ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦਾਂ ਦੀ ਸ਼ਹੀਦੀ ਸ਼ਤਾਬਦੀ ’ਤੇ ਵਿਸ਼ੇਸ਼:  ਸਾਕਾ ਤਰਨ ਤਾਰਨ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਬਾਬਾ ਹਜ਼ਾਰਾ ਸਿੰਘ ਅਲਾਦੀਨ ਪੁਰ ਅਤੇ ਬਾਬਾ ਹੁਕਮ ਸਿੰਘ ਵਸਾਊ ਕੋਟ ਦੀ ਸ਼ਹੀਦੀ ਸ਼ਤਾਬਦੀ ਸਮਾਗਮ ਪਿੰਡ ਅਲਾਦੀਨ ਪੁਰ ਵਿਖੇ ਅੱਜ ਤੋਂ

ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦਾਂ ਦੀ ਸ਼ਹੀਦੀ ਸ਼ਤਾਬਦੀ ’ਤੇ ਵਿਸ਼ੇਸ਼:  ਸਾਕਾ ਤਰਨ ਤਾਰਨ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਬਾਬਾ ਹਜ਼ਾਰਾ ਸਿੰਘ ਅਲਾਦੀਨ ਪੁਰ ਅਤੇ ਬਾਬਾ ਹੁਕਮ ਸਿੰਘ ਵਸਾਊ ਕੋਟ ਦੀ ਸ਼ਹੀਦੀ ਸ਼ਤਾਬਦੀ ਸਮਾਗਮ ਪਿੰਡ ਅਲਾਦੀਨ ਪੁਰ ਵਿਖੇ ਅੱਜ ਤੋਂ

ਸਿੱਖ ਪੰਥ ’ਚ ਅਨੇਕਾਂ ਅਜਿਹੀਆਂ ਜਥੇਬੰਦੀਆਂ ਹਨ ਜਿਨ੍ਹਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਲਈ ਸਮੇਂ ਸਮੇਂ ਆਪਣਾ ਯੋਗਦਾਨ ਪਾਇਆ। ਇਨ੍ਹਾਂ ’ਚੋਂ ਅਨੇਕਾਂ ਕੁਰਬਾਨੀਆਂ ਸਦਕਾ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਕੁਝ ਪ੍ਰਬੰਧਕੀ ਖ਼ਾਮੀਆਂ ਦੇ ਬਾਵਜੂਦ 20ਵੀਂ ਸਦੀ ਦਾ ਇਕ ਮਹਾਨ ਹਾਸਲ ਹੋਣ ਪ੍ਰਤੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਕੇਵਲ ਗੁਰਧਾਮਾਂ ਦੀ ਸੇਵਾ ਸੰਭਾਲ ਤਕ ਹੀ ਸੀਮਤ ਨਹੀਂ ਸਗੋਂ ਵਿਸ਼ਵ ਪੱਧਰ ’ਤੇ ਫੈਲੀ ਸਿੱਖ ਕੌਮ ਦੇ ਬਾਸ਼ਿੰਦਿਆਂ ਲਈ ਗੁਰੂ ਆਸ਼ੇ ਅਨੁਸਾਰ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੇਧ ਪ੍ਰਦਾਨ ਕਰਨ ਤੋਂ ਇਲਾਵਾ ਉਨ੍ਹਾਂ ਦੀਆ ਲੋੜਾਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਜੱਦੋ ਜਹਿਦ ਕਰਦੀ ਨਜ਼ਰ ਆਉਂਦੀ ਹੈ। ਇਸੇ ਕਰਕੇ ਇਹ ਸਿੱਖਾਂ ਦੀ ਪਾਰਲੀਮੈਂਟ ਵਜੋਂ ਸਵੀਕਾਰੀ ਜਾਂਦੀ ਹੈ।

ਗੁਰੂ ਕਾਲ ਤੋਂ ਬਾਅਦ 18ਵੀ ਸਦੀ ਸਿੱਖ ਕੌਮ ਲਈ ਆਪਣੀ ਹੋਂਦ ਬਚਾਉਣ ਤੋਂ ਇਲਾਵਾ ਆਪਣੀ ਸਵੈ ਪਛਾਣ ਅਤੇ ਰਾਜਸੀ ਪਿੜ ਨੂੰ ਪਕੇਰਿਆਂ ਕਰਦਿਆਂ ਇਸ ਨੂੰ ਵਿਸਥਾਰ ਦੇਣ ਲਈ ਸੰਘਰਸ਼ ਦਾ ਦੌਰ ਰਿਹਾ। ਦਿਲੀ, ਜਮਰੌਦ, ਲੇਹ ਲਦਾਖ ਆਦਿ ਨੂੰ ਫਹਿਤ ਕਰਨ ਦੇ ਦੌਰਾਨ ਜਦ ਵੀ ਮੌਕਾ ਮਿਲਿਆ ਜਾਂ ਵੱਸ ਚੱਲਿਆ ਸਿੱਖਾਂ ਨੇ ਗੁਰਧਾਮਾਂ ਦੀ ਉਸਾਰੀ ਅਤੇ ਇਸ ਦੀ ਮਹੱਤਤਾ ਨੂੰ ਵਧਾਉਣ ਵਲ ਵਿਸ਼ੇਸ਼ ਧਿਆਨ ਦਿੱਤਾ, ਜੋ ਕਿ ਗੁਰਧਾਮਾਂ ਪ੍ਰਤੀ ਸਿੱਖਾਂ ਦੀ ਸ਼ਰਧਾ ਸਤਿਕਾਰ ਤੇ ਪਿਆਰ ਦਾ ਲਿਖਾਇਕ ਰਿਹਾ। ਸਿੱਖ ਸ਼ਾਸਨ ਕਾਲ ਦੌਰਾਨ ਸਿੱਖ ਸ਼ਾਸਕਾਂ ਨੂੰ ਗੁਰਧਾਮਾਂ ਦੀ ਅੰਦਰੂਨੀ ਪ੍ਰਬੰਧ ਵਿਚ ਖ਼ਾਸ ਦਖ਼ਲ ਅੰਦਾਜ਼ੀ ਕਰਨ ਦੀ ਲੋੜ ਨਹੀਂ ਪਈ ਪਰ ਸ਼ੇਰੇ ਪੰਜਾਬ ਦੀ ਰੁਖਸਤੀ ਉਪਰੰਤ ਅੰਗਰੇਜ਼ ਹਕੂਮਤ ਵਲੋਂ ਮਹੰਤਾਂ ਤੇ ਪੁਜਾਰੀਆਂ ਨੂੰ ਦਿੱਤੀ ਗਈ ਰਾਜਸੀ ਸ਼ਹਿ ਨਾਲ ਗੁਰਧਾਮਾਂ ਦੇ ਪ੍ਰਬੰਧ ’ਚ ਵੀ ਵਿਗਾੜ ਪੈਣੀ ਦੀ ਸ਼ੁਰੂਆਤ ਹੋ ਗਈ ਸੀ, ਫਿਰ ਵੀ ਸਿੱਖਾਂ ਦੀ ਗੁਰਧਾਮਾਂ ਪ੍ਰਤੀ ਸ਼ਰਧਾ ਅਤੇ ਅਕੀਦੇ ਨੇ ਅੰਗਰੇਜ਼ ਹਕੂਮਤ ਨੂੰ ਇਹ ਅਭਾਸ ਜ਼ਰੂਰ ਕਰਾ ਦਿੱਤਾ ਕਿ ਗੁਰਧਾਮ ਸਿੱਖਾਂ ਲਈ ਕੇਵਲ ਪੂਜਾ ਪਾਠ ਜਾਂ ਕਰਮਕਾਂਡ ਲਈ ਬਣਿਆ ਕੋਈ ਮੰਦਰ ਨਹੀਂ, ਬਲਕਿ ਇਹ ਸਿੱਖਾਂ ਲਈ ਧਾਰਮਿਕ ਆਸਥਾ, ਸਮਾਜਿਕ ਅਤੇ ਰਾਜਨੀਤਿਕ ਪਹਿਲੂਆਂ ਉੱਤੇ ਵਿਚਾਰ ਕਰਨ ਲਈ ਸੰਗਤੀ ਰੂਪ ਵਿਚ ਜੁੜ ਬੈਠਣ ਦਾ ਸਥਾਨ ਹੈ, ਜਿੱਥੋਂ ਸਿੱਖ ਜਥੇਬੰਦਕ ਸਰੂਪ ਅਤੇ ਰਾਜਸੀ ਸ਼ਕਤੀ ਗ੍ਰਹਿਣ ਕਰਦੇ ਹਨ।

ਅੰਗਰੇਜ਼ ਹਕੂਮਤ ਨੇ ਗੁਰਧਾਮਾਂ ਖ਼ਾਸਕਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲ ਆਪਣਾ ਧਿਆਨ ਵਿਸ਼ੇਸ਼ ਕਰਕੇ ਕੇਂਦਰਿਤ ਕੀਤਾ ਅਤੇ ਇਨ੍ਹਾਂ ਦੇ ਪ੍ਰਬੰਧ ਲਈ ਇਕ ਕਮੇਟੀ ਅਤੇ ਸਰਬਰਾਹ ਨਿਯੁਕਤ ਕੀਤਾ ਗਿਆ। ਮਹੰਤ ਅਤੇ ਪੁਜਾਰੀ ਲਾਣਾ ਗੁਰੂ ਕੀ ਸੰਪਤੀ ਨੂੰ ਆਪਣੀ ਮਲਕੀਅਤ ਸਮਝਣ ਲੱਗੇ। ਇਹ ਦੌਰ ’ਚ ਗੁਰਮਤਿ ਵਿਰੋਧੀ ਵਿਹਾਰ ਸਿਖ਼ਰਾਂ ’ਤੇ ਸੀ ਅਤੇ ਸਰਬ ਸਾਂਝੀਵਾਲਤਾ ਦੇ ਅਸਥਾਨਾਂ ’ਤੇ ਛੂਤਛਾਤ ਭਾਰੂ ਰਿਹਾ ਸੀ। ਧਾਰਮਿਕ ਨਿਜ਼ਾਮ ਦੀ ਵਿਗੜੀ ਹਾਲਤ ਦੇਖ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ।ਕੌਮ ’ਚ ਆਈ ਫ਼ਿਕਰਮੰਦੀ ਅਤੇ ਜਾਗ੍ਰਿਤੀ ਕਾਰਨ ਸਿੰਘ ਸਭਾ ਲਹਿਰ, ਚੀਫ਼ ਖ਼ਾਲਸਾ ਦੀਵਾਨ, ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਜਨਮ ਲਿਆ।

12 ਅਕਤੂਬਰ 1920 ਨੂੰ ਸੰਗਤੀ ਰੂਪ ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਛੂਤ ਸਮਝੀਆਂ ਜਾਂਦੀਆਂ ਜਾਤੀਆਂ ਵਿਚੋਂ ਅੰਮ੍ਰਿਤਪਾਨ ਕਰਨ ਵਾਲੇ ਸਿੰਘਾਂ ਵਲੋਂ ਪ੍ਰਸ਼ਾਦ ਭੇਟ ਕਰਨ ਦੀ ਮਨਾਹੀ ਦੇ ਵਰਤਾਰਿਆਂ ਅਤੇ ਉਸ ਵਕਤ ਪੁਜਾਰੀਆਂ ਵੱਲੋਂ ਖ਼ਾਲੀ ਛੱਡ ਕੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ਸਿੱਖਾਂ ਵੱਲੋਂ ਬਣਾਈ ਗਈ 17 ਮੈਂਬਰੀ ਕਮੇਟੀ ਅਤੇ ਫਿਰ ਪ੍ਰਸ਼ਾਸਨ ਨਾਲ ਮੀਟਿੰਗ ਉਪਰੰਤ ਹੋਣ ਵਿਚ ਆਈਂ 9 ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਦੇ ਸਾਕਾਰ ਹੋਣ ਦਾ ਪਹਿਲਾ ਕਦਮ ਹੋਣ ਦਾ ਮਾਣ ਰਿਹਾ।

ਇਨ੍ਹਾਂ ਤੋਂ ਬਾਅਦ ਕੌਮ ਦੇ ਆਗੂਆਂ ਨੇ 15 ਨਵੰਬਰ 1920 ਨੂੰ ਸਰਬੱਤ ਖ਼ਾਲਸਾ ਇਕੱਠ ਬੁਲਾ ਕੇ ਪ੍ਰਥਮ ਕਾਰਜ ਵਲੋਂ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਲਈ 150 ਮੈਂਬਰੀ ਕਮੇਟੀ ਦੀ ਚੋਣ ਕੀਤੀ, ਇਸ ਵਿਚ ਸਰਕਾਰ ਵੱਲੋਂ ਬਣਾਈ ਗਈ 36 ਮੈਂਬਰੀ ਕਮੇਟੀ ਨੂੰ ਵੀ ਸ਼ਾਮਿਲ ਕਰਦਿਆਂ ਸਮੂਹ ਮੈਂਬਰਾਂ ਦੀ ਗਿਣਤੀ 175 ਕੀਤੀ ਗਈ। ਉਕਤ ਚੋਣ ਉਪਰੰਤ ਅੰਗਰੇਜ਼ ਸਰਕਾਰ ਸਿੱਖਾਂ ਨਾਲ ਫਿਰ ਵਿਟਰ ਗਈ। ਜਿਸ ਕਾਰਨ ਮਹੰਤਾਂ ਤੋਂ ਗੁਰਧਾਮਾਂ ਨੂੰ ਅਜ਼ਾਦ ਕਰਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਆਰੰਭਤਾ ਹੋਈ। ਇਸੇ ਦੌਰਾਨ ਸਿੱਖ ਆਗੂਆਂ ਨੇ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਲਈ ਖ਼ੂਨ ਡੋਲਵਾਂ ਸੰਘਰਸ਼ ਕੀਤਾ। ਮੋਰਚੇ ਲਾਏ, ਸਾਕੇ ਵਰਤੇ, ਡਾਂਗਾਂ ਵਰ੍ਹੀਆਂ, ਗੋਲੀਆਂ ਚਲੀਆਂ, 500 ਤੋਂ ਵੱਧ ਸ਼ਹੀਦੀਆਂ, ਹਜ਼ਾਰਾਂ ਅੰਗਹੀਣ, ਤੀਹ ਹਜ਼ਾਰ ਗ੍ਰਿਫ਼ਤਾਰੀਆਂ ਅਤੇ ਲੱਖਾਂ ਆ ਨੁਕਸਾਨ ਉਠਾਉਣਾ ਪਿਆ। ਇਸ ਤਰਾਂ ਜ਼ਬਰਦਸਤ ਜਦੋ ਜਹਿਦ ਦੇ ਕਾਰਨ 1 ਨਵੰਬਰ 1925 ਨੂੰ’’ ਗੁਰਦੁਆਰਾ ਐਕਟ ’’ ਬਣ ਕੇ ਲਾਗੂ ਕੀਤਾ ਗਿਆ, ਜਿਸ ਤਹਿਤ ਗੁਰਦੁਆਰਿਆਂ ਦਾ ਪ੍ਰਬੰਧ ਚੁਣੇ ਹੋਏ ਨੁਮਾਇੰਦਿਆਂ ਨੂੰ ਸੌਂਪਿਆ ਗਿਆ।

ਗੁਰਧਾਮਾਂ ਪ੍ਰਤੀ ਚੇਤਨਾ ਲਹਿਰ ਗੁਰਦੁਆਰਾ ਰਕਾਬ ਗੰਜ ਦੀ ਢਾਹੇ ਗਏ ਦੀਵਾਰ ਦੀ ਮੁੜ ਉਸਾਰੀ ਲਈ ਲਾਏ ਗਏ ਮੋਰਚੇ ਨਾਲ ਹੋ ਚੁੱਕੀ ਸੀ, ਫਿਰ 27 ਸਤੰਬਰ 1920 ਨੂੰ ਗੁਰਦੁਆਰਾ ਚੁਮਾਲਾ ਸਾਹਿਬ, ਪਾਤਿਸ਼ਾਹੀ ਛੇਵੀਂ, ਲਾਹੌਰ ’ਤੇ ਕਾਬਜ਼ ਗ੍ਰੰਥੀ ਦੀਆਂ ਮਨਮਤੀ ਵਰਤਾਰਿਆਂ ਨੂੰ ਠਲ ਪਾਉਂਦਿਆਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕੌਮ ਨੇ ਆਪਣੇ ਹੱਥ ’ਚ ਲਿਆ, ਜੋ ਕਿ ਗੁਰਦੁਆਰਾ ਸੁਧਾਰ ਲਹਿਰ ਦੀ ਪਹਿਲੀ ਕਾਮਯਾਬੀ ਸੀ। ਇਸੇ ਦੌਰਾਨ ਗੁਰਦੁਆਰਾ ਬਾਬੇ ਦੀ ਬੇਰ, ਸਿਆਲ ਕੋਟ , ਗੁਰਦੁਆਰਾ ਪੰਜਾ ਸਾਹਿਬ ਅਜ਼ਾਦ ਕਰਾਏ ਗਏ। ਗੁਰਦੁਆਰਾ ਤਰਨ ਤਾਰਨ ਸਾਹਿਬ ਦੀ ਸੇਵਾ ਸੰਭਾਲ ਨੂੰ ਲੈ ਕੇ ਗੱਲਬਾਤ ਕਰਨ ਪਹੁੰਚੇ ਸਿੰਘਾਂ ’ਤੇ ਮਹੰਤਾਂ ਵਲੋਂ ਸਾਜ਼ਿਸ਼ ਤਹਿਤ ਕੀਤੇ ਗਏ ਹਮਲੇ ਦੌਰਾਨ ਭਾਈ ਹਜ਼ਾਰਾ ਸਿੰਘ ਅਲਾਦੀਨ ਪੁਰ ਅਤੇ ਭਾਈ ਹੁਕਮ ਸਿੰਘ ਵਜਾਊ ਕੋਟ ਦੀਆਂ ਸ਼ਹਾਦਤਾਂ ਨਾਲ ਗੁਰਦੁਆਰਾ ਸੁਧਾਰ ਲਹਿਰ ’ਚ ਪਹਿਲੀਆਂ ਸ਼ਹੀਦੀਆਂ ਦਾ ਯੋਗਦਾਨ ਪਿਆ। ਜਿਸ ਜਥੇ ਦੀ ਅਗਵਾਈ ਜਥੇਦਾਰ ਤੇਜਾ ਸਿੰਘ ਭੁੱਚਰ ਕੋਲ ਸੀ।

ਉਸ ਵਕਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਅਟੱਲ ਰਾਏ ਜੀ ਅਤੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੇ ਪ੍ਰਬੰਧ ਲਈ ਪੁਜਾਰੀ ਭਾਵੇਂ ਵੱਖ ਵੱਖ ਸਨ ਪਰ ਸਰਬਰਾਹ ਇੱਕੋ ਸੀ। ਤਰਨ ਤਾਰਨ ’ਚ ਪੁਜਾਰੀ ਲਾਣਾ ਧਰਮ, ਸ਼ਰਮ ਅਤੇ ਲੋਕ ਲਾਜ ਤੋਂ ਉਲਟ ਕੰਮ ਕਰਨ ਅਤੇ ਸਮਝਾਉਣ ਵਾਲਿਆਂ ਨੂੰ ਮਾਰਨ ਦੀਆਂ ਧਮਕੀਆਂ ਦੇਣ ਬਾਰੇ ਸਮਝਣਾ ਮਿਸਟਰ ਕਿੰਗ ਨੂੰ ਸਭ ਖ਼ਬਰ ਹੋਣ ਦੇ ਬਾਵਜੂਦ ਉਹ ਮਹੰਤਾਂ ਨੂੰ ਸ਼ਹਿ ਦੇ ਰਿਹਾ ਸੀ। ਮਹੰਤਾਂ ਦੀਆਂ ਕੁਰੀਤੀਆਂ ਬਾਰੇ ਭਾਈ ਮੋਹਨ ਸਿੰਘ ਵੈਦ ਨੇ ਮਿਸਟਰ ਕਿੰਗ ਨੂੰ ਖ਼ਬਰਦਾਰ ਵੀ ਕੀਤਾ।

ਇਸੇ ਦੌਰਾਨ ਅਕਸਰ ਹੀ ਮੁਖੀ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਬਾਰੇ ਵਿਚਾਰਾਂ ਕਰਿਆ ਕਰਦੇ ਸਨ। ਕੁਦਰਤੀ ਹੀ ਦਰਬਾਰ ਸਾਹਿਬ, ਤਰਨ ਤਾਰਨ ਦੇ ਪੁਜਾਰੀਆਂ ਦੀਆਂ ਮਨਮਤੀ ਕਾਰਵਾਈਆਂ ਦਾ ਜ਼ਿਕਰ ਛਿੜ ਪਿਆ। ਜਿਸ ਵਿਚ ਮੇਰਠ ਤੋਂ ਆਏ ਨਿਹੰਗ ਨੂੰ ਪੁਜਾਰੀਆਂ ਵਲੋਂ ਮਾਰਨ ਕੁੱਟਣ, ਭਾਈ ਲਛਮਣ ਸਿੰਘ ਧਾਰੋਵਾਲ ਨਾਲ ਗਈਆਂ ਸਕੂਲੀ ਬੱਚੀਆਂ ਨੂੰ ਕੀਰਤਨ ਕਰਨ ਦੀ ਆਗਿਆ ਨਾ ਦੇਣ ਅਤੇ ਸ੍ਰੀ ਦਰਬਾਰ ਸਾਹਿਬ ਵਿਚ ਅੰਮ੍ਰਿਤ ਸਮੇਂ ਆਸਾ ਦੀ ਵਾਰ ਦਾ ਕੀਰਤਨ ਕਰਨ ਆਏ ਸਥਾਨਕ ‘ਸੇਵਕ ਜਥੇ’ ਨੂੰ ਪੁਜਾਰੀਆਂ ਵਲੋਂ ਨਾ ਕੇਵਲ ਕੀਰਤਨ ਤੋਂ ਰੋਕਿਆ ਸਗੋਂ ਉਨ੍ਹਾਂ ਮਾਰ ਕੁੱਟ ਤਕ ਕਰਨ ਤੋਂ ਇਲਾਵਾ ਤਰਨ ਤਾਰਨ ਤੋਂ ਆਈ ਇਕ ਬੀਬੀ ਵਲੋਂ ਉਥੋਂ ਦੇ ਮਹੰਤਾਂ ਦੀਆਂ ਕਰਤੂਤਾਂ ਤੇ ਬੀਬੀਆਂ ਨਾਲ ਕੀਤੀਆਂ ਜਾ ਰਹੀਆਂ ਅਸ਼ਲੀਲ ਤੇ ਇਖਲਾਕਹੀਣ ਵਧੀਕੀਆਂ ਦੀਆਂ ਗੱਲਾਂ ਚੱਲ ਨੇ ਸੰਗਤ ’ਚ ਰੋਸ ਪੈਦਾ ਕਰਦਿਤਾ। ਮਾਈ ਦੀ ਵਿਥਿਆ ਸੁਣ ਕੇ ਸਭ ਦੇ ਦਿਲ ਵਿੰਨ੍ਹੇ ਗਏ। ਸਾਰੇ ਇਸ ਨਤੀਜੇ ’ਤੇ ਪੁੱਜੇ ਕਿ ਪੁਜਾਰੀਆਂ ਨੂੰ ਸਿੱਧੇ ਰਾਹ ਪਾਉਣ ਲਈ ਤੁਰੰਤ ਉਪਰਾਲੇ ਦੀ ਲੋੜ ਹੈ। ਫ਼ੈਸਲਾ ਹੋਇਆ ਕਿ ਤਰਨ ਤਾਰਨ ਜਾ ਕੇ ਪੁਜਾਰੀਆਂ ਨੂੰ ਸਮਝਾਇਆ ਜਾਵੇ।

25 ਜਨਵਰੀ 1921 ਨੂੰ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ਵਿਚ ਤੀਹ ਕੁ ਸਿੰਘ ਸਵੇਰ ਦੀ ਗੱਡੀ ਤਰਨ ਤਾਰਨ ਪਹੁੰਚ ਗਏ। ਦਰਬਾਰ ਸਾਹਿਬ ਪਹੁੰਚੇ ਤਾਂ ਕੀਰਤਨ ਹੋ ਰਿਹਾ ਸੀ। ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਕੀਰਤਨ ਸਰਵਣ ਕਰਨ ਲੱਗੇ। ਪੁਜਾਰੀ ਆਪਣੀਆਂ ਕਰਤੂਤਾਂ ਕਾਰਨ ਅੰਦਰੋਂ ਡਰੇ ਹੋਏ ਸਨ। ਅਕਾਲੀਆਂ ਨੇ ਪਿਛਲੇ ਕੁਝ ਸਮੇਂ ਵਿਚ ਕੁਝ ਗੁਰਧਾਮਾਂ ਦੇ ਪ੍ਰਬੰਧ ਆਪਣੇ ਹੱਥਾਂ ਵਿਚ ਲਿਆ ਸੀ, ਇਸ ਲਈ ਪੁਜਾਰੀਆਂ ਨੇ ਮੰਨ ਲਿਆ ਕਿ ਅਕਾਲੀ ਇਸ ਮਨੋਰਥ ਵਾਸਤੇ ਹੀ ਆਏ ਹਨ। ਇਹ ਸੋਚ ਕੇ ਕੁਝ ਜੋਸ਼ੀਲੇ ਪੁਜਾਰੀ, ਅਕਾਲੀਆਂ ਨਾਲ ਖਹਿਬੜਨ ਲੱਗੇ। ਫ਼ਸਾਦ ਤੋਂ ਬਚਾਉਣ ਵਾਸਤੇ ਭਾਈ ਮੋਹਨ ਸਿੰਘ ਵੈਦ ਅਤੇ ਹੋਰ ਸਥਾਨਕ ਪਤਵੰਤਿਆਂ ਨੇ ਪੁਜਾਰੀਆਂ ਨੂੰ ਸਮਝਾਇਆ ਕਿ ਅਕਾਲੀ ਉਨ੍ਹਾਂ ਨੂੰ ਗੁਰਦੁਆਰੇ ਵਿਚੋਂ ਬੇਦਖ਼ਲ ਕਰਨ ਨਹੀਂ ਆਏ, ਉਹ ਪ੍ਰਬੰਧ ਵਿਚ ਸੁਧਾਰ ਚਾਹੁੰਦੇ ਹਨ। ਫਲਸਰੂਪ ਬਜ਼ੁਰਗ ਪੁਜਾਰੀਆਂ ਨੇ ਗੜਬੜ ਖ਼ਤਮ ਕਰਵਾ ਦਿੱਤੀ ਅਤੇ ਸਹਿਮਤੀ ਦਿੱਤੀ ਕਿ ਉਹ ਅਕਾਲੀਆਂ ਦੀ ਗੱਲ ਸੁਣਨ ਲਈ ਤਿਆਰ ਹਨ। ਵਿਚਾਰ ਵਟਾਂਦਰੇ ਵਾਸਤੇ ਪੁਜਾਰੀਆਂ ਨੇ ਨਿਹਾਲ ਸਿੰਘ, ਗੁਰਬਖ਼ਸ਼ ਸਿੰਘ, ਗੁਰਦਿੱਤ ਸਿੰਘ, ਸੇਵਾ ਸਿੰਘ ਆਦਿ 6 ਵਿਅਕਤੀ ਅਤੇ ਅਕਾਲੀਆਂ ਤੇ ਸਥਾਨਕ ਸਿੱਖਾਂ ਵਲੋਂ ਜਥੇ: ਤੇਜਾ ਸਿੰਘ ਭੁੱਚਰ, ਜ: ਬਲਵੰਤ ਸਿੰਘ ਕੁਲ, ਸ: ਦਾਨ ਸਿੰਘ ਵਛੋਆ, ਜਾਂ ਕਰਤਾਰ ਸਿੰਘ ਝਬਰ ਅਤੇ ਹਕੀਮ ਬਹਾਦਰ ਸਿੰਘ ਆਦਿ ਨੁਮਾਇੰਦਿਆਂ ਦੀ ਕਮੇਟੀ ਬਣਾ ਦਿੱਤੀ ਗਈ ਅਤੇ ਚਾਰ ਵਜੇ ਸ਼ਾਮ ਮੀਟਿੰਗ ਕਰਨ ਦਾ ਫ਼ੈਸਲਾ ਹੋਇਆ। ਮੀਟਿੰਗ ਸ਼ੁਰੂ ਹੋਈ ਤਾਂ ਅਕਾਲੀ ਆਗੂਆਂ ਦਾ ਮਤ ਸੀ ਕਿ ਅੰਗਰੇਜ਼ ਸਰਕਾਰ ਦੁਆਰਾ ਪ੍ਰਚੱਲਿਤ ਪ੍ਰਬੰਧ ਅਨੁਸਾਰ ਤਰਨ ਤਾਰਨ ਗੁਰਦੁਆਰੇ ਦਾ ਪ੍ਰਬੰਧ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਦੇਖਣ ਵਾਲੇ ਸਰਬਰਾਹ ਦੇ ਹੱਥ ਸੀ, ਇਸ ਲਈ 12 ਅਕਤੂਬਰ ਦੀ ਘਟਨਾ ਪਿੱਛੋਂ ਤਰਨ ਤਾਰਨ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਹੇਠ ਆ ਗਿਆ ਹੈ। ਇਸ ਦੀ ਲੋਅ ਵਿਚ ਉਨ੍ਹਾਂ ਨੇ ਪੁਜਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਗੁਰੂ ਘਰ ਵਿਚ ਪੁਜਾਰੀਆਂ ਵੱਲੋਂ ਸੇਵਾ ਕੀਤੇ ਜਾਣ ਉੱਤੇ ਕੋਈ ਇਤਰਾਜ਼ ਨਹੀਂ ਪਰ ਪੁਜਾਰੀਆਂ ਨੂੰ ਪੰਥ ਦੀਆਂ ਸ਼ਰਤਾਂ ਮੰਨ ਲੈਣੀਆਂ ਚਾਹੀਦੀਆਂ ਹਨ। ਜਿਵੇਂ ਕਿ

1. ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀਆਂ ਹਦਾਇਤਾਂ ਮੁਤਾਬਿਕ ਚਲਾਇਆ ਜਾਵੇਗਾ।

2. ਪ੍ਰਬੰਧ ਦੀ ਨਿਗਰਾਨੀ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਸਥਾਨਕ ਕਮੇਟੀ ਬਣਾਈ ਜਾਏਗੀ।

3. ਵਰਤਮਾਨ ਘਾਟਾਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਸ਼੍ਰੋਮਣੀ ਕਮੇਟੀ ਨੂੰ ਕੋਈ ਸ਼ਿਕਾਇਤ ਨਾ ਪੁੱਜੇ।

4. ਜਿਹੜੇ ਪੁਜਾਰੀਆਂ ਨੇ ਗੁਰਮਤਿ ਮਰਿਆਦਾ ਦੀ ਉਲੰਘਣਾ ਕੀਤੀ ਹੈ, ਉਹ ਸੰਗਤ ਦੇ ਹੁਕਮ ਅਨੁਸਾਰ ਤਨਖ਼ਾਹ ਲਗਵਾਉਣ ਅਤੇ

5. ਕੇਵਲ ਅੰਮ੍ਰਿਤਧਾਰੀ ਤੇ ਗੁਰਮਤਿ ਰਹਿਤ ਵਾਲੇ ਗ੍ਰੰਥੀਆਂ ਨੂੰ ਸੇਵਾ ਜਾਰੀ ਰੱਖਣ ਦੀ ਆਗਿਆ ਹੋਵੇਗੀ।

ਲੰਮੇ ਬਹਿਸ ਪਿੱਛੋਂ ਸਮਝੌਤਾ ਤੈਅ ਹੋ ਗਿਆ। ਪੁਜਾਰੀਆਂ ਦੇ ਪ੍ਰਤੀਨਿਧ ਇਹ ਕਹਿ ਕੇ ਬਾਹਰ ਚਲੇ ਗਏ ਕਿ ਉਹ ਬਾਕੀ ਪੁਜਾਰੀਆਂ ਨਾਲ ਕੁਝ ਸਲਾਹ ਕਰਨਾ ਚਾਹੁੰਦੇ ਹਨ। ਪੁਜਾਰੀਆਂ ਨੂੰ ਲਾਹੌਰ ਦੇ ਕਮਿਸ਼ਨਰ ਜੋ ਕਦੇ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਹੋਣ ਸਮੇਂ ਪੁਜਾਰੀਆਂ ਦਾ ਸਨੇਹੀ ਸੀ, ਦੀ ਸ਼ਹਿ ਪ੍ਰਾਪਤ ਸੀ। ਪੁਜਾਰੀ ਅੰਦਰੋ-ਅੰਦਰੀ ਅਕਾਲੀਆਂ ਨੂੰ ਗੁਰਦੁਆਰੇ ਵਿਚੋਂ ਕੱਢ ਦੇਣ ਲਈ ਤਿਆਰੀ ਵਾਸਤੇ ਸਮਾਂ ਲੈ ਰਹੇ ਸਨ। ਉਸ ਵਕਤ ਪੁਜਾਰੀਆਂ ਦੇ ਹਥਿਆਰਬੰਦ ਬੰਦੇ ਗੁਰਦਿੱਤ ਸਿੰਘ ਦੇ ਮਕਾਨ ਅਤੇ ਝੰਡਾ ਬੰਗਾ ਵਿਚ ਸਿੱਖਾਂ ’ਤੇ ਹਮਲਾ ਕਰਨ ਦੀ ਤਿਆਰੀਆਂ ਕਰ ਰਹੇ ਸਨ। ਉਨ੍ਹਾਂ ਕੋਲ ਗੋਲਾ ਬਾਰੂਦ ਵੀ ਸੀ। ਦੂਜੇ ਪਾਸੇ ਅਕਾਲੀਆਂ ਦੇ ਤਰਨ ਤਾਰਨ ਆਉਣ ਦੀ ਗੱਲ ਜਿਉਂ ਜਿਉਂ ਲੋਕਾਂ ਤੱਕ ਪੁੱਜੀ, ਸਿੱਖਾਂ ਦੇ ਇਕੱਠ ਦੀ ਗਿਣਤੀ ਵਧਦੀ ਗਈ। ਰਾਤ ਦੇ ਸਾਡੇ ਨੌਂ ਕੁ ਵਜੇ ਦੋ ਪੁਜਾਰੀਆਂ ਨੇ ਆ ਕੇ ਸਿੱਖ ਆਗੂਆਂ ਨੂੰ ਕਿਹਾ ਕਿ ਪੁਜਾਰੀਆਂ ਨੂੰ ਅਕਾਲੀਆਂ ਦੀਆਂ ਸ਼ਰਤਾਂ ਮਨਜ਼ੂਰ ਹਨ ਅਤੇ ਉਹ ਸਾਰੇ ਦਰਬਾਰ ਸਾਹਿਬ ਦੇ ਅੰਦਰ ਬੈਠੇ ਦਸਤਖ਼ਤ ਕਰਨ ਲਈ ਲਿਖਤੀ ਇਕਰਾਰਨਾਮੇ ਦੀ ਇੰਤਜ਼ਾਰ ਕਰ ਰਹੇ ਹਨ। ਸਿੱਖ ਆਗੂਆਂ ਨੂੰ ਮਹੰਤਾਂ ਦੀ ਨੀਅਤ ’ਤੇ ਸ਼ੱਕ ਵੀ ਹੋਇਆ। ਅਕਾਲੀਆਂ ਨੇ ਭਾਈ. ਮੋਹਨ ਸਿੰਘ ਵੈਦ ਨੂੰ ਸਮਝੌਤੇ ਦੀ ਕਾਗ਼ਜ਼ ਤਿਆਰ ਕਰਨ ਲਈ ਭੇਜ ਦਿੱਤਾ। ਭਾਈ ਵੈਦ ਨੇ ਗੁਰਦੁਆਰੇ ਦੇ ਬਾਹਰ ਖੜੇ ਤਹਿਸੀਲਦਾਰ, ਇੰਸਪੈਕਟਰ ਅਤੇ ਹੋਰ ਸਰਕਾਰੀ ਅਧਿਕਾਰੀਆਂ ਇਸ ਪ੍ਰਤੀ ਇਤਲਾਹ ਦੇ ਦਿੱਤੀ। ਕੁਝ ਸਿੰਘ ਇਕਰਾਰਨਾਮੇ ਉੱਤੇ ਪੁਜਾਰੀਆਂ ਦੇ ਦਸਤਖ਼ਤ ਕਰਵਾਉਣ ਵਾਸਤੇ ਦਰਬਾਰ ਸਾਹਿਬ ਅੰਦਰ ਗਏ, ਬਾਹਰ ਦੀਵਾਨ ’ਚ ਹਾਜ਼ਰ ਸੰਗਤ ਉੱਤੇ ਪੁਜਾਰੀ ਗੁਰਦਿੱਤ ਸਿੰਘ ਦੇ ਮਕਾਨ ਅਤੇ ਬੁੰਗਿਆਂ ਉੱਤੋਂ ਕਈ ਹੱਥ ਗੋਲੇ ਸੁੱਟੇ ਗਏ ਜਿਸ ਨਾਲ ਕਈ ਸਿੰਘ ਜ਼ਖ਼ਮੀ ਹੋਏ। ਦਰਬਾਰ ਸਾਹਿਬ ਦੇ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਵਾਲੇ ਸ: ਬਲਵੰਤ ਸਿੰਘ ਕੁਲ੍ਹਾ ’ਤੇ ਤਲਵਾਰ ਦਾ ਵਾਰ ਹੋਇਆ ਤਾਂ ਉਸ ਦੀ ਬਾਂਹ ਲਗਭਗ ਵੱਢੀ ਗਈ। ਉਸ ਦੇ ਨਾਲ ਹੀ ਭਾਈ ਹਜ਼ਾਰਾ ਸਿੰਘ ਅਲਾਦੀਨ ਪੁਰ ਦੇ ਢਿੱਡ ਵਿਚ ਤਲਵਾਰ ਮਾਰੀ ਗਈ ਅਤੇ ਸ: ਹੁਮਕ ਸਿੰਘ ਵਚਾਊ ਕੋਟ ਸਿਰ ’ਤੇ ਤਵੀਆਂ ਦੀ ਮਾਰ ਨਾਲ ਗੰਭੀਰ ਜ਼ਖ਼ਮੀ ਹੋਇਆ।

ਭਾਈ ਸਰਨ ਸਿੰਘ, ਭਾਈ ਗੁਰਬਖ਼ਸ਼ ਸਿੰਘ, ਭਾਈ ਲਾਭ ਸਿੰਘ, ਭਾਈ ਈਸ਼ਰ ਸਿੰਘ ਸਮੇਤ ਦਰਜਨ ਦੇ ਲਗਭਗ ਹੋਰ ਸਿੱਖ ਜ਼ਖ਼ਮੀ ਹੋਏ। ਇਹ ਸਭ ਕੁਝ ਪਲਾਂ ਵਿਚ ਹੀ ਵਾਪਰ ਗਿਆ। ਮਹੰਤ ਦੇ ਬੰਦੇ ਬੱਤੀਆਂ ਗੁੱਲ ਕਰ ਕੇ ਭੱਜ ਪਏ। ਜ਼ਖ਼ਮੀ ਸਿੱਖਾਂ ਨੇ ਜਦ ਬਾਹਰ ਆ ਕੇ ਘਟਨਾ ਦੀ ਜਾਣਕਾਰੀ ਸੰਗਤ ਨੂੰ ਦਿੱਤੀ ਤਾਂ ਸੰਗਤ ਅਥਾਹ ਗ਼ੁੱਸੇ ਵਿਚ ਆ ਗਈ , ਅੰਦਰ ਖ਼ੂਨ ਹੀ ਖ਼ੂਨ ਸੀ। ਸੰਗਤ ਨੇ ਜ਼ਖ਼ਮੀਆਂ ਨੂੰ ਸੰਭਾਲਿਆ। ਰੋਸ ’ਚ ਆਏ ਨੌਜਵਾਨਾਂ ਨੂੰ ਆਗੂਆਂ ਨੇ ਸ਼ਾਂਤ ਰੱਖਿਆ। ਫਿਰ ਵੀ ਵਾਰਦਾਤ ਕਰਨ ਪਿੱਛੋਂ ਭੱਜੇ ਜਾ ਰਹੇ ਕਈ ਪੁਜਾਰੀ ਸਿੱਖਾਂ ਨੇ ਕਾਬੂ ਕਰ ਲਏ। 10 ਵਜੇ ਪੁਲੀਸ ਪਹੁੰਚੀ ਤੇ ਵਕੂਆ ਦੇਖਿਆ। ਪੁਲੀਸ ਨੇ ਸ਼ਰਾਬੀ ਪੁਜਾਰੀ ਦੇਖੇ। ਅਗਲੇ ਦਿਨ ਪੁਜਾਰੀਆਂ ਨੇ ਨਕਲੀ ਪਰ ਮਾਮੂਲੀ ਜ਼ਖ਼ਮਾਂ ਵਾਲੇ 13 ਜ਼ਖ਼ਮੀ ਹਸਪਤਾਲ ਦਾਖਲ ਕਰਾਏ ਤਾਂ ਕਿ ਬਰਾਬਰ ਦਾ ਮੁਕੱਦਮਾ ਬਣਾਇਆ ਜਾ ਸਕੇ। ਸਾਜ਼ਿਸ਼ ਵਿਚ ਪੁਲੀਸ ਭਾਈਵਾਲ ਸੀ। ਦੋਹਾਂ ਧਿਰਾਂ ’ਤੇ ਮੁਕੱਦਮਾ ਦਰਜ ਹੋਇਆ। ਇਸੇ ਕੇਸ ਵਿਚ ਅਦਾਲਤ ਨੇ 15 ਪੁਜਾਰੀਆਂ ਨੂੰ 3-3 ਸਾਲ ਕੈਦ, 50 -50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇਸੇ ਤਰਾਂ 9 ਅਕਾਲੀਆਂ ਨੂੰ ਇਕ – ਇਕ ਸਾਲ ਕੈਦ ਅਤੇ 50-50 ਹਜ਼ਾਰ ਜੁਰਮਾਨਾ। ਮਗਰੋਂ ਜੱਜ ਨੇ ਮਹੰਤਾਂ ਦੀ ਕੈਦ 9 ਮਹੀਨੇ ਅਤੇ ਅਕਾਲੀਆਂ ਦੀ ਕੈਦ 6 ਮਹੀਨੇ ਕਰਦਿਤੀ। ਇਸ ਕੇਸ ਵਿਚ ਅਕਾਲੀਆਂ ਨੇ ਸਰਕਾਰ ਨਾਲ ਮਿਲਵਰਤਨ ਤੋਂ ਇਨਕਾਰ ਕਰ ਦਿੱਤਾ। ਵਰਨਾ ਮਹੰਤਾਂ ’ਤੇ ਦੋ ਕਤਲਾਂ ਲਈ ਦਫ਼ਾ 302 ਲੱਗਣੀ ਸੀ। 26 ਜਨਵਰੀ 1921ਨੂੰ ਐੱਸ ਪੀ ਨੇ ਦੋਹਾਂ ਧਿਰਾਂ ਨਾਲ ਗਲ ਕੀਤੀ। ਮਹੰਤਾਂ ਨੂੰ ਗੁਰਦੁਆਰੇ ’ਚ ਜਾਣ ਤੋਂ ਰੋਕ ਦਿੱਤਾ ਗਿਆ। ਕੁਝ ਦਿਨ ਬਾਅਦ ਮਹੰਤਾਂ ਨੇ ਮੁਆਫ਼ੀ ਮੰਗ ਲਈ। ਗੁਰਦੁਆਰੇ ਦੀ ਸੇਵਾ ਸੰਭਾਲ ਸੰਗਤ ਦੇ ਹੱਥ ਆਈ। ਸੰਗਤ ਨੇ ਦਰਬਾਰ ਸਾਹਿਬ ਦਾ ਫ਼ਰਸ਼ ਪਾਣੀ ਨਾਲ ਧੋਤਾ ਅਤੇ ਫਿਰ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਇਉਂ ਇਸ ਗੁਰਦੁਆਰੇ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਹੱਥ ਆ ਗਿਆ, ਗੁਰਦੁਆਰੇ ਦੇ ਪ੍ਰਬੰਧ ਵਾਸਤੇ ਸਥਾਨਕ ਕਮੇਟੀ ਬਣਾਈ ਗਈ ਜਿਸ ਵਿਚ ਸੂਬੇਦਾਰ ਬਲਵੰਤ ਸਿੰਘ ਕੁੱਲਾ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ।

ਇਸੇ ਦੌਰਾਨ ਹਸਪਤਾਲ ਵਿਚ ਦਾਖਲ ਭਾਈ ਹਜ਼ਾਰਾ ਸਿੰਘ ਪਿੰਡ ਅਲਾਦੀਨ ਪੁਰ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ 27 ਜਨਵਰੀ ਨੂੰ ਦੁਪਹਿਰ ਪਿੱਛੋਂ ਅਕਾਲ ਚਲਾਣਾ ਕਰ ਗਿਆ । 28 ਜਨਵਰੀ ਨੂੰ ਭਾਈ ਹਜ਼ਾਰਾ ਸਿੰਘ ਦੀ ਦੇਹ ਜਲੂਸ ਦੀ ਸ਼ਕਲ ਵਿਚ ਲਿਜਾ ਕੇ ਉਸ ਦਾ ਸਸਕਾਰ ਗੁਰੂ ਕੇ ਖੂਹ ਉੱਤੇ ਕੀਤਾ ਗਿਆ। ਹਜ਼ਾਰਾਂ ਸਿੰਘਾਂ ਦੀ ਸ਼ਮੂਲੀਅਤ ਨਾਲ ਉਸ ਜ਼ਮਾਨੇ ਵਿਚ ਇਹ ਜਲੂਸ ਸਭ ਤੋਂ ਵੱਡਾ ਜਲੂਸ ਸੀ। ਇਸੇ ਦੌਰਾਨ ਹਸਪਤਾਲ ਵਿਚ ਜੇਰੇ-ਇਲਾਜ ਇਕ ਹੋਰ ਸਿੱਖ ਭਾਈ ਹੁਕਮ ਸਿੰਘ ਪਿੰਡ ਵਸਾਊ ਕੋਟ 4 ਫਰਵਰੀ ਵਾਲੇ ਦਿਨ ਚੜ੍ਹਾਈ ਕਰ ਗਏ। ਇਉਂ ਇਹ ਤਰਨ ਤਾਰਨ ਦੇ ਸਾਕੇ ਵਿਚ ਦੋ ਸਿੰਘਾਂ ਦੀਆਂ ਸ਼ਹੀਦੀਆਂ ਨਾਲ ਗੁਰਦੁਆਰਾ ਸੁਧਾਰ ਲਹਿਰ ’ਚ ਪਹਿਲੀਆਂ ਸ਼ਹੀਦੀਆਂ ਵਜੋਂ ਦਰਜ ਹੋਇਆ। ਇਨ੍ਹਾਂ ਸਿੰਘਾਂ ਦੀ ਸ਼ਹੀਦੀ ਅਤੇ ਸਾਕਾ ਤਰਨ ਤਾਰਨ ਸਾਹਿਬ ਦੀ ਘਟਨਾ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵਲੋਂ ਸ਼ਹੀਦ ਬਾਬਾ ਹਜ਼ਾਰਾ ਸਿੰਘ ਅਲਾਦੀਨ ਪੁਰ ਦੇ ਵਾਰਸ ਭਾਈ ਅਜੈਬ ਸਿੰਘ ਅਭਿਆਸੀ ਮੈਂਬਰ ਧਰਮ ਪ੍ਰਚਾਰ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸੁਧਾਰ ਲਹਿਰ ਦੇ ਇਨ੍ਹਾਂ ਪਹਿਲੀਆਂ ਸ਼ਹੀਦੀਆਂ ਦਾ ਯੋਗਦਾਨ ਪਾਉਣ ਵਾਲਿਆਂ ਦੀ ਯਾਦ ਵਿਚ 27 ਅਤੇ 28 ਜਨਵਰੀ ਨੂੰ ਸ਼ਹੀਦੀ ਯਾਦਗਾਰ ਗੁ: ਸ਼ਹੀਦ ਬਾਬਾ ਹਜ਼ਾਰਾ ਸਿੰਘ ਜੀ ਅਤੇ ਬਾਬਾ ਹੁਕਮ ਸਿੰਘ ਜੀ, ਪਿੰਡ ਅਲਾਦੀਨ ਪੁਰ ਵਿਖੇ ਗੁਰਮਤ ਸਮਾਗਮ ਕਰਾਏ ਜਾ ਰਹੇ ਹਨ।

ਪ੍ਰੋ : ਸਰਚਾਂਦ ਸਿੰਘ
9781355522

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: