ਗਿੱਪੀ ਗਰੇਵਾਲ ਨਾਇਟ ਦਾ ਪ੍ਰੋ. ਪੰਡਤ ਰਾਓ ਧਨੇਸ਼ਵਰ ਨੇ ਬਰਨਾਲਾ ਕਚਿਹਰੀਆਂ ਵਿੱਚ ਕੀਤਾ ਰੋਸ ਪ੍ਰਦਰਸ਼ਨ

ਗਿੱਪੀ ਗਰੇਵਾਲ ਨਾਇਟ ਦਾ ਪ੍ਰੋ. ਪੰਡਤ ਰਾਓ ਧਨੇਸ਼ਵਰ ਨੇ ਬਰਨਾਲਾ ਕਚਿਹਰੀਆਂ ਵਿੱਚ ਕੀਤਾ ਰੋਸ ਪ੍ਰਦਰਸ਼ਨ
ਗਿੱਪੀ ਗਰੇਵਾਲ ਨਾਇਟ ਨੂੰ ਰੱਦ ਕਰਨ ਲਈ ਦਿੱਤਾ ਮੰਗ ਪੱਤਰ
ਕਈ ਗਾਇਕਾਂ ਖਿਲਾਫ ਕੇਸ ਫਾਇਲ ਕੀਤਾ ਜਾ ਚੁੱਕਾ ਹੈ : ਪ੍ਰੋ. ਪੰਡਤ ਰਾਓ ਧਨੇਸ਼ਵਰ

ਮਹਿਲ ਕਲਾਂ/ਬਰਨਾਲਾ (ਗੁਰਭਿੰਦਰ ਗੁਰੀ) : ਰੈਡ ਕਰਾਸ ਬਰਨਾਲਾ ਲਈ ਪ੍ਰਸ਼ਾਸ਼ਨ ਵੱਲੋਂ 16 ਮਾਰਚ ਨੂੰ ਗਿੱਪੀ ਗਰੇਵਾਲ ਨਾਇਟ ਕਰਵਾਈ ਜਾ ਰਹੀ ਜਿਸ ਦਾ ਇਲਾਕੇ ਦੀਆਂ ਸਮਾਜ ਸੇਵੀ ਅਤੇ ਇਨਸਾਫ ਪਸੰਦ, ਇਸਤਰੀ ਜਾਗ੍ਰਿਤੀ ਮੰਚ, ਸਾਹਿਤਕ ਜੱਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਅੱਜ ਬਰਨਾਲਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਅਤੇ ਲੱਚਰ ਗਾਇਕੀ ਖਿਲਾਫ ਅਵਾਜ ਬੁਲੰਦ ਕਰਨ ਵਾਲੇ ਪ੍ਰੋ. ਪੰਡਤ ਰਾਓ ਧਨੇਸ਼ਵਰ ਨੇ ਡੀ.ਸੀ. ਦਫਤਰ ਵਿਖੇ ਇਸ ਨਾਇਟ ਦਾ ਵਿਰੋਧ ਕਰਕੇ ਲੋਕਾਂ ਨੂੰ ਲੱਚਰ ਗਾਇਕੀ ਕਰਨ ਵਾਲੇ ਗਾਇਕਾਂ ਦਾ ਵਿਰੋਧ ਕਰਨ ਲਈ ਅੱਗੇ ਆਉਣ ਲਈ ਕਿਹਾ।
ਇਸ ਮੌਕੇ ਪ੍ਰੋ. ਪੰਡਤ ਰਾਓ ਧਨੇਸ਼ਵਰ ਨੇ ਸਹਾਇਕ ਕਮਿਸ਼ਨਰ (ਸਿਕਾਇਤਾਂ) ਬਰਨਾਲਾ ਡਾ. ਹਿਮਾਂਸੂ ਗੁਪਤਾ ਨੂੰ ਇੱਕ ਮੰਗ ਪੱਤਰ ਦੇ ਕੇ ਇਸ ਨਾਇਟ ਨੂੰ ਰੋਕਣ ਲਈ ਕਿਹਾ ਗਿਆ ਹੈ। ਇਸ ਮੌਕੇ ਪ੍ਰੋ. ਪੰਡਤ ਰਾਓ ਧਨੇਸ਼ਵਰ ਨੇ ਡਾ. ਹਿਮਾਂਸੂ ਗੁਪਤਾ ਨੂੰ ਇੱਕ ਖਾਲੀ ਚੈਕ ਦੇ ਕੇ ਕਿਹਾ ਗਿਆ ਕਿ ਇਸ ਨਾਇਟ ਨੂੰ ਰੱਦ ਕਰ ਦਿੱਤਾ ਜਾਵੇ ਅਤੇ ਤੁਹਾਡਾ ਜੋ ਵੀ ਖਰਚ ਹੋਇਆ ਹੈ, ਉਹ ਇਸ ਚੈਕ ਵਿੱਚ ਭਰ ਲਵੋ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿਛਲੇ ਸਮੇਂ ਤੋਂ ਕੁਝ ਗਾਇਕਾਂ ਵੱਲੋਂ ਫੋਕੀ ਸ਼ੋਹਰਤ ਲਈ ਪੇਸ਼ ਕੀਤੇ ਜਾ ਰਹੇ ਲੱਚਰ, ਮਾਰੂ ਹਥਿਆਰਾਂ ਵਾਲੇ ਅਤੇ ਜੱਟ ਭਾਈਚਾਰੇ ਨੂੰ ਕਥਿਤ ਬਦਨਾਮ ਕਰਨ ਵਾਲੇ ਗੀਤਾਂ ਦੇ ਸਿੱਧੇ ਤੌਰ ਉਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕੋਈ ਸਮਾਂ ਸੀ, ਜਦੋਂ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਗੀਤ ਸੁਣਨ ਨੂੰ ਮਿਲਦੇ ਸਨ। ਪਰ ਅੱਜ ਦੇ ਗਾਇਕਾਂ ਨੇ ਜੱਟ ਭਾਈਚਾਰੇ ਨੂੰ ਇਕ ਵੈਲੀ, ਨਸ਼ੇ ਖਾਣ ਦਾ ਆਦੀ ਅਤੇ ਇੱਥੋਂ ਤੱਕ ਕਿ ਹਰ ਥਾਂ ਹਥਿਆਰ ਚਲਾਉਣ ਵਾਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਬਹੁਤ ਹੀ ਮਾੜਾ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਕਿਰਤ ਕਰਨ ਵਾਲਾ ਜੱਟ ਅੱਜ ਅਨੇਕਾਂਂ ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੈ। ਪ੍ਰੋ. ਪੰਡਤ ਰਾਓ ਧਨੇਸ਼ਵਰ ਨੇ ਦੱਸਿਆ ਕਿ ਉਨਾਂ ਵੱਲੋਂ ਗਾਇਕ ਸ਼ੈਰੀ ਮਾਨ, ਗਾਇਕ ਬੱਬੂ ਮਾਨ, ਗਾਇਕ ਹਨੀ ਸਿੰਘ, ਗਾਇਕ ਸਿੱਧੂ ਮੂਸੇਵਾਲਾ, ਗਾਇਕ ਦਿਲਜੀਤ ਦੁਸ਼ਾਂਝ ਅਤੇ ਦੀਪ ਕਰਨ ‘ਤੇ ਕੇਸ ਫਾਇਲ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਉਹ ਇਸ ਲੱਚਰ ਅਤੇ ਨੌਜਵਾਨੀ ਨੂੰ ਕੁਰਾਹੇ ਪਾ ਰਹੀ ਗਾਇਕੀ ਕਰਨ ਵਾਲੇ ਗਾਇਕਾਂ ਖਿਲਾਫ ਆਪਣਾ ਇਹ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਉਨਾਂ ਦੱਸਿਆ ਕਿ ਉਨਾਂ ਬਰਨਾਲਾ ਪ੍ਰਸ਼ਾਸ਼ਨ ਤੋਂ ਗਿੱਪੀ ਗਰੇਵਾਲ ਨਾਇਟ ਦੀ ਵੀਡੀਓ ਦੀ ਮੰਗ ਕੀਤੀ ਹੈ, ਉਨਾਂ ਕਿਹਾ ਕਿ ਜੇਕਰ ਇਸ ਨਾਇਟ ਵਿੱਚ ਕੋਈ ਲੱਚਰ ਜਾਂ ਹਥਿਆਰਾਂ – ਗੁੰਡਾਗਰਦੀ ਵਾਲੇ ਗੀਤ ਗਾਏ ਤਾਂ ਉਹ ਇਸ ਸਬੰਧੀ ਮਾਨਯੋਗ ਹਾਈਕੋਰਟ ਵਿੱਚ ਕੇਸ ਫਾਇਲ ਕਰਨਗੇ।

Share Button

Leave a Reply

Your email address will not be published. Required fields are marked *

%d bloggers like this: