ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ: 19, 20 ਅਤੇ 21 ਪੋਹ (2, 3 ਅਤੇ 4 ਜਨਵਰੀ 2018) ਤੇ ਵਿਸ਼ੇਸ਼

ss1

ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ: 19, 20 ਅਤੇ 21 ਪੋਹ (2, 3 ਅਤੇ 4 ਜਨਵਰੀ 2018) ਤੇ ਵਿਸ਼ੇਸ਼

ਸਾਹਿਬ ਸ੍ਰੀ ਦਸ਼ਮੇਸ਼ ਪਿਤਾ, ਕਲਗੀਆਂ ਵਾਲੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਡਰ ਅਤੇ ਬਹਾਦਰ ਸਿੱਖੀ ਫੌਜਾਂ ਅਤੇ ਮੁਗਲ ਹਕੂਮਤ ਵਿਚਕਾਰ ਆਨੰਦਪੁਰ ਸਾਹਿਬ ਵਿਖੇ ਕਈ ਮਹੀਨੇ ਕਮਸ਼ਕਸ਼ ਲੜਾਈ ਹੁੰਦੀ ਰਹੀ, ਪਰ ਗੁਰੂ ਦੇ ਲਾਡਲੇ ਅਤੇ ਅਣਖੀ ਯੋਧਿਆਂ ਨੇ ਮੁਗਲ ਹਾਕਮਾਂ ਦੇ ਨੱਕ ਚ ਦਮ ਕਰੀਂ ਰੱਖਿਆ।ਅੰਤ ਗੁਰੂ ਜੀ ਨੇ 20 ਦਸੰਬਰ 6ਪੋਹ 1704 ਇਸਵੀ ਨੂੰ ਜ਼ਾਲਮ ਹਕੂਮਤਾਂ ਨੇ ਕੁਰਾਨ ਸ਼ਰੀਫ ਦੀਆਂ ਝੂਠੀਆਂ ਸੌਹਾਂ ਤੇ ਇਤਬਾਰ ਕਰਕੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡਣ ਦਾ ਨਿਰਣਾ ਲੈ ਲਿਆ।ਪਰ ਝੂਠੇ ਅਤੇ ਫਰੇਬੀ ਮੁਗਲ ਹਾਕਮਾਂ ਨੇ ਕਸਮਾਂ ਤੋੜ ਕੇ ਗੁਰੂ ਜੀ ਦੇ ਕਾਫਲੇ ਉੱਪਰ ਗਿਣੀ ਮਿੱਥੀ ਸ਼ਾਜਿਸ਼ ਤਹਿਤ ਹਮਲਾ ਕਰ ਦਿੱਤਾ।ਸਰਸਾ ਨਦੀ ਕਿਨਾਰੇ ਭਿਆਨਕ ਲੜਾਈ , ਮੌਸਮ ਅਤੇ ਕੁਦਰਤ ਦੀ ਕਰੋਪੀ ਗੁਰੂ ਜੀ ਦਾ ਸਾਰਾ ਪਰਿਵਾਰ ਵਿੱਛੜ ਗਿਆ।
ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਸਰਹਿੰਦ ਵਿੱਚ ਸ਼ਹੀਦ ਹੋ ਗਏ।ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ , ਬਾਬਾ ਜੁਝਾਰ ਸਿੰਘ ,ਤਿੰਨ ਪੰਜ ਪਿਆਰੇ ਅਤੇ ਹੋਰ ਸੈਂਕੜੇ ਮਰਜੀਵੜੇ ਸਿੰਘਾਂ ਨੇ ਜ਼ਾਲਮ ਦੁਸ਼ਮਣਾਂ ਨਾਲ ਜੰਗ ਵਿਚ ਲੋਹਾ ਲੈਂਦਿਆਂ ਅਣਖ ਨਾਲ ਸ਼ਹਾਦਤ ਦਾ ਜਾਮ ਪੀਤਾ।ਗੁਰੂ ਜੀ ਪੰਜ ਪਿਆਰਿਆਂ ਦੇ ਹੁਕਮ ਨੂੰ ਮੰਨ ਕੇ ਕੱਚੀ ਗੜ੍ਹੀ ਚੋਂ ਤਾੜੀ ਮਾਰਕੇ ਮਾਛੀਵਾੜੇ ਦੇ ਜੰਗਲਾਂ ਵੱਲ ਚਲੇ ਗਏ।ਇੱਥੇ ਉਹਨਾਂ ਗੁਲਾਬੇ ਮੁਸੰਦ ਦੇ ਖੂਹ ਕੋਲ ਟਿੰਡ ਦਾ ਸਿਰਹਾਣਾ ਲਾਕੇ ਕੁਝ ਪਲ ਆਰਾਮ ਕੀਤਾ ਅਤੇ ਸ਼ਬਦ ਉਚਾਰਨ ਕੀਤਾ:-
“ਤੁਧੁ ਬਿਨੁ ਰੋਗੁ ਰਜਾਇਯਾਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਿਣਾ,
ਸੂਲ ਸੁਰਾਹੀ ਖੰਜਰ ਪਿਯਾਲਾ ਬਿੰਗੁ ਕਸਾਈਆਂ ਦਾ ਸਹਿਣਾ
ਯਾਰੜੇ ਦਾ ਸਾਨੂੰ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ,
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ”
ਫਿਰ ਵੀ “ਏਤੀ ਮਾਰ ਪਈ ਕੁਰਲਾਣੈ,
ਤੈਂ ਕੀ ਦਰਦ ਨ ਆਇਆ/”
ਉਸ ਆਕਾਲ ਪੁਰਖ ਦਾ ਭਾਣਾ” ਤੇਰਾ ਭਾਣਾ ਮੀਠਾ ਲਾਗੇ ” ਨੂੰ ਸੱਚ ਜਾਣ ਕੇ ਕਬੂਲ ਕਰ ਲਿਆ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਾ ਕੁਰਬਾਨ ਕਰ ਦਿੱਤਾ।ਇੱਥੇ ਉਹਨਾਂ ਨੂੰ ਭਾਈ ਮਾਨ ਸਿੰਘ ਜੀ , ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਮਿਲੇ।ਇੱਥੋਂ ਗੁਰੂ ਜੀ ਅਨਿਨ ਸੇਵਕ ਗਨੀ ਖਾਂ ਅਤੇ ਨਬੀ ਖਾਂ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਉਹਨਾਂ ਦੇ ਹੁਕਮ ਅਨੁਸਾਰ ਕਟਾਣੀ ,ਸਾਹਨੇਵਾਲ ਤੋਂ ਹੁੰਦੇ ਹੋਏ ਆਲਮਗੀਰ ਰਸਤੇ ਸਵੇਰ ਵੇਲੇ ਰਾਏ ਨਗਰ (ਰਾਏਕੋਟ) ਪਹੁੰਚੇ ਸਨ।
ਇੱਥੇ ਗੁਰੂ ਜੀ ਨੇ ਜਨਵਰੀ 19 ਪੋਹ 1761 ਬਿਕਰਮੀ ਜਨਵਰੀ 1705 ਨੂੰ ਜੰਗਲ ਵਿੱਚ ਇੱਕ ਟਾਹਲੀ ਦੇ ਦਰੱਖਤ ਹੇਠ ਆਪਣਾ ਉਤਾਰਾ ਕੀਤਾ।ਜਦੋਂ ਦਿਨ ਚੜ੍ਹੇ ਕੱਲ੍ਹਾ ਰਾਏ ਦਾ ਨੌਕਰ ਨੂਰਾ ਮਾਹੀ ਮੱਝਾਂ ਚਰਾਉਣ ਇੱਧਰ ਆਇਆ ਤਾਂ ਗੁਰੂ ਜੀ ਨੇ ਉਸਨੂੰ ਸਮੁੰਦਰ (ਦੁੱਧ) ਛਕਾਉਣ ਦਾ ਹੁਕਮ ਕਰ ਦਿੱਤਾ।ਨੂਰੇ ਮਾਹੀ ਨੇ ਬੇਨਤੀ ਕੀਤੀ ਕਿ ਮਹਾਰਾਜ! ਮੱਝਾਂ ਤਾਂ ਮੈਂ ਦੁੱਧ ਤੋਂ ਬਾਅਦ ਹੀ ਇੱਥੇ ਲਿਆਇਆ ਹਾਂ।ਜੇ ਤੁਸੀਂ ਹੁਕਮ ਕਰੋਂ ਤਾਂ ਮੈਂ ਘਰ ਤੋਂ ਤੁਹਾਡੇ ਪੀਣ ਲਈ ਦੁੱਧ ਲੈ ਆਉਂਦਾ ਹਾਂ।ਤਦ ਗੁਰੂ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਉਸ ਝੋਟੀ ਦਾ ਦੁੱਧ ਚੋਅ ਲਵੋ।ਨੂਰੇ ਮਾਹੀ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਔਸਰ ਝੋਟੀ ਹੈ, ਕਦੇ ਵੀ ਦੁੱਧ ਨਹੀਂ ਦੇ ਸਕਦੀ।ਚੋਜੀ ਪ੍ਰੀਤਮ ਜੀ ਨੇ ਸਹਿਜਤਾ ਨਾਲ ਫੁਰਮਾਇਆ ਕਿ ਵਾਹਿਗੁਰੂ ਜੀ ਦਾ ਨਾਮ ਲੈਕੇ ਥਾਪੜਾ ਮਾਰ ਕੇ ਚੋ ਲਵੋ।ਗੁਰੂ ਜੀ ਦਾ ਹੁਕਮ ਮੰਨ ਕੇ ਨੂਰਾ ਮਾਹੀ ਔਸਰ ਝੋਟੀ ਨੂੰ ਥਾਪੜਾ ਦੇਕੇ ਚੋਣ ਬੈਠ ਗਿਆ।ਉਸਦੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ, ਜਦੋਂ ਔਸਰ ਝੋਟੀ ਦੇ ਥਣਾਂ ਵਿੱਚ ਦੁੱਧ ਉੱਤਰ ਆਇਆ।
ਨੂਰੇ ਮਾਹੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਉਸ ਕੋਲ ਮੱਝ ਦਾ ਦੁੱਧ ਚੋਣ ਲਈ ਕੋਈ ਭਾਂਡਾ ਬਗੈਰਾ ਨਹੀਂ ਹੈ।ਇਸ ਲਈ ਦੁੱਧ ਚੋ ਸਕਣਾ ਨਾਮੁਮਕਿਨ ਹੈ।ਸੋ ਗੁਰੂ ਜੀ ਨੇ ਉਸਨੂੰ ਆਪਣੇ ਕੋਲ ਵਾਲਾ ਬਰਤਨ (ਗੰਗਾ ਸਾਗਰ) ਦੇ ਦਿੱਤਾ,ਜਿਸ ਵਿਚ288 ਛੇਕ ਸਨ।ਨੂਰਾ ਮਾਹੀ ਦੀ ਉਸ ਸਮੇਂ ਹੈਰਾਨਗੀ ਕੋਈ ਹੱਦ ਨਾ ਰਹੀ, ਜਦੋਂ ਗੰਗਾ ਸਾਗਰ ਚੋਂ ਦੁੱਧ ਦੀ ਇੱਕ ਵੀ ਬੂੰਦ ਛੇਕਾਂ ਰਾਹੀਂ ਬਾਹਰ ਨਹੀਂ ਡੁੱਲ੍ਹੀ।
ਗੁਰੂ ਜੀ ਸੰਬੰਧੀ ਆਪਣੇ ਮਾਲਕ ਕੱਲ੍ਹਾ ਰਾਏ ਨੂੰ ਨੂਰੇ ਮਾਹੀ ਨੇ ਘਰ ਜਾਕੇ ਹੈਰਾਨੀਜਨਕ ਘਟਨਾ ਬਾਬਤ ਸਾਰੀ ਜਾਣਕਾਰੀ ਦੇ ਦਿੱਤੀ।ਗੁਰੂ ਜੀ ਦਾ ਅਨਿਨ ਸ਼ਰਧਾਲੂ ਰਾਏ ਕੱਲ੍ਹਾ ਨੇ ਉਸੇ ਵਕਤ ਗਲ ਵਿੱਚ ਪੱਲੂ ਪਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਆ ਨਮਸਕਾਰ ਕੀਤੀ ਅਤੇ ਹੱਥ ਜੋੜ ਕੇ ਗੁਰੂ ਜੀ ਨੂੰ ਕੋਈ ਸੇਵਾ ਬਾਬਤ ਬੇਨਤੀ ਕੀਤੀ।ਸਭ ਕੁਝ ਜਾਣੀ ਜਾਣ ਸਤਿਗੁਰੂ ਜੀ ਨੇ ਸਰਹਿੰਦ ਤੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਬਾਰੇ ਸਾਰੀ ਜਾਣਕਾਰੀ ਜਲਦੀ ਤੋਂ ਜਲਦੀ ਲਿਆਉਣ ਲਈ ਕਿਹਾ।ਇਸ ਮਹਾਨ ਕਾਰਜ ਲਈ ਰਾਏ ਕੱਲ੍ਹਾ ਨੇ ਆਪਣੇ ਨੌਕਰ ਨੂਰੇ ਮਾਹੀ ਨੂੰ ਭੇਜਿਆ,ਕਿਉਂਕਿ ਨੂਰੇ ਮਾਹੀ ਦੀ ਭੈਣ ਨੂਰਾਂ ਸਰਹਿੰਦ ਵਿਆਹੀ ਹੋਈ ਸੀ।ਹੁਕਮ ਪਾਕੇ ਨੂਰਾ ਆਪਣੀ ਭੈਣ ਕੋਲ ਸਰਹਿੰਦ ਪਹੁੰਚ ਗਿਆ।ਆਪਣੀ ਭੈਣ ਤੋਂ ਮੁਗਲ ਹਕੂਮਤ ਅਤੇ ਸੂਬਾ ਸਰਹਿੰਦ ਵੱਲੋਂ ਬੇਕਸੂਰ ਛੋਟੇ ਸਾਹਿਬਜ਼ਾਦਿਆਂ ਉੱਪਰ ਕੀਤੇ ਅਸਹਿ ,ਬੇਕਿਰਕ ਜ਼ੁਲਮਾਂ ਨਾਲ ਹੋਈ ਅਤੇ ਮਾਤਾ ਗੁਜਰੀ ਜੀ ਦੀ ਦਰਦਨਾਕ ਸ਼ਹਾਦਤ ਬਾਬਤ ਜਾਣ ਕੇ ਆਪਣੇ ਅੱਥਰੂ ਨਾਂ ਰੋਕ ਸਕਿਆ।ਵਾਪਿਸ ਆਕੇ ਗੁਰੂ ਸਾਹਿਬ ਦੇ ਤੇਜਸਵੀ ਨੂਰ ਦਾ ਸਾਹਮਣਾ ਨਾ ਕਰ ਸਕਿਆ ਅਤੇ ਦੋਵੇਂ ਹੱਥਾਂ ਨਾਲ ਆਪਣੀਆਂ ਅੱਖਾਂ ਢਕ ਲਈਆਂ ਅਤੇ ਜ਼ਾਰੋਜ਼ਾਰ ਰੋਣ ਲੱਗ ਪਿਆ।ਗੁਰੂ ਜੀ ਕਿਹਾ,” ਨੂਰੇ ,ਦੋ ਸ਼ਾਮਾਂ ਤਾਂ ਮੈਂ ਦੇਖ ਚੁੱਕਾ ਹਾਂ।ਜਦੋਂ ਮੇਰੇ ਪਿਤਾ ਜੀ ਦੀ ਸ਼ਹਾਦਤ ਹੋਈ ਸੀ ਤਾਂ ਭਾਈ ਜੈਤਾ ਜੀ ਸ਼ੀਸ਼ ਲੈ ਕੇ ਆਏ ਸਨ। ਉਹ ਪਹਿਲੀ ਸ਼ਾਮ ਸੀ,ਜਿਸ ਦਿਨ ਪਿਤਾ ਜੀ ਦੇ ਸੀਸ ਦੇ ਦਰਸ਼ਨ ਕੀਤੇ ਸਨ।ਉਹ ਦੂਸਰੀ ਸ਼ਾਮ ਸੀ ਜਦੋਂ ਮੈਂ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਚਮਕੌਰ ਦੀ ਜੰਗ ਵਿੱਚ ਸਿੱਖ ਪੰਥ ਦੀ ਰਖਵਾਲੀ ਲਈ ਟੁਕੜੇ ਟੁਕੜੇ ਹੁੰਦੇ ਤੱਕਿਆ ਸੀ।ਅੱਜ ਵੀ ਸ਼ਾਮ ਹੈ।ਅੱਜ ਤੀਜੀ ਸ਼ਾਮ ਮੈਨੂੰ ਦੱਸਦੇ ਮੇਰੇ ਪੁੱਤਰਾਂ ਨਾਲ ਕੀ ਵਾਪਰਿਆ ਹੈ।ਇਹ ਸੁਨੇਹਾ ਵੀ ਇੱਕ ਅਦਭੁੱਤ ਸੁਨੇਹਾ ਹੋਵੇਗਾ।”
ਨੂਰੇ ਨੇ ਭਰੇ ਮਨ ਨਾਲ ਇਹੋ ਸ਼ਬਦ ਕਹੇ ਸਨ ,”ਗੁਰੁ ਜੀ ਬੱਚਿਆਂ ਅਤੇ ਮਾਤਾ ਜੀ ਨੂੰ ਜ਼ਾਲਮਾਂ ਨੇ ਤਸੀਹੇ ਦੇਕੇ ਕੋਹ ਕੋਹ ਸ਼ਹੀਦ ਕੀਤਾ ਹੈ।”ਉਸਨੇ ਗੁਰੂ ਜੀ ਨੂੰ ਸਾਰੀ ਸਥਿਤੀ ਸੰਬੰਧੀ ਜਾਣਕਾਰੀ ਦਿੱਤੀ।ਇਹ ਦਰਦਨਾਕ ਸ਼ਹਾਦਤ ਬਾਬਤ ਜਾਣ ਕੇ ਭਾਈ ਮਾਨਸਿੰਘ ਜੀ ਦੇ ਨੈਣਾਂ ਚ ਅੱਥਰੂ ਆ ਗਏ ਅਤੇ ਭਾਈ ਦਿਆ ਸਿੰਘ ਜੀ ਨੇ ਕੱਪੜੇ ਨਾਲ ਆਪਣਾ ਮੁੱਖ ਢੱਕ ਲਿਆ ਸੀ।ਅਤੇ ਕਿਹਾ ਸੀ ,”ਕਲਗੀਆਂ ਵਾਲੇ ਸ਼ਹਿਨਸ਼ਾਹ ਅਸੀਂ ਤੇਰਾ ਕਰਜ ਕਿਵੇਂ ਚੁਕਾਵਾਂਗੇ?”
ਗੁਰ ਜੀ ਨੇ ਚਿਹਰੇ ਤੇ ਉਦਾਸੀ ਦੇ ਨਹੀਂ ਛਾਏ,ਬਲਕਿ ਮੁਕਰਾ ਪਏ।
ਉਸ ਸਮੇਂ ਦੇ ਮਾਹੌਲ ਨੂੰ ਸ਼ਾਇਰ ਨੇ ਬਾਕਮਾਲ ਪੇਸ਼ ਕੀਤਾ ਹੈ:-
“ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਤੁਰ ਗਏ,
ਦੋਵੇਂ ਸ਼ਹੀਦ ਹੋ ਗਏ ਕਿ ਨੌ ਨਿਹਾਲ ਤੁਰ ਗਏ,
ਸੂਬੇ ਨੇ ਦੋਵਾਂ ਨੂੰ ਨੀਹਾਂ ਵਿੱਚ ਨਪੀੜ ਦਿੱਤਾ ਹੈ,
ਕੋਮਲ ਸਰੀਰ ਇੱਟਾਂ ਦੇ ਵਿੱਚ ਪੀੜ ਦਿੱਤਾ ਹੈ,
ਸੁਣ ਕੇ ਇਹ ਗੱਲ ਸਾਰੀ ਉਹ ਮਸਕਰਾ ਕੇ ਉੱਠਿਆ,
ਉਸ ਪਾਤਸ਼ਾਹ ਨੇ ਨੂਰੇ ਕੋਲ ਆ ਕੇ ਪੁੱਛਿਆ
ਨੂਰੇ ਤੂੰ ਰੂਬਰੂ ਸੈਂ ਕੋਈ ਗੱਲ ਨਾ ਲੁਕਾਈਂ,
ਤੂੰ ਸਾਫ ਸਾਫ ਦੱਸੀਂ ਕੋਈ ਕਹਿਰ ਨਾ ਕਮਾਈਂ,
ਕੋਈ ਹਿੰਝ ਤੇ ਨਾ ਕੇਰੀ ਕੋਈ ਹਾਅ ਤੇ ਕੱਢੀ,
ਮੇਰੇ ਲਾਲਾਂ ਨੇ ਕੋਈ ਉੱਚੀ ਸਾਹ ਤੇ ਨਾ ਕੱਢੀ,
ਤੇਸੀ ਦੇ ਨਾਲ ਜਦੋਂ ਸੱਟ ਲੱਗੀ ਸੀ ਕਰਾਰੀ,
ਮੇਰੇ ਫਤਹਿ ਉਸ ਵੇਲੇ ਚੀਕ ਤੇ ਨਾ ਮਾਰੀ”
ਉਸ ਸਮੇਂ ਗੁਰੂ ਜੀ ਨੇ ਕਾਹੀ(ਦੱਭ) ਦਾ ਬੂਟਾ ਪੁੱਟ ਕੇ ਸੁੱਟਦਿਆਂ ਕਿਹਾ ਕਿ ਅੱਜ ਮੁਗਲ ਹਕੂਮਤ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਹਨ।ਸਾਰੀ ਸੰਗਤ ਸ਼ਾਂਤਮਈ ਅੱਖਾਂ ਵਿੱਚ ਹੰਝੂਆਂ ਦੀਆਂ ਨਦੀਆਂ ਵਹਾਉਂਦੇ ਹੋਏ ਇਸ ਦਰਦਨਾਕ ਘਟਨਾਕ੍ਰਮ ਪ੍ਰਤੀ ਸੁਣਦੀ ਰਹੀ,ਮਾਹੌਲ ਵੈਰਾਗਮਈ ਹੋ ਗਿਆ ਸੀ।ਗੁਰੂ ਜੀ ਔਖੀ ਤੋਂ ਔਖੀ ਘੜੀ ਵਿੱਚ ਵੀ ਕਦੇ ਡੋਲੇ ਨਹੀਂ ਸਨ ,ਉਹਨਾਂ ਦਾ ਸਿਦਕ ਕਾਇਮ ਅਤੇ ਇਰਾਦਾ ਹਮੇਸ਼ ਦ੍ਰਿੜ ਰਿਹਾ ਹੈ,ਉਹਨਾਂ ਦੇ ਚਿਹਰੇ ਦਾ ਨੂਰ ਕਦੇ ਮੱਠਾ ਨਹੀਂ ਪਿਆ ਸੀ,ਹਮੇਸ਼ ਉਸ ਵਾਹਿਗੁਰੂ ਦਾ ਭਾਣਾ ਮੰਨ ਕੇ ਚੜ੍ਹਦੀ ਕਲਾ ਵਿੱਚ ਰਹੇ ਅਤੇ ਮਾਤਾ ,ਪਿਤਾ, ਚਾਰ ਪੁੱਤਰ ਸਭ ਕੁਝ ਸਿੱਖ ਪੰਥ ਅਤੇ ਤੋਂ ਵਾਰ ਕੇ “ਭਾਣਾ ਮੀਠਾ ਲਾਗੇ ਤੇਰਾ”ਕਹਿ ਕੇ ਉਸਦਾ ਸ਼ੁਕਰਾਨਾ ਕੀਤਾ। ਪਰ ਰਾਏ ਕੱਲ੍ਹਾ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਿਆਂ ਕਿਹਾ ਕਿ ਗੁਰੂ ਜੀ ਅਸੀਂ ਵੀ ਤੁਰਕ(ਮੁਗਲ) ਹਾਂ,ਪਰ ਤੁਹਾਡੇ ਸੱਚੇ ਸੁੱਚੇ ਸੇਵਾਦਾਰ ਹਾਂ,ਸਾਡੇ ਤੇ ਰਹਿਮ ਕਰੋ ਤਾਂ ਗੁਰੂ ਜੀ ਨੇ ਉਸਨੂੰ ਇੱਕ ਤਲਵਾਰ, ਗੰਗਾ ਸਾਗਰ ਅਤੇ ਇੱਕ ਰੇਹਲ ਦੀ ਬਖਸ਼ਿਸ਼ ਕਰਦਿਆਂ ਫੁਰਮਾਇਆ” ਚੰਗਾ ਬਈ,ਤੁਸੀਂ ਸਾਡੀ ਸੇਵਾ ਕੀਤੀ ਹੈ, ਜਦੋਂ ਤਕ ਤੁਸੀਂ ਇਹਨਾਂ ਸ਼ਾਸ਼ਤਰਾਂ ਦੀ ਸੇਵਾ ਕਰਦੇ ਰਹੋਗੇ ਤੁਹਾਡਾ ਰਾਜਭਾਗ ਕਾਇਮ ਰਹੇਗਾ।”
ਗੁਰੂ ਜੀ ਇਸ ਸਥਾਨ ਤੇ ਤਿੰਨ ਦਿਨ 19,20 ਅਤੇ 21 ਪੋਹ ਤਕ ਰਹੇ ਅਤੇ ਇਸ ਤੋਂ ਅਗਲੇ ਪੜਾਅ ਲਈ ਚਾਲੇ ਪਾ ਪਏ।ਇਸ ਤਰ੍ਹਾਂ ਹੀ ਹੋਇਆ ਸੀ, ਜਦੋਂ ਤਕ ਉਹਨਾਂ ਸੇਵਾ ਕੀਤੀ ਉਹਨਾਂ ਦਾ ਰਾਜ ਬਰਕਰਾਰ ਰਿਹਾ।ਬਾਅਦ ਵਿੱਚ ਅਨਾਇਤ ਖਾਂ ਗੁਰੂ ਜੀ ਦੀਆਂ ਬਖਸ਼ਿਸ਼ਾ ਨੂੰ ਪਾਕਿਸਤਾਨ ਲੈ ਗਏ ਸਨ,ਜੋ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਅੱਜ ਵੀ ਸ਼ਰਧਾ ਨਾਲ ਸੰਭਾਲ ਕੇ ਰੱਖੀਆਂ ਹੋਈਆਂ ਹਨ।ਇਸ ਸਥਾਨ ਤੇ ਰਣਮੀਕ ਅਤੇ ਸੁੰਦਰ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ,ਜਿੱਥੇ ਗੁਰਬਾਣੀ ਦਾ ਪ੍ਰਵਾਹ ਹਰ ਸਮੇਂ ਚਲਦਾ ਰਹਿੰਦਾ ਹੈ।ਹਰ ਸਾਲ ਇਸ ਸਥਾਨ ਤੇ ਗੁਰੂ ਜੀ ਯਾਦ ਨੂੰ ਸਮਰਪਿਤ ਦਿਨ 19,20 ਅਤੇ 21 ਪੋਹ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਗੁਰੂ ਸਾਹਿਬ ਜੀ ਦੀ ਉਸਤਤਿ ਵਿੱਚ ਇੱਕ ਸ਼ਾਇਰ ਦੇ ਮਨ ਦੀ ਉਡਾਰੀ:-
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
“ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ।
ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ।”
ਗੁਰੂ ਜੀ ਦੀ ਸਿੱਖ ਕੌਮ ਲਈ ਕੁਰਬਾਨੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਾ ਹਮੇਸ਼ਾ ਮਾਰਗ ਦਰਸ਼ਨ ਕਰਦੀ ਰਹੇਗੀ।

ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।
9779708257
ਸਹਾਇਕ ਇੰਜੀਨੀਅਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ,ਪੰਜਾਬ

Share Button

Leave a Reply

Your email address will not be published. Required fields are marked *