Sun. Sep 15th, 2019

ਗੁਟਕਾ ਬੇਅਦਬੀ ਕੇਸ ਨੂੰ ਲੈ ਕੇ ਤਿੰਨ ਸਾਲਾਂ ਬਾਅਦ ਜਾਂਚ ਕਮਿਸ਼ਨ ਵੱਲੋਂ ਕੇਸ ਸਬੰਧੀ ਕੀਤੀ ਪੁੱਛ ਪੜਤਾਲ

ਗੁਟਕਾ ਬੇਅਦਬੀ ਕੇਸ ਨੂੰ ਲੈ ਕੇ ਤਿੰਨ ਸਾਲਾਂ ਬਾਅਦ ਜਾਂਚ ਕਮਿਸ਼ਨ ਵੱਲੋਂ ਕੇਸ ਸਬੰਧੀ ਕੀਤੀ ਪੁੱਛ ਪੜਤਾਲ

ਤਲਵੰਡੀ ਸਾਬੋ, 30 ਮਈ (ਗੁਰਜੰਟ ਸਿੰਘ ਨਥੇਹਾ)- ਤਿੰਨ ਸਾਲ ਪਹਿਲਾਂ 2015 ਦੀ ਦੀਵਾਲੇ ਵਾਲੇ ਦਿਨ ਖੇਤਰ ਦੇ ਪਿੰਡ ਨੰਗਲਾ ਵਿਖੇ ਸ੍ਰੀ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਤਲਵੰਡੀ ਸਾਬੋ ਦੀ ਪੁਲਿਸ ਨੇ ਭਾਵੇਂ ਇਸ ਕੇਸ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ਼ ਲਿਆ ਸੀ ਪ੍ਰੰਤੂ ਇਸ ਮਾਮਲੇ ਪ੍ਰਤੀ ਕਿਸੇ ਵੀ ਪ੍ਰਕਾਰ ਦੀ ਕੋਈ ਬਹੁਤੀ ਜਾਂਚ ਪੜਤਾਲ ਨਹੀਂ ਸੀ ਕੀਤੀ ਗਈ ਪ੍ਰਤੂੰ ਹੁਣ ਬੇਅਦਬੀ ਮਾਮਲਿਆਂ ਨੂੰ ਲੈ ਕੇ ਬਣੇ ਜਾਂਚ ਕਮਿਸ਼ਨ ਵੱਲੋਂ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਅਜਿਹੇ ਮਾਮਲਿਆਂ ਪ੍ਰਤੀ ਮੁੜ ਜਾਂਚ ਆਰੰਭ ਦਿੱਤੀ ਹੈ ਜਿਸ ਦੇ ਚਲਦਿਆਂ ਅੱਜ ਖੇਤਰ ਦੇ ਪਿੰਡ ਨੰਗਲਾ ਅਤੇ ਜੀਵਨ ਸਿੰਘ ਵਾਲਾ ਵਿਖੇ ਜਸਟਿਸ ਰਣਜੀਤ ਸਿੰਘ (ਸੇਵਾ ਮੁਕਤ) ਵੱਲੋਂ ਉਕਤ ਕੇਸਾਂ ਸਬੰਧੀ ਜਾਂਚ ਪੜਤਾਲ ਕੀਤੀ ਗਈ।
ਇਸ ਮਾਮਲੇ ਦੌਰਾਨ ਇਸ ਕੇਸ ਦੇ ਚਸ਼ਮਦੀਦ ਗਵਾਹ ਹਰਮੰਦਰ ਸਿੰਘ ਖਾਲਸਾ ਪੁੱਤਰ ਜੱਗਾ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਕਮੇਟੀ ਅਤੇ ਚਰਨਜੀਤ ਕੌਰ ਪਤਨੀ ਮੱਖਣ ਸਿੰਘ ਦੇ ਬਿਆਨ ਕਲਮਬੱਧ ਕੀਤੇ ਗਏ। ਇਸ ਮੌਕੇ ਜਾਂਚ ਕਮੇਟੀ ਵੱਲੋਂ ਘਟਨਾ ਵਾਲੀ ਥਾਂ ਦਾ ਵੀ ਦੌਰਾ ਕੀਤਾ। ਇਸੇ ਤਰਾਂ ਹੀ 2016 ਦੇ ਦਸੰਬਰ ਮਹੀਨੇ ਵਿੱਚ ਪਿੰਡ ਜੀਵਨ ਸਿੰਘ ਵਾਲਾ ਵਿਖੇ ਵਾਪਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਸਬੰਧ ਵਿੱਚ ਵੀ ਗਿਆਨੀ ਰਾਜਪਾਲ ਸਿੰਘ ਦੇ ਬਿਆਨ ਦਰਜ਼ ਕੀਤੇ ਗਏ ਹਨ।
ਜਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਪੰਜਾਬ ਅੰਦਰ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ, ਗੁਟਕਿਆਂ ਦੀ ਬੇਅਦਬੀ ਦੇ ਚਲਦਿਆਂ ਨੰਗਲਾ ਪਿੰਡ ਦੇ ਮੱਖਣ ਸਿੰਘ ਦੀ ਛੱਤ ਤੋਂ ਬੇਅਦਬ ਕੀਤਾ ਗਿਆ ਗੁਰਬਾਣੀ ਦਾ ਇੱਕ ਗੁਟਕਾ ਸਾਹਿਬ ਮਿਲਿਆ ਸੀ ਜਿਸ ਨੂੰ ਉਸ ਸਮੇਂ ਦੇ ਤਲਵੰਡੀ ਸਾਬੋ ਦੇ ਡੀ ਐੱਸ ਪੀ ਬਲਵਿੰਦਰ ਸਿੰਘ ਭੀਖੀ ਅਤੇ ਸੀਂਗੋ ਚੌਂਕੀ ਇੰਚਾਰਜ ਰਣਜੋਧ ਸਿੰਘ ਦੁਆਰਾ ਆਪਣੀ ਹਾਜ਼ਰੀ ‘ਚ ਸਤਿਕਾਰ ਸਹਿਤ ਸੰਭਾਲ ਲਿਆ ਸੀ ਅਤੇ ਹਰਮੰਦਰ ਸਿੰਘ ਖਾਲਸਾ ਦੇ ਬਿਆਨਾਂ ਦੇ ਅਧਾਰ ‘ਤੇ ਸ਼ਰਾਰਤੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ਼ ਕਰ ਲਿਆ ਸੀ ਪ੍ਰੰਤੂ ਕੋਈ ਗ੍ਰਿਫਤਾਰੀ ਨਹੀਂ ਸੀ ਹੋਈ।
ਹੁਣ ਤਿੰਨ ਸਾਲ ਬੀਤਣ ਤੋਂ ਬਾਅਦ ਉਕਤ ਬੇਅਦਬੀ ਦੇ ਮਾਮਲੇ ਦੀ ਤਫਤੀਸ਼ ਲਈ ਬਣਾਏ ਗਏ ਕਮਿਸ਼ਨ ਨੇ ਮੁੜ ਗਵਾਹਾਂ ਦੇ ਬਿਆਨ ਕਲਮਬੱਧ ਕੀਤੇ ਹਨ। ਇਸ ਮਾਮਲੇ ਸਬੰਧੀ ਪੁੱਛੇ ਜਾਣ ‘ਤੇ ਮਾਨਯੋਗ ਜਸਟਿਸ ਰਣਜੀਤ ਸਿੰਘ ਨੇ ਦੱਸਿਆ ਕਿ ਪੜਤਾਲ ਲਗਭਗ ਮੁਕੰਮਲ ਹੈ ਅਤੇ ਜਲਦੀ ਹੀ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ। ਇਸ ਕੇਸ ਦੀ ਐਨੀ ਦੇਰੀ ਨਾਲ ਹੋ ਰਹੀ ਤਫਤੀਸ਼ ਬਾਰੇ ਇੱਕ ਸਵਾਲ ਦੇ ਜਵਾਬ ‘ਚ ਉਹਨਾਂ ਕਿਹਾ ਕਿ ਜਦੋਂ ਕੇਸ ਉਹਨਾਂ ਕੋਲ ਪਹੁੰਚਿਆ ਉਹਨਾਂ ਉਦੋਂ ਹੀ ਪੜਤਾਲ ਆਰੰਭ ਕਰ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਬਾਬੂ ਰਾਮ ਰੀਡਰ, ਜੇ ਪੀ ਮਹਿਮੀ, ਕਾਨੂੰਨਗੋ ਰਮੇਸ਼ ਕੁਮਾਰ, ਥਾਣਾ ਮੁਖੀ ਜਗਦੀਸ਼ ਕੁਮਾਰ, ਚੌਂਕੀ ਇੰਚਾਰਜ ਮੇਜਰ ਸਿੰਘ, ਉਪਜਿੰਦਰ ਸਿੰਘ ਬਰਾੜ ਪਟਵਾਰੀ, ਵਕੀਲ ਸਿੰਘ ਪਟਵਾਰੀ, ਮਨਦੀਪ ਸਿੰਘ ਨੰਗਲਾ ਅਤੇ ਪਿੰਡ ਦੇ ਮੋਹਤਬਰ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: