ਗੁਰਦੁਆਰਾ ਸਾਹਿਬ ਵਪਾਰਿਕ ਅਦਾਰੇ ਨਹੀ ਸੇਵਾ ਦੇ ਕੇਂਦਰ , ਜੀ ਐਸ ਟੀ ਤੋਂ ਮੁਕਤ ਕੀਤਾ ਜਾਵੇ – ਸਰਨਾ

ss1

ਗੁਰਦੁਆਰਾ ਸਾਹਿਬ ਵਪਾਰਿਕ ਅਦਾਰੇ ਨਹੀ ਸੇਵਾ ਦੇ ਕੇਂਦਰ , ਜੀ ਐਸ ਟੀ ਤੋਂ ਮੁਕਤ ਕੀਤਾ ਜਾਵੇ – ਸਰਨਾ

ਜੰਡਿਆਲਾ ਗੁਰੂ 17 ਜੁਲਾਈ (ਵਰਿੰਦਰ ਸਿੰਘ) :- ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਜੀ.ਐਸ.ਟੀ ਨੰਬਰ ਲੈਣ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਗੁਰਦੁਆਰਾ ਸਾਹਿਬਾਨ ਤੇ ਜੀ.ਐਸ .ਟੀ ਲਗਾਇਆ ਜਾਣਾ ਕਿਸੇ ਵੀ ਤਰ੍ਹਾਂ ਉਚਿਤ ਨਹੀ ਹੈ ਅਤੇ ਕੇਂਦਰ ਸਰਕਾਰ ਦਾਨ ਦੇ ਨਾਲ ਚੱਲਣ ਵਾਲੀ ਇਸ ਸੰਸਥਾ ਨੂੰ ਟੈਕਸ ਦੇ ਘੇਰੇ ਵਿੱਚ ਨਹੀ ਲਿਆ ਸਕਦੀ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਤੇ ਹੋਰ ਸਿੱਖ ਗੁਰਧਾਮ ਕੋਈ ਲਾਭ ਵਾਲੇ ਅਦਾਰੇ ਨਹੀ ਹਨ ਸਗੋ ਦਾਨ ਦੇ ਸਹਾਰੇ ਚੱਲਣ ਵਾਲੀਆ ਧਾਰਮਿਕ ਸੰਸਥਾਵਾਂ ਹਨ ਜਿਥੇ ਦਾਨ ਸਿਰਫ ਲੋਕ ਭਲਾਈ ਦੇ ਕੰਮਾਂ ਤੇ ਹੀ ਖਰਚ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋ ਜੀ.ਐਸ.ਟੀ ਦਾ ਨੰਬਰ ਲੈਣਾ ”ਆ ਬੈਲ ਮੁਝੇ ਮਾਰ ”ਵਾਲੀ ਕਹਾਵਤ ਦੀ ਤਰ੍ਹਾਂ ਹੋਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਬਾਣੀਆ ਨਹੀ ਬਣਨਾ ਚਾਹੀਦਾ ਸਗੋ ਗੁਰੂ ਸਾਹਿਬ ਦੀਆ ਸਿੱਖਿਆਵਾਂ ਤੇ ਚੱਲਦਿਆ ਗੁਰੂ ਘਰ ਦੇ ਸੇਵਕ ਬਣ ਕੇ ਇੱਕ ਵੱਡਾ ਸੰਘਰਸ਼ ਸ਼ੁਰੂ ਕਰਨਾ ਚਾਹੀਦਾ ਹੈ ਕਿਉਕਿ ਜੀ.ਐਸ ਟੀ ਸਿਰਫ ਵਪਾਰਿਕ ਅਦਾਰਿਆ ਤੇ ਹੀ ਲਗਾਇਆ ਜਾ ਸਕਦਾ ਹੈ, ਦਾਨ ਦੇ ਸਹਾਰੇ ਚੱਲਣ ਵਾਲੀਆ ਸੰਸਥਾਵਾਂ ਨੂੰ ਇਸ ਤੋ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੀ ਐਸ.ਟੀ ਨੰਬਰ ਲੈਣ ਦਾ ਮਤਲਬ ਹੈ ਕਿ ਸਰਕਾਰ ਅੱਗੇ ਗੋਡੇ ਟੇਕ ਸੰਗਤਾਂ ਦੀ ਸ਼ਰਧਾ ਦੇ ਦਾਨ ਨਾਲ ਸਰਾਕਰੀ ਖਜ਼ਾਨੇ ਨੂੰ ਭਰਨਾ ਹੈ। ਉਹਨਾਂ ਕਿਹਾ ਕਿ ਕੇਂਦਰ ਵਿੱਚ ਅਕਾਲੀ ਦਲ ਦੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਚਾਹੀਦਾ ਹੈ ਕਿ ਉਹ ਐਲਾਨ ਕਰੇ ਕਿ ਜੇਕਰ ਦਾਨ ਦੇ ਸਹਾਰੇ ਲੋਕ ਭਲਾਈ ਦੇ ਕਾਰਜ ਕਰਨ ਵਾਲੇ ਗੁਰਦੁਆਰਿਆ ਨੂੰ ਜੀ.ਐਸ.ਟੀ ਦੇ ਘੇਰੇ ਵਿੱਚੋ ਬਾਹਰ ਨਹੀ ਕੱਢਿਆ ਜਾਂਦਾ ਤਾਂ ਉਹ ਅਸਤੀਫਾ ਦੇ ਕੇ ਸਰਕਾਰ ਤੋ ਬਾਹਰ ਹੋ ਜਾਣਗੇ।
ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਕਿਰਪਾਲ ਸਿੰਘ ਨੂੰ ਸੁਝਾ ਦਿੰਦਿਆ ਕਿਹਾ ਕਿ ਕਿਸੇ ਕਿਸਮ ਦਾ ਕੋਈ ਜੀ.ਐਸ.ਟੀ ਨੰਬਰ ਲੈਣ ਦੀ ਲੋੜ ਨਹੀ ਹੈ ਅਤੇ ਲੋੜ ਪੈਣ ਤੇ ਸਰਕਾਰ ਦੇ ਖਿਲਾਫ ਜੇਕਰ ਸੰਘਰਸ਼ ਵਿੱਢਿਆ ਜਾਂਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਮੋਹਰਲੀ ਕਤਾਰ ਵਿੱਚ ਖੜੇ ਹੋ ਕੇ ਸਾਥ ਦੇਵੇਗਾ। । ਉਹਨਾਂ ਕਿਹਾ ਕਿ ਲੰਗਰ ਨੂੰ ਵੀ ਜੀ ਐਸ ਟੀ ਦੇ ਘੇਰੇ ਵਿੱਚ ਲਿਆਉਣ ਦਾ ਮਤਲਬ ਹੈ ਗੁਰੂ ਘਰ ਦਾ ਵਪਾਰੀਕਰਨ ਕਰਨਾ ਹੈ ਜੋ ਸਿੱਖ ਸਿਧਾਂਤਾਂ ਦੇ ਅਨੂਕੂਲ ਨਹੀ ਹੈ। ਉਹਨਾਂ ਕਿਹਾ ਕਿ ਗੁਰਦੁਆਰੇ ਕੋਈ ਵਪਾਰਿਕ ਅਦਾਰੇ ਨਹੀ ਸਗੋ ਸੇਵਾ ਦੇ ਕੇਂਦਰ ਹਨ ਤੇ ਕੋਈ ਵੀ ਗੁਰਦੁਆਰਾ ਜੀ.ਐਸ.ਟੀ ਅਦਾ ਨਹੀ ਕਰੇਗਾ।

Share Button

Leave a Reply

Your email address will not be published. Required fields are marked *