ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦਰਸ਼ਨੀ ਡਿਉਢੀ ਦਾ ਨਾਂ ਭਾਈ ਰਣਧੀਰ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ

ss1

ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦਰਸ਼ਨੀ ਡਿਉਢੀ ਦਾ ਨਾਂ ਭਾਈ ਰਣਧੀਰ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ

ਨਵੀਂ ਦਿੱਲੀ 13 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਅਖੰਡ ਕੀਰਤਨੀ ਜਥੇ ਦੇ ਬਾਨੀ ਭਾਈ ਰਣਧੀਰ ਸਿੰਘ ਦੇ ਨਾਂ ’ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦਰਸ਼ਨੀ ਡਿਉਢੀ ਦਾ ਨਾਂ ਰੱਖਿਆ ਜਾਵੇਗਾ। ਇਸ ਗੱਲ ਦਾ ਐਲਾਨ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਜਥੇ ਦੇ ਮੁਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਦੀ ਅਗਵਾਈ ’ਚ ਆਏ ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਕੀਤਾ। ਦਰਅਸਲ 1914 ’ਚ ਅੰਗਰੇਜ਼ ਹਕੂਮਤ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦੀਵਾਰ ਨੂੰ ਢਾਹ ਕੇ ਵਾਇਸਰਾਇ ਭਵਨ ਦਾ ਵਿਸਤਾਰ ਕਰਨ ਦਾ ਐਲਾਨ ਕੀਤਾ ਸੀ। ਜਿਸਦਾ ਭਾਈ ਰਣਧੀਰ ਸਿੰਘ ਅਤੇ ਸਾਥੀ ਸਿੰਘਾਂ ਨੇ ਮੋਰਚਾ ਲਗਾਉਂਦੇ ਹੋਏ ਡੱਟਵਾਂ ਵਿਰੋਧ ਕੀਤਾ ਸੀ। ਜਿਸ ਕਰਕੇ ਵਾਇਸਰਾਇ ਨੂੰ ਪਿੱਛੇ ਹਟਣਾ ਪਿਆ ਸੀ। ਇਸਦੇ ਨਾਲ ਹੀ ਬੀਤੇ ਦਿਨੀਂ ਜੀ.ਕੇ. ਨੇ ਦਿੱਲੀ ਵਿਧਾਨਸਭਾ ਦੇ ਸਪੀਕਰ ਨੂੰ ਭਾਈ ਰਣਧੀਰ ਸਿੰਘ ਦੀ ਤਸਵੀਰ ਵਿਧਾਨਸਭਾ ਗੈਲਰੀ ’ਚ ਲਗਾਉਣ ਵਾਸਤੇ ਮੰਗ ਪੱਤਰ ਵੀ ਭੇਜਿਆ ਸੀ।ਜਿਸਦਾ ਧੰਨਵਾਦ ਕਰਨ ਲਈ ਇਹ ਵਫ਼ਦ ਉਚੇਚੇ ਤੌਰ ’ਤੇ ਆਇਆ ਸੀ।

ਭਾਈ ਅਰਵਿੰਦਰ ਸਿੰਘ ਨੇ ਜੀ.ਕੇ. ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਈ ਰਣਧੀਰ ਸਿੰਘ ਦੇ ਮਾਣਮਤੇ ਇਤਿਹਾਸ ਦੀ ਕਦਰ ਕਰਦੇ ਹੋਏ ਦਿੱਲੀ ਕਮੇਟੀ ਨੇ ਵਿਧਾਨਸਭਾ ਗੈਲਰੀ ’ਚ ਭਾਈ ਸਾਹਿਬ ਦੀ ਤਸਵੀਰ ਲਗਾਉਣ ਦੀ ਜੋ ਮੰਗ ਕੀਤੀ ਹੈ ਉਹ ਬਿਲਕੁਲ ਦੁਰਸਤ ਹੈ। ਅਸੀ ਦਿੱਲੀ ਕਮੇਟੀ ਵੱਲੋਂ ਆਪਣੇ ਦਫ਼ਤਰ ’ਚ ਭਾਈ ਰਣਧੀਰ ਸਿੰਘ ਦੀ ਤਸਵੀਰ ਲਗਾਉਣ ’ਤੇ ਵੀ ਧੰਨਵਾਦ ਕਰਦੇ ਹਾਂ।ਕਿਉਂਕਿ ਜੀ.ਕੇ. ਦੀ ਕਮੇਟੀ ਤੋਂ ਸਾਨੂੰ ਬਹੁਤ ਉਮੀਦਾਂ ਹਨ ਅਤੇ ਇਹ ਸਾਡੇ ਜਥੇ ਨੂੰ ਦਿੱਲੋਂ ਪਿਆਰ ਕਰਦੇ ਹਨ। ਇਸ ਕਰਕੇ ਅਸੀ ਭਾਈ ਸਾਹਿਬ ਦੇ ਨਾਂ ’ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਗੇਟ ਦਾ ਨਾਂ ਰਖਣ ਦਾ ਮੰਗ ਪੱਤਰ ਵੀ ਨਾਲ ਲਿਆਏ ਹਾਂ।

ਜੀ.ਕੇ. ਨੇ ਕਿਹਾ ਕਿ ਭਾਈ ਸਾਹਿਬ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦੀਵਾਰ ਦਾ ਹੀ ਖਾਲੀ ਮੋਰਚਾ ਨਹੀਂ ਲਗਾਇਆ ਸੀ ਸਗੋਂ ਜੰਗੇ ਆਜ਼ਾਦੀ ਦੀ ਲੜਾਈ ’ਚ ਉਮਰ ਕੈਦ ਦੀ ਸਜਾ ਕੱਟਣ ਦੌਰਾਨ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਵਾਪਸ ਸਿੱਖੀ ’ਚ ਲਿਆਉਣ ਦਾ ਵੀ ਵੱਡਾ ਕਾਰਜ ਕੀਤਾ ਸੀ। ਇਸ ਲਈ ਅਜਿਹੇ ਆਜ਼ਾਦੀ ਘੁਲਾਟੀਏ ਅਤੇ ਧਰਮ ਰੱਖਅਕ ਭਾਈ ਰਣਧੀਰ ਸਿੰਘ ਦੇ ਨਾਂ ’ਤੇ ਗੁਰਦੁਆਰਾ ਸਾਹਿਬ ਦੀ ਸੰਸਦ ਭਵਨ ਵਾਲੀ ਦਰਸ਼ਨੀ ਡਿਉਢੀ ਦਾ ਨਾਂ ਭਾਈ ਸਾਹਿਬ ਦੇ ਨਾਂ ’ਤੇ ਰਖਣ ਦਾ ਮੱਤਾ ਅੰਤ੍ਰਿਗ ਬੋਰਡ ’ਚ ਪੇਸ਼ ਕੀਤਾ ਜਾਵੇਗਾ। ਦਰਸਨੀ ਡਿਉਢੀ ਦਾ ਨਾਂ ਭਾਈ ਸਾਹਿਬ ਦੇ ਨਾਂ ’ਤੇ ਰੱਖ ਕੇ ਅਸੀ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰਾਂਗੇ। ਇਸ ਮੌਕੇ ਜਥੇ ਵੱਲੋਂ ਜੀ.ਕੇ. ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਦਾ ਸਨਮਾਨ ਵੀ ਕੀਤਾ ਗਿਆ।

Share Button

Leave a Reply

Your email address will not be published. Required fields are marked *