Wed. Feb 19th, 2020

ਗੁਰਦੁਆਰਾ ਨਾਨਕ ਪਿਆਉ ਤੋਂ ਸ਼੍ਰੀ ਨਨਕਾਣਾ ਸਾਹਿਬ ਜਾਣ ਵਾਲੇ ਮਹਾਨ ਨਗਰ ਕੀਰਤਨ ਦਾ ਸ਼ੰਭੂ ਪੁੱਜਣ ‘ਤੇ ਪੰਜਾਬ ਸਰਕਾਰ ਤੇ ਸੰਗਤ ਵੱਲੋਂ ਭਰਵਾਂ ਸਵਾਗਤ

?

ਗੁਰਦੁਆਰਾ ਨਾਨਕ ਪਿਆਉ ਤੋਂ ਸ਼੍ਰੀ ਨਨਕਾਣਾ ਸਾਹਿਬ ਜਾਣ ਵਾਲੇ ਮਹਾਨ ਨਗਰ ਕੀਰਤਨ ਦਾ ਸ਼ੰਭੂ ਪੁੱਜਣ ‘ਤੇ ਪੰਜਾਬ ਸਰਕਾਰ ਤੇ ਸੰਗਤ ਵੱਲੋਂ ਭਰਵਾਂ ਸਵਾਗਤ

-ਫੁੱਲਾਂ ਨਾਲ ਲੱਦੀ ਪਾਲਕੀ ਸਾਹਿਬ ਤੇ ਪੰਜ ਪਿਆਰਿਆਂ ‘ਤੇ ਸੰਗਤ ਨੇ ਕੀਤੀ ਫੁੱਲਾਂ ਦੀ ਵਰਖਾ
-ਪੰਜਾਬ ਸਰਕਾਰ ਵੱਲੋਂ ਰਾਜਪਾਲ ਬਦਨੌਰ, ਪਰਨੀਤ ਕੌਰ ਤੇ ਧਰਮਸੋਤ ਨੇ ਕੀਤਾ ਸਵਾਗਤ
-ਗੁਰ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਾਡੇ ਜੀਵਨ ‘ਚ ਆਉਣਾ ਸਾਡੇ ਲਈ ਮਾਣ ਵਾਲੀ ਗੱਲ-ਪਰਨੀਤ ਕੌਰ
-ਸਾਬਕਾ ਐਮ.ਪੀ. ਬਾਂਸਲ, ਲਾਲ ਸਿੰਘ, ਵਿਧਾਇਕ ਕੰਬੋਜ, ਜਲਾਲਪੁਰ, ਡਿਪਟੀ ਕਮਿਸ਼ਨਰ, ਐਸ.ਐਸ.ਪੀ. ਸਮੇਤ ਵੱਡੀ ਗਿਣਤੀ ਸੰਗਤ ਹੋਈ ਸ਼ਾਮਲ

ਰਾਜਪੁਰਾ/ਸ਼ੰਭੂ 28 ਅਕਤੂਬਰ: (ਐਚ. ਐਸ. ਸੈਣੀ, ਦਇਆ ਸਿੰਘ): ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਦਿੱਲੀ ਦੇ ਗੁਰਦੁਆਰਾ ਸ਼੍ਰੀ ਨਾਨਕ ਪਿਆਉ ਤੋਂ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜਾਣ ਲਈ ਸਜਾਏ ਗਏ ਮਹਾਨ ਨਗਰ ਕੀਰਤਨ ਦਾ ਰਾਜਪੁਰਾ-ਅੰਬਾਲਾ ਜੀ.ਟੀ. ਰੋਡ ਰਾਹੀਂ ਪੰਜਾਬ ਪੁੱਜਣ ‘ਤੇ ਅੱਜ ਸ਼ਾਮ ਸ਼ੰਭੂ ਵਿਖੇ ਪੰਜਾਬ ਸਰਕਾਰ ਅਤੇ ਸੰਗਤ ਵੱਲੋਂ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ‘ਤੇ ਫੁੱਲਾਂ ਦੀ ਵਰਖਾ ਕਰਦਿਆਂ ਜੈਕਾਰਿਆਂ ਦੀ ਗੂੰਜ ‘ਚ ਭਰਵਾਂ ਸਵਾਗਤ ਕੀਤਾ ਗਿਆ। ਪਾਲਕੀ ਸਾਹਿਬ ਨੂੰ ਪਟਿਆਲਾ ਪੁਲਿਸ ਪਾਰਟੀ ਅਤੇ ਪੁਲਿਸ ਬੈਂਡ ਨੇ ਸਲਾਮੀ ਦੇ ਕੇ ਸਵਾਗਤ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ, ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਨਗਰ ਕੀਰਤਨ ‘ਚ ਸ਼ਾਮਲ ਪਾਲਕੀ ਸਾਹਿਬ ਤੇ ਸੰਗਤ ਦੇ ਦਰਸ਼ਨ ਦਿਦਾਰੇ ਕਰਦਿਆਂ ਪੰਜਾਬ ਸਰਕਾਰ ਵੱਲੋਂ ਹਾਰਦਿਕ ਸਵਾਗਤ ਕੀਤਾ। ਇਸ ਮੌਕੇ ਸਾਬਕਾ ਐਮ.ਪੀ. ਸ੍ਰੀ ਪਵਨ ਬਾਂਸਲ, ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ, ਰਾਜਪੁਰਾ ਦੇ ਵਿਧਾਇਕ ਸ਼੍ਰੀ ਹਰਦਿਆਲ ਸਿੰਘ ਕੰਬੋਜ, ਘਨੌਰ ਦੇ ਵਿਧਾਇਕ ਸ਼੍ਰੀ ਮਦਨ ਲਾਲ ਜਲਾਲਪੁਰ, ਐਮ.ਐਲ.ਏ. ਸ. ਰਜਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਵੀ ਉਨ੍ਹਾਂ ਦੇ ਨਾਲ ਸਨ।
ਮਹਾਨ ਨਗਰ ਕੀਰਤਨ ਦੇ ਸਵਾਗਤ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਮੂਹ ਜਗਤ ਦੇ ਸਰਬ ਸਾਂਝੇ ਰਹਿਬਰ ਹੋਏ ਹਨ ਅਤੇ ਉਨ੍ਹਾਂ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਸਮੇਤ ਸਰਬੱਤ ਦੇ ਭਲੇ ਦਾ ਸੰਦੇਸ਼ ਦੇ ਕੇ ਦੁਨੀਆਂ ਨੂੰ ਇੱਕ ਨਵਾਂ ਰਸਤਾ ਦਿਖਾਇਆ ਸੀ।
ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਸਾਹਿਬ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੀ ਪੱਧਰ ‘ਤੇ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਪ੍ਰੋਗਰਾਮ ਉਲੀਕੇ ਸਨ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦਾ 550 ਸਾਲਾ ਉਤਸਵ ਸਾਡੇ ਜੀਵਨ ਵਿੱਚ ਆਇਆ ਹੈ।
ਸਮੂਹ ਪੰਥਕ ਜਥੇਬੰਦੀਆਂ ਤੇ ਸ੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਲੀਕੇ ਇਸ ਮਹਾਨ ਨਗਰ ਕੀਰਤਨ ਬਾਰੇ ਜਾਣਕਾਰੀ ਦਿੰਦਿਆਂ ਸ. ਪਰਮਜੀਤ ਸਿੰਘ ਸਰਨਾ ਅਤੇ ਸ. ਹਰਵਿੰਦਰ ਸਿੰਘ ਸਰਨਾ ਨੇ ਦੱਸਿਆ ਕਿ ਇਸ ਨਗਰ ਕੀਰਤਨ ‘ਚ ਪਾਲਕੀ ਸਾਹਿਬ ਦੇ ਨਾਲ 60 ਬੱਸਾਂ ਤੇ 300 ਦੇ ਕਰੀਬ ਕਾਰਾਂ ਵਿੱਚ ਸ਼ਾਮਲ ਸੰਗਤ ਦਾ ਠਹਿਰਾਉ ਅੱਜ ਰਾਤ ਲੁਧਿਆਣਾ ਵਿਖੇ ਹੋਵੇਗਾ।

ਸ. ਸਰਨਾ ਨੇ ਕਿਹਾ ਕਿ ਮਹਾਨ ਨਗਰ ਕੀਰਤਨ 29 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਤੇ 30 ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਸ਼ਰਾਮ ਕਰਕੇ 31 ਅਕਤੂਬਰ ਨੂੰ ਵਾਹਘਾ/ਅਟਾਰੀ ਸਰਹੱਦ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪੁੱਜੇਗਾ ਅਤੇ 31 ਅਕਤੂਬਰ ਤੋਂ 6 ਨਵੰਬਰ ਤੱਕ ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਦਿਆਂ ਕੀਰਤਨ ਸਮਾਗਮ ਸਜਾਏ ਜਾਣਗੇ।
ਮਹਾਨ ਨਗਰ ਕੀਰਤਨ ਦੇ ਸਵਾਗਤ ਲਈ ਸਵਾਗਤ ਲਈ ਸਜਾਵਟੀ ਗੇਟ ਸਮੇਤ ਲੰਗਰ ਆਦਿ ਦੇ ਹੋਰ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ ਸਨ। ਇਸ ਮੌਕੇ ਸਮੁੱਚਾ ਇਲਾਕਾ ਪੂਰੇ ਜਾਹੋ ਜਲਾਲ ਨਾਲ ਖ਼ਾਲਸਾਈ ਰੰਗ ਵਿੱਚ ਰੰਗਿਆ ਗਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਸੁੰਦਰ ਪਾਲਕੀ ‘ਤੇ ਫੁੱਲਾਂ ਦੀ ਵਰਖਾ ਕਰਦਿਆਂ ਭਾਰੀ ਉਤਸ਼ਾਹ ਨਾਲ ਜੈਕਾਰੇ ਲਗਾਉਂਦੀ ਹੋਈ ਸੰਗਤ ਦਾ ਜੋਸ਼ ਦੇਖਿਆਂ ਹੀ ਬਣਦਾ ਸੀ। ਢਾਡੀ ਜਥਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ ਜਦੋਂਕਿ ਵੱਖ-ਵੱਖ ਗਤਕਾ ਟੀਮਾਂ ਨੇ ਗਤਕੇ ਦੇ ਜੌਹਰ ਦਿਖਾਏ।
ਇਸ ਤੋਂ ਪਹਿਲਾਂ ਬਾਬਾ ਨਰਿੰਦਰ ਸਿੰਘ ਅਲੌਹਰਾਂ ਸਾਹਿਬ, ਗਿਆਨੀ ਸੁਖਦੇਵ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਸੁਖਵਿੰਦਰ ਸਿੰਘ ਅਲੌਹਰਾਂ, ਬਾਬਾ ਪ੍ਰੀਤਮ ਸਿੰਘ, ਬਾਬਾ ਚਰਨਜੀਤ ਸਿੰਘ, ਬਾਬਾ ਭਗਵੰਤ ਸਿੰਘ ਢੀਂਡਸਾ ਵਾਲੇ, ਬਾਬਾ ਸਵਰਨ ਸਿੰਘ ਸੈਦਖੇੜੀ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ, ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ, ਜ਼ਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ, ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ. ਹਰਿੰਦਰਪਾਲ ਸਿੰਘ ਹੈਰੀਮਾਨ, ਬੀਬੀ ਗੁਰਮੀਤ ਕੌਰ ਕੰਬੋਜ, ਬੀਬੀ ਅਮਰਜੀਤ ਕੌਰ ਜਲਾਲਪੁਰ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਹਿਲਾ ਕਾਂਗਰਸ ਬੀਬੀ ਕਿਰਨ ਢਿੱਲੋਂ, ਸ੍ਰੀ ਕੇ.ਕੇ. ਸਹਿਗਲ, ਸ. ਰਣਜੀਤ ਸਿੰਘ ਨਿੱਕੜਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਜਗਦੀਸ਼ ਕੁਮਾਰ ਜੱਗਾ, ਸਰਪੰਚ ਸੁਖਪ੍ਰੀਤ ਸਿੰਘ, ਸੁਖਦੇਵ ਸਿੰਘ ਸਰਪੰਚ ਘੱਗਰ ਸਰਾਏ, ਹਰਸੰਗਤ ਸਿੰਘ ਤਖਤੁ ਮਾਜਰਾ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਰਾਜਪੁਰਾ ਨਗਰ ਕੌਂਸਲ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ, ਗਗਨਦੀਪ ਸਿੰਘ ਜੌਲੀ ਜਲਾਲਪੁਰ, ਐਸ.ਪੀ. ਡੀ. ਸ. ਹਰਮੀਤ ਸਿੰਘ ਹੁੰਦਲ, ਐਸ.ਪੀ. ਟ੍ਰੈਫਿਕ ਸ. ਪਲਵਿੰਦਰ ਸਿੰਘ ਚੀਮਾ, ਐਸ.ਡੀ.ਐਮ. ਰਾਜਪੁਰਾ ਸ਼੍ਰੀ ਸ਼ਿਵ ਕੁਮਾਰ, ਡੀ.ਐਸ.ਪੀ. ਸ੍ਰੀ ਕੇ.ਕੇ. ਪਾਂਥੇ, ਡੀ.ਐਸ.ਪੀ. ਰਾਜਪੁਰਾ ਸ. ਅਕਾਸ਼ਦੀਪ ਸਿੰਘ ਔਲਖ, ਡੀ.ਐਸ.ਪੀ. ਘਨੌਰ ਸ਼੍ਰੀ ਮਨਪ੍ਰੀਤ ਸਿੰਘ, ਈ.ਓ. ਰਾਜਪੁਰਾ ਸ਼੍ਰੀ ਰਵਨੀਤ ਸਿੰਘ, ਬੀ.ਡੀ.ਪੀ.ਓ. ਸ਼ੰਭੂ ਸਰਬਜੀਤ ਕੌਰ ਸਮੇਤ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ‘ਚ ਸੰਗਤ ਵੀ ਹਾਜ਼ਰ ਸੀ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: