ਗੀਤ ਸਾਹਿਤ ਦਾ ਅਟੁੱਟ ਅੰਗ

ss1

ਗੀਤ ਸਾਹਿਤ ਦਾ ਅਟੁੱਟ ਅੰਗ

ਗੀਤ ਮਨੁੱਖੀ ਜੀਵਨ ਦਾ ਸਾਹ ਹਨ।ਇਹ ਸਾਹ ਜੇ ਕਰ ਮਨੁੱਖੀ ਚਿੰਤਨ ਨੂੰ ਨਹੀਂ ਮਿਲਦੇ ਤਾਂ ਚਿੰਤਨ ਵਿੱਚ ਖੜੋਤ ਆਵੇਗੀ। ਚਿੰਤਨ ਸਮਾਜਿਕ ਪ੍ਰਗਤੀ ਅਤੇ ਤਬਦੀਲੀ ਲਈ ਉਨ੍ਹਾਂ ਹੀ ਜਰੂਰੀ ਹੈ ਜਿੰਨੀਆਂ ਮਨੁੱਖੀ ਸਰੀਰ ਲਈ ਤੇਜ਼-ਤਰਾਰ ਤੰਦਰੁਸਤ ਨਜ਼ਰਾਂ ਵਾਲੀਆਂ ਅੱਖਾਂ।ਗੀਤ ਵਿਧਾ ਦਾ ਸਾਹਿਤ ਵਿੱਚ ਹੀਣ ਭਾਵਨਾ ਦਾ ਸ਼ਿਕਾਰ ਹੋਣਾ ਸਾਹਿਤ ਲਈ ਨੁਕਸਾਨ ਦੇਹ ਹੈ।
ਗੀਤਾਂ ਨੂੰ ਇਸਦੇ ਆਪ-ਹੁਦਰੇ, ਸ਼ੋਹਰਤ,ਪੈਸੇ,ਸ਼ਰਾਬ ਦੇ ਪਿਆਕੜੂ ਗੀਤ ਲਿਖ਼ਾਰੀਆਂ ਨੇ ਹੀ ਚਿੱਕੜ ਵਿੱਚ ਦਫ਼ਨਾਉਣ ਦੀ ਕੋਸ਼ਿਸ ਕੀਤੀ ਹੈ। ਸਮਾਜਿਕ ਭਾਈਚਾਰਿਕ ਰਿਸ਼ਤਿਆਂ-ਨਾਤਿਆਂ ਵਿੱਚ ਬਦਬੋਦਾਰ ਕੂੜਾ ਸੁੱਟਿਆ ਹੈ। ਸਟੇਜਾਂ,ਲਾਊਡ ਸਪੀਕਰਾਂ ਤੇ ਆਪਣੇ ਪਿੰਡ ,ਆਪਣੇ ਨਾਮ ਦੀ ਚਰਚਾ ਲਈ ਇਹ ਗੀਤਕਾਰ ਅਤੇ ਗਾਉਣ ਵਾਲੇ ਗਵੱਈਏ ਆਪਣੀ ਜ਼ਮੀਰ ਦੀ ਆਵਾਜ਼ ਸੁਣ ਹੀ ਨਹੀਂ ਸਕੇ।ਪੰਡਾਲ਼ ਵਿੱਚ ਬੈਠੇ ਸਰੋਤਿਆਂ ਵਿੱਚ ਖੜ-ਮਜ਼ਾਜ਼ ਅਤੇ ਬਦ-ਦਿਮਾਗ਼ ਸ਼ਰਾਬੀ ਨਸੇੜੀ ਲੋਕਾਂ ਦੀਆਂ ਜੇਬਾਂ ਵਿੱਚੋ ਨੋਟ ਕਢਵਾਉਣ ਲਈ ਇਹਨਾਂ ਨੇ ਸ਼ਰਮ ਦੀਆਂ ਲੋਈਆਂ ਉਤਾਰ ਸੁੱਟੀਆਂ। ਗੀਤ ਵਿਧਾ ਐਸਾ ਨੂੰ ਤਾਰੋ-ਤਾਰ ਕੀਤਾ ਕਿ ਸਾਫ਼-ਸੁਥਰੇ ਗੀਤ ਲਿਖਣ ਵਾਲੇ ਲਿਖ਼ਾਰੀ ਆਪਣੇ ਆਪ ਨੂੰ ਗੀਤਕਾਰ ਅਖਵਾਉਣ ਵਿੱਚ ਸ਼ਰਮ ਮਹਿਸੂਸ ਕਰਨ ਲੱਗੇ।ਜਿਸ ਕਾਰਣ ਗੀਤ ਵਿਧਾ ਦਾ ਨਿਰਾਦਰ ਹੋਇਆ। ਸੱਭਿਅਕ ਗੀਤ ਕਾਪੀਆਂ-ਕਿਤਾਬਾਂ ਵਿੱਚ ਹੀ ਇਸ ਤਰਾਸਦੀ ਤੇ ਆਪਣੇ ਲੇਖਾਂ ਨੂੰ ਕੋਸਦੇ ਦਮ ਤੋੜਨ ਲੱਗੇ।
ਗੀਤਾਂ ਨੂੰ ਸਾਹਿਤ ਨਾਲੋਂ ਵੱਖ ਕਰਨਾ ਜਾਂ ਸਾਹਿਤ ਦਾ ਅੰਗ ਨਾ ਸਮਝਣਾ ਸਾਡੀ ਬਹੁਤ ਵੱਡੀ ਬੇ-ਵਕੂਫ਼ੀ ਰਹੀ ਹੈ। ਇਸ ਨੂੰ ਸਾਹਿਤ ਨਾ ਸਮਝਣਾ ਪੰਜਾਬੀ ਸਾਹਿਤ ਨੂੰ ਲੰਗੜਾ ਕਰਨ ਦੇ ਤੁਲ ਹੈ।
ਗੀਤ ਸਾਡੀ ਵਿਰਾਸਤ ਹਨ। ਸਾਡਾ ਸੱਭਿਆਚਾਰ ਹਨ। ਸਮਾਜਿਕ ਰਹਿਣ ਸਹਿਣ ਵਿਵਹਾਰ ਸਾਕ ਸਬੰਧਾਂ ਦਾ ਉਲੇਖ ਹਨ।ਸਾਡੇ ਪਿੜੋਕੜ ਦੀ ਉਹ ਤਸਵੀਰ ਹਨ ਜੋ ਅੱਜ ਵੀ ਬੇਸ਼ੱਕ ਕਾਗਜ਼ੀ ਪੰਨਿਆਂ ਤੇ ਹੋਰ ਵਿਧਾਵਾਂ ਵਿੱਚ ਪੜ੍ਹਨ ਨੂੰ ਨਹੀਂ ਮਿਲਦੀ ਪਰ ਲੋਕ- ਗੀਤਾਂ ਰਾਂਹੀ ਲੋਕ ਜੁਬਾਨਾਂ ਤੇ ਅੱਜ ਵੀ ਸੁਣਨ ਨੂੰ ਮਿਲਦੀ ਹੈ।ਜਦੋਂ ਤੱਕ ਕਿਸੇ ਕੌਮ ਦੇ ਲੋਕ ਗੀਤ, ਗੀਤ, ਵਾਰਾਂ, ਕਵੀਸ਼ਰੀ,ਟੱਪੇ, ਮਾਹੀਏ ,ਬੋਲੀਆਂ ਗੀਤ ਰੂਪ ਆਦਿ ਆਪ ਮੁਹਾਰੇ ਜੁਬਾਨਾਂ ਤੇ ਮਹਿਕਦੇ ਰਹਿਣਗੇ,ਉਦੋਂ ਤੱਕ ਕੋਈ ਵੀ ਧਾੜਵੀ ਕਿਸੇ ਕੌਮ ਦਾ ਵਾਲ ਵਿੰਗਾਂ ਨਹੀਂ ਕਰ ਸਕਦੇ।
ਗੀਤ ਸਿਰਫ਼ ਨਿੱਜੀ ਦਰਦ,ਖੁਸ਼ੀਆਂ,ਦੁਖਾਂਤਾਂ,ਗਮਾਂ,ਪੀੜਾਂ,ਬ੍ਰਿਹਾ-ਵਸਲਾਂ ਤਾਹਨਿਆਂ-ਮਿਹਣਿਆਂ, ਹਠਖੇਲੀਆਂ ਦਾ ਰਸ ਹੀ ਨਹੀਂ ਬਲਕਿ ਇਸ ਨਿੱਜ ਤੋਂ ਪਰ ਦਾ ਰੂਪ ਧਾਰਣ ਕਰਕੇ ਪੂਰੇ ਸਮਾਜ ਦਾ ਪ੍ਰਤੀਬਿੰਬ ਹੋ ਜਾਂਦੇ ਹਨ। ਗੀਤ ਅਨਪੜ੍ਹ ਸਰੋਤਿਆਂ ਨੂੰ ਆਪਣੇ ਨਾਲ਼ ਇੱਕ-ਮਿੱਕ ਕਰਕੇ ਪੜ੍ਹੇ-ਲਿਖੇ ਮਨੁੱਖਾਂ ਦੇ ਬਰਾਬਰ ਖੜ੍ਹਾ ਕਰ ਦਿੰਦੇ ਹਨ।ਗੀਤਾਂ ਦਾ ਸਰੋਤਾ ਕਦੇ ਵੀ ਮਨੋ-ਰੋਗੀ ਨਹੀਂ ਹੋ ਸਕਦਾ ।ਗੀਤ ਅੰਦਰੋਂ ਟੁੱਟ ਚੁੱਕੇ ਇਨਸਾਨਾਂ ਲਈ ਸਹਾਰਾ ਹਨ। ਇਹ ਰੂਹ ਦੀ ਖੁਰਾਕ ਹਨ।
ਗੀਤ ਪੱਥਰ ਮਨ ਨੂੰ ਹਲੂਣ ਹਲੂਣ ਪਸੀਜ-ਪਸੀਜ ਪਾਣੀ ਬਣਾ ਦਿੰਦੇ ਹਨ ।ਹਾਰੇ ਹੋਏ ਅੱਥਰੂ ਨੂੰ ਅੰਗਿਆਰ ਅਤੇ ਸ਼ਖ਼ਤ ਜਾਨ ਬਣਾ ਦਿੰਦੇ ਹਨ। ਹਾਰਾਂ ਨੂੰ ਜਿੱਤਾਂ ਦਾ ਰੂਪ , ਥੱਕਿਆਂ-ਹਾਰਿਆਂ ਨੂੰ ਜਿੰਦਗ਼ੀ ਦੇ ਨਾਲ਼ ਜੂਝਣ ਲਈ ਮੁੜ ਸੂਰਮਗਤੀ ਦੀ ਪਾਣ ਦਾ ਕੰਮ ਕਰਦੇ ਹਨ।
ਆਰਥਿਕ-ਸਮਾਜਿਕ ਤੌਰ ਤੇ ਦੱਬੇ-ਕੁਚਲਿਆਂ ਕਿਰਤੀ ਲੋਕਾਂ ਨੂੰ ਸੰਘਰਸ਼ ਲਈ ਯਤਨਸ਼ੀਲ ਅਤੇ ਗਤੀਸ਼ੀਲ ਰੱਖਦੇ ਸਮਾਜ ਦੀ ਅਗਵਾਈ ਕਰਦਿਆਂ ਇਤਿਹਾਸ ਦਾ ਹਿੱਸਾ ਬਣਦੇ ਸਾਹਿਤ ਦਾ ਅਨਿੱਖੜਵਾਂ ਅੰਗ ਬਣਦੇੋ ਹਨ।
ਸਾਹਿਤ ਦੀਆਂ ਦੂਸਰੀਆਂ ਵਿਧਾਵਾਂ ਨਾਲੋਂ ਤੇਜ਼ ਗਤੀ ਨਾਲ਼ ਗਤੀਸ਼ੀਲ ਹੁੰਦਿਆਂ ਗੀਤ ਸੰਗੀਤਬੱਧ ਹੋ ਕੇ ਚਾਨਣ ਦੀ ਤਰ੍ਹਾਂ ਫੈਲਦੇ ਹਨ।ਲੋਕ ਮਨਾਂ ਵਿੱਚ ਘਰ ਕਰਨ ਦੀ ਸ਼ਕਤੀ ਇਹਨਾਂ ਨੂੰ ਗਰੀਬ ਮਜ਼ਦੂਰ ਬਸਤੀਆਂ-ਵਿਹੜਿਆਂ,ਝੁੱਗੀਆਂ,ਝੌਪੜੀਆਂ ਅੰਦਰ ਵੀ ਪਹੁੰਚਣ ਦੀ ਸਮਰੱਥਾ ਇਸਨੂੰ ਸਰਬ ਸ਼ਕਤੀਸ਼ਾਲੀ ਵਿਧਾ ਹੋਣ ਦਾ ਰੁਤਬਾ ਦਿੰਦੀ ਹੈ। ਸੱਭਿਅਕ ਇਨਕਲਾਬੀ ਗੀਤਾਂ ਦੀ ਤਰੁੰਨਮ ਦੀ ਕੰਪਣ ਨਾਲ਼ ਸ਼ਾਹੀ- ਹਵੇਲੀਆਂ,ਮਹੱਲਾਂ,ਕਿਲ੍ਹਿਆਂ ਦੀਆਂ ਮਜ਼ਬੂਤ ਉੱਚੀਆਂ ਕੰਧਾਂ ਤਿੜਕ -ਤਿੜਕ ਤ੍ਰੇੜਾਂ ਖਾਂਦੀਆਂ ਥੇਹਾਂ ਵਿੱਚ ਬਦਲ ਜਾਂਦੀਆਂ ਹਨ।
ਗੀਤਾਂ ਨੂੰ ਸਾਹਿਤ ਰੂਪ ਦੀ ਨਜ਼ਰ ਤੋਂ ਗਿਰਾਉਣ ਵਾਲੇ ਘਟੀਆ ਸੋਚ, ਇਖ਼ਲਾਕ ਤੋਂ ਗਿਰੇ ਗੀਤਕਾਰਾਂ-ਗਵੱਈਆਂ ਨੂੰ ਪਾਕਿ-ਪਵਿੱਤਰ ਇਸ ਦੁੱਧ ਰੂਪੀ ਵਿਧਾ ਵਿੱਚ ਗੰਦੀ ਰਾਧ-ਪੀਕ ਮਿਲਾ ਕੇ ਨਸੂਰ ਦਾ ਕੰਮ ਕੀਤਾ ਹੈ । ਪੰਜਾਬੀ ਸਾਹਿਤ, ਸਰੋਤੇ, ਮਾਂ-ਬੋਲੀ ਅਤੇ ਪੰਜ ਦਰਿਆਵਾਂ ਦੀ ਮਿੱਟੀ ਇਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ ।
ਅੱਜ ਦੇ ਗੀਤਕਾਰ ਕਲਮਕਾਰਾਂ,ਗਾਇਕਾਂ ਨੂੰ ਸਾਂਝੇ ਤੌਰ ਤੇ ਉੋਪਰਾਲ਼ਾ ਕਰਕੇ ਗੀਤ ਵਿਧਾ ਵਿੱਚ ਫੈਲਾਅ ਰਹੇ ਦੋ ਅਰਥੀ ਸ਼ਬਦਾਂ ਤੇ ਅਸ਼ਲੀਲਤਾ ਦੇ ਗੰਦ ਨੂੰ ਰੋਕਣ ਲਈ ਝੰਡੇ ਬਰਦਾਰ ਹੋਣਾ ਪਵੇਗਾ।

ਬਾਲੀ ਰੇਤਗੜ੍ਹ (ਗੀਤਕਾਰ)
94651–29168

Share Button

Leave a Reply

Your email address will not be published. Required fields are marked *