਰੀ ਲਿੰਕੇਜ ਦੇ ਡਾਇਰੈਕਟਰ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਪ੍ਰੋ. ਅਮਿਤ ਕੌਟਸ ਤੋਂ ਇਲਾਵਾ ਡਾ. ਇੰਦੂ ਸਿੰਘ, ਪੋ੍ਰੋ. ਗੁਰਿੰਦਰ ਕੌਰ ਸੂਰੀ ਅਤੇ ਮਿਸ ਮਨੀ ਸੂਰੀ ਇਸ ਮੌਕੇ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ। ਸ. ਨਵਦੀਪ ਸਿੰਘ ਸੂਰੀ ਨੇ ਇਸ ਸਮਝੌਤੇ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਉਹ ਅਤਿ ਧੰਨਵਾਦੀ ਹਨ ਕਿ ਜਿਨ੍ਹਾਂ ਨੇ ਪਰਿਵਾਰ ਅਤੇ ਸਾਹਿਤ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਪੰਜਾਬ ਦੀ ਇਸ ਵੱਕਾਰੀ ਯੂਨੀਵਰਸਿਟੀ ਵਿਚ ਨਾਵਲਕਾਰ ਨਾਨਕ ਸਿੰਘ ਗੈਲਰੀ ਸਥਾਪਤ ਕਰਨ ਦਾ ਜ਼ਿੰਮੇਵਾਰੀ ਵਾਲਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਦੇਸ-ਵਿਦੇਸ਼ਾਂ ਵਿਚ ਨਾਨਕ ਸਿੰਘ ਦੀਆਂ ਲਿਖਤਾਂ ਨੂੰ ਪ੍ਰੇਮ ਕਰਨ ਵਾਲਿਆਂ ਨਾਲ ਮਿਲਦੇ ਸਨ ਤਾਂ ਉਨ੍ਹਾਂ ਦੀ ਇਹ ਖਾਹਿਸ਼ ਸੀ ਕਿ ਇਕ ਨਾਨਕ ਸਿੰਘ ਦੀ ਯਾਦ ਵਿਚ ਅਜਿਹੀ ਹੀ ਗੈਲਰੀ ਬਣਾਈ ਜਾਵੇ ਜਿਸ ਵਿਚ ਉਨ੍ਹਾਂ ਦੇ ਜੀਵਨ ਕਾਲ ਦੀਆਂ ਸਾਰੀਆਂ ਝਲਕਾਂ ਵਿਖਾਈ ਪੈਣ। ਉਨ੍ਹਾਂ ਕਿਹਾ ਕਿ ਪ੍ਰੀਤ ਨਗਰ ਵਿਚ ਵੀ ਉਨ੍ਹਾਂ ਦੇ ਘਰ ਨੂੰ ਅਜਿਹੀ ਤਰਜ਼ `ਤੇ ਸੰਜੋਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਵੀ ਹਜ਼ਾਰਾਂ ਲੋਕ ਪ੍ਰੀਤ ਨਗਰ ਵਿਚ ਉਨ੍ਹਾਂ ਦੇ ਘਰ ਨੂੰ ਵੇਖਣ ਦੀ ਤਾਂਘ ਰਖਦੇ ਹਨ ਜਿਥੇ ਰਹਿ ਕੇ ਉਨ੍ਹਾਂ ਕਈ ਇਤਿਹਾਸਕ ਨਾਵਲਾਂ ਦੀ ਰਚਨਾ ਕੀਤੀ।
ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਸਮਝੌਤੇ ਤੋਂ ਇਲਾਵਾ ਨਾਵਲਕਾਰ ਨਾਨਕ ਸਿੰਘ ਦੀਆਂ ਮਹਾਨ ਲਿਖਤਾਂ ਦਾ ਵੱਖ ਵੱਖ ਭਾਸ਼ਾਵਾਂ ਵਿਚ ਯੂਨੀਵਰਸਿਟੀ ਵੱਲੋਂ ਅਨੁਵਾਦ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗੈਲਰੀ ਦਾ ਪੰਜਾਬੀ ਹਤੈਸ਼ੀਆਂ ਨੂੰ ਹੀ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਖੋਜਾਰਥੀਆਂ ਨੂੰ ਵੀ ਲਾਭ ਪੁਚਾਉਣ ਲਈ ਜੋ ਵੀ ਸੰਭਵ ਹੋਇਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗੈਲਰੀ ਦੀ ਡਿਜ਼ਾਇਨਿੰਗ ਆਧੁਨਿਕ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕਰਵਾਈ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਸਾਹਿਤ ਪ੍ਰੇਮੀਆਂ ਨੂੰ ਥੋੜ੍ਹੇ ਸਮੇਂ ਵਿਚ ਹੀ ਬਹੁਤੀ ਜਾਣਕਾਰੀ ਮਿਲ ਸਕੇ।
ਉਨ੍ਹਾਂ ਕਿਹਾ ਕਿ ਨਾਵਲਕਾਰ ਨਾਨਕ ਸਿੰਘ ਦੇ ਜੀਵਨ, ਰਚਨਾ ਅਤੇ ਵਿਸ਼ਲੇਸ਼ਣ ਨਾਲ ਜੁੜੇ ਕਾਰਜਾਂ ਨੂੰ ਇਕੱਤਰ ਕੀਤਾ ਜਾਵੇਗਾ। ਗੈਲਰੀ `ਚ ਆਡੀਓ-ਵੀਡੀਓ ਸਮੱਗਰੀ, ਫੋਟੋਆਂ, ਹੱਥ-ਲਿਖਤ, ਖੋਜ-ਪੱਤਰ, ਨਾਨਕ ਸਿੰਘ ਦੁਆਰਾ ਰਚਿਤ ਪੁਸਤਕਾਂ, ਕੁਝ ਖਾਸ ਕਿਤਾਬਾਂ ਦੇ ਐਡੀਸ਼ਨ, ਪੁਰਸਕਾਰ ਅਤੇ ਨਾਨਕ ਸਿੰਘ ਦੁਆਰਾ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਵਰਤਿਆ ਗਿਆ ਨਿੱਜੀ ਸਮਾਨ ਵੀ ਸ਼ਾਮਿਲ ਹੋਵੇਗਾ ਜੋ ਨਾਨਕ ਸਿੰਘ ਦੇ ਪਰਿਵਾਰ ਵੱਲੋਂ ਯੂਨੀਵਰਸਿਟੀ ਨੂੰ ਪ੍ਰਦਾਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਮਝੌਤੇ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਵਲਕਾਰ ਨਾਨਕ ਸਿੰਘ ਗੈਲਰੀ ਸਥਾਪਤ ਕਰਨ ਲਈ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਇਕ ਢੁਕਵੀਂ ਜਗ੍ਹਾ ਪ੍ਰਦਾਨ ਕਰੇਗੀ। ਲਾਇਬ੍ਰੇਰੀ ਵਿਚ ਇਹ ਸੰਗ੍ਰਹਿ ਦੀ ਪ੍ਰਦਰਸ਼ਨੀ ਅਤੇ ਰੱਖ-ਰੱਖਾਓ ਲਈ ਵਧੀਆ ਇੰਤਜ਼ਾਮ ਕਰਨ ਤੋਂ ਇਲਾਵਾ ਇਸ ਨੂੰ ਫੈਕਲਟੀ, ਵਿਦਿਆਰਥੀਆਂ ਅਤੇ ਆਮ ਲੋਕਾਂ ਤਕ ਪਹੁੰਚਯੋਗ ਬਣਾਉਣ ਲਈ ਉਪਰਾਲੇ ਵੀ ਕੀਤੇ ਜਾਣਗੇ।