Tue. Apr 23rd, 2019

ਗੁਜਰਾਤ ਤੋਂ ਨਕਲੀ ਬੀ ਟੀ ਕਾਟਨ ਦਾ ਬੀਜ ਲਿਆ ਕੇ ਵੇਚਣ ਵਾਲੇ ਕਾਬੂ

ਗੁਜਰਾਤ ਤੋਂ ਨਕਲੀ ਬੀ ਟੀ ਕਾਟਨ ਦਾ ਬੀਜ ਲਿਆ ਕੇ ਵੇਚਣ ਵਾਲੇ ਕਾਬੂ

ਅੰਤਰਰਾਜੀ ਬੀਜ ਅਤੇ ਖਾਦ ਮਾਫੀਆ ਸਰਗਰਮ ਹੋ ਕੇ ਕਰਦਾ ਆ ਰਿਹਾ ਹੈ ਪੰਜਾਬ ਦੇ ਕਿਸਾਨਾਂ ਦੀ ਲੁੱਟ

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਨਰਮੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਿਫ਼ਾਰਿਸ਼ ਕੀਤੇ ਬੀਜ ਬੀਜਣ ਬਾਰੇ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਉਦੋਂ ਰੰਗ ਲਿਆਈਆਂ, ਜਦੋਂ ਕਿਸਾਨਾਂ ਨੇ ਪਿੰਡ ਰਾਜਪੁਰਾ ਵਿਖੇ ਨਕਲੀ ਬੀ.ਟੀ. ਬੀਜ ਵੇਚਣ ਵਾਲੇ ਦੋ ਗੁਜਰਾਤੀ ਵਿਅਕਤੀਆਂ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਰਾਹੀਂ ਪੁਲਿਸ ਦੇ ਅੜਿੱਕੇ ਚੜ੍ਹਾਇਆ। ਵਰਨਣਯੋਗ ਹੈ ਕਿ ਹਰੇਕ ਸਾਲ ਨਕਲੀ ਬੀਜ ਅਤੇ ਜ਼ਹਿਰਾਂ ਵੇਚ ਕੇ ਬੀਜ ਮਾਫ਼ੀਆ ਵੱਲੋਂ ਕਿਸਾਨਾਂ ਦੀ ਲੁੱਟ ਕੀਤੀ ਜਾਂਦੀ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਸ. ਮਨਜੀਤ ਸਿੰਘ ਨੇ ਦੱਸਿਆ ਕਿ ਗੁਜਰਾਤ ਤੋਂ ਆਏ ਦੋਵੇਂ ਵਿਅਕਤੀ ਪਿੰਡ ਰਾਜਪੁਰਾ ਦੇ ਕਿਸਾਨਾਂ ਨੂੰ ਬੀਜ ਵੇਚਣ ਅਤੇ ਬੁਕਿੰਗ ਲਈ ਉਤਸ਼ਾਹਤ ਕਰ ਰਹੇ ਸਨ। ਕਿਸਾਨਾਂ ਨੇ ਇਸ ਦੀ ਸੂਚਨਾ ਖੇਤਬਾੜੀ ਵਿਭਾਗ ਨੂੰ ਦਿੱਤੀ ਅਤੇ ਵਿਭਾਗ ਦੇ ਅਧਿਕਾਰੀਆਂ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਸ਼੍ਰੀ ਸਰਵਣ ਕੁਮਾਰ, ਖੇਤੀਬਾੜੀ ਵਿਕਾਸ ਅਫ਼ਸਰ ਸ਼੍ਰੀ ਵਿਜੇ ਸਿੰਘ ਅਤੇ ਸਹਾਇਕ ਉਪ ਨਿਰੀਖਕ ਸ਼੍ਰੀ ਪ੍ਰਵੀਨ ਕੁਮਾਰ ਤੁਰੰਤ ਮੌਕੇ ‘ਤੇ ਪਹੁੰਚੇ। ਦੋਵੇਂ ਵਿਅਕਤੀ ਖੇਤੀਬਾੜੀ ਅਧਿਕਾਰੀਆਂ ਨੂੰ ਪੰਜਾਬ ਰਾਜ ਵਿੱਚ ਬੀਜ ਸਪਲਾਈ ਕਰਨ ਲਈ ਅਧਿਕਾਰਤ ਪੱਤਰ ਨਾ ਵਿਖਾ ਸਕੇ । ਜਿਸ ਕਰਕੇ ਖੇਤੀਬਾੜੀ ਅਧਿਕਾਰੀਆਂ ਨੇ ਇਸ ਵਰਤਾਰੇ ਸਬੰਧੀ ਥਾਣਾ ਬਹਾਵਵਾਲਾ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਕਾਰਵਾਈ ਕਰਦਿਆਂ ਹਿਤੇਸ਼ ਕੁਮਾਰ ਪੁੱਤਰ ਬਲਦੇਵ ਭਾਈ ਪ੍ਰਜਾਪਤੀ ਬਾਂਸ ਅਤੇ ਚਾਵੜਾ ਧਰਮਿੰਦਰ ਸਿੰਘ ਪੁੱਤਰ ਵਿਜੈ ਸਿੰਘ ਦੋਵੇਂ ਵਾਸੀ ਪਿੰਡ ਰਿਦਰੋਲ, ਗਾਂਧੀ ਨਗਰ (ਗੁਜਰਾਤ) ਨੂੰ 13 ਪੈਕਟ ਸੇਵਕ-511 ਅਤੇ ਸੇਵਕ-711 ਕਿਸਮ, ਓਮ ਹਾਈਬਰੈਡ ਸੀਡ ਕੰਪਨੀ ਸਮੇਤ ਗ੍ਰਿਫ਼ਤਾਰ ਕਰ ਲਿਆ। ਨਕਲੀ ਅਤੇ ਗ਼ੈਰ ਮਿਆਰੀ ਕਿਸਮ ਦੇ ਬੀਜ ਵੇਚਣ ਕਰਕੇ ਥਾਣਾ ਬਹਾਵਵਾਲਾ ਵਿਖੇ ਦੋਹਾਂ ਵਿਅਕਤੀਆਂ ਵਿਰੁੱਧ ਭਾਰਤੀ ਦੰਡ ਵਿਧਾਨ ਦੀ ਧਾਰਾ 420, 7 ਈ.ਸੀ. ਐਕਟ ਅਤੇ ਬੀਜ ਕੰਟਰੋਲ ਆਡਰ 1983 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: