ਗੀਤਕਾਰੀ ਦੀ ਨਿਵੇਕਲੀ ਸਿਰ-ਕੱਢਵੀਂ ਕਲਮ– ਸੁੰਮੀ ਸਾਮਰੀਆ

ss1

   ਗੀਤਕਾਰੀ  ਦੀ ਨਿਵੇਕਲੀ ਸਿਰ-ਕੱਢਵੀਂ ਕਲਮ– ਸੁੰਮੀ ਸਾਮਰੀਆ

     summi-samria summy-samria ਕਵਿੱਤਰੀਆਂ ਦਾ ਰੁਝਾਨ ਕਹਿ ਲਓ ਜਾਂ ਉਨ੍ਹਾਂ ਦੀ ਕਲਮ ਦੀ ਪਕੜ ਕਹਿ ਲਓ, ਕਵਿਤਾ ਤੇ ਗ਼ਜ਼ਲ ਲਈ ਤਾਂ ਕਵਿੱਤਰੀਆਂ ਪਰੇ ਤੋਂ ਪਰੇ ਹਨ, ਪਰ ਗੀਤਕਾਰੀ ਖੇਤਰ ਵਿਚ ਉਂਗਲਾਂ ਉਤੇ ਗਿਣੇ ਜਾਣ ਵਾਲੇ ਨਾਂਓਂ ਹੀ ਹਨ, ਲੜਕੀ-ਗੀਤਕਾਰਾਂ ਦੇ।  ਇਨਾਂ ਗਿਣਤੀ ਦੇ ਨਾਵਾਂ ਵਿਚ ਇਕ ਮਾਣ-ਮੱਤਾ ਨਾਂਓਂ ਹੈ- ‘ਸੁੰਮੀ ਸਾਮਰੀਆ’। ਉਹ ਸੁੰਮੀ, ਜਿਸ ਦੀ ਕਲਮ ‘ਚੋਂ ਨਿਕਲੇ ਗੀਤ, ਗਾਇਕ-ਕਲਾਕਾਰਾਂ ਨੂੰ ਮੱਲੋ-ਮੱਲੀ ਖਿੱਚ ਲੈਂਦੇ ਹਨ ਆਪਣੇ ਵੱਲ।  ਖੁਦ ਗਾਇਕੀ ਦਾ ਸ਼ੌਕ ਰੱਖਦੀ ਹੋਣ ਕਰਕੇ ਗੀਤ ਦਾ ਵਜਨ-ਤੋਲ, ਲੈਅ ਅਤੇ ਕਾਫੀਆ ਦੀ ਪੂਰਨ ਸੋਝੀ ਹੈ ਉਸਨੂੰ ।  ਰੁਮਾਂਟਿਕ ਗੀਤਾਂ ਦੇ ਨਾਲ-ਨਾਲ ਦਾਜ-ਦਹੇਜ, ਧੀਆਂ-ਭੈਣਾਂ ਦਾ ਦਰਦ, ਨਸ਼ੇ ਅਤੇ ਭਰੂਣ-ਹੱਤਿਆ ਆਦਿ ਜਿਹੇ ਸਮਾਜਿਕ ਵਿਸ਼ਿਆਂ ਨੂੰ ਵੀ ਸ਼ਾਮਲ ਕੀਤਾ ਹੈ ਉਸਨੇ ਆਪਣੇ ਗੀਤਾਂ ਵਿਚ।  ਉਸ ਦੇ ਲਿਖੇ ਗੀਤਾਂ ਨੂੰ ਹੁਣੇ ਹੀ ਪਿਛਲੇ ਦਿਨੀ ਚੰਡੀਗੜ੍ਹ ਦੀ ਕਨੇਡਾ ਰਹਿ ਰਹੀ ਨਾਮਵਰ ਗਾਇਕਾ ਮੀਨੂ ਬਾਵਾ ਜੀ ਨੇ ਵੀ ਰਿਕਾਰਡ ਕੀਤਾ ਹੈ ਆਪਣੀ ਸੁਰੀਲੀ ਅਵਾਜ ਵਿਚ ।

     ਕਾਮਰੇਡਾਂ ਦਾ ਗੜ੍ਹ ਜਾਣੇ ਜਾਂਦੇ ਮਾਲਵਾ ਦੇ ਜਿਲ੍ਹਾ ਬਰਨਾਲਾ ਦੇ ਪਿੰਡ ਬਖਤਗੜ੍ਹ ਵਿਚ 10 ਅਕਤੂਬਰ, 1981 ਨੂੰ ਜਨਮੀ ਘਰਦਿਆਂ ਦੀ ਸੁਮਨ ਬਾਲਾ ਅਤੇ ਸਾਹਿਤਕ ਹਲਕਿਆਂ ਦੀ ਸੁੰਮੀ ਸਾਮਰੀਆ ਇਕ ਐਸੀ ਖੁਸ਼-ਕਿਸਮਤ ਰੂਹ ਹੈ, ਜਿਸਨੂੰ ਜਿੱਥੇ ਮਾਤਾ ਬਲਵੀਰ ਕੌਰ ਨੇ ਚੰਗੇ ਸੰਸਕਾਰ ਦੇ ਕੇ ਪਾਲਦਿਆਂ ਧਾਰਮਿਕ ਖਿਆਲਾਂ ਦੀ ਗੁੜ੍ਹਤੀ ਦਿੱਤੀ, ਉਥੇ ਵਿਦਵਾਨ ਪਿਤਾ ਕਾਮਰੇਡ ਕਾਂਸ਼ੀ ਰਾਮ ਦੇ ਕਾਮਰੇਡੀ ਖੂਨ ਦਾ ਵੀ ਉਸਦੇ ਵਿਅੱਕਤੀਤਵ ਨੇ ਪੂਰਨ ਅਸਰ ਕਬੂਲਿਆ। ਇਹੀ ਕਾਰਨ ਹੈ ਕਿ ਸੁੰਮੀ ਜਿੰਨੀ ਬਾਹਰੋਂ ਕਠੋਰ ਹੈ ਉਤਨੀ ਹੀ ਉਹ ਕੋਮਲ ਵੀ ਹੈ ਅੰਦਰੋਂ।

       ਪੰਜ ਭੈਣ ਭਰਾਵਾਂ ਦੀ ਸਭ ਤੋਂ ਛੋਟੀ ਤੇ ਲਾਡਲੀ ਸੁੰਮੀ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਨੂੰ ਸਾਹਿਤ ਪੜ੍ਹਨ ਦੀ ਚੇਟਕ ਬਚਪਨ ਤੋਂ ਹੀ ਲੱਗ ਗਈ ਸੀ। ਘਰ ਵਿਚ ਹਰ ਤਰਾਂ ਦਾ ਅਖਬਾਰ ਤੇ  ਮੈਗਜੀਨ ਆਉਣ ਸਦਕਾ ਘਰ ਵਿੱਚ ਪੂਰਾ ਸਾਹਿਤਕ ਮਹੌਲ ਸੀ।  ਫਿਰ ਉਸ ਦੇ ਚਾਚਾ ਜੀ ਰਾਮ ਸਿੰਘ ਦੀ ਬਦੌਲਤ ਤਰਾਂ-ਤਰਾਂ ਦੀਆਂ ਕਾਮਰੇਡੀ ਵਿਚਾਰਧਾਰਾ ਨਾਲ ਸੰਬੰਧਤ  ਕਿਤਾਬਾਂ ਪੜ੍ਹਨ ਨੂੰ ਉਸਨੂੰ ਮਿਲਦੀਆਂ ਰਹੀਆਂ।  ਉਹ ਸੱਤਵੀਂ ਕਲਾਸ ਦੀ ਵਿਦਿਆਰਥਣ ਸੀ ਜਦੋਂ ਉਸ ਨੇ ਮੈਕਸਿਮ ਗੋਰਕੀ ਦਾ ਨਾਵਲ ‘ਮਾਂ’, ਰੂਸੀ ਨਾਵਲ ‘ਹਮਸਫਰ’ ਅਤੇ ਸ਼ਿਵ ਕੁਮਾਰ ਦੀ ‘ਲੂਣਾ’ ਨੂੰ ਪੜ੍ਹਿਆ।  ਇਸ  ਸਭ ਨੇ ਉਸ ਦੇ ਕੋਮਲ ਮਨ ਨੂੰ ਪਸੀਜ. ਕੇ ਰੱਖ ਦਿੱਤਾ।

       ਦਸਵੀ ਦੀ ਕਲਾਸ ਦੌਰਾਨ ਸੁੰਮੀ ਛੋਟੀਆਂ ਕਵਿਤਾਵਾਂ ਲਿਖਣ ਲੱਗ ਗਈ ਸੀ।  ਦੋਸਤਾਂ-ਮਿੱਤਰਾਂ ਨੇ ਉਸਦੀਆਂ ਕਵਿਤਾਵਾਂ ਨੂੰ ਸੁਣਨਾ, ਪੜ੍ਹਨਾ ਤੇ ਹੋਰ ਲਿਖਣ ਲਈ ਪ੍ਰੇਰਿਤ ਕਰਦੇ ਰਹਿਣਾ।  ਫਿਰ, ਬੀ.ਐਡ. ਦੌਰਾਨ ਸਿੰਬਲ ਜੀਤ ਕੋਰ ‘ਭਾਈ ਰੂਪਾ’ ਨਾਂਓਂ  ਦੀ ਉਸ ਦੀ ਐਸੀ ਦੋਸਤ ਬਣੀ, ਜਿਸ ਅੰਦਰੋਂ ਕਵਿਤਾ ਫੁਟ-ਫੁਟ ਨਿਕਲਦੀ ਸੀ।  ਇਕ ਸ਼ੇਅਰ ਉਸ ਨੇ ਲਿਖਣਾ ਤੇ ਉਸ ਦੇ ਜੁਵਾਬ ਵਿਚ ਅੱਗੋਂ ਇਕ ਸ਼ੇਅਰ ਸੁੰਮੀ ਨੇ ।  ਸਿੰਬਲ ਜੀਤ ਨੇ ਹੈਰਾਨ ਹੋਕੇ ਕਹਿਣਾ, ‘ਇਹ ਕਿਵੇਂ ਹੈ ਕਿ ਮੇਰੇ ਸੋਚਣ ਤੋਂ ਪਹਿਲਾਂ ਹੀ ਤੂੰ ਜਾਣ ਲੈਂਦੀ ਹੈ ਕਿ ਕੀ ਕਹਿਣਾ ਹੈ ਹੁਣ ਸਿੰਬਲਜੀਤ ਨੇ ?’  ਅੱਗੋਂ ਸੁੰਮੀ ਨੇ ਹੱਸਕੇ ਕਹਿ ਛੱਡਣਾ, ‘ਦੋਸਤ, ਦੋਸਤ ਦੀ ਨਬਜ ਪਹਿਚਾਣਦਾ ਹੈ।’ ਇਸ ਤਰਾਂ ਐਮ.ਏ., ਬੀ. ਐੱਡ. ਕਰਨ ਤੱਕ ਸੁੰਮੀ ਦੀ ਕਲਮੀ ਪਛਾਣ ਚੰਗੀ ਬਣ ਗਈ ਸੀ।

      ਇਕ ਸਵਾਲ ਦਾ ਜੁਵਾਬ ਦਿੰਦਿਆਂ ਸੁੰਮੀ ਨੇ ਕਿਹਾ, ‘ਮੈਨੂੰ ਦੋਸਤਾਂ ਦੀ ਘਾਟ ਹਮੇਸ਼ਾਂ ਰਹੀ ਹੈ।  ਪਰ ਪੁਸ਼ਪਾ ਨੇ ਮੇਰੀ ਦੋਸਤੀ ਦੀ ਭੁੱਖ ਨੂੰ ਖਤਮ ਕਰ ਦਿੱਤਾ।  ਉਸ ਦਾ ਪਿਆਰ ਇਕ ਨਦੀ ਦੇ ਵਹਾ ਦੀ ਤਰ੍ਹਾਂ ਹੈ ਜੋ ਕਦੀ ਖਤਮ ਨਹੀ ਹੁੰਦਾ।’

      ਆਪਣੇ ਜੀਵਨ ਸਾਥੀ ਸੁਖਰਾਜ ਸਿੰਘ (ਬੰਟੀ) ਸਾਮਰੀਆ ਨਾਲ ਮਲੋਟ ਵਿਖੇ ਸੁੱਖਾਂ ਭਰੀ ਗ੍ਰਹਿਸਥੀ ਜ਼ਿੰਦਗੀ ਬਤੀਤ ਕਰਦੀ ਸੁੰਮੀ ਸਾਮਰੀਆ ਕਿੱਤੇ ਵਜੋਂ ਇਸ ਵਕਤ ਸ. ਪ੍ਰਾ. ਸਕੂਲ ਪਿੰਡ ਮਲੋਟ (ਸ੍ਰੀ ਮੁਕਤਸਰ ਸਾਹਿਬ) ਵਿਖੇ ਬਤੌਰ ਅਧਿਆਪਕਾ ਸੇਵਾਵਾਂ ਨਿਭਾਉਂਦੀ ਅਨਪੜ੍ਹਤਾ ਦਾ ਹਨੇਰਾ ਦੂਰ ਕਰਨ ਦੀ ਅਹਿਮ ਸੇਵਾ ਵਿਚ ਜੁਟੀ ਹੋਈ ਹੈ। ਆਪਣੀ ਕਲਮੀ-ਸਾਂਝ ਦੀ ਗੱਲ ਕਰਦਿਆਂ ਸਾਮਰੀਆ ਨੇ ਕਿਹਾ, ‘ਕਲਮ ਨਾਲ ਮੇਰੀ ਇੰਨੀ ਗੂਹੜੀ ਮਿੱਤਰਤਾ ਪੈ ਗਈ ਹੈ ਕਿ ਕਈ ਬਾਰ ਤਾਂ ਲਿਖਣ ‘ਚ ਇੰਨਾ ਮਸਤ ਹੋ ਜਾਂਦੀ ਹਾਂ ਕਿ ਖਾਣਾ ਖਾਣ ਦਾ ਵੀ ਯਾਦ ਨਹੀ ਰਹਿੰਦਾ।  ਇਸਤੋਂ ਵੀ ਅੱਗੇ ਸੱਚ ਇਹ ਹੈ ਜਿੱਥੇ ਮੇਰੇ ਵੱਡੇ ਭੈਣ-ਭਰਾਵਾਂ ਨੇ ਮੈਨੂੰ ਪੜ੍ਹਾਇਆ-ਲਿਖਾਇਆ ਅਤੇ ਮੇਰੇ ਕਲਮੀ-ਸ਼ੌਕ ਨੂੰ ਪਾਲਣ ‘ਚ ਅਹਿਮ ਰੋਲ ਨਿਭਾਇਆ, ਉਥੇ ਹੁਣ ਮੇਰੇ ਜੀਵਨ-ਸਾਥੀ ਬੰਟੀ ਸਾਮਰੀਆ ਮੇਰੇ ਕਲਮੀ-ਸ਼ੌਕ ਨੂੰ ਆਪਣਾ ਨਿੱਜੀ ਸ਼ੌਕ ਸਮਝਕੇ ਹਰ ਕਦਮ, ਹਰ ਪਲ ਤੇ ਪੂਰਨ ਸਹਿਯੋਗ ਦੇ ਰਹੇ ਹਨ, ਮੈਨੂੰ।  ਇਸ ਖੁਸ਼ੀ ਵਿਚ ਰਹਿੰਦੀ ਭੁੱਖ ਵੀ ਮਿਟ ਜਾਂਦੀ ਹੈ, ਮੇਰੀ।  ਜੇਕਰ  ਮਾਲਕ ਦੀ ਇਸੇ ਤਰਾਂ ਮਿਹਰ ਰਹੀ ਤਾਂ ਐਸਾ ਕੁਝ ਕਰਨ ਦਾ ਮੇਰਾ ਸੁਪਨਾ ਹੈ, ਜਿਸ  ਨਾਲ ਖਾਸ ਕਰਕੇ ਦੱਬੇ-ਕੁਚਲੇ ਸਮਾਜ ਨੂੰ ਕੁਝ ਰਾਹਤ ਮਿਲ ਸਕੇ ਅਤੇ ਨਾਲ ਹੀ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਵੀ ਵਧੀਆ ਹਾਜਰੀ ਲੱਗ ਸਕੇ ਮੇਰੀ।’

       ਸ਼ਾਲ੍ਹਾ ! ਸੁੰਮੀ ਦੇ ਸੁਪਨਿਆਂ ਨੂੰ ਭਰਵਾਂ ਬੂਰ ਪਵੇ ਅਤੇ ਉਸ ਦੀ ਕਲਮੀ-ਪਰਵਾਜ ਅੰਬਰਾਂ ਨੂੰ ਜਾ ਛੂਹਵੇ ! ਆਮੀਨ !

-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)

ਸੰਪਰਕ : ਸੁੰਮੀ ਸਾਮਰੀਆ, ਮਲੋਟ (ਸ੍ਰੀ ਮੁਕਤਸਰ ਸਾਹਿਬ)  (9779797666)

Share Button

Leave a Reply

Your email address will not be published. Required fields are marked *