ਗੀਤ

ss1

 ਗੀਤ

ਆ ਵੇ ਸੋਹਣਿਆ, ਆ ਵੇ ਮਹਿਰਮਾ, ਪਾ ਵਤਨਾਂ ਵੱਲ ਫੇਰਾ,

ਜਿੰਦ ਨਿਮਾਣੀ ਤਰਲੇ ਪਾਵੇ, (ਅਸਾਂ) ਕਰ ਲਿਆ ਸਬਰ ਬਥੇਰਾ।

ਚਿੱਠੀ ਲਿਖਾਂ ਨਾਲੇ ਹਾਲ ਸੁਣਾਵਾਂ, ਤੂੰ ਛੁੱਟੀ ਲੈਕੇ ਆਜਾ ਫੌਜੀਆ,

ਮੈਂ ਤਾਂ ਰੱਬ ਕੋਲੋਂ ਮੰਗਦੀ ਦੁਆਵਾਂ,  ਤੂੰ ਛੁੱਟੀ ਲੈਕੇ ਆਜਾ ਫੌਜੀਆ।

ਕਿੰਨਾ ਚਿਰ ਹੋਇਆ ਚੰਨਾ, ਹੋਇਓਂ ਸਾਥੋਂ ਦੂਰ ਵੇ।

ਚਿੱਠੀ ਵੀ ਨਾ ਪਾਈ, ਕਿਹੜੀ ਗੱਲੋਂ ਮਜਬਰ ਵੇ।

ਦੱਸ ਕਿੱਦਾਂ ਹੁਣ ਮਨ ਸਮਝਾਵਾਂ।

ਤੂੰ ਛੁੱਟੀ ਲੈਕੇ ……..

ਸੋਚਾਂ ਵਿਚ ਦਿਨ ਲੰਘੇ, ਰਾਤੀਂ ਯਾਦਾਂ ਤੇਰੀਆਂ।

ਮਿਲ ਜਾਣ ਤੈਨੂੰ ਚੰਨਾ, ਖੁਸ਼ੀਆਂ ਜੋ ਮੇਰੀਆਂ।

ਰੱਬ ਕਰੇ ਹੋਣ ਪੂਰੀਆਂ ਇੱਛਾਵਾਂ।

ਤੂੰ ਛੁੱਟੀ ਲੈਕੇ ……..

ਫੌਜੀਆ ਭੁਲੇਖੇ ਤੇਰੇ, ਰਾਹੀਆਂ ਵਿਚੋਂ ਪੈਣ ਵੇ।

ਸਾਰੇ ਮੈਨੂੰ ਕਹਿਣ ‘ਝੱਲੀ’, ਕੋਈ ਕਹੇ ਸੁਦੈਣ ਵੇ।

ਭੱਜ-ਭੱਜਕੇ  ਬੂਹੇ ਦੇ ਵੱਲ ਜਾਵਾਂ।

ਤੂੰ ਛੁੱਟੀ ਲੈਕੇ ……..

ਜਾ ਕੇ ਛਾਉਣੀ ਵਿਚ, ਗਿਓਂ ‘ਮਹਿਕ’ ਨੂੰ ਤੂੰ ਭੁੱਲ ਵੇ।

ਜੋਬਨੇ ਦਾ ਪਾਇਆ ਸਾਡਾ, ਕੌਡੀਆਂ ਭਾਅ ਮੁੱਲ ਵੇ।

ਮੈਂ ਤਾਂ ਵਾਂਗ ਪਪੀਹੇ ਕੁਰਲਾਵਾਂ।

ਤੂੰ ਛੁੱਟੀ ਲੈਕੇ ਆ ਜਾ ਫੌਜੀਆ।

‘ਸੂਬਿਆ’ ਤਰਸ ਨਾ

ਤੈਨੂੰ ‘ਸੂਬਿਆ’ ਤਰਸ ਨਾ ਆਇਆ,

ਜਲਾਦਾਂ ਦੇ ਵੀ ਹੱਥ ਕੰਬ ਗਏ।

ਜਦੋਂ ਬੱਚਿਆਂ ਨੂੰ ਨੀਹਾਂ ‘ਚ ਚਿਣਾਇਆ,

ਜਲਾਦਾਂ ਦੇ ਵੀ ਹੱਥ ਕੰਬ ਗਏ।

ਦੇਖਿਆ ਨਾ ਤੂੰ, ਜਿੰਦਾ ਕਿੰਨੀਆਂ ਨਿਆਣੀਆਂ।

ਧੁਰ ਦਰਗਾਹੇ ਸੁਣੀਆਂ, ਉਨ੍ਹਾਂ ਦੀਆਂ ਜਾਣੀਆਂ।

ਹਾਏ! ਐਡਾ ਵੱਡਾ ਕਹਿਰ ਤੂੰ ਕਮਾਇਆ,

ਜਲਾਦਾਂ ਦੇ ਵੀ ਹੱਥ ਕੰਬ ਗਏ। ਤੈਨੂੰ ‘ਸੂਬਿਆ’…..

ਪਾਪੀਆ ਵੇ, ਦਿਲ ਕਿਉਂ ਪੱਥਰ ਬਣਾ ਲਿਆ।

ਦੁਨੀਆਂ ‘ਤੇ ਐਡਾ ਤੂੰ ਕਲੰਕ ਮੱਥੇ ਲਾ ਲਿਆ।

ਦਰਗਾਹ ਵਿਚ ਜੋ ਜਾਣਾ ਨਾ ਬਖਸ਼ਾਇਆ,

ਜਲਾਦਾਂ ਦੇ ਵੀ ਹੱਥ ਕੰਬ ਗਏ। ਤੈਨੂੰ ‘ਸੂਬਿਆ’…..

ਜਿੰਦਾਂ ਸੀ ਮਸੂਮ ਭਾਂਵੇ, ਹੌਸਲੇ ਬੁਲੰਦ ਸੀ।

ਵਚਨਾਂ ਦੇ ਪੱਕੇ ਤੇ ਅਸੂਲਾਂ ਦੇ ਪਾਬੰਦ ਸੀ।

ਉਨ੍ਹਾਂ ਦਾਦੀ ਮਾਂ ਦਾ ਵਚਨ ਨਿਭਾਇਆ,

ਜਲਾਦਾਂ ਦੇ ਵੀ ਹੱਥ ਕੰਬ ਗਏ। ਤੈਨੂੰ ‘ਸੂਬਿਆ’…..

ਅਮਰ ਸ਼ਹੀਦ ਹੋ ਗਏ, ਦੇ ਕੇ ਕੁਰਬਾਨੀਆਂ|

‘ਮਹਿਕ ਕੁਲਵਿੰਦਰ ਕੌਰੇ’ ਛੱਡ ਗਏ ਨਿਸ਼ਾਨੀਆਂ।

ਜਿਊਣਾ ਅਣਖ ਨਾਲ ਕੌਮ ਨੂੰ ਸਿਖਾਇਆ,

ਜਲਾਦਾਂ ਦੇ ਵੀ ਹੱਥ ਕੰਬ ਗਏ। ਤੈਨੂੰ ‘ਸੂਬਿਆ’…..

kulwindr-mehakਕੁਲਵਿੰਦਰ ਕੌਰ ਮਹਿਕ,

ਮੁਹਾਲੀ (9814125477)

Share Button

Leave a Reply

Your email address will not be published. Required fields are marked *