ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 4th, 2020

ਗਾਇਕੀ ਅਤੇ ਗੀਤਕਾਰੀ ਤੇ ਲੰਮੇਰੇ ਸੰਘਰਸ਼ ਦਾ ਨਾਮ ਹੈ-ਜਨਾਬ ਹਾਕਮ ਬਖਤੜੀਵਾਲਾ

ਗਾਇਕੀ ਅਤੇ ਗੀਤਕਾਰੀ ਤੇ ਲੰਮੇਰੇ ਸੰਘਰਸ਼ ਦਾ ਨਾਮ ਹੈ-ਜਨਾਬ ਹਾਕਮ ਬਖਤੜੀਵਾਲਾ

ਹਾਕਮ ਬਖਤੜੀਵਾਲਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ।ਉਹ ਗਾਇਕੀ ਅਤੇ ਗੀਤਕਾਰੀ ਦਾ ਮੁਜੱਸਮਾ, ਹਰ ਇੱਕ ਲਈ ਦਿਲੋਂ ਪਿਆਰ, ਦਿਲੀ ਖਿੱਚ ਵਾਲਾ ਵਰਤਾਓ,ਨਿਮਾਣਾਪਣ, ਦੋਗਾਣਾ ਗਾਇਕੀ ਦਾ ਬਾਬਾ ਬੋਹੜ੍ਹ, ਰੂਹਾਨੀਅਤ ਦਾ ਪੁਤਲਾ,ਗੀਤਕਾਰਾਂ ਅਤੇ ਗਾਇਕਾਂ ਸਤਿਕਾਰਤ ਨਾਮਹੈ।

ਜਿੰਨੀ ਸ਼ੋਹਰਤ ਅਤੇ ਸੱਭਿਆਚਾਰਕ ਪਿਆਰ ਉਸਤਾਦ ਹਾਕਮ ਬਖਤੜੀ ਦੇ ਹਿੱਸੇ ਆਇਆ ਹੈ,ਓਨਾਂ ਬਹੁਤ ਵਿਰਲੇ ਵਿਆਕਤੀਆਂ ਦੇ ਹਿੱਸੇ ਆਉਂਦਾ ਹੈ।ਜੇਕਰ ਉਹਨਾਂ ਨੂੰ ਸਾਹਿਤਕ ਅਤੇ ਸੱਭਿਆਚਾਰਕ ਕਲਾਵਾਂ ਦਾ ਗੁਲਦਸਤਾ ਕਹਿ ਲਈਏ ਤਾਂ ਸ਼ਾਇਦ ਕੋਈ ਅਤਿਕਥਨੀ ਨਹੀਂ ਹੋਵੇਗੀ।

ਮਾਲਵੇ ਦੇ ਜਿਲ੍ਹਾ ਸੰਗਰੂਰ ਦੀ ਸਬ ਤਹਿਸੀਲ ਭਵਾਨੀਗੜ੍ਹ(ਪੁਰਾਣਾ ਨਾਮ ਢੋਡੇ) ਦੀ ਉੱਤਰੀ ਬੱਖੀ ਚ ਕਕਰੀਲੇ ਟਿੱਬਿਆਂ ਚ ਵਸੇ ਪਿੰਡ ਬਖਤੜੀ ਵਿੱਚ ਹਾਕਮ ਸਿੰਘ ਨੇ ਮਾਤਾ ਸ੍ਰੀਮਤੀ ਲੀਲਾਵਤੀ ਦੀ ਸੁਲੱਖਣੀ ਕੁੱਖੋਂ 5 ਜਨਵਰੀ 1961 ਚ ਪਿਤਾ ਸ੍ਰ.ਟਿੱਕਾ ਸਿੰਘ ਦੇ ਵਿਹੜੇ ਸੁਰ ਅਤੇ ਲੈਅ ਚ ਪਹਿਲੀ ਕਿਲਕਾਰੀ ਨਾਲ ਘਰ ਦੀਆਂ ਖੁਸ਼ੀਆਂ ਨੂੰ ਚੌਗੁਣਾ ਕੀਤਾ।ਰੇਤਲੇ ਟਿੱਬਿਆਂ ਤੋਂ ਮਲ੍ਹਿਆਂ ਦੇ ਬੇਰ ਖਾਂਦਿਆਂ ਅਤੇ ਪੜ੍ਹਾਈ ਕਰਦਿਆਂ ਗੀਤਕਾਰੀ ਦੀ ਚੇਟਕ ਲਾ ਬੈਠਾ।ਆਪਣੀ ਜਿੰਦਗੀ ਦੀਆਂ 57 ਕੁ ਪੜਝੜਾਂ ਅਤੇ ਹੁਸੀਨ ਬਹਾਰਾਂ ਦਾ ਆਨੰਦ ਮਾਣ ਚੁੱਕੇ ਉਸਤਾਦ ਹਾਕਮ ਬਖਤੜੀ ਦ੍ਰਿੜ ਇਰਾਦੇ ਨਾਲ ਹੌਸਲੇ ਬੁਲੰਦ ਰੱਖ ਕੇ ਮਿਹਨਤ ਦੀ ਸਖਤ ਘਾਲਣਾ ਨਾਲ ਗੀਤਕਾਰੀ ਅਤੇ ਗਾਇਕੀ ਦੇ ਇਸ ਤਿਲਕਣੇ ਪਿੜ ਚ ਸਾਬਤ ਕਦਮੀਂ ਖਲੋਣ ਅਤੇ ਮਾਨਾਮੱਤੀ ਸ਼ੋਹਰਤ ਇਕੱਠੀ ਕਰ ਸਕਣ ਦੇ ਯੋਗ ਹੋਏ ਹਨ।

ਉਹਨਾਂ ਇੱਕ ਸੰਖੇਪ ਮੁਲਾਕਾਤ ਦੌਰਾਨ ਦੱਸਿਆ ਕਿ ਸਕੂਲ ਪੜਦਿਆ 13 ਸਾਲ ਦੀ ਉਮਰ ਚ ਉਹਨਾਂ ਦਾ ਪਹਿਲਾ ਗੀਤ “ਰੰਗਪੁਰ ਰੰਗ ਲਾਉਣ ਵਾਲੀ ਏ” ਗਾਇਕਾ ਪਰਮਿੰਦਰ ਸੰਧੂ ਦੀ ਆਵਾਜ਼ ਰਿਕਾਰਡ ਹੋਇਆ ਸੀ, ਜਿਸਦੀ ਦੇਸ਼ ਵਿਦੇਸ਼ ਪ੍ਰਸਿੱਧੀ ਨੇ ਉਸਨੂੰ ਗੀਤਕਾਰੀ ਦੇ ਖੇਤਰ ਮਜਬੂਤ ਗੀਤਕਾਰ ਵਜੋਂ ਖੜ੍ਹਾ ਕਰ ਦਿੱਤਾ।ਗੀਤਕਾਰੀ ਦੀ ਬਾਰੀਕੀਆਂ ਨੂੰ ਜਾਨਣ ਅਤੇ “ਗੁਰੂ ਬਿਨਾਂ ਗਤ ਨਹੀਂ ” ਨੂੰ ਪ੍ਰਮਾਣਿਕਤਾ ਦੇਣ ਲਈ ਉਹਨਾਂ ਗੀਤਕਾਰ ਸਾਜਨ ਰਾਏਕੋਟੀ ਨੂੰ ਆਪਣਾ ਰਸਮੀ ਗਰੂ ਧਾਰਣ ਕੀਤਾ।ਬੱਸ ਫਿਰ ਕੀ ਸੀ ਕਿਸਮਤ ਦਿਆਂ ਪਰਾਂ ‘ਤੇ ਐਸੀ ਭਰਵੀਂ ਉਡਾਰੀ ਭਰੀ ਮੁੜ ਪਿੱਛੇ ਨਹੀਂ ਦੇਖਿਆ।ਗਾਇਕ ਸੁਰਿੰਦਰ ਛਿੰਦਾ ਦੇ ਲੋਕ ਤੱਥ “ਨਮਕ ਹਰਾਮੀ ਬੰਦਾ ਮਾੜਾ” ਅਤੇ ਕੁਲਦੀਪ ਕੌਰ ਨਾਲ ਦੋਗਾਣਾ “ਘੁੰਡ ਚੱਕ ਮਾਰਦੇ ਸਲੂਟ ਗੋਰੀਏ, ਚੱਲੇ ਭੌਰ ਪ੍ਰਦੇਸੀ” ਨਾਲ ਉਹਨਾਂ ਦੀ ਚੁਫੇਰੇ ਤੂਤੀ ਬੋਲਣ ਲੱਗ ਪਈ।ਉਹਨਾਂ ਦੇ ਲਿਖੇ ਗੀਤਾਂ ਨੂੰ ਗਾਕੇ ਗਾਇਕ ਮਾਣ ਮਹਿਸੂਸ ਕਰਨ ਲੱਗੇ।ਦੇਸ਼ ਵਿਦੇਸ਼ ਦੇ ਪੰਜਾਬੀ ਗਾਇਕਾਂ ਤੋਂ ਇਲਾਵਾ ਉਹਨਾਂ ਦੇ ਗੀਤਾਂ ਨੂੰ ਬਾਲੀਵੁੱਡ ਦੇ ਗਾਇਕਾਂ ਨੇ ਵੀ ਆਪਣੀ ਸੁਰੀਲੀ ਆਵਾਜ ਚ ਗਾਇਆ ਹੈ।ਉਹਨਾਂ ਦੇ ਲਿਖੇ ਕੁਝ ਗੀਤ ਜੋ ਬਹੁਤ ਮਕਬੂਲ ਹੋਏ ਹਨ:-

*ਫੁਲਕਾਰੀ- ਸੁੱਖੀ ਬਰਾੜ
*ਤੇਰੀ ਰਹਿਜੇ ਸੇਜ ਸ਼ਿੰਗਾਰੀ-ਕੁਲਦੀਪ ਮਾਣਕ
*ਜੱਟ ਦਾ ਜਮੀਨ ਬਿਨਾਂ ਅਮਲੀ ਦਾ ਫੀਮ ਬਿਨਾਂ-ਕੁਲਦੀਪ ਪਾਰਸ
*ਬੜੇ ਘਰ ਪੱਟੇ ਜੀਭ ਦੇ ਸੁਆਦ ਨੇ- ਮੇਜਰ ਰਾਜਸਥਾਨੀ
*ਸਿੱਧੇ ਰਸਤੇ ਜਾਈਏ ਭਾਵੇਂ ਦੂਰ ਹੀ ਹੋਵੇ
ਕੰਜਰੀ ਨੂੰ ਨਾ ਵਿਆਹੀਏ ਭਾਵੇਂ ਹੂਰ ਹੀ ਹੋਵੇ- ਦਿਲਸ਼ਾਦ ਅਖਤਰ
*ਸੱਜਣ ਬਣਕੇ ਦਗਾ ਕਮਾਉਣਾ
ਸੋਂਹਦਾ ਨਹੀਂ ਦਿਲਦਾਰਾ ਨੂੰ-ਸੁੱਖਵਿੰਦਰ ਪੰਛੀ
*ਛੱਡਦੇ ਨਾ ਅੜੀ ਪੁੱਤ ਜੱਟਾਂ ਦੇ ਦਲੇਰ
ਬਾਣੀਏ ਨਾ ਕਦੇ ਵੀ ਵਿਆਜ ਛੱਡਦੇ
-ਜਗਮੋਹਨ ਕੌਰ
*ਰੱਬ ਦੀ ਸਹੁੰ ਰਹਿੰਦਾ ਆਦਮੀ ਚ ਕੱਖ ਨਾ-ਜਸਵਿੰਦਰ ਬਰਾੜ
*ਆਦਮੀ ਨੂੰ ਆਉਂਦੀ ਆਉਂਦੀ ਠੰਡ ਮਾਰਦੀ-ਸੁਚੇਤ ਬਾਲਾ
*ਤੇਰੇ ਰੂਪ ਦਾ ਕਸੂਰ ਕੋਈ ਕੱਢਦਾ ਈ ਨਹੀਂ-ਸਰਦੂਲ ਸਿਕੰਦਰ, ਅਮਰਨੂਰੀ
*ਮੇਰੇ ਕਾਕੇ ਦੀਏ ਮਾਸੀਏ-ਰੰਗੀਲਾ ਜੱਟ
*ਵੇਖੀਂ ਬੁੜੇ ਦੇ ਗੁਣ ਨੀ-ਕਰਤਾਰ ਰਮਲਾ
*ਤੇਰੀ ਝਾਂਜਰ ਦਾ ਛਣਕਾਰਾ ਨੀ-ਬਲਕਾਰ ਸਿੱਧੂ
*ਜਿੰਨੇ ਸੀ ਮਾਸੂਮ ਓਨੀ ਡੂੰਘੀ ਸੱਟ ਮਾਰਗੀ-ਧਰਮਪ੍ਰੀਤ

ਇਹਨਾਂ ਤੋਂ ਇਲਾਵਾ ਤੋਂ ਹੋਰ ਵੀ ਗਾਇਕਾਂ ਨੇ ਉਹਨਾਂ ਦੇ ਗੀਤ ਗਾਏ ਹਨ।ਉਹਨਾਂ ਦੇ ਗੀਤਾਂ ਚੋਂ ਪੰਜਾਬੀਅਤ,ਸੱਭਿਆਚਾਰ, ਸਮਾਜਿਕ ਕਦਰਾਂ ਕੀਮਤਾਂ,ਪਰਿਵਾਰਕ ਰਿਸ਼ਤਿਆਂ ਦਾ ਮੋਹ,ਸਿਆਣਿਆਂ ਦਾ ਕਿਹਾ ਕੌੜਾ ਸੱਚ, ਪਿਆਰ, ਵਿਛੋੜਾ ਆਦਿ ਦੀ ਝਲਕ ਪੈਂਦੀ ਹੈ।

ਦੱਸਣਯੋਗ ਹੈ ਕਿ ਉਸਤਾਦ ਹਾਕਮ ਬਖਤੜੀ ਤੂੰਬੀ ਦੇ ਮਾਹਰ ਹਨ।ਪੁਰਾਣੇ ਰਿਕਾਰਡ ਐਲ ਪੀ ਗੀਤਾਂ ਚ ਤੂੰਬੀ ਉਹਨਾਂ ਨੇ ਵਜਾਈ ਹੈ।

ਉਹਨਾਂ ਨੇ ਦਲਜੀਤ ਕੌਰ ਨਾਲ ਜੀਵਨ ਸਾਥ ਦੀਆਂ ਚਾਰ ਲਾਵਾਂ ਲੈਕੇ ਅਤੇ ਜਸਵੰਤ ਭੰਵਰਾ ਜੀ ਤੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕਰਕੇ ਗਾਇਕੀ ਦੇ ਖੇਤਰ ਚ ਕਦਮ ਰੱਖਿਆ ਤਾਂ ਪਹਿਲੇ ਹੀ ਐਲ ਪੀ ਰਿਕਾਰਡ”ਗੱਡੀ ਓਪਰੀ ਚਲਾਉਣੀ ਛੱਡਤੀ ਨੀ ਜਦੋਂ ਦਾ ਟਰੱਕ ਲੈ ਲਿਆ” ਨੇ ਉਸਨੂੰ ਗਾਇਕੀ ਦੇ ਖੇਤਰ ਦੀਆਂ ਮੂਹਰਲੀਆਂ ਸਫਾਂ ਚ ਲਿਆ ਕੇ ਖੜ੍ਹਾ ਕਰ ਦਿੱਤਾ।ਬੱਸ ਫਿਰ ਉਹਨਾਂ ਪਿੱਛੇ ਮੁੜ ਕੇ ਨਹੀਂ ਦੇਖਿਆ।ਦੋ ਬੇਟੀਆਂ ਅਤੇ ਇੱਕ ਬੇਟੇ ਦੀ ਛਾਇਆ ਇਸ ਦੋਗਾਣਾ ਗਾਇਕ ਜੋੜੀ ਹਾਕਮ ਬਖਤੜੀ ਅਤੇ ਦਲਜੀਤ ਕੌਰ ਨੇ ਸੈਂਕੜੇ ਗੀਤ ਰਿਕਾਰਡ ਕਰਕੇ ਪੰਜਾਬੀ ਅਮੀਰ ਪੰਜਾਬੀ ਵਿਰਾਸਤ ਦਾ ਹਿੱਸਾ ਬਣਾਏ ਹਨ।

“ਅੱਖ ਭੁੱਲ ਕ ਲੜਾਈ ਵੇ ਵੇ ਡਰਾਇਵਰਾ”
“ਆਟੇ ਵਾਲੀ ਚੱਕੀ”
“ਠੇਕੇ ਤੋਂ ਲਿਆਉਣਾ ਪੈਂਦਾ ਚੱਕ ਕੇ”
“ਸਣੇ ਕਾਗਜ ਗੱਡੀ ਦੇ ਫੋਟੋ ਤੇਰੀ”

ਆਦਿ ਉਹਨਾਂ ਰਿਕਾਰਡ ਦੋਗਾਣੇ ਵਰਣਨਯੋਗ ਹਨ।

ਪੰਜਾਬੀ ਰਵਾਇਤੀ ਪਹਿਰਾਵੇ ਤੁਰਲੇ ਵਾਲੀ ਪੱਗ ਬੰਨ ,ਕੁੜਤਾ ਚਾਦਰਾ ਨਾਲ ਇਹ ਗਾਇਕ ਜੋੜੀ ਜਦੋਂ ਅਖਾੜੇ ਦੀ ਸਟੇਜ ਤੇ ਆਉਂਦੀ ਹੈ ਤਾਂ ਪੰਜਾਬ ਦੇ ਪੁਰਾਣੇ ਦਿਨ ਯਾਦ ਕਰਾ ਦਿੰਦੀ ਹੈ।

ਇਸ ਜੋੜੀ ਦੀਆਂ ਬੇਟੀਆਂ ਬਾਲੀਵੁੱਡ ਚ ਅਦਾਕਾਰ ਹਨ।ਉਹਨਾਂ ਦੀ ਖਾਸੀਅਤ ਇਹ ਹੈ ਕਿ ਉਹਨਾਂ ਕਦੇ ਆਪਣੇ ਗੀਤ ਦੇ ਪੈਸੇ ਨਹੀਂ ਲਏ ਅਤੇ ਨਾਂ ਹੀ ਕਿਸੇ ਗੀਤਕਾਰ ਤੋਂ ਗੀਤ ਗਾਉਣ ਦੇ ਪੈਸੇ ਲਏ ਹਨ।

ਉਹਨਾਂ ਪੰਜਾਬ ਤੋਂ ਬਾਹਰ ਪੂਰੇ ਭਾਰਤ ਅਤੇ ਕੇਨੇਡਾ ਚ ਚਾਰ ਫੇਰੀਆਂ ਦੌਰਾਨ ਆਪਣੀ ਗਾਇਕ ਕਲਾ ਦੇ ਜੌਹਰ ਦਿਖਾਏ ਹਨ।ਉਸਤਾਦ ਹਾਕਮ ਬਖਤੜੀ ਵਾਲਾ ਦੇ ਗੀਤਕਾਰ ਅਤੇ ਗਾਇਕ ਸ਼ਾਗਿਰਦਾਂ ਦੀ ਲਾਈਨ ਲੰਮੀ ਹੈ।

ਅੱਜਕਲ੍ਹ ਉਹ ਆਪਣੇ ਨਵੇਂ ਰਿਲੀਜ਼ ਦੋਗਾਣਾ ਗੀਤ “ਵਿੱਚ ਪ੍ਰਦੇਸਾਂ ਦੇ….” ਨਾਲ ਚਰਚਾ ਹਨ।ਇਸ ਗੀਤ ਨੂੰ ਕਾਕਾ ਮੰਡੀ ਵਾਲਾ ਨੇ ਲਿਖਿਆ ਹੈ ਅਤੇ ਇਸ ਨੂੰ ਸੰਗੀਤ ਦਵਿੰਦਰ ਕੈਂਥ ਨੇ ਦਿੱਤਾ ਹੈ। ਇਸ ਪਰਿਵਾਰਕ ਅਤੇ ਸੱਭਿਆਚਾਰਕ ਗੀਤ ਨੂੰ ਪ੍ਰੋਡਿਊਸਰ ਰਮਨ ਸਿਹਾੜ ਅਤੇ ਵਾਈਟ ਯਾਮੀਨ ਰਿਕਾਰਡਜ਼ ਨੇ ਮਾਣ ਨਾਲ ਰਿਲੀਜ਼ ਕੀਤਾ ਹੈ।ਇਸ ਗੀਤ ਨੂੰ ਅਖਾੜੇ ਚ ਫਿਲਮਾਇਆ ਗਿਆ ਹੈ।ਗਾਇਕੀ ਦੀ ਬਾਬਾ ਬੋਹੜ ਇਸ ਜੋੜੀ ਨੂੰ ਇਸ ਗੀਤ ਲਈ ਦੇਸ਼ ਵਿਦੇਸ਼ ਤੋਂ ਬਹੁਤ ਪਿਆਰ ਮਿਲ ਰਿਹਾ ਹੈ।

ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: