Mon. Apr 22nd, 2019

ਗੁਰੂਆਂ ਭਗਤਾਂ ਦੀਆਂ ਤਸਵੀਰਾਂ ਤੇ ਵੀ ਗ਼ੌਰ ਕਰੀਏ

ਗੁਰੂਆਂ ਭਗਤਾਂ ਦੀਆਂ ਤਸਵੀਰਾਂ ਤੇ ਵੀ ਗ਼ੌਰ ਕਰੀਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

satwinder_7@hotmail.com

ਜੋ ਗੁਰੂ ਭਗਤਾਂ ਦੀਆਂ ਤਸਵੀਰਾਂ ਬਹੁਤ ਸਾਰੇ ਘਰਾਂ ਤੇ ਗੁਰਦੁਆਰਿਆਂ, ਮੰਦਰਾਂ ਵਿੱਚ ਸਜਾ ਕੇ ਰਖੀਆਂ ਹਨ। ਕੰਧਾਂ ‘ਤੇ ਟੰਗੀਆਂ ਹੋਈਆਂ ਹਨ। ਕੀ ਇਹੀ ਤਸਵੀਰਾਂ ਵਰਗੇ ਸਾਡੇ ਗੁਰੂ ਭਗਤ ਸਨ? ਕੀ ਚਿੱਤਰਕਾਰ ਨੇ ਆਪ ਗੁਰੂ ਜੀ ਦੇ ਦਰਸ਼ਨ ਕੀਤੇ ਹਨ? ਜਾਂ ਫਿਰ ਮਨ ਘੜਤ ਉਈਂ ਮਿਚੀ ਦੇ ਚਿੱਤਰ ਹਨ। ਪੈਸਾ ਕਮਾਉਣ ਲਈ ਕੁੱਝ ਵੀ ਸੰਗਤ ਅੱਗੇ ਰੱਖ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਤਸਵੀਰਾਂ ਹਨ। ਬਹੁਤ ਚਿੱਤਰਕਾਰਾਂ ਨੇ ਬਣਾਈਆਂ ਹਨ। ਸਾਰਿਆਂ ਨੇ ਆਪਣੀ ਮਨ ਮਰਜ਼ੀ ਕੀਤੀ ਹੈ। ਦੂਜੇ ਚਿੱਤਰਕਾਰ ਨੇ ਕਦੇ ਆਪ ਤੋਂ ਪਹਿਲੇ ਚਿੱਤਰਕਾਰ ਨੂੰ ਨਹੀਂ ਘੋਖਿਆ। ਨਾਂ ਹੀ ਪਹਿਲੇ ਵਰਗੀ ਚਿੱਤਰਕਾਰੀ ਕਿਸੇ ਨਵੇਂ ਚਿੱਤਰਕਾਰ ਨੇ ਕੀਤੀ ਹੈ। ਮਰਜ਼ੀ ਨਾਲ ਕੱਪੜਿਆਂ ਦੇ ਰੰਗ ਵੀ ਬਦਲ ਦਿੰਦੇ ਹਨ। ਲੋਕ ਤਸਵੀਰਾਂ ਅੱਗੇ ਮੱਥੇ ਟੇਕਦੇ, ਧੂਫ਼ ਬੱਤੀਆਂ, ਜੋਤਾਂ ਜਗਾਉਂਦੇ ਹਨ। ਕਾਗਜ਼ ਦੀਆਂ ਮੂਰਤਾਂ ਨੂੰ ਸ਼ਕਤੀ ਸਮਝਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਸਾਡਾ ਸਿਰ ਕਿਤੇ ਹੋਰ ਅੱਗੇ ਨਹੀਂ ਝੁਕਣਾ ਚਾਹੀਦਾ। ਸਾਡਾ ਸਿਰ ਅੱਗੇ ਨਹੀਂ ਝੁਕਦਾ ਸਗੋਂ ਚਿੱਤਰਕਾਰ ਦੀ ਚਿੱਤਰਕਾਰੀ ਵਿੱਚ ਭਰੇ ਰੰਗਾਂ ਅੱਗੇ ਝੁਕਦਾ ਹੈ। ਅਸੀਂ ਜਾਣਦੇ ਹਾਂ। ਚਿੱਤਰ ਸੱਚੇ ਨਹੀਂ ਹਨ।

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥੧॥ ਗੁਰੂਆਂ ਭਗਤਾਂ ਦੀਆਂ ਤਸਵੀਰਾਂ “ਤੇ ਗ਼ੌਰ ਕਰੀਏ। ਤਸਵੀਰਾਂ ਚਿੱਤਰਕਾਰ ਦੀ ਕਲਪਨਾ ਹੈ। ਫਿਰ ਵੀ ਅਸੀਂ ਗੁਰੂਆਂ ਭਗਤਾਂ ਦੀਆਂ ਤਸਵੀਰਾਂ ਅੱਗੇ ਸਿਰ ਝੁਕਾਉਂਦੇ ਹਾਂ। ਗੁਰੂਆਂ ਭਗਤਾਂ ਦੀਆਂ ਤਸਵੀਰਾਂ ਨੂੰ ਕੀਲੀ ਤੇ ਢੰਗ ਦਿੰਦੇ ਹਾਂ। ਆਪ ਗੱਦਿਆਂ ਉੱਤੇ ਸੁੱਤੇ ਪਏ ਹੁੰਦੇ ਹਾਂ। ਕੀ ਸਭ ਪਖੰਡ ਨਹੀਂ ਤਾਂ ਹੋਰ ਕੀ ਹੈ? ਜੇ ਕਾਗ਼ਜ਼ ਦੀਆਂ ਫ਼ੋਟੋਆਂ ਗੁਰੂ ਹਨ। ਤਾਂ ਸਾਰੇ ਜਗਤ ਦੀ ਸਿੱਖ ਸਾਧ ਸੰਗਤ, ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਅਰਦਾਸ ਵਿੱਚ ਗੁਰੂ ਮਾਨਿਉ ਗ੍ਰੰਥ ਕਿਉਂ ਕਹਿੰਦੇ ਹਨ? ਕੀ ਕੋਈ ਆਪਣੇ ਪਿਆਰੇ ਨੂੰ ਕੀਲੀ ਤੇ ਟੰਗੇਗਾ? ਕੀ ਕੋਈ ਆਪਣੇ ਪਿਆਰੇ ਦੀਆਂ ਤਸਵੀਰਾਂ ਨੂੰ ਵਿਕਣ ਦੇਵੇਗਾ? ਕੀ ਤਸਵੀਰਾਂ ਸਾਡਾ ਗੁਰੂ ਹਨ? ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਜੋ ਸਾਨੂੰ ਗਿਆਨ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਸਭ ਦਾ ਗੁਰੂ ਹੈ। ਜਿਸ ਵਿੱਚ ਹਰ ਗੱਲ ਦਾ ਜੁਆਬ ਸੁਆਲ ਹੈ।

ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥ਚਰਣ ਕਮਲ ਰਦਿ ਮਾਹ ਸਿਮਾਏ ਤਹ ਭਰਮੁ ਅੰਧੇਰਾ ਨਾਹੀ ॥੧॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਖਦੇ ਹੀ ਅਸੀਂ ਸਭ ਸਿਰ ਢੱਕ ਲੈਂਦੇ ਹਾਂ। ਕਿਉਂਕਿ ਅਸੀਂ ਗੁਰੂਆਂ ਭਗਤਾਂ ਦੀ ਬਾਣੀ ਦਾ ਸਤਿਕਾਰ ਕਰਦੇ ਹਾਂ। ਸਜੱਣ ਸੱਚਾ ਪਾਤਸਾਹ ਸਰਿ ਸਾਹਾਂ ਕੇ ਸਾਹ।।

ਆਮ ਹੀ ਗੁਰਦੁਆਰੇ ਸਾਹਿਬ ਅੱਗੇ ਖੂੰਡੇ, ਬਰਸ਼ਿਆਂ ਵਾਲੇ ਖੜੇ ਹੁੰਦੇ ਹਨ। ਦੱਸਣ ਲਈ ਕਿ ਸਿਰ ਢੱਕ ਕੇ, ਜੁੱਤੀ ਉਤਾਰ ਕੇ ਗੁਰੂ ਮਹਾਰਾਜ ਕੋਲ ਜਾਵੋ। ਜਦੋਂ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸੀ ਵਿੱਚ ਨਗਰ ਕੀਰਤਨ ਕਰ ਰਹੇ ਹੁੰਦੇ ਹਾਂ। ਅਚਾਨਕ ਮੈਂ ਰਵਿਦਾਸ ਭਗਤ ਜੀ ਦੀ ਤਸਵੀਰ ਇੱਕ ਨਗਰ ਕੀਰਤਨ ਵਿੱਚ ਦੇਖੀ। ਰਵਿਦਾਸ ਭਗਤ ਜੀ ਦੀ ਜੋ ਤਸਵੀਰ ਸੀ। ਉਸ ਤਸਵੀਰ ਵਿੱਚ ਰਵਿਦਾਸ ਭਗਤ ਜੀ ਦਾ ਸਿਰ ਨੰਗਾ ਸੀ। ਮੇਰੀ ਹੈਰਾਨੀ ਦੀ ਹੱਦ ਨਾਂ ਰਹੀ। ਜਿਸ ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਿਰ ਢੱਕ ਕੇ ਸਤਿਕਾਰ ਨਾਲ ਸੀਸ ਝੁਕਾਉਂਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਡੱਡਉਤ ਕਰਦੇ ਹਾਂ। ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਨੰਗੇ ਜਾਣ ਦੀ ਹਿੰਮਤ ਨਹੀਂ ਕਰਦੇ। ਦੁਪੱਟਾ ਗ਼ਲਤੀ ਨਾਲ ਲਹਿ ਜਾਵੇ, ਝੱਟ ਸਿਰ ਉੱਪਰ ਕਰ ਲੈਂਦੇ ਹਾਂ। ਜਿਵੇਂ ਸਿਰ ਨੰਗਾ ਹੋ ਜਾਣਾ ਗੁਨਾਹ ਹੋਵੇ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂਆਂ ਭਗਤਾਂ ਦਾ ਦਰਸ਼ਨ ਸਮਝ ਕੇ ਸਤਿਕਾਰ ਕਰਦੇ ਹਾਂ। ਤਸਵੀਰ ਵਿੱਚ ਰਵਿਦਾਸ ਭਗਤ ਜੀ ਦਾ ਸਿਰ ਨੰਗਾ ਦੇਖ ਕੇ ਹੈਰਾਨੀ ਹੋਈ। ਗੁਰੂ ਦੀ ਸੰਗਤ ਹੀ ਦੱਸ ਸਕਦੀ ਹੈ। ਇਸ ਤਸਵੀਰ ਵਾਲੇ ਰਵਿਦਾਸ ਭਗਤ ਜੀ ਦਾ ਸਿਰ ਨੰਗਾ ਕਿਉਂ ਹੈ? ਕੀ ਇਹ ਤਸਵੀਰ ਸੱਚੀ ਹੈ? ਜਾਂ ਫਿਰ ਇਹੀ ਰਵਿਦਾਸ ਭਗਤ ਜੀ ਦੀ ਸਿਰ ਨੰਗੇ ਦੀ ਨਿਸ਼ਾਨੀ ਹੈ। ਇੱਕ ਹੋਰ ਗੱਲ ਮੈਨੂੰ ਕੋਈ ਹੋਰ ਰਵਿਦਾਸ ਭਗਤ ਜੀ ਦੀ ਤਸਵੀਰ ਲੱਭੀ ਵੀ ਨਹੀਂ। ਚਾਰੇ ਪਾਸੇ ਸਿਰ ਨੰਗੇ ਤੇ ਵਾਲ ਖੁੱਲ੍ਹਿਆਂ ਵਾਲੀਆਂ ਹੀ ਤਸਵੀਰਾਂ ਨਜ਼ਰ ਆਈਆਂ। ਰਵਿਦਾਸ ਭਗਤ ਜੀ ਨੰਗੇ ਇਸ ਵਾਲੀ ਤਸਵੀਰ ਨਾਲ ਹੀ ਸਾਰੇ ਸਹਿਮਤ ਲਗਦੇ ਹਨ। ਤਾਂਹੀਂ ਚੁੱਪ ਚਾਪ ਬੁੱਧੀ ਜੀਵੀਆਂ ਨੇ ਨਗਰ ਕੀਰਤਨ ਵਿੱਚ ਵੀ ਇਸ ਤਸਵੀਰ ਨੂੰ ਇਜ਼ਾਜਤ ਦਿੱਤੀ ਹੈ। ਇਸੇ ਤਸਵੀਰ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਰਾਬਰ ਛਤਰ ਝੁੱਲਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਵੀ ਛਤਰ ਝੁੱਲਦੇ ਹਨ। ਨਾਂ ਕਿ ਕਾਗ਼ਜ਼ ਦੀਆਂ ਫ਼ੋਟੋਆਂ ਦੇ ਉੱਤੇ ਛਤਰ ਝੁੱਲਦੇ ਹਨ। ਜੇ ਹਿੰਦੂ ਪੱਥਰ ਦੀ ਮੂਰਤੀ ਨੂੰ ਪੂਜਦੇ ਹਨ। ਤਾਂ ਸਿੱਖ ਰੰਗਦਾਰ ਤਸਵੀਰਾਂ ਨੂੰ ਮੱਥੇ ਟੇਕਦੇ ਹਨ। ਗੱਲ ਚਿੱਤ ਪ੍ਰਚਾਉਣ ਦੀ ਹੈ। ਗੁਰੂ ਨੂੰ ਕੌਣ ਮੰਨਦਾ ਹੈ? ਉਹ ਤਾਂ ਆਪ ਤੁਹਾਡੀ ਆਪਣੀ ਸੁੰਦਰ ਮੂਰਤ ਵਿੱਚ ਵੱਸਦਾ ਹੈ। ਜੋ ਆਪ ਨੂੰ ਤੇ ਆਪਣੇ ਆਲੇ-ਦੁਆਲੇ ਦੇ ਬੰਦਿਆਂ ਨੂੰ ਪਿਆਰ ਕਰਦਾ ਹੈ। ਉਹੀ ਰੱਬ ਮੰਨਾਂ ਸਕਦਾ ਹੈ। ਪੱਥਰ ਤੇ ਕਾਗ਼ਜ਼ਾਂ ਦੀਆਂ ਰੰਗਦਾਰ ਮੂਰਤੀਆਂ ਨੂੰ ਮੰਦਰਾਂ, ਗੁਰਦੁਆਰਿਆਂ, ਘਰਾਂ ਵਿੱਚ ਰੱਖ ਕੇ ਧਾਰਮਿਕ ਗ੍ਰੰਥਾਂ ਦਾ ਨਿਰਾਦਰ ਨਾਂ ਕਰੋਂ। ਕੋਈ ਗ੍ਰੰਥ ਇਹ ਨਹੀਂ ਕਹਿੰਦਾ, ਪੱਥਰ ਤੇ ਕਾਗ਼ਜ਼ਾਂ ਦੀਆਂ ਰੰਗਦਾਰ ਮੂਰਤੀਆਂ ਵਿੱਚ ਰੱਬ ਬੈਠਾਂ ਹੈ। ਰੱਬ ਤਾਂ ਹਰ ਬੰਦੇ ਵਿੱਚ ਬੈਠਾ ਹੈ। ਜੋਗ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ।। ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ।।

ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ।। ੨।।

 ਮੜੀਆਂ, ਮੂਰਤਾਂ  ਦੀ ਪੂਜਾ ਕਰਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਜਤ ਕੀਤਾ ਗਿਆ ਹੈ। ਗਿਆਨ ਲੈਣ ਲਈ ਸਿਰਫ਼ ਸਬਦਾ ਨੂੰ ਪੜ੍ਹਨਾ, ਲਿਖਣਾ ਹੈ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥

 

Share Button

Leave a Reply

Your email address will not be published. Required fields are marked *

%d bloggers like this: