Tue. Jul 23rd, 2019

ਗੁਰੂੂ ਨਾਨਕ ਦੇਵ ਯੂਨੀਵਰਸਿਟੀ ਵਿਚ ਰਿਲੀਜ਼ ਹੋਈ “ਖੂਨੀ ਵਿਸਾਖੀ”

ਗੁਰੂੂ ਨਾਨਕ ਦੇਵ ਯੂਨੀਵਰਸਿਟੀ ਵਿਚ ਰਿਲੀਜ਼ ਹੋਈ “ਖੂਨੀ ਵਿਸਾਖੀ”
ਹੱਕ, ਸੱਚ, ਜ਼ੁਲਮ ਵਿਰੁੱਧ ਡੱਟਣ ਅਤੇ ਇਨਸਾਨੀਅਤ ਤੇ ਪਹਿਰਾ ਦੇਣ ਦਾ ਨਾਂ ਹੈ “ਖੂਨੀ ਵਿਸਾਖੀ”: ਮਨਪ੍ਰੀਤ ਬਾਦਲ

ਅੰਮ੍ਰਿਤਸਰ, 15 ਅਪ੍ਰੈਲ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬੀ ਦੇ ਉੱਘੇ ਨਾਵਲਕਾਰ ਨਾਵਲਕਾਰ ਨਾਨਕ ਸਿੰਘ ਦੀ ਕਾਵਿ ਪੁਸਤਕ “ਖੂਨੀ ਵਿਸਾਖੀ” ਨੂੰ ਮਨੁੱਖਤਾਵਾਦੀ ਸੋਚ ਨਾਲ ਪ੍ਰਣਾਈ ਕਾਵਿ ਪੁਸਤਕ ਬਾਰੇ ਦੱਸਦਿਆ ਕਿਹਾ ਹੈ ਕਿ ਇਹ ਪੁਸਤਕ ਉਹਨਾਂ ਵੱਲੋਂ ਆਪਣੀ ਅੱਖੀ ਡਿੱਠੀ ਦਾਸਤਾਨ ਸੀ ਜਿਸ ਨੂੰ ਉਹਨਾਂ ਨੇ ਮਾਰਮਿਕ ਢੰਗ ਨਾਲ ਕਾਵਿਕ ਰੂਪ ਦਿੱਤਾ । ਇਸ ਦੇ ਲਈ ਸਮੁੱਚੀ ਪੰਜਾਬੀਅਤ ਸਦਾ ਰਿਣੀ ਰਹੇਗੀ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੰਜਾਬੀ ਦੇ ਮਹਾਨ ਨਾਵਲਕਾਰ ਨਾਨਕ ਸਿੰਘ ਦੀ ਕਾਵਿ ਪੁਸਤਕ “ਖੂਨੀ ਵਿਸਾਖੀ” ਜੋ 13 ਅਪ੍ਰੈਲ 1919 ਨੂੰ ਵਾਪਰੇ ਦੁਖਾਂਤ ਨੂੰ ਰੋਹ ਵਜੋਂ ਪੇਸ਼ ਕਰਦੀ ਹੈ, ਨੂੰ ਅੱਜ ਮੁੜ 1920 ਤੋਂ ਬਾਅਦ ਪ੍ਰਕਾਸ਼ਿਤ ਕਰਕੇ ਰਿਲੀਜ਼ ਕੀਤੇ ਜਾਣ ਦੇ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ।
ਉਹਨਾਂ ਨੇ ਕਿਹਾ ਕਿ ਅੱਜ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਜ਼ਲੀ ਇਹੋ ਹੀ ਹੋਵੇਗੀ ਕਿ ਅੱਜ ਅਸੀ ਪ੍ਰਣ ਕਰੀਏ ਕਿ ਦੇਸ਼ ਵਿਚੋਂ ਗੁਰਬਤ, ਅਨਪੜ੍ਹਤਾ, ਫਿਰਕਾਪ੍ਰਸਤੀ, ਭ੍ਰਿਸਟਾਚਾਰ ਨੂੰ ਜੜੋਂ ਮਟਾਉਣ ਦੇ ਲਈ ਸਾਂਝੇ ਤੌਰ ਤੇ ਹੰਭਲਾ ਮਾਰੀਏ । ਉਹਨਾਂ ਕਿਹਾ ਕਿ ਅੱਜ ਵੀ ਦੇਸ਼ ਦੇ ਸ਼ਹੀਦਾਂ ਦਾ ਉਹ ਸੁਪਨਾ ਸਕਾਰ ਹੁੰਦਾ ਨਜ਼ਰ ਨਹੀ ਆ ਰਿਹਾ ਜਿਨ੍ਹਾਂ ਕਰਕੇ ਉਹਨਾਂ ਨੇ ਆਪਣੀਆਂ ਜਿੰਦਗੀਆਂ ਦੇਸ਼ ਤੋਂ ਕੁਰਬਾਨ ਕਰ ਦਿੱਤੀਆਂ । ਸੁੱਖ ਸ਼ਾਂਤੀ ਦੀ ਅਰਦਾਸ ਕਰਦਿਆ ਕਿਹਾ ਕਿ ਆਉ ਦੇਸ਼ ਦੀ ਤੱਰਕੀ ਦੇ ਲਈ ਆਪਣੇ ਆਪ ਨੂੰ ਅੱਗੇ ਲੈ ਕੇ ਆਈਏ। “ਖੂਨੀ ਵਿਸਾਖੀ” ਕਵਿਤਾ ਦਾ ਜ਼ਿਕਰ ਕਰਦਿਆ ਕਿਹਾ ਕਿ ਇਸ ਵਿਚ ਨਾਵਲਕਾਰ ਨਾਨਕ ਸਿੰਘ ਨੇ ਉਹਨਾਂ ਜਜਬਾਤਾਂ ਅਤੇ ਭਾਵਨਾਵਾਂ ਨੂੰ ਕਵਿਤਾ ਵਿਚ ਪੇਸ਼ ਕੀਤਾ ਹੈ, ਜੋ ਦੇਸ਼ ਭਗਤਾਂ ਵਿਚ ਸੀ। ਅੱਜ ਵੀ ਸਾਨੂੰ ਮਨੁੱਖਤਾਵਾਦੀ ਸੋਚ ਤੇ ਪਹਿਰਾ ਦੇਣ ਲਈ ਪ੍ਰੇਰਤ ਕਰਦੀ ਇਸ ਕਵਿਤਾ ਤੋਂ ਆਉਣ ਵਾਲੀਆ ਪੀੜ੍ਹੀਆਂ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ।ਉਹਨਾਂ ਨੇ ਕਿਹਾ ਕਿ ਜੋ ਜਲ੍ਹਿਆਵਾਲਾ ਬਾਗ ਦੇ ਵਿਚ ਸ਼ਹੀਦਾਂ ਨੇ ਆਪਣਾ ਖੂਨ ਡੋਲ ਕੇ ਸਾਝੀ ਵਾਰਤਾ ਦਾ ਸੰਦੇਸ਼ ਦਿੱਤਾ ਹੈ ਨੂੰ ਭੁੱਲਣਾ ਨਹੀ ਚਾਹੀਦਾ।ਉਹਨਾਂ ਕਿਹਾ ਕਿ ਜੋ ਆਪਣਾ ਇਤਿਹਾਸ ਭੁੱਲ ਜਾਦੇ ਹਨ, ਉਹਨਾਂ ਦਾ ਭਵਿੱਖ ਰੁੱਲ ਜਾਦਾ ਹੈ।ਉਹਨਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾ ਦੀਆਂ ਕੁਰਬਾਨੀਆਂ ਨੂੰ ਜਿੱਥੇ ਸਦੀਆ ਤੱਕ ਯਾਦ ਰੱਖਿਆ ਜਾਣਾ ਹੈ ੳੱਥੇ ਮਨੁੱਖਤਾ ਦੇ ਘਾਣ ਦੇ ਲਈ ਅੰਗਰੇਜ਼ ਸਰਕਾਰ ਦੀ ਮਾੜੀ ਸੋਚ ਨੂੰ ਨਕਾਰਿਆ ਜਾਂਦਾ ਰਿਹੇਗਾ।
ਸਮਾਗਮ ਦੋਰਾਨ ਪੈਨਲ ਚਰਚਾ ਵਿਚ ਹਿੱਸਾ ਲੈਦਿਆ ਉਹਨਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਦੇ ਇਤਿਸਾਹਕ ਘਟਨਾਕ੍ਰਮ ਦੇ ਸਦੰਰਭ ਨੂੰ ਪਹਿਲੇ ਵਿਸ਼ਵ ਯੁੱਧ ਤੋਂ ਹੀ ਨਹੀ ਸਗੋਂ 1857 ਦੇ ਗਦਰ ਤੋਂ ਸਮਝਣਾ ਚਾਹੀਦਾ ਹੈ ।ਉਹਨਾਂ ਕਿਹਾ ਕਿ ਅੰਮ੍ਰਿਤਸਰ ਤੋਂ ਇਲਾਵਾ ਲਾਇਲਪੁਰ, ਗੁਜਰਾਂਵਾਲਾ, ਲਾਹੋਰ ਤੋਂ ਇਲਾਵਾ ਸ਼ਹਿਰ ਦੇ ਹੋਰ ਵੀ ਹਿੱਸਿਆ `ਚੋ ਅਜ਼ਾਦੀ ਦੀ ਚਿਣਗ ਧੁੱਖ ਚੁੱਕੀ ਸੀ।ਇਕ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਦੱਸਿਆ ਕਿ ਪੰਜਾਬ ਵਿਚ 1947 ਤੱਕ ਇਕ ਵੀ ਆਪਸੀ ਫਸਾਦ ਨਹੀ ਹੋਇਆ ਹਿੰਦੂ, ਸਿੱਖ, ਮੁਸਲਮਾਨ ਇਕ ਜੁੱਟ ਹੋ ਕੇ ਅਜ਼ਾਦੀ ਦੀ ਲੜਾਈ ਲੜ ਰਹੇ ਸਨ।ਪੰਜਾਬ ਦੇ ਉਸ ਸਮੇਂ 65 ਫ਼ੀਸਦੀ ਮੁਸਲਮਾਨਾਂ ਦੀ ਮੰਗ ਅਜ਼ਾਦੀ ਸੀ ਨਾ ਕਿ ਦੇਸ਼ ਦੀ ਵੰਡ।ਉਹਨਾਂ ਨੇ ਇਹ ਵੀ ਦੱਸਿਆ ਕਿ ਪਹਿਲੇ ਵਿਸ਼ਵ ਯੁੱਧ ਵਿਚ 10 ਲੱਖ ਦੀ ਫ਼ੌਜ਼ ਵਿਚੋਂ 5 ਲੱਖ ਪੰਜਾਬੀ ਸਨ।ਉਹਨਾਂ ਸੱਚ ਤੇ ਖੜਨ, ਹੱਕ ਦਿਵਾਉਣ, ਜ਼ੁਲਮ ਵਿਰੁੱਧ ਡੱਟਣ ਅਤੇ ਇਨਸਾਨੀਅਤ ਦੀ ਰੂਹ ਜਿੰਦਾ ਰੱਖਣ ਦਾ ਨਾਂ ਹੈ “ਖੂਨੀ ਵਿਸਾਖੀ”।ਉਹਨਾਂ ਇਹ ਵੀ ਕਿਹਾ ਕਿ ਅਜ਼ਾਦੀ ਤੋਂ ਬਾਅਦ ਵੀ ਮਸਲੇ ਖ਼ਤਮ ਹੋਣ ਦਾ ਨਾਂ ਨਹੀ ਲੈ ਰਹੇ ।
ਪੈਨਲ ਚਰਚਾ ਦੇ ਵਿਚ ਉਹਨਾਂ ਤੋਂ ਇਲਾਵਾ ਉੱਘੇ ਪੰਜਾਬੀ ਅਲੋਚਕ ਡਾ. ਹਰਭਜਨ ਸਿੰਘ ਭਾਟੀਆ, ਨਾਨਕ ਸਿੰਘ ਦੇ ਸੁੱਪਤਰ ਕੁਲਵੰਤ ਸਿੰਘ ਸੂਰੀ, ਅਨੁਵਾਦਕ ਨਵਦੀਪ ਸੂਰੀ ਅਤੇ ਇਤਿਹਾਸ ਵਿਭਾਗ ਦੇ ਮੁਖੀ ਡਾ. ਅਮਨਦੀਪ ਸ਼ਾਮਲ ਸਨ।ਡਾ. ਅਮਨਦੀਪ ਕੌਰ ਨੇ “ਖੂਨੀ ਵਿਸਾਖੀ” ਵਿਚ ਪੇਸ਼ ਕੀਤੇ ਹਲਾਤਾ ਅਤੇ ਵੇਰਵਿਆ ਨੂੰ ਇਤਿਹਾਸਕ ਦੱਸਦਿਆ ਕਿਹਾ ਕਿ ਕਵਿਤਾ `ਚੋ ਪੁਸਟੀਯੋਗ ਵੇਰਵੇ ਦਰਜ਼ ਹਨ। ਜਿਸ ਸਮੇਂ ਉਹ ਕਵਿਤਾ ਲਿਖ ਰਹੇ ਸਨ ਉਸ ਸਮੇਂ ਰੋਲਟ ਐਕਟ ਲੱਗਾ ਹੋਇਆ ਸੀ।ਕਵਿਤਾ ਦੇਸ਼ ਦੇ ਲੋਕਾਂ ਦੀ ਚੀਸ ਬਣ ਕੇ ਨਿਕਲਦੀ ਹੈ।ਉਹਨਾਂ ਇਹ ਵੀ ਕਿਹਾ ਕਿ ਅੰਗਰੇਜ਼ਾਂ ਵੱਲੋਂ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਲੋਕਾਂ ਵਿਚ ਸਾਂਝੇ ਤੋਰ ਤੇ ਬਣ ਰਹੀ ਅਜ਼ਾਦੀ ਦੀ ਲੜ੍ਹਾਈ ਤੋਂ ਘਬਰਾ ਕੇ ਰੋਲਟ ਐਕਟ ਲਿਆਦਾ ਸੀ।ਅੰਮ੍ਰਿਤਸਰ ਦੇ ਉਸ ਸਮੇਂ ਹਲਾਤਾਂ ਨੂੰ ਉਹਨਾਂ ਨੇ ਜਿਸ ਤਰੀਕੇ ਨਾਲ ਪੇਸ਼ ਕੀਤਾ ਹੈ ਇਤਿਹਾਸ ਦੇ ਵਿਦਿਆਰਥੀਆਂ ਦੇ ਲਈ ਇਤਿਹਾਸਕ ਦਸਤਾਵੇਜ ਤੋਂ ਘੱਟ ਨਹੀ ਹੈ।ਪੁਸਤਕ ਦਾ ਅਨੁਵਾਦ ਕਰਨ ਵਾਲੇ ਨਵਦੀਪ ਸੂਰੀ ਨੇ ਕਿਹਾ ਕਿ ਉਹਨਾਂ ਵੱਲੋਂ ਕਵਿਤਾ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੀ ਉਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ।
ਪੰਜਾਬੀ ਅਤੇ ਅੰਗਰੇਜ਼ੀ ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ.ਜਸਪਾਲ ਸਿੰਘ ਸੰਧੂ, ਨਵਦੀਪ ਸਿੰਘ ਸੂਰੀ (ਪੋਤਰਾ ਨਾਨਕ ਸਿੰਘ) ਅਤੇ ਨਾਨਕ ਸਿੰਘ ਦੇ ਸੁੱਪਤਰ ਕੁਲਵੰਤ ਸਿੰਘ ਸੂਰੀ, ਮਨਪ੍ਰੀਤ ਬਾਦਲ, ਡੀਨ ਡਾ. ਐਸ.ਐਸ.ਬਹਿਲ ਨੇ ਅਦਾ ਕੀਤੀ। 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲਾ ਬਾਗ ਵਿਚ ਵਾਪਰੇ ਖੂਨੀ ਸਾਕੇ ਦੀ ਅੱਖੀ ਡਿੱਠੀ ਦਰਦਨਾਕ ਦਾਸਤਾਨ ਵਾਲੀ ਇਸ ਕਾਵਿ ਪੁਸਤਕ ਨੂੰ ਅੰਗਰੇਜ਼ ਸਰਕਾਰ ਵੱਲੋਂ ਬੈਨ ਕਰ ਦਿੱਤਾ ਗਿਆ ਸੀ।ਜਲ੍ਹਿਆਂਵਾਲਾ ਬਾਗ ਦੀ 100 ਸਾਲਾਂ ਸ਼ਤਾਬਦੀ ਮੌਕੇ ਸ਼ਹੀਦਾਂ ਨੂੰ ਯਾਦ ਕੀਤੇ ਜਾਣ ਸਮੇਂ ਨਾਨਕ ਸਿੰਘ ਦੇ ਪਰਿਵਾਰ ਵੱਲੋਂ ਇਸ ਪੁਸਤਕ ਨੂੰ ਬੜੀਆਂ ਮੁਸ਼ਕਲਾਂ ਦੇ ਨਾਲ ਲੱਭ ਕੇ ਮੁੜ ਪਾਠਕਾਂ ਦੀ ਨਜ਼ਰ ਕੀਤਾ ਗਿਆ ਹੈ।ਨਾਵਲਕਾਰ ਨਾਨਕ ਸਿੰਘ ਦੇ ਸੁਪਤਰ ਸ੍ਰ. ਕੁਲਵੰਤ ਸਿੰਘ ਸੂਰੀ ਨੇ ਇਸ ਮੌਕੇ ਉਸ ਸਾਰੀ ਪ੍ਰਕਿਰਿਆ ਨੂੰ ਸਾਝਾਂ ਕਰਦਿਆ ਦੱਸਿਆ ਕਿ ਇਹ ਮਹਾਨ ਕਾਵਿਕ ਰਚਨਾ ਵੀ ਗੁੰਮ ਜਾਣੀ ਸੀ ਜੇ ਇਸ ਦੇ ਵਿਚ ਵੱਖ ਵੱਖ ਸਖ਼ਸੀਅਤਾਂ ਆਪਣਾ ਰੋਲ ਅਦਾ ਨਾ ਕਰਦੀਆਂ । ਉਹਨਾਂ ਨੇ ਕਿਹਾ ਕਿ ਮਨੁੱਖਤਾ ਵਾਦੀ ਸੋਚ ਦਾ ਜੋ ਪ੍ਰਗਟਾਵਾਂ ਉਹਨਾਂ ਦੇ ਬਾਊ ਜੀ (ਨਾਵਲਕਾਰ ਨਾਨਕ ਸਿੰਘ) ਕੀਤਾ ਹੈ ਉਸ ਨੂੰ ਦੂਸਰਿਆ ਸੱਭਿਆਚਾਰਾ ਤੱਕ ਪਹੁੰਚਣ ਦੇ ਲਈ ਨਵਦੀਪ ਸੂਰੀ ਵੱਲੋਂ ਅੰਗਰੇਜ਼ੀ ਵਿਚ ਤਰਜਮਾ ਕੀਤਾ ਗਿਆ ਹੈ।
ਇਸ ਤੋਂ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਪੁਜੀਆ ਮਹਾਨ ਸਖ਼ਸੀਅਤਾਂ ਤੋਂ ਜਾਣੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਅਕ ਮਾਮਲੇ ਡਾ. ਐਸ.ਐਸ.ਬਹਿਲ ਨੇ ਕਰਵਾਉਦਿਆ ਜਿੱਥੇ “ਖੂਨੀ ਵਿਸਾਖੀ” ਦੀ ਸਾਹਿਤਕ ਅਤੇ ਇਤਿਹਾਸਕ ਮੱਹਤਤਾ ਤੋਂ ਜਾਣੂ ਕਰਵਾਇਆ ਉੱਥੇ ਇਸ ਕਾਵਿ ਪੁਸਤਕ ਦੀ ਅੱਜ ਦੇ ਸਮੇਂ ਵੀ ਕੀ ਸਾਰਥਿਕਤਾ ਹੈ ਨੂੰ ਆਪਣੇ ਜਜਬਾਤਾਂ ਨਾਲ ਸਾਝਾਂ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਨਾਵਲਕਾਰ ਨਾਨਕ ਸਿੰਘ, ਗਰਬਖ਼ਸ ਸਿੰਘ ਪ੍ਰੀਤ ਲੜੀ ਦੇ ਪਰਿਵਾਰਿਕ ਮੈਬਰਾਂ ਤੋਂ ਇਲਾਵਾ ਪੁੱਜੀਆਂ ਸਖ਼ਸੀਅਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਇਸ ਗੱਲ ਤੇ ਮਾਣ ਮਹਿਸੂਸ ਕਰ ਰਹੇ ਹਨ ਕਿ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਸ ਕਿਤਾਬ ਨੂੰ ਅਜ਼ਾਦੀ ਤੋਂ ਕਈ ਸਾਲਾਂ ਬਾਅਦ ਰਿਲੀਜ਼ ਕੀਤਾ ਜਾ ਰਿਹਾ ਹੈ ਜਿਸ ਨੂੰ ਅੰਗਰੇਜ਼ ਸਰਕਾਰ ਸਮੇਂ ਬੈਨ ਕਰ ਦਿੱਤਾ ਗਿਆ ਸੀ।
ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ, ਡੀਨ ਵਿਦਿਆਰਥੀ ਭਲਾਈ ਡਾ. ਹਰਦੀਪ ਸਿੰਘ, ਡਾਇਰੈਕਟਰ ਰਿਸਰਚ ਡਾ. ਨਰਪਿੰਦਰ ਸਿੰਘ, ਮਿਆਸ ਜੀ.ਐਨ.ਡੀ.ਯੂ ਮੈਡੀਕਲ ਸਪੋਰਟਸ ਸਾਇੰਸ਼ ਵਿਭਾਗ ਦੇ ਮੁਖੀ ਡਾ. ਸ਼ਵੇਤਾ ਸ਼ਨੋਏ, ਕੁਲਬੀਰ ਸਿੰਘ ਸੂਰੀ, ਗੁਨਬੀਰ ਸਿੰਘ, ਉੱਘੇ ਨਾਟਕਕਾਰ ਕੇਵਲ ਧਾਰੀਵਾਲ, ਗੁਰਬਖ਼ਸ ਸਿੰਘ ਪ੍ਰੀਤਲੜੀ ਦੇ ਸੁੱਪਤਰ ਹਿਰਦੇ ਪਾਲ ਸਿੰਘ, ਜਗੀਰ ਕੌਰ ਤੋਂ ਇਲਾਵਾਂ ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: