Sun. Apr 5th, 2020

ਗੁਰਬਾਣੀ ਵਿਚੋਂ ਪ੍ਰਚੱਲਿਤ ਅਖਾਣ ਤੇ ਮੁਹਾਵਰੇ

ਗੁਰਬਾਣੀ ਵਿਚੋਂ ਪ੍ਰਚੱਲਿਤ ਅਖਾਣ ਤੇ ਮੁਹਾਵਰੇ

ਡਾ. ਨਿਸ਼ਾਨ ਸਿੰਘ ਰਾਠੌਰ

ਪੰਜਾਬੀ ਸਾਹਿੱਤ ਦੇ ਖੇਤਰ ਵਿਚ ਗੁਰਮਤਿ ਵਿਚਾਰਧਾਰਾ ਮੁੱਖ ਵਿਚਾਰਧਾਰਾ ਵੱਜੋਂ ਜਾਣੀ ਜਾਂਦੀ ਹੈ। ਇਸ ਵਿਚਾਰਧਾਰਾ ਨੇ ਜਿੱਥੇ ਮਨੁੱਖ ਨੂੰ ਅਧਿਆਤਮਕ ਮਾਰਗ ਉੱਪਰ ਚੱਲਣ ਦੀ ਤਾਕੀਦ ਕੀਤੀ ਹੈ/ ਸਿੱਖਿਆ ਦਿੱਤੀ ਹੈ; ਉੱਥੇ ਹੀ ਸਮਾਜਿਕ ਜੀਵਨ ਨੂੰ ਚੰਗੀ ਤਰ੍ਹਾਂ ਜੀਉਣ ਦੀ ਜਾਚ ਵੀ ਸਿਖਾਈ ਹੈ। ਅਜੋਕੇ ਸਮਾਜਿਕ ਢਾਂਚੇ ਲਈ ਗੁਰਮਤਿ ਵਿਚਾਰਧਾਰਾ ਲਾਹੇਵੰਦ ਸਾਬਿਤ ਹੋ ਸਕਦੀ ਹੈ; ਬਸ਼ਰਤੇ ਗੁਰਮਤਿ ਵਿਚਾਰਧਾਰਾ ਦੇ ਮੂਲ ਥੀਮ ਨੂੰ ਸਹੀ ਪਰਿਪੇਖ ਵਿਚ ਦਰੁੱਸਤੀ ਨਾਲ ਸਮਝਿਆ ਜਾਵੇ।
ਖ਼ੈਰ! ਸਾਡੇ ਇਸ ਲੇਖ ਦਾ ਮੂਲ ਮਨੋਰਥ ‘ਗੁਰਬਾਣੀ ਵਿਚੋਂ ਪ੍ਰਚੱਲਿਤ ਅਖਾਣ ਤੇ ਮੁਹਾਵਰੇ’ ਵਿਸ਼ੇ ਨਾਲ ਸੰਬੰਧਿਤ ਹੈ। ਇਸ ਲਈ ਸਿੱਧਾ ਵਿਚਾਰ- ਚਰਚਾ ਆਰੰਭ ਕਰਦੇ ਹਾਂ ਤਾਂ ਕਿ ਸੰਖੇਪ ਲਫਜ਼ਾਂ ‘ਚ ਸਾਰਥਕ ਅਤੇ ਲਾਹੇਵੰਦ ਨਤੀਜੇ ਪ੍ਰਾਪਤ ਹੋ ਸਕਣ ਅਤੇ ਖੋਜ- ਪੱਤਰ ਨੂੰ ਸਹੀ ਦਿਸ਼ਾ ਵਾਲੇ ਪਾਸੇ ਤੋਰਿਆ ਜਾ ਸਕੇ।
ਅਖਾਣ ਵਿਚ ਜੀਵਨ ਦਾ ਗੁੜ੍ਹ ਗਿਆਨ ਸਮੋਇਆ ਹੁੰਦਾ ਹੈ। ਇਹ ਅਨੁਭਵ ਨਾਲ ਹੋਂਦ ਵਿਚ ਆਉਂਦਾ ਹੈ। ਅਖਾਣ ਦੇ ਇਤਿਹਾਸ ਮਗ਼ਰ ਕੋਈ ਘਟਨਾ ਲੁਕੀ ਹੁੰਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੰਜਾਬੀ ਪੀਡੀਆ ਅਨੁਸਾਰ, ‘ਕਿਸੇ ਅਜਿਹੀ ਆਖੀ ਹੋਈ ਗੱਲ ਨੂੰ ਅਖਾਣ ਕਹਿੰਦੇ ਹਨ ਜਿਸ ਦੇ ਥੋੜ੍ਹੇ ਜਿਹੇ ਸ਼ਬਦਾਂ ਵਿਚ ਜੀਵਨ ਦਾ ਤੱਤ ਨਿਚੋੜ ਸਮੋਇਆ ਹੋਵੇ।’
ਖ਼ਾਸ ਗੱਲ ਇਹ ਹੈ ਕਿ ਪੰਜਾਬੀ ਸਮਾਜ ਅੰਦਰ ਆਪਸੀ ਗੱਲਬਾਤ ਦੌਰਾਨ ਅਖਾਣ ਤੇ ਮੁਹਾਵਰੇ ਵਰਤਣ ਦਾ ਪ੍ਰਚਲਣ ਆਮ ਹੀ ਰਿਹਾ ਹੈ। ਅਸਲ ਵਿਚ ਇਹ ਸਾਡੇ ਸਮਾਜਿਕ, ਆਰਥਿਕ, ਭੂਗੋਲਿਕ, ਸੱਭਿਆਚਾਰਕ ਤੇ ਰਾਜਨੀਤਿਕ ਪਿਛੋਕੜ ਦਾ ਸਿੱਟਾ ਹੈ ਕਿ ਅਸੀਂ ਗੱਲ- ਗੱਲ ਉੱਪਰ ਅਖਾਣ ਤੇ ਮੁਹਾਵਰੇ ਵਰਤਦੇ ਹਾਂ;

‘ਖਾਧਾ ਪੀਤਾ ਲਾਹੇ ਦਾ
ਰਹਿੰਦਾ ਅਹਿਮਦ ਸ਼ਾਹੇ ਦਾ।’ (ਅਖਾਣ)

ਇਹ ਅਖਾਣ ਭਾਵੇਂ ਗੁਰਬਾਣੀ ਵਿਚੋਂ ਨਹੀਂ ਹੈ ਪਰ! ਇਹ ਪੰਜਾਬੀਆਂ ਦੀ ਰਾਜਨੀਤਿਕ ਤੇ ਭੂਗੋਲਿਕ ਸਥਿਤੀ ਦਾ ਪ੍ਰਗਟਾਵਾ ਕਰਦਾ ਹੈ। ਕਿਵੇਂ ਪੰਜਾਬੀਆਂ ਨੇ ਅਹਿਮਦਸ਼ਾਹ ਅਬਦਾਲੀ ਸਮੇਂ ਆਪਣੇ ਖਿੱਤੇ ਨੂੰ ਮਹਿਫੂਜ਼ ਰੱਖਿਆ?, ਪੰਜਾਬੀਆਂ ਦੀ ਸਮਾਜਿਕ ਬਣਤਰ ਕਿਸ ਤਰ੍ਹਾਂ ਦੀ ਸੀ? ਅਬਦਾਲੀ ਦੇ ਹੱਲਿਆਂ ਤੋਂ ਡਰਦੇ ਲੋਕ ਇਹ ਕਹਿੰਦੇ ਸਨ ਕਿ ਜਿਹੜਾ ਕੁਝ ਖਾ- ਪੀ ਲਿਆ ਉਹੀ ਤੁਹਾਡਾ ਹੈ; ਬਾਕੀ ਰਹਿੰਦਾ ਤਾਂ ਅਬਦਾਲੀ ਨੇ ਲੁੱਟ ਲੈਣਾ ਹੈ। ਇਹ ਇਤਿਹਾਸ ਇਸ ਅਖਾਣ ਦੀ ਕੁੱਖ ਵਿਚ ਲੁਕਿਆ ਹੋਇਆ ਹੈ। ਖ਼ੈਰ!
ਯਕੀਨਨ, ਇਸ ਜਗ੍ਹਾ ਉੱਪਰ ਅਖਾਣ ਤੇ ਮੁਹਾਵਰੇ ਵਿਚ ਅੰਤਰ ਸਮਝਣਾ ਵੀ ਲਾਜ਼ਮੀ ਨੁਕਤਾ ਹੈ। ਮੁਹਾਵਰੇ ਦੀ ਸਿਰਜਣਾ ਦਾ ਮੂਲ ਆਧਾਰ ਠੁੱਕ ਨਾਲ ਗੱਲ ਕਰਨਾ ਹੁੰਦਾ ਹੈ। ਪਰ! ਅਖਾਣ ਦਾ ਆਧਾਰ ਕੋਈ ਘਟਨਾ, ਪ੍ਰਸੰਗ, ਸਾਕਾ ਜਾਂ ਤਜ਼ੁਰਬਾ ਹੁੰਦਾ ਹੈ। ਪੰਜਾਬੀ ਅਖਾਣ ਤੇ ਮੁਹਾਵਰੇ ਸੰਬੰਧੀ ਡਾ. ਵਣਜਾਰਾ ਬੇਦੀ ਅਨੁਸਾਰ, ‘ਮੁਹਾਵਰਾ ਉਹ ਹੈ ਜੋ ਜੀਵਨ ਦੇ ਕਾਰਜ ਖੇਤਰ ਵਿਚ ਵਰਤਦੀਆਂ ਅਨੇਕ ਉਪਮਾਵਾਂ ਲਾਖਸ਼ਣਿਕ ਅਰਥ ਗ੍ਰਹਿਣ ਕਰ ਕੇ ਕਿਸੇ ਹੋਰ ਹੀ ਭਾਵ ਦਾ ਬੋਧ ਕਰਾਉਣ ਲੱਗ ਪੈਂਦੀਆਂ ਹਨ ਤੇ ਪ੍ਰਚਲਿੱਤ ਹੋ ਕੇ ਮੁਹਾਵਰਾ ਬਣ ਜਾਂਦੀਆਂ ਹਨ।’ ਡਾ. ਵਣਜਾਰਾ ਬੇਦੀ ਦਾ ਇਸ਼ਾਰਾ ਮੁਹਾਵਰੇ ਦੇ ਦੂਹਰੀ ਚਿੰਨ੍ਹਨ ਪ੍ਰਕਿਰਿਆ ਦਾ ਧਾਰਨੀ ਹੋਣ ਵੱਲ ਹੈ। ਅਖਾਣਾਂ ਜਿਸ ਨੂੰ ਕਹਾਵਤਾਂ ਵੀ ਕਹਿੰਦੇ ਹਨ, ਮੁਹਾਵਰੇ ਨਾਲੋਂ ਜ਼ਿਆਦਾ ਵਜ਼ਨਦਾਰ ਅਰਥ ਪ੍ਰਗਟਾਉਂਦੀਆਂ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਪੀਡੀਆ ਅਨੁਸਾਰ ਅਖਾਣਾਂ ਦੇ ਚਾਰ ਮੁੱਖ ਲੱਛਣ ਮੰਨੇ ਜਾਂਦੇ ਹਨ।

(1) ਮਨੁੱਖੀ ਜੀਵਨ ਅਨੁਭਵ ਦਾ ਤਿੱਖਾ ਸੂਤਰ ਹੋਵੇ (2) ਸੰਖੇਪ ਹੋਵੇ (3) ਸਰਲ ਅਤੇ ਢੁੱਕਵੀਂ ਸ਼ੈਲੀ ਹੋਵੇ (4) ਸਰਬ ਪ੍ਰਵਾਨਗੀ ਵਾਲਾ ਹੋਵੇ।
ਠੀਕ ਇਸੇ ਪ੍ਰਕਾਰ ਪੰਜਾਬੀਆਂ ਵੱਲੋਂ ਅਖਾਣ ਤੇ ਮੁਹਾਵਰੇ ਵਰਤਣ ਦਾ ਮੂਲ ਮਕਸਦ ਆਪਣੀ ਗੱਲ ਦੀ ਪ੍ਰੋੜਤਾ ਕਰਨਾ ਹੀ ਹੁੰਦਾ ਹੈ। ਗੱਲ ਨੂੰ ਵਜ਼ਨੀ ਬਣਾਉਣ ਲਈ ਗੁਰਬਾਣੀ ਦੀਆਂ ਪੰਗਤੀਆਂ ਵਰਤਣੀਆਂ, ਅਖਾਣ ਤੇ ਮੁਹਾਵਰੇ ਵਰਤਣਾ ਅਮੂਮਨ ਹਰ ਪੰਜਾਬੀ ਬੰਦੇ ਦੇ ਸੁਭਾਅ ਦਾ ਹਿੱਸਾ ਹੈ।

ਸਾਹਿੱਤ ਦੇ ਖ਼ੇਤਰ ਵਿਚ ਜਦੋਂ ਖੋਜ- ਵਿਦਿਆਰਥੀ ਕਿਸੇ ਵਿਸ਼ੇ ਉੱਤੇ ਆਲੋਚਨਾਤਮਿਕ ਲੇਖ ਲਿਖਦੇ ਹਨ ਤਾਂ ਆਪਣੀ ਗੱਲ ਦੀ ਪ੍ਰੋੜਤਾ ਵਾਸਤੇ ਹਵਾਲੇ ਅਤੇ ਟਿੱਪਣੀਆਂ ਦਿੰਦੇ ਹਨ ਤਾਂ ਕਿ ਗੱਲ ਦੀ ਦਰੁੱਸਤੀ ਵਾਸਤੇ ਕਿਸੇ ਤਰ੍ਹਾਂ ਦਾ ਸ਼ੰਕਾ ਨਾ ਰਹੇ; ਬਿਲਕੁਲ ਉਵੇਂ ਹੀ ਆਮ ਬੋਲਚਾਲ ਵਿਚ ਗੱਲ ਦੀ ਗਰੰਟੀ ਖ਼ਾਤਰ ਅਖਾਣ, ਮੁਹਾਵਰੇ ਤੇ ਗੁਰਬਾਣੀ ਦੀਆਂ ਪੰਗਤੀਆਂ ਵਰਤੀਆਂ ਜਾਂਦੀਆਂ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਜਿਹੀਆਂ ਕਈ ਪੰਗਤੀਆਂ ਹਨ ਜਿਹੜੀਆਂ ਅਜੋਕੇ ਸਮੇਂ ਅਖਾਣਾਂ ਤੇ ਮੁਹਾਵਰਿਆਂ ਦੇ ਰੂਪ ਵਿਚ ਪ੍ਰਚੱਲਿਤ ਹੋ ਚੁਕੀਆਂ ਹਨ। ਇੱਥੇ ਇਹ ਨਿਯਮ ਲਾਗੂ ਨਹੀਂ ਕਿ ਗੁਰਬਾਣੀ ਨੂੰ ਪੜ੍ਹਣ- ਲਿਖਣ ਵਾਲੇ ਲੋਕ ਹੀ ਇਹਨਾਂ ਪੰਗਤੀਆਂ ਨੂੰ ਵਰਤਦੇ ਹਨ ਬਲਕਿ ਇਹ ਪੰਗਤੀਆਂ ਤਾਂ ਪੰਜਾਬੀ ਸਮਾਜ ਦੇ ਧੁਰ ਅੰਦਰ ਤੀਕ ਲਹਿ ਚੁਕੀਆਂ ਹਨ/ ਵੱਸ ਚੁਕੀਆਂ ਹਨ। ਹੁਣ ਕੀ ਪੜ੍ਹੇ- ਲਿਖੇ ਤੇ ਕੀ ਅਨਪੜ੍ਹ?, ਸਭ ਲੋਕ ਇਹਨਾਂ ਪੰਗਤੀਆਂ ਦਾ ਪ੍ਰਯੋਗ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੁਝ ਕੂ ਪੰਗਤੀਆਂ ਦਾ ਸੰਖੇਪ ਰੂਪ ਵਿਚ ਜ਼ਿਕਰ ਇਸ ਤਰ੍ਹਾਂ ਹੈ; ਜਿਹੜੀਆਂ ਕਿ ਅਖਾਣਾਂ ਤੇ ਮੁਹਾਵਰਿਆਂ ਦਾ ਰੂਪ ਧਾਰਨ ਕਰ ਚੁਕੀਆਂ ਹਨ ਅਤੇ ਆਮ ਬੋਲਚਾਲ ਵਿਚ ਇਸਤੇਮਾਲ ਹੁੰਦੀਆਂ ਰਹਿੰਦੀਆਂ ਹਨ।

‘ਰੁਖੀ ਸੁਕੀ ਖਾ ਕੇ ਠੰਢਾ ਪਾਣੀ ਪੀ
ਦੇਖ ਪਰਾਈ ਚੋਪੜੀ ਨਾ ਤਰਸਾ ਜੀ।’ (ਪ੍ਰਚੱਲਿਤ ਪੰਗਤੀਆਂ)

ਉਪਰੋਕਤ ਪੰਗਤੀਆਂ ਆਮ ਬੋਲਚਾਲ ਵਿਚ ਅਮੁਮਨ ਇਉਂ ਹੀ ਵਰਤੀਆਂ ਜਾਂਦੀਆਂ ਹਨ। ਪਰ! ਇਹਨਾਂ ਦਾ ਅਸਲ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਪ੍ਰਕਾਰ ਦਰਜ਼ ਹੈ।

‘ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥’ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ- 1378)

ਉਪਰੋਕਤ ਪੰਗਤੀਆਂ ਦਾ ਮੂਲ ਭਾਵ ਹੈ ਕਿ ਮਨੁੱਖ ਨੂੰ ਸਬਰ- ਸੰਤੋਖ ਦਾ ਜੀਵਨ ਜੀਉਣਾ ਚਾਹੀਦਾ ਹੈ। ਅਜੋਕਾ ਮਨੁੱਖ ਲਾਲਸਾਵਾਂ, ਕਾਮਨਾਵਾਂ ਦੇ ਵੱਸ ਪੈ ਕੇ ਆਪਣੇ ਮਨ ਦਾ ਚੈਨ ਗੁਆ ਬੈਠਾ ਹੈ। ਇਸ ਲਈ ਸਿਆਣੇ ਲੋਕ ਇਹਨਾਂ ਪੰਗਤੀਆਂ ਨੂੰ ਅਕਸਰ ਹੀ ਦੂਜਿਆਂ ਨੂੰ ਸਮਝਾਉਣ ਲਈ ਇਸਤੇਮਾਲ ਕਰਦੇ ਰਹਿੰਦੇ ਹਨ।

‘ਹਮ ਨਹੀਂ ਚੰਗੇ ਬੁਰਾ ਨਹੀਂ ਕੋਇ॥’ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ- 728)

ਗੁਰਬਾਣੀ ਦੀਆਂ ਉਪਰੋਕਤ ਪੰਗਤੀਆਂ ਵੀ ਆਮ ਬੋਲਚਾਲ ਵਿਚ ਸ਼ਾਮਿਲ ਹੋ ਚੁਕੀਆਂ ਹਨ। ਇਹਨਾਂ ਪੰਗਤੀਆਂ ਅੰਦਰ ਮਨੁੱਖ ਨੂੰ ਆਪਣੇ ਅਵਗੁਣ ਦੇਖਣ ਲਈ ਤਾਕੀਦ ਕੀਤੀ ਗਈ ਹੈ। ਅਸਲ ‘ਚ ਇਹ ਮਨੁੱਖੀ ਫ਼ਿਤਰਤ ਹੈ ਕਿ ਉਹ ਸਾਰੀਆਂ ਕਮੀਆਂ ਦੂਜਿਆਂ ਵਿਚ ਵੇਖਦਾ ਹੈ। ਖ਼ੁਦ ਨੂੰ ਪਾਕ- ਸਾਫ਼ ਸਮਝਦਾ ਹੈ। ਪਰ! ਗੁਰਬਾਣੀ ਤਾਂ ਮਨੁੱਖ ਨੂੰ ਖ਼ੁਦ ਦੇ ਸੁਧਾਰ ਲਈ ਸਿੱਖਿਆ ਦਿੰਦੀ ਹੈ। ਜਦੋਂ ਮਨੁੱਖ ਨੇ ਆਪਣੇ ਆਪ ਵਿਚ ਬਦਲਾਓ ਕਰ ਲਿਆ ਤਾਂ ਫੇਰ ਸਮੁੱਚਾ ਜਗਤ ਹੀ ਸੁਧਾਰ ਦੇ ਰਾਹ ਪੈ ਜਾਵੇਗਾ। ਪਰ! ਅਫ਼ਸੋਸ ਮਨੁੱਖ ਖ਼ੁਦ ਨੂੰ ਨਹੀਂ ਬਦਲਣਾ ਚਾਹੁੰਦਾ ਪਰ! ਸਾਰੇ ਜਗਤ ਨੂੰ ਜ਼ਰੂਰ ਬਦਲਣ ਲਈ ਤਰਲੋਮੱਛੀ ਹੁੰਦਾ ਰਹਿੰਦਾ ਹੈ। ਗੁਰਬਾਣੀ ਦੀਆਂ ਉਪਰੋਕਤ ਪੰਗਤੀਆਂ ਇਸ ਹਕੀਕਤ ਨੂੰ ਬਿਆਨ ਕਰਦੀਆਂ ਹਨ।

‘ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥’ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ-1381)

ਇਹ ਪੰਗਤੀਆਂ ਬਾਬਾ ਫ਼ਰੀਦ ਜੀ ਦੀਆਂ ਹਨ। ਇਹਨਾਂ ਅੰਦਰ ਮਨੁੱਖ ਨੂੰ ਸਰਬੱਤ ਦੇ ਭਲੇ ਦੀ ਸਿੱਖਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੁਹਬੱਤ ਦਾ ਸੰਦੇਸ਼ ਦਿੱਤਾ ਗਿਆ ਹੈ। ਸਮਾਜ ਅੰਦਰ ਰਹਿੰਦੇ ਮਾੜੇ ਲੋਕਾਂ ਨੂੰ ਮੁਹਬੱਤ ਨਾਲ ਸਿੱਧੇ ਰਾਹ ਪਾਇਆ ਜਾ ਸਕਦਾ ਹੈ। ਅੱਜ ਦੇ ਸਮਾਜ ਵਿਚ ਮੋਹ- ਮੁਹਬੱਤ ਲਗਭਗ ਖ਼ਤਮ ਹੋਣ ਕੰਢੇ ਹੈ। ਹਰ ਮਨੁੱਖ ਜੀਵਨ ਦੀ ਭੱਜਦੌੜ ਵਿਚ ਗੁਆਚਿਆ ਹੋਇਆ ਹੈ। ਪੈਸਾ ਕਮਾਉਣਾ ਮੁੱਖ ਮੰਤਵ ਹੋ ਗਿਆ ਹੈ। ਬੰਦਾ ਮਸ਼ੀਨ ਵਿਚ ਤਬਦੀਲ ਹੋ ਚੁਕਿਆ ਹੈ। ਬਾਬਾ ਫ਼ਰੀਦ ਦਾ ਇਹ ਸਲੋਕ ਮਨੁੱਖ ਨੂੰ ਜਗਤ ਦੇ ਭਲੇ ਦੀ ਸਿੱਖਿਆ ਦਿੰਦਾ ਹੈ।

‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥’ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ- 470)

ਗੁਰਬਾਣੀ ਦੀਆਂ ਇਹ ਪੰਗਤੀਆਂ ਵੀ ਆਮ ਬੋਲਚਾਲ ਵਿਚ ਵਰਤੀਆਂ ਜਾਂਦੀਆਂ ਹਨ। ਇਹਨਾਂ ਵਿਚ ਨਿਮਰਤਾ ਧਾਰਨ ਕਰਨ ਲਈ ਤਾਕੀਦ ਕੀਤੀ ਗਈ ਹੈ। ਅਸਲ ਵਿਚ ਅੱਜ ਕੱਲ ਮਨੁੱਖ ਵਿਚ ਸਹਿਣ ਸ਼ਕਤੀ ਖ਼ਤਮ ਹੋ ਗਈ ਹੈ। ਕੋਈ ਕਿਸੇ ਦੀ ਗੱਲ ਨੂੰ
ਬਰਦਾਸ਼ਤ ਨਹੀਂ ਕਰਦਾ। ਸੜਕਾਂ ਉੱਪਰ ਨਿੱਤ ਦਿਹਾੜੀ ਲੜਾਈ- ਝਗੜੇ ਦੇਖੇ ਜਾ ਸਕਦੇ ਹਨ। ਇਹ ਸਭ ਸਹਿਣਸ਼ੀਲਤਾ ਦੀ ਅਣਹੋਂਦ ਦਾ ਸਿੱਟਾ ਹੈ। ਗੁਰਬਾਣੀ ਦੀਆਂ ਇਹਨਾਂ ਪੰਗਤੀਆਂ ਨਾਲ ਮਨੁੱਖ ਨੂੰ ਨਿਮਰਤਾ ਧਾਰਨ ਲਈ ਪ੍ਰੇਰਣਾ ਦਿੱਤੀ ਗਈ ਹੈ। ਇਹ ਪੰਗਤੀਆਂ ਵੀ ਪੰਜਾਬੀਆਂ ਦੀ ਆਮ ਬੋਲਚਾਲ ਦੀ ਗੱਲਬਾਤ ਵਿਚ ਸ਼ਾਮਿਲ ਹੋ ਚੁਕੀਆਂ ਹਨ। ਇਹ ਪੰਗਤੀਆਂ ਮੁਹਾਵਰਿਆਂ ਦੇ ਤੌਰ ਤੇ ਵਰਤੀਆਂ ਜਾਂਦੀਆਂ ਹਨ।

‘ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ।’ (ਪ੍ਰਚੱਲਿਤ ਪੰਗਤੀਆਂ)

ਹਾਲਾਂਕਿ ਆਮ ਬੋਲਚਾਲ ਵਿਚ ਇਹ ਪੰਗਤੀਆਂ ਪ੍ਰਚੱਲਿਤ ਹਨ। ਪਰ! ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਗੁਰਬਾਣੀ ਦੀਆਂ ਅਸਲ ਪੰਗਤੀਆਂ ਇਸ ਪ੍ਰਕਾਰ ਹਨ;

‘ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰ ਨਦਰਿ ਕਰੇਇ॥’ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ- 44)

ਗੁਰਬਾਣੀ ਦੀਆਂ ਉੱਪਰ ਲਿਖੀਆਂ ਪੰਗਤੀਆਂ ਵੀ ਆਮ ਬੋਲਚਾਲ ਦੀ ਗੱਲਬਾਤ ਵਿਚ ਸ਼ਾਮਿਲ ਹੋ ਕੇ ਮੁਹਾਵਰੇ ਦਾ ਰੂਪ ਧਾਰਨ ਕਰ ਚੁਕੀਆਂ ਹਨ। ਇਹ ਪੰਗਤੀਆਂ ਸ਼ੁਕਰਾਨੇ ਦੇ ਭਾਵ ਨੂੰ ਪ੍ਰਗਟਾਉਣ ਵਾਸਤੇ ਪ੍ਰਯੋਗ ਕੀਤੀਆਂ ਜਾਂਦੀਆਂ ਹਨ। ਪੰਜਾਬੀਆਂ ਦੇ ਵਿਆਹਾਂ- ਸ਼ਾਦੀਆਂ ਮੌਕੇ ਇਹ ਮੁਹਾਵਰੇ ਵੱਧ ਬੋਲੇ/ ਸੁਣੇ ਜਾਂਦੇ ਹਨ। ਲੋਕਾਂ ਦਾ ਮਨੋਭਾਵ ਇਹ ਹੁੰਦਾ ਹੈ ਕਿ ਪ੍ਰਮਾਤਮਾ ਨੇ ਲੱਖਾਂ ਹੀ ਖੁਸ਼ੀਆਂ ਪ੍ਰਦਾਨ ਕੀਤੀਆਂ ਹਨ। ਇਹ ਖੁਸ਼ੀਆਂ ਉਦੋਂ ਹੀ ਹੁੰਦੀਆਂ ਹਨ ਜਦੋਂ ਪ੍ਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ।

‘ਮਨਿ ਜੀਤੈ ਜਗੁ ਜੀਤੁ॥’ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ- 6)

ਉਪਰੋਕਤ ਪੰਗਤੀਆਂ ਮਨੁੱਖ ਨੂੰ ਕਿਸੇ ਖ਼ਾਸ ਕੰਮ ਲਈ ਉਤਸ਼ਾਹ ਦੇਣ ਲਈ ਵਰਤੀਆਂ ਜਾਂਦੀਆਂ ਹਨ। ਇਹ ਅਖਾਣ ਦਾ ਰੂਪ ਧਾਰਨ ਕਰ ਚੁਕੀਆਂ ਹਨ ਕਿਉਂਕਿ ਇਹਨਾਂ ਦੇ ਮੂਲ ਵਿਚ ਇਤਿਹਾਸਿਕ ਪਿਛਕੋੜ ਲੁਕਿਆ ਹੋਇਆ ਹੈ। ਇਹ ਅਖਾਣ ਇਸ ਕਰਕੇ ਵਰਤੇ ਜਾਂਦੇ ਹਨ ਕਿ ਮਨੁੱਖ ਮਨ ਕਰਕੇ ਕਦੇ ਹਾਰ ਨਾ ਮੰਨੇ। ਅਜੋਕੇ ਸਮੇਂ ਬਹੁਤ ਸਾਰੇ ਲੋਕ ਸੰਸਾਰਿਕ ਪੇਰਸ਼ਾਨੀਆਂ ਕਰਕੇ ਖੁਦਕੁਸ਼ੀਆਂ ਜਿਹੇ ਭਿਆਨਕ ਕਦਮ ਪੁੱਟ ਲੈਂਦੇ ਹਨ। ਅਜਿਹੇ ਅਖਾਣ ਉਹਨਾਂ ਲੋਕਾਂ ਨੂੰ ਸਹੀ ਰਾਹ ਦਿਖਾਉਣ ਲਈ ਵਰਤੇ ਜਾਂਦੇ ਹਨ ਤਾਂ ਕਿ ਮਨ ਨੂੰ ਕਦੇ ਢਹਿ ਢੇਰੀ ਨਾ ਹੋਣ ਦਿਓ। ਪ੍ਰੇਸ਼ਾਨੀਆਂ ਕੁਝ ਸਮੇਂ ਲਈ ਆਉਂਦੀਆਂ ਹਨ। ਇਹ ਜੀਵਨ ਦਾ ਇਕ ਹਿੱਸਾ ਹੈ। ਇਹਨਾਂ ਤੋਂ ਘਬਰਾ ਕੇ ਜੀਵਨ ਨੂੰ ਖ਼ਤਮ ਕਰ ਲੈਣਾ ਸਿਆਣਪ ਨਹੀਂ। ਇਸ ਕਰਕੇ ਇਹ ਪੰਗਤੀਆਂ ਪ੍ਰਯੋਗ ਕੀਤੀਆਂ ਜਾਂਦੀਆਂ ਹਨ ਕਿ ਮਨ ਨੂੰ ਹਮੇਸ਼ਾ ਜਿੱਤ ਲਈ ਪ੍ਰੇਰਿਤ ਕਰੋ; ਕਾਮਯਾਬੀ ਤੁਹਾਡੇ ਕਦਮ ਚੁੰਮੇਗੀ।
ਆਖ਼ਰ ਵਿਚ ਇਹ ਸਾਫ਼ ਕਰ ਦੇਣਾ ਲਾਜ਼ਮੀ ਨੁਕਤਾ ਹੈ ਕਿ ਅਜਿਹਾ ਕੋਈ ਸਿਧਾਂਤ ਅਜੇ ਤੀਕ ਹੋਂਦ ਵੀ ਨਹੀਂ ਆਇਆ ਜਿਹੜਾ ਇਹ ਨਿਰਣਾ ਕਰ ਸਕੇ ਕਿ ਗੁਰਬਾਣੀ ਦੀਆਂ ਇਹ ਪੰਗਤੀਆਂ ਅਖਾਣ ਹਨ ਜਾਂ ਮੁਹਾਵਰੇ ਹਨ। ਹਾਂ, ਪੰਜਾਬੀ ਸਮਾਜ ਵਿਚ ਇਹ ਪੰਗਤੀਆਂ ਅਖਾਣਾਂ ਤੇ ਮੁਹਾਵਰਿਆਂ ਵਾਂਗ ਪ੍ਰਯੋਗ ਜ਼ਰੂਰ ਹੁੰਦੀਆਂ ਹਨ। ਇਹ ਪੰਗਤੀਆਂ ਆਮ ਲੋਕਾਂ ਦੇ ਮੂੰਹ ਤੇ ਚੜੀਆਂ ਹੋਈਆਂ ਹਨ। ਇਹਨਾਂ ਦਾ ਪ੍ਰਯੋਗ ਗੱਲ ਅਤੇ ਵਿਸ਼ੇ ਮੁਤਾਬਿਕ ਬਦਲਦਾ ਰਹਿੰਦਾ ਹੈ। ਇਸ ਤੋਂ ਇਲਾਵਾ ਸਮੇਂ ਤੇ ਸਥਾਨ ਮੁਤਾਬਿਕ ਵੀ ਗੁਰਬਾਣੀ ਦੀਆਂ ਪੰਗਤੀਆਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ; ਜਿਸ ਨਾਲ ਗੱਲ ਨੂੰ ਵਜ਼ਨੀ ਬਣਾਇਆ ਜਾ ਸਕੇ ਜਾਂ ਗੱਲ ਦੀ ਪ੍ਰੋੜਤਾ ਕੀਤੀ ਜਾ ਸਕੇ।
ਇਸ ਪ੍ਰਕਾਰ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਵਿਚ ਆਪਣੀ ਗੱਲ ਨੂੰ ਵਜ਼ਨੀ ਬਣਾਉਣ ਖ਼ਾਤਰ ਗੁਰਬਾਣੀ ਦੀਆਂ ਪੰਗਤੀਆਂ ਨੂੰ ਅਖਾਣਾਂ ਤੇ ਮੁਹਾਵਰਿਆਂ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਪ੍ਰੰਪਰਾ ਇੰਨੀ ਮਜ਼ਬੂਤੀ ਨਾਲ ਚੱਲ ਰਹੀ ਹੈ ਕਿ ਹੁਣ ਗੁਰਬਾਣੀ ਤੇ ਅਖਾਣ ਵਿਚਲੇ ਅੰਤਰ ਨੂੰ ਸਮਝਣਾ ਮੁਸ਼ਕਿਲ ਕਾਰਜ ਬਣ ਗਿਆ ਹੈ। ਇਹ ਪੰਗਤੀਆਂ ਅਖਾਣਾਂ ਤੇ ਮੁਹਾਵਰਿਆਂ ਦੇ ਰੂਪ ਵਿਚ ਪੰਜਾਬੀ ਸਮਾਜ ਦੇ ਧੁਰ ਅੰਦਰ ਤੀਕ ਵੱਸ ਚੁਕੀਆਂ ਹਨ। ਇਹਨਾਂ ਅਖਾਣਾਂ ਤੇ ਮੁਹਾਵਰਿਆਂ ਤੋਂ ਬਿਨਾਂ ਗੱਲਬਾਤ ਨੂੰ ਵਜ਼ਨੀ ਤੇ ਅਸਰਦਾਰ ਨਹੀਂ ਬਣਾਇਆ ਜਾ ਸਕਦਾ। ਇਸ ਕਰਕੇ ਬਹੁਤੇ ਪੰਜਾਬੀ ਗੱਲ- ਗੱਲ ਉੱਤੇ ਅਖਾਣ ਤੇ ਮੁਹਾਵਰੇ ਵਰਤਦੇ ਆਮ ਹੀ ਦੇਖੇ ਜਾ ਸਕਦੇ ਹਨ। ਇਹ ਗੱਲਬਾਤ ਪੰਜਾਬੀ ਸਮਾਜ ਨੂੰ ਵੱਖਰੀ ਪਛਾਣ ਦਾ ਪਾਤਰ ਬਣਾਉਂਦੀ ਹੈ।

ਡਾ. ਨਿਸ਼ਾਨ ਸਿੰਘ ਰਾਠੌਰ

# 1054/1, ਵਾ. ਨੰ. 15-ਏ,

ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ।

75892- 33437

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: