ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. Jul 5th, 2020

ਗੁਰੂ ਦਾ ਪਿਆਰਾ ਸਿਦਕੀ ਸਿੱਖ ਭਾਈ ਵਰਿਆਮ ਸਿੰਘ ਦੀ ਦਾਸਤਾਨ : ਭਾਰਤੀ ਨਿਜ਼ਾਮ ਦੀ ਕਰੂਰਤਾ ਦੀ ਮੂੰਹ ਬੋਲਦੀ ਤਸਵੀਰ

ਗੁਰੂ ਦਾ ਪਿਆਰਾ ਸਿਦਕੀ ਸਿੱਖ ਭਾਈ ਵਰਿਆਮ ਸਿੰਘ ਦੀ ਦਾਸਤਾਨ : ਭਾਰਤੀ ਨਿਜ਼ਾਮ ਦੀ ਕਰੂਰਤਾ ਦੀ ਮੂੰਹ ਬੋਲਦੀ ਤਸਵੀਰ

ਰਿਹਾਈ ਉਪਰੰਤ ਗ਼ੁਰਬਤ ਦੀ ਜ਼ਿੰਦਗੀ ਹੰਢਾਉਣ ਪ੍ਰਤੀ ਦੂਸ਼ਣ ਦਾ ਭਾਈ ਸਾਹਿਬ ਦੇ ਸਪੁੱਤਰ ਭਾਈ ਜਸਵਿੰਦਰ ਸਿੰਘ ਨੇ ਕੀਤਾ ਸਖ਼ਤ ਲਬਜਾਂ ‘ਚ ਖੰਡਨ

ਭਾਈ ਵਰਿਆਮ ਸਿੰਘ ਨੂੰ ਜਦ ਵੀ ਯਾਦ ਕੀਤਾ ਜਾਇਆ ਕਰੇਗਾ ਤਾਂ ਉਸ ਦੀ ਸਿੱਖੀ ਸਿਦਕ- ਸਿਰੜ ਅਤੇ ਗੁਰੂ ਪ੍ਰਮਾਤਮਾ ਪ੍ਰਤੀ ਪਕਾ ਵਿਸ਼ਵਾਸ ਰਖਣ ਵਾਲੇ ਇਕ ਸਚੇ ਸੁਚੇ ਪੁਰਾਤਨ ਸਮੇਂ ਦੇ ਗੁਰਸਿਖ ਦਾ ਕਿਰਦਾਰ ਦ੍ਰਿਸ਼ਟੀਗੋਚਰ ਹੁੰਦਾ ਰਹੇਗਾ ਉੱਥੇ ਹੀ ਭਾਰਤੀ ਨਿਜ਼ਾਮ ਦੀ ਕਰੂਰਤਾ ਅਤੇ ਸਿਖ ਕੌਮ ਪ੍ਰਤੀ ਬੇਇਨਸਾਫ਼ੀ ਵਾਲੀ ਦਾਸਤਾਨ ਵੀ ਦੁਨੀਆ ਸਾਹਮਣੇ ਆਉਂਦੀ ਰਹੇਗੀ। ਇਸ ਗੈਰ ਮਾਨਵੀ ਵਰਤਾਰੇ ਦੇ ਕਾਲੇ ਦਾਗ ਨੂੰ ਧੋ ਸਕਣਾ ਭਾਰਤੀ ਹਕੂਮਤ ਲਈ ਸਹਿਜ ਨਹੀਂ ਹੋਵੇਗਾ।

ਬਗੈਰ ਕਿਸੇ ਜੁਲਮ ਤੋਂ 25 ਸਾਲ 7 ਮਹੀਨੇ ਕੈਦ ਕੱਟਣ ਵਾਲੇ ਬੇਗੁਨਾਹ ਸਿਆਸੀ ਸਿੱਖ ਕੈਦੀ ਭਾਈ ਵਰਿਆਮ ਸਿੰਘ ਵਾਸੀ ਪਿੰਡ ਬਰੀਬਰਾ, ਜ਼ਿਲ੍ਹਾ ਸ਼ਾਹਜਹਾਨ ਪੁਰ, ਯੂ. ਪੀ., ਬੀਤੇ ਦਿਨੀਂ ਦਿਲ ਦੀ ਬਿਮਾਰੀ ਕਾਰਨ 69 ਸਾਲ ਦੀ ਉਮਰੇ ਅਕਾਲ ਚਲਾਣਾ ਕਰ ਗਏ ਹਨ। ਇਸ ਤੋਂ ਪਹਿਲਾਂ ਆਪ ਦੀ ਧਰਮ ਪਤਨੀ ਜ਼ਿੰਦਗੀ ਦੀ ਹਮਰਾਹ ਬੀਬੀ ਸੁਰਿੰਦਰ ਕੌਰ ਕੈਂਸਰ ਦੀ ਬਿਮਾਰੀ ਨਾਲ ਸਦੀਵੀ ਵਿਛੋੜਾ ਦੇ ਗਈ ਸੀ।

ਬਰੇਲੀ ਜੇਲ੍ਹ, ਯੂ ਪੀ ਤੋਂ 2016 ‘ਚ ਹੋਈ ਰਿਹਾਈ ਲਈ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਯੂ ਪੀ ਰਾਜ ਦੇ ਤਤਕਾਲੀ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦਾ ਰੋਲ ਸਲਾਹੁਣਯੋਗ ਰਿਹਾ। ਸਿਖ ਜਥੇਬੰਦੀਆਂ ਸੰਸਥਾਵਾਂ ਸਮੇਤ ਭਾਈ ਗੁਰਬਖ਼ਸ਼ ਸਿੰਘ ਅਤੇ ਬਾਪੂ ਸੂਰਤ ਸਿੰਘ ਵਲੋਂ ਸਿਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਦਿਆਂ ਵਿੱਢੇ ਗਏ ਸੰਘਰਸ਼ ਦੌਰਾਨ ਕਈ ਬੰਦੀ ਸਿੰਘਾਂ ਦੇ ਨਾਲ ਚਰਚਾ ਵਿਚ ਆਏ ਭਈ ਵਰਿਆਮ ਸਿੰਘ ਪ੍ਰਤੀ ਰਾਮੂਵਾਲੀਆ ਦਾ ਧਿਆਨ ਗਿਆ ਤਾਂ ਉਨ੍ਹਾਂ ਯੂ ਪੀ ‘ਚ ਜੇਲ੍ਹ ਮੰਤਰੀ ਬਣਦੇ ਸਾਰ ਹੀ ਇਸ ਕਾਰਜ ਨੂੰ ਅੰਜਾਮ ਦੇਣਾ ਚਾਹਿਆ, ਪਰ ਕੇਂਦਰ ਸਰਕਾਰ ਵਲੋਂ ਲਾਗੂ ਟਾਡਾ ਕਾਰਨ ਉਸ ਨੂੰ ਆਪਣੇ ਅਧਿਕਾਰ ਤਹਿਤ ਰਿਹਾਅ ਨਹੀਂ ਕੀਤਾ ਜਾ ਸਕਦਾ ਸੀ। ਕਈ ਅੜਚਣਾਂ ਬਾਅਦ ਸ: ਰਾਮੂਵਾਲੀਆ ਨੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ 60 ਦਿਨਾਂ ਦੀ ਪਰੋਲ ‘ਤੇ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਅਤੇ ਮਨ ‘ਚ ਧਾਰ ਲਿਆ ਕਿ ਪਰੋਲ ਖ਼ਤਮ ਹੋਣ ਤੋਂ ਪਹਿਲਾਂ ਗੁਰੂ ਦੀ ਮਿਹਰ ਸਦਕਾ ਪੱਕੀ ਰਿਹਾਈ ਕਰਾਈ ਜਾਵੇਗੀ। ਭਾਈ ਸਾਹਿਬ ਦੀ ਰਿਹਾਈ ਲਈ ਚਾਰਾਜੋਈ ਸ਼ੁਰੂ ਕਰ ਦਿਤੀ ਅਤੇ ਪਰੋਲ ਖ਼ਤਮ ਹੋਣ ਤੋਂ ਪਹਿਲਾਂ ਪੱਕੀ ਰਿਹਾਈ ਦੇ ਸੁਪਨੇ ਨੂੰ ਉਨ੍ਹਾਂ ਸੱਚ ਕਰ ਦਿਖਾਇਆ।

ਪਰੋਲ ਮਿਲੀ ਤਾਂ ਸ: ਰਾਮੂਵਾਲੀਆ ਭਾਈ ਸਾਹਿਬ ਨੂੰ ਜੇਲ੍ਹ ਵਿਚ ਮਿਲਣ ਚਲੇ ਗਏ। ਇਸ ਬਾਬਤ ਸ: ਰਾਮੂਵਾਲੀਆ ਦੱਸਦੇ ਹਨ ਕਿ ਉਨ੍ਹਾਂ ਭਾਈ ਸਾਹਿਬ ਦੀ ਸਿਖੀ ਸਿਦਕ ਅਤੇ ਸਚੇ ਸੁਚੇ ਸਿੱਖੀ ਕਿਰਦਾਰ ਦੀ ਝਲਕ ਉਸ ਵਕਤ ਦੇਖੀ ਜਦ ਉਨ੍ਹਾਂ ਨੂੰ ਜੇਲ੍ਹ ਦੇ ਅੰਦਰ ਕਮਰੇ ਵਿਚ ਮਿਲਣ ਲਈ ਬੁਲਾਇਆ ਅਤੇ ਪੁਛਿਆ ਕਿ ”ਕਿਉਂ ਨਾ ਤੁਹਾਨੂੰ ਛੱਡ ਦੇਈਏ? ਉਨ੍ਹਾਂ ਸੋਚਿਆ ਕਿ ਭਾਈ ਸਾਹਿਬ ਤਰਲਾ ਮਾਰੇਗਾ! ਮਿੰਨਤ ਕਰੇਗਾ! ਕਿ ਬਹੁਤ ਔਖੇ ਹਾਂ ਛੱਡ ਦਿਓ!, ਪਰ ਭਾਈ ਸਾਹਿਬ ਦਾ ਜਵਾਬ ਸੁਣ ਕੇ ਉਨ੍ਹਾਂ ਹੈਰਾਨੀ ਅਤੇ ਭਾਵਕ ਹੁੰਦਿਆਂ ਕਿਹਾ ” ਵਾਹ ਗੁਰੂ ਗੋਬਿੰਦ ਸਿੰਘ ਦਿਆ ਪੁਤਰਾ ਸ਼ੀਹਣੀ ਮਾਂ ਦਾ ਸ਼ੀਂਹ ਪੁੱਤਰ ਸਿਖੀ ਦੀ ਸ਼ਾਨ। ਕਿਉਂਕਿ ਭਾਈ ਸਾਹਿਬ ਦਾ ਜਵਾਬ ਸੀ, ਸਰਦਾਰ ਜੀ ਤੁਸੀ ਆਏ ਹੋ! ਗੁਰੂ ਗੋਬਿੰਦ ਸਿੰਘ ਜੀ ਨੇ ਛੱਡਣਾ, ਤੁਹਾਡੇ ਕੋਲੋਂ ਰਿਹਾਈ ਕਰਾਉਣੀ, ਦਸਤਖ਼ਤ ਤੁਹਾਡੇ ਹੋਣੇ, ਕ੍ਰਿਪਾ ਗੁਰੂ ਮਹਾਰਾਜ ਦੀ”। ਰਾਮੂਵਾਲੀਆ ਨੇ ਅਗੇ ਦਸਿਆ ਕਿ ਮੈਨੂੰ ਕਿਹਾ ਹੀ ਨਹੀਂ ਮੈਨੂੰ ਛੱਡ ਦੇ !! ਮੈਨੂੰ ਉਸ ਵਕਤ ਐਸਾ ਲਗਿਆ ਭਾਈ ਸਾਹਿਬ ਦਾ ਕੱਢ ੮ ਫੁੱਟ ਅਤੇ ਮੇਰਾ ੫ ਫੁੱਟ ਹੈ। ਇਸ ਤੋਂ ਬਾਅਦ ਜਦ ਰਿਹਾਈ ਦਾ ਦਿਨ ਆਇਆ ਤਾਂ ਸ: ਰਾਮੂਵਾਲੀਆ ਨੇ ਜੇਲ੍ਹ ਅਧਿਕਾਰੀ ਨੂੰ ਕਿਹਾ ਕਿ ਦਸਿਆ ਜਾਵੇ ਕਿ ਰਿਹਾਅ ਹੋ ਕੇ ਭਾਈ ਸਾਹਿਬ ਨੇ ਕੀ ਕੀਤਾ। ਦਸ ਦੇ ਹਨ ਕਿ ਭਾਈ ਸਾਹਿਬ ਰਿਹਾਅ ਹੋਣ ਉਪਰੰਤ ਜੇਲ੍ਹ ਤੋਂ ਬਾਹਰ ਆ ਕੇ ਪ੍ਰਥਮ ਪਤਾ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕਿਸ ਤਰਫ ਹੋਵੇਗਾ । ਜਦ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਦਿਸ਼ਾ ਬਾਰੇ ਪਤਾ ਲਗਾ ਤਾਂ ਉਨ੍ਹਾਂ ਉਸ ਪਾਸੇ ਡੰਡੌਤ ਪ੍ਰਣਾਮ ਕੀਤਾ ਅਤੇ ਗੁਰੂ ਦਾ ਸ਼ੁਕਰਾਨਾ ਕੀਤਾ। ਉਕਤ ਚਰਚਾ ਛੇੜਨ ਦਾ ਕਾਰਨ ਭਾਈ ਸਾਹਿਬ ਦੀ ਸਿਖੀ ਸਿਦਕ ਅਤੇ ਗੁਰੂ ਸਾਹਿਬ ‘ਤੇ ਭਰੋਸੇ ਦੀ ਬਾਤ ਪਾਉਣੀ ਹੈ।

ਦਾਸ ਵਲੋਂ ਭਾਈ ਸਾਹਿਬ ਦੀ ਸੰਗਤ ਮਾਣਨ ਦਾ ਸੁਭਾਗ ਉਸ ਵਕਤ ਪ੍ਰਾਪਤ ਹੋਇਆ ਜਦ ਰਿਹਾਈ ਉਪਰੰਤ ਸ਼ੁਕਰਾਨਾ ਕਰਨ ਲਈ ਪਹਿਲੀ ਵਾਰ ਉਹ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਨੂੰ ਆਏ। ਭਾਈ ਵਰਿਆਮ ਸਿੰਘ ਬਹੁਤ ਹੀ ਸ਼ਾਂਤ ਚਿਤ, ਦਿਲ ਦੇ ਸੱਚੇ ਸਿੱਖ ਸਨ। ਉਨ੍ਹਾਂ ਨੂੰ ਕੋਈ ਮੋਹ ਮਾਇਆ ਦਾ ਲਾਲਚ ਨਹੀਂ ਸੀ। ਆਪਣੇ ਜੀਵਨ ਦੇ 26 ਸਾਲ ਇਕੱਲੇ ਕੈਦ ਵਿਚ ਬਿਤਾਉਣ ਵਾਲੇ ਨੇ ਦਸਿਆ ਕਿ ਗੁਰਬਾਣੀ ਅਤੇ ਸੰਗਤ ਦੇ ਅਰਦਾਸ ਦੇ ਕਾਰਨ, ਉਹ ਸਮਾਂ ਹੁਣ ਬੀਤ ਗਿਆ ਹੈ।

ਭਾਈ ਵਰਿਆਮ ਸਿੰਘ ਦੇ ਕੇਸ ਨੂੰ ਨੇੜੇ ਤੋਂ ਅਤੇ ਸੱਚ ਜਾਣਨ ਵਾਲੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਦਾ ਕਹਿਣਾ ਹੈ ਕਿ ਭਾਈ ਸਾਹਿਬ ਇਕ ਸਧਾਰਨ ਸਿਖ ਪਰਿਵਾਰ ਨਾਲ ਸੰਬੰਧਿਤ ਸਨ। ਜਿਸ ਕਤਲ ਦੇ ਕੇਸ ਤਹਿਤ ਭਾਈ ਸਾਹਿਬ ਦੀ ਗ੍ਰਿਫ਼ਤਾਰੀ ਹੋਈ ਉਸ ਨਾਲ ਭਾਈ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ ਸੀ। ਉਨ੍ਹਾਂ ਨੂੰ 39 ਸਾਲ ਦੀ ਉਮਰੇ 17 ਅਪ੍ਰੈਲ 1990 ਵਿਚ ਮੁਕੱਦਮਾ ਨੰਬਰ-80 ਟਾਡਾ ਕਾਨੂੰਨ ਦੀ ਧਾਰਾ 3, 4 ਅਤੇ 120ਬੀ ਆਈਪੀਸੀ ਅਧੀਨ ਉੱਤਰ ਪ੍ਰਦੇਸ਼ ਦੀ ਬਾਂਸ ਬਰੇਲੀ ਜੇਲ੍ਹ ਵਿਚ ਬੰਦ ਕੀਤਾ ਗਿਆ। ਪੀਲੀਭੀਤ ਦੀ ਟਾਡਾ ਅਦਾਲਤ ਵਲੋਂ 10 ਜਨਵਰੀ 1995 ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਸਮੇਂ ਨਿਆਂ ਅਤੇ ਨਿਰਪੱਖਤਾ ਨੂੰ ਅੱਖੋਂ ਪਰੋਖੇ ਕਰਦਿਆਂ ਅਗਿਆਤ ਗਵਾਹ ਨੂੰ ਬਚਾਅ ਪੱਖ ਦੇ ਕਰਾਸ ਜਾਂਚ ਤੋਂ ਮੁਕਤ ਕਰ ਦਿੱਤਾ ਗਿਆ ਅਤੇ ਅਖੀਰ ਬੇਗੁਨਾਹਾਂ ਨੂੰ ਦੋਸ਼ੀ ਮੰਨ ਲਿਆ ਗਿਆ। ਸੋ ਜ਼ੁਲਮ ਦੀ ਇੰਤਹਾ ਕਹੋ ਜਾਂ ਕੁੱਝ ਹੋਰ ਸਮੇਂ ਦੀ ਤਾਨਾਸ਼ਾਹ ਹਕੂਮਤ ਨੇ ਭਾਈ ਵਰਿਆਮ ਸਿੰਘ, ਉਸ ਦੇ ਭਰਾ ਅਤੇ ਨੌਜਵਾਨ ਭਤੀਜੇ ਮੇਜਰ ਸਿੰਘ ਨੂੰ ਬਿਲਕੁਲ ਕੋਈ ਜੁਰਮ ਕੀਤੇ ਬਿਨਾ ਕਥਿਤ ਦੋਸ਼ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਦਿਤੀ। ਉਸ ਵਕਤ ਵਰਿਆਮ ਸਿੰਘ ਦਾ ਭਤੀਜਾ ਭਾਈ ਮੇਜਰ ਸਿੰਘ, ਜੋ ਸਿਰਫ਼ 14 ਸਾਲਾਂ ਨਾਬਾਲਗ ਸੀ।

ਕਰੀਬ 26 ਸਾਲ ਜੇਲ੍ਹ ਵਿਚ ਰੱਖਣ ਮਗਰੋਂ ਉਨ੍ਹਾਂ ਨੂੰ 17 ਦਸੰਬਰ 2015 ਨੂੰ ਪਹਿਲੀ ਵਾਰ ਪੈਰੋਲ ਦਿੱਤੀ ਗਈ ਸੀ ਅਤੇ ਮਗਰੋਂ ਉਹ 2016 ਵਿਚ ਰਿਹਾਅ ਹੋਏ ਤਾਂ ਉਨ੍ਹਾਂ ਦੀ ਉਮਰ 65 ਸਾਲ ਨੂੰ ਟੱਪ ਚੁਕੀ ਸੀ। ਉਨ੍ਹਾਂ ਨੂੰ ਇਸ ਲੰਬੀ ਜੇਲ੍ਹ ਦੌਰਾਨ ਪਹਿਲਾਂ ਕਦੇ ਵੀ ਪੈਰੋਲ ਨਹੀਂ ਮਿਲੀ ਤੇ ਉਨ੍ਹਾਂ ਨੂੰ ਕਾਨੂੰਨ ਮੁਤਾਬਿਕ ਪ੍ਰਚੱਲਿਤ ਉਮਰ ਕੈਦ ਤੋਂ ਕਈ ਵਰ੍ਹੇ ਵੱਧ ਕੈਦ ਕੱਟਣੀ ਪਈ। ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਵਕਤ ਉਸ ਦਾ ਪੁੱਤਰ 3 ਸਾਲਾਂ ਦਾ ਸੀ ਅਤੇ ਜਦ 26 ਸਾਲਾਂ ਬਾਅਦ ਰਿਹਾਅ ਹੋਇਆ ਤਾਂ ਉਸ ਦਾ ਪੋਤਾ ਵੀ ਉਸੇ ਉਮਰ ਦਾ ਹੋ ਚੁੱਕਿਆ ਸੀ।

ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੁੱਝ ਸ਼ਰਾਰਤੀ ਕਿਸਮ ਦੇ ਲੋਕ ਸੰਘਰਸ਼ਸ਼ੀਲ ਧਿਰਾਂ ਜਥੇਬੰਦੀਆਂ ਅਤੇ ਵਿਅਕਤੀਆਂ ਦੇ ਹੌਸਲੇ ਪਸਤ ਕਰਨ ਦੀ ਸਾਜ਼ਿਸ਼ ਅਧੀਨ ਸੰਗਤ ਵਿਚ ਭਰਮ ਭੁਲੇਖਾ ਪਾਉਣ ਲਈ ਇਹ ਗੁਮਰਾਹਕੁਨ ਚਰਚਾ ਚਲਾਉਣ ‘ਚ ਮਗਨ ਹਨ ਕਿ ਸਿਦਕੀ ਸਿਖ ਭਾਈ ਵਰਿਆਮ ਸਿੰਘ ਜੇਲ੍ਹ ਤੋਂ ਬਾਹਰ ਆ ਕੇ ਗ਼ੁਰਬਤ ਦੀ ਜ਼ਿੰਦਗੀ ਗੁਜ਼ਾਰ ਲਈ ਮਜਬੂਰ ਸਨ। ਸਿੱਖ ਕੌਮ ਅਤੇ ਸੰਸਥਾਵਾਂ ਨੇ ਭਾਈ ਸਾਹਿਬ ਦੀ ਸਾਰ ਨਹੀਂ ਲਈ। ਇਹ ਸਭ ਮਨਘੜਤ ਤੇ ਪ੍ਰਾਪੇਗੰਡਾ ਹਨ। ਸਿਖ ਸੰਘਰਸ਼ ਪ੍ਰਤੀ ਨੌਜਵਾਨ ਪੀੜੀ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਹਨ। ਜਦ ਕਿ ਸਚਾਈ ਇਹ ਹੈ ਕਿ ਭਾਈ ਸਾਹਿਬ ਇਕ ਸਿਦਕੀ ਅਤੇ ਗੁਰੂ ਦੇ ਭਾਣੇ ਵਿਚ ਰਹਿਣ ਵਾਲੇ ਨਿੱਤਨੇਮੀ ਸਨ। ਰਿਹਾਈ ਉਪਰੰਤ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਸ: ਅਵਤਾਰ ਸਿੰਘ ਮੱਕੜ ਵਲੋਂ ਸ: ਕਰਨੈਲ ਸਿੰਘ ਪੰਜੋਲੀ ਅਤੇ ਭਾਈ ਅਜੈਬ ਸਿੰਘ ਅਭਿਆਸੀ ਰਾਹੀਂ ਆਪ ਜੀ ਅਤੇ ਆਪ ਦੀ ਧਰਮ ਪਤਨੀ ਦੇ ਇਲਾਜ ਅਤੇ ਲੋੜਾਂ ਦੀ ਪੂਰਤੀ ਲਈ ਕਰੀਬ 3 ਲਖ ਰੁਪੈ ਮਾਲੀ ਮਦਦ ਦਿਤੀ ਗਈ। ਇਸੇ ਤਰਾਂ ਦਿੱਲੀ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ ਵਲੋਂ ਕਰੀਬ ਤਿੰਨ ਲਖ ਮਾਲੀ ਮਦਦ ਦਿਤੀ ਗਈ । ਸ਼੍ਰੋਮਣੀ ਕਮੇਟੀ ਵਲੋਂ ਭਾਈ ਸਾਹਿਬ ਦੀ ਨੂੰਹ ਬੀਬੀ ਰਣਜੀਤ ਕੌਰ ਨੂੰ ਨੌਕਰੀ ਦਿਤੀ ਗਈ। ਇਸੇ ਤਰਾਂ ਇੰਗਲੈਂਡ ਦੀ ਸਿਖ ਸੰਸਥਾ ਸਿਖ ਰਿਲੀਫ ਵਲੋਂ ਸ: ਬਲਬੀਰ ਸਿੰਘ ਬੈਂਸ ਦੀ ਅਗਵਾਈ ‘ਚ ੧0 ਲੱਖ ਦੀ ਮਾਲੀ ਮਦਦ ਨਾਲ ਅੰਮ੍ਰਿਤਸਰ ਵਿਚ ਮਕਾਨ ਲੈ ਕੇ ਦੇਣ ਅਤੇ ਯੂ ਪੀ ‘ਚ ਸਥਿਤ ਖਸਤਾ ਹਾਲਤ ਮਕਾਨ ਦੀ ਮੁੜ ਉਸਾਰੀ ਲਈ ਪਹਿਲ ਕਦਮੀ ਕੀਤੀ ਗਈ। ਇਸੇ ਤਰਾਂ ਹੋਰਨਾਂ ਸਿਖ ਸੰਸਥਾਵਾਂ ਵਲੋਂ ਆਪਣੀ ਵਿਤ ਮੁਤਾਬਕ ਮਾਲੀ ਮਦਦ ਦਿਤੀ ਗਈ। ਇਸ ਗਲ ਦੀ ਗਵਾਹੀ ਭਾਈ ਸਾਹਿਬ ਦੇ ਸਪੁੱਤਰ ਭਾਈ ਜਸਵਿੰਦਰ ਸਿੰਘ ਨੇ ਵੀ ਭਰੀ ਹੈ। ਉਨ੍ਹਾਂ ਇਲਾਜ ਖੁਣੋਂ ਅਕਾਲ ਚਲਾਣੇ ਦੀ ਗਲ ਦਾ ਵੀ ਸਖ਼ਤੀ ਨਾਲ ਖੰਡਨ ਕੀਤਾ ਅਤੇ ਇਸ ਪ੍ਰਕਾਰ ਦੇ ਪ੍ਰਾਪੇਗੰਡਾ ਨੂੰ ਭਾਈ ਸਾਹਿਬ ਅਤੇ ਪਰਿਵਾਰ ਦਾ ਅਸ ਖ਼ਰਾਬ ਕਰਨ ਦੇ ਤੁੱਲ ਦਸਿਆ। ਉਨ੍ਹਾਂ ਦਸਿਆ ਕਿ ਸਵਾਸਾਂ ਦੀ ਪੂੰਜੀ ਪੂਰੀ ਕਰਨ ਤੋਂ ਪਹਿਲਾਂ ਆਪ ਜੀ ਦਾ ਬਰੇਲੀ ਦੇ ਇਕ ਚੰਗੇ ਹਸਪਤਾਲ ਵਿਚ ਇਲਾਜ ਚਲ ਰਿਹਾ , ਜਿੱਥੇ ਆਪ ਜੀ ਹਫ਼ਤਾ ਭਰ ਦਾਖਲ ਰਹੇ। ਪਰ ਦਿਲ ਦੀਆਂ ਨਾੜੀਆਂ ਦੀ ਬਲਾਕੇਜ ਕਾਰਨ ਜੋ ਇਲਾਜ ਹਸਪਤਾਲ ‘ਚ ਹੋ ਰਿਹਾ ਸੀ ਉਹ ਘਰ ਜਾ ਕੇ ਬੈੱਡ ਰੈਸਟ ਕਰਦਿਆਂ ਕਰਨ ਅਤੇ ਕਿਸੇ ਪ੍ਰਕਾਰ ਦਾ ਆਪਰੇਟ ਨਾ ਕਰਵਾਉਣ ਦੀ ਸਲਾਹ ਮਾਹਿਰ ਡਾਕਟਰਾਂ ਵਲੋਂ ਦਿਤੀ ਗਈ। ਜਿਸ ‘ਤੇ ਪਰਿਵਾਰ ਵਲੋਂ ਅਮਲ ਕੀਤਾ ਗਿਆ ਅਤੇ ਭਾਈ ਸਾਹਿਬ ਨੂੰ ਘਰੇ ਲਿਜਾ ਕੇ ਹਰ ਸੰਭਵ ਸੇਵਾ ਕੀਤੀ ਗਈ।

ਕੁਰਬਾਨੀਆਂ ਕਰਨ ਵਾਲੇ ਇਨ੍ਹਾਂ ਯੋਧਿਆਂ ਦੇ ਸਿਦਕ ਤੋਂ ਬਲਿਹਾਰ ਜਾਈਏ। ਇਹਨਾਂ ਮਹਾਨ ਆਤਮਾਵਾਂ ਤੋਂ ਕੌਮੀ ਸੰਘਰਸ਼ ਲਈ ਸਿਖਿਆ ਲੈਣ ਦੀ ਜਰੂਰਤ ਹੈ। ਇਹਨਾਂ ਰੱਬ ਦੇ ਬੰਦਿਆਂ ਤੋਂ ਸੇਧ ਲੈਣ ਦੀ ਜਰੂਰਤ ਹੈ, ਜਿਹੜੇ ਜ਼ੰਜੀਰਾਂ ਵਿਚ ਜਕੜਿਆਂ ਵੀ ਚੜ੍ਹਦੀਆਂ ਕਲਾਂ ਵਿਚ ਰਹੇ, ਮੁਸੀਬਤਾਂ ਦੇ ਘੁੱਪ ਹਨੇਰ ਵਿਚ ਵੀ ਹਿਰਦੇ ਵਿਚਲੀ ਰੱਬੀ ਜੋਤ ਨੂੰ ਸੁਰਜੀਤ ਰੱਖਿਆ ਹੈ, ਇਸ ਤਰ੍ਹਾਂ ਦੇ ਹੋਰ ਬਹੁਤ ਕੁਰਬਾਨੀ ਵਾਲੇ ਆਗੂ ਹਨ, ਜਿੰਨਾਂ ਉਮਰ ਭਰ ਜੇਲ੍ਹਾਂ ਅਤੇ ਜਲ੍ਹਾਵਤਨੀਆਂ ਕੱਟੀਆਂ ਪਰ ਕਦੇ ਵੀ ਫੋਕੀ ਸ਼ੁਹਰਤ ਖੱਟਣ ਲਈ ਦੂਸਰਿਆਂ ‘ਤੇ ਉਂਗਲ ਨਹੀ ਚੁੱਕੀ, ਸਗੋਂ ਸਿੱਖੀ ਸਿਦਕ ਨਿਭਾਇਆ । ਭਾਈ ਵਰਿਆਮ ਸਿੰਘ ਜੀ ਦਾ ਅਕਾਲ ਚਲਾਣਾ ਕਰ ਜਾਣਾ ਸਿੱਖ ਕੌਮ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਆਪ ਜੀ ਦੀ ਕੁਰਬਾਨੀ ਨੂੰ ਪ੍ਰਣਾਮ ਹੈ। ਆਪ ਜੀ ਵਲੋਂ ਸਿੱਖ ਸੰਘਰਸ਼ ਵਿਚ ਪਾਏ ਗਏ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਨਿਵਾਸ ਪਿੰਡ ਬਰੀਬਰਾ, ਯੂ. ਪੀ. ਵਿਖੇ 2 ਜੁਲਾਈ 2020 ਨੂੰ ਅੰਤਿਮ ਅਰਦਾਸ ਉਪਰੰਤ ਸ਼ਰਧਾ ਦੇ ਫੁਲ ਭੇਟ ਕੀਤੇ ਜਾਣੇ ਹਨ। ਪਰ ਕਰੋਨਾ ਕਾਰਨ ਪ੍ਰਸ਼ਾਸਨ ਵਲੋਂ ਇਕੱਠ ਕਰਨ ਦੀ ਮਨਜ਼ੂਰੀ ਨਹੀਂ ਦਿਤੀ ਗਈ, ਸੋ ਆਤਮਿਕ ਤੌਰ ‘ਤੇ ਅਰਦਾਸ ‘ਚ ਸ਼ਾਮਿਲ ਹੋਣਾ ਸਾਡੇ ਸਭ ਦਾ ਫ਼ਰਜ਼ ਬਣਦਾ ਹੈ। ਆਪ ਜੀ ਦੇ ਸਪੁੱਤਰ ਭਾਈ ਜਸਵਿੰਦਰ ਸਿੰਘ ਨੇ ਦਸਿਆ ਕਿ ਆਪ ਜੀ ਭਾਈ ਵਰਿਆਮ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਦੀ ਯਾਦ ਵਿਚ ਅੰਮ੍ਰਿਤਸਰ ਵਿਖੇ ਮਾਹੌਲ ਸਾਜ਼ਗਾਰ ਹੋਣ ‘ਤੇ ਸਮਾਗਮ ਕੀਤਾ ਜਾਵੇਗਾ। ਅਜਿਹੇ ‘ਚ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਚ ਕੈਦ ਕੀਤੇ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ‘ਚ ਤੇਜ਼ੀ ਲਿਆਉਣ।

ਪ੍ਰੋ: ਸਰਚਾਂਦ ਸਿੰਘ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: