ਗੁਰੂ ਨਾਨਕ ਕੇਵਲ ਸਿੱਖਾਂ ਦੇ ਨਹੀਂ ਸਗੋਂ ਪੂਰੀ ਮਨੁੱਖਤਾ ਦੇ ਸਰਬ ਸਾਂਝੇ ਗੁਰੂ: ਹਾਰੂਨ ਖਾਲਿਦ

ਗੁਰੂ ਨਾਨਕ ਕੇਵਲ ਸਿੱਖਾਂ ਦੇ ਨਹੀਂ ਸਗੋਂ ਪੂਰੀ ਮਨੁੱਖਤਾ ਦੇ ਸਰਬ ਸਾਂਝੇ ਗੁਰੂ: ਹਾਰੂਨ ਖਾਲਿਦ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ `ਤੇ ਅੰਤਰ-ਰਾਸ਼ਟਰੀ ਭਾਸ਼ਣਾਂ ਦਾ ਆਯੋਜਨ
ਅੰਮ੍ਰਿਤਸਰ, 24 ਜੂਨ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 551ਵੇਂ ਪ੍ਰਕਾਸ਼ ਪੁਰਬ ਸਬੰਧੀ ਅੰਤਰ-ਰਾਸ਼ਟਰੀ ਆਨਲਾਈਨ ਭਾਸ਼ਣਾਂ ਦੀ ਲੜੀ ਦੀ ਸ਼ੁਰੂਆਤ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ ਗਈ ਹੈ ਜਿਸ ਅਧੀਨ ਅਮਰੀਕਾ ਅਤੇ ਪਾਕਿਸਤਾਨ ਤੋਂ ਵਿਦਵਾਨਾਂ ਨੇ ਭਾਗ ਲਿਆ।
ਇਸ ਲੜੀ ਤਹਿਤ ‘ਬਾਬਾ ਨਾਨਕ ਅਤੇ ਭਗਤੀ ਲਹਿਰ’ ਵਿਸ਼ੇ `ਤੇ ਪਹਿਲਾ ਭਾਸ਼ਣ ਸਿੱਖ ਸਟੱਡੀਜ਼ ਦੇ ਵਿਦਵਾਨ ਪ੍ਰੋ. ਗੁਰਿੰਦਰ ਸਿੰਘ ਮਾਨ ਨੇ ਦਿੱਤਾ। ਪ੍ਰੋ. ਮਾਨ ਦੀ ਮੁਢਲੀ ਦਲੀਲ ਇਹ ਸੀ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਤ ਪਰੰਪਰਾ ਦੇ ਅਧੀਨ ਨਹੀਂ ਦੇਖਣਾ ਚਾਹੀਦਾ। ਇਸ ਸਬੰਧੀ ਅਸੀਂ ਗੁਰੂ ਸਾਹਿਬ ਬਾਰੇ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਕਵੀ ਕਿਹਾ ਹੈ ਜੋ ਸਰਵ ਉਚ ਪ੍ਰਭੂ ਦੇ ਗੁਣ ਗਾਉਂਦਾ ਹੈ। ਉਨ੍ਹਾਂ ਨੇ ਕੇਵਲ ਤਪੱਸਿਆ ਭਰੇ ਜੀਵਨ ਦੀ ਵਕਾਲਤ ਨਾ ਕਰਦੇ ਹੋਏ ਘਰਵਾਸ ਵਾਲੀ ਜ਼ਿੰਦਗੀ ਵਿਚ ਜੀਵਨ ਬਸਰ ਕਰਨ ਅਤੇ ਪ੍ਰਭੂ ਭਗਤੀ ਕਰਨ ਦਾ ਉਪਦੇਸ਼ ਕੀਤਾ। ਪ੍ਰੋਫੈਸਰ ਮਾਨ ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੇਫੋਰਨੀਆ ਸੇਂਟ ਬਾਰਬਰਾ, ਦੇ ਸਾਬਕਾ ਪ੍ਰੋਫੈਸਰ ਹਨ। ਇਸ ਸਮੇਂ ਉਹ ਨਿਊਯਾਰਕ ਵਿੱਚ ਸਥਿਤ ਗਲੋਬਲ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਡਾਇਰੈਕਟਰ ਹਨ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਸਮੂਹ ਦੇ ਸਾਬਕਾ ਵਿਦਿਆਰਥੀ ਹਨ।
ਇਸ ਲੜੀ ਦਾ ਦੂਜਾ ਭਾਸ਼ਣ ਪਾਕਿਸਤਾਨ ਦੇ ਮਾਨਵ-ਵਿਗਿਆਨੀ ਹਾਰੂਨ ਖਾਲਿਦ ਦੁਆਰਾ ਦਿੱਤਾ ਗਿਆ। ਉਹ ਇੱਕ ਯਾਤਰਾ ਲੇਖਕ ਅਤੇ ਸੁਤੰਤਰ ਪੱਤਰਕਾਰ ਹਨ। ਹਾਰੂਨ ਖਾਲਿਦ ਪਾਕਿਸਤਾਨ ਵਿਚ ਧਾਰਮਿਕ ਘੱਟ ਗਿਣਤੀਆਂ `ਤੇ ਕੰਮ ਕਰ ਰਹੇ ਹਨ। ਉਹ “ਵਾਕਿੰਗ ਵਿਦ ਨਾਨਕ” ਪੁਸਤਕ ਦੇ ਲੇਖਕ ਹਨ ਅਤੇ ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਪਾਕਿਸਤਾਨ ਵਿਚ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦਾ ਸੰਦੇਸ਼ ਸਾਰੀ ਦੁਨੀਆਂ ਲਈ ਸਾਂਝਾ ਹੈ ਅਤੇ ਗੁਰੂ ਸਾਹਿਬ ਨੂੰ ਕੇਵਲ ਸਿੱਖਾਂ ਦੇ ਗੁਰੂ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਵੇਂ ਦੁਨੀਆਂ ਵਿਚ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਾ ਆਪਣੇ ਢੰਗ ਨਾਲ ਗੁਰੂ ਜੀ ਦੀ ਉਪਮਾ ਤੇ ਪੂਜਾ ਕਰਦਾ ਹੈ ਉਸੇ ਤਰ੍ਹਾਂ ਪਾਕਿਸਤਾਨ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬੰਦਗੀ ਤੇ ਪੂਜਾ ਪਾਠ ਕਰਨ ਵਾਲਿਆਂ ਦਾ ਢੰਗ ਆਪਣਾ ਹੀ ਹੈ।
ਇਤਿਹਾਸ ਵਿਭਾਗ ਦੇ ਮੁਖੀ ਪ੍ਰੋ: ਅਮਨਦੀਪ ਬੱਲ ਨੇ ਬੁਲਾਰਿਆਂ ਦੀ ਜਾਣ-ਪਛਾਣ ਕਰਾਈ ਅਤੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਅਮਰਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਹਰਨੀਤ ਕੌਰ, ਸਹਾਇਕ ਪ੍ਰੋਫੈਸਰ ਨੇ ਸੁਆਲ ਜੁਆਬ ਸੈਸ਼ਨ ਦਾ ਸੰਚਾਲਨ ਕੀਤਾ।