ਗਊਆਂ ਖਾਤਰ ਬੰਦਿਆਂ ਨੂੰ ਮਾਰ ਦੇਣਾ ਸਹੀ ਨਹੀਂ : ਮੋਦੀ

ss1

ਗਊਆਂ ਖਾਤਰ ਬੰਦਿਆਂ ਨੂੰ ਮਾਰ ਦੇਣਾ ਸਹੀ ਨਹੀਂ : ਮੋਦੀ

ਅਹਿਮਦਾਬਾਦ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਥਿਤ ਗਊ ਭਗਤਾਂ ਵੱਲੋਂ ਗਊਆਂ ਦੀ ਰਾਖੀ ਦੇ ਨਾਂਅ ਹੇਠ ਵੱਖ-ਵੱਖ ਥਾਵਾਂ ਤੇ ਆਮ ਲੋਕਾਂ ਦੀਆਂ ਹੱਤਿਆਵਾਂ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਕਥਿਤ ਗਊ ਰੱਖਿਆ ਦੇ ਨਾਂਅ ਹੇਠ ਕਿਸੇ ਇਨਸਾਨ ਨੂੰ ਮਾਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਮੋਦੀ ਨੇ ਕਿਹਾ ਕਿ ਜੋ ਲੋਕ ਗਊਆਂ ਖਾਤਰ ਮਨੁੱਖਾਂ ਨੂੰ ਮਾਰ ਰਹੇ ਹਨ, ਉਹ ਸੱਚੇ ਗਊ ਭਗਤ ਨਹੀਂ ਹਨ। ਪ੍ਰਧਾਨ ਮੰਤਰੀ ਮੋਦੀ ਵੱਲੋਂ ਗਊ ਰੱਖਿਆ ਦੇ ਨਾਂਅ ਹੇਠ ਹਿੰਸਾ ਉੱਪਰ ਉਤਰੇ ਲੋਕਾਂ ਵਿਰੁੱਧ 10 ਮਹੀਨਿਆਂ ਵਿੱਚ ਇਹ ਤੀਸਰਾ ਸਖਤ ਬਿਆਨ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰ ਉਨ੍ਹਾਂ ਨੇ ਗਊਆਂ ਖਾਤਰ ਬੰਦੇ ਮਾਰਨ ਵਾਲੇ ਲੋਕਾਂ ਨੂੰ ਸਖਤ ਤਾੜਨਾ ਕੀਤੀ ਸੀ ਕਿ ਇਸ ਤਰ੍ਹਾਂ ਕਰਨ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦਿੱਤੀਆਂ ਜਾਣਗੀਆਂ।
ਮੋਦੀ ਨੇ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਦੇ ਸ਼ਤਾਬਦੀ ਸਮਾਰੋਹ ਵਿੱਚ ਸ਼ਾਮਲ ਹੁੰਦਿਆਂ ਕੀਤੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਕਿਹੋ ਜਿਹੇ ਧਾਰਮਿਕ ਲੋਕ ਹਾਂ, ਜੋ ਇੱਕ ਪਾਸੇ ਮੁਹੱਲੇ ਦੇ ਕੁੱਤਿਆਂ ਨੂੰ ਰੋਟੀ ਪਾਉਂਦੇ ਹਾਂ, ਸਵੇਰੇ ਸਵੇਰੇ ਨਦੀਆਂ ਤਲਾਬਾਂ ਕਿਨਾਰੇ ਮਛਲੀਆਂ ਨੂੰ ਅਤੇ ਹੋਰ ਪੰਛੀਆਂ ਨੂੰ ਦਾਣੇ ਪਾਉਂਦੇ ਹਾਂ। ਦੂਸਰੇ ਪਾਸੇ ਸਾਡਾ ਇਹ ਸੁਭਾਅ ਹੈ ਕਿ ਹਸਪਤਾਲ ਵਿੱਚ ਕੋਈ ਤੜਫਦਾ ਮਰ ਜਾਵੇ, ਸਾਡੀ ਜਮੀਰ ਜਾਗਦੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਲਈ ਡਾਕਟਰ ਵੀ ਦੋਸ਼ੀ ਹਨ, ਅਤੇ ਅਸੀਂ ਆਮ ਲੋਕ ਵੀ ਦੋਸ਼ੀ ਹਾਂ। ਮੋਦੀ ਨੇ ਕਿਹਾ ਕਿ ਤਸਵੀਰ ਦਾ ਦੂਸਰਾ ਪੱਖ ਇਹ ਵੀ ਹੈ ਕਿ ਹਸਪਤਾਲ ਵਿੱਚ ਮਰੀਜ ਦੀ ਮੌਤ ਹੋ ਜਾਵੇ ਤਾਂ ਸਾਡੇ ਵਿੱਚੋਂ ਕੁੱਝ ਅਜਿਹੇ ਵੀ ਬਹਾਦਰ ਹੁੰਦੇ ਹਨ, ਜੋ ਹਸਪਤਾਲ ਅਤੇ ਡਾਕਟਰਾਂ ਉੱਤੇ ਲਾਪ੍ਰਵਾਹੀ ਦੇ ਦੋਸ਼ ਲਗਾ ਕੇ ਹਸਪਤਾਲਾਂ ਦੀ ਭੰਨ ਤੋੜ ਕਰਦੇ ਹਨ, ਅੱਗ ਲਗਾ ਦਿੰਦੇ ਹਨ ਅਤੇ ਡਾਕਟਰਾਂ ਦੀ ਮਾਰਕੁੱਟ ਵੀ ਕਰ ਦਿੰਦੇ ਹਨ।
ਮੋਦੀ ਨੇ ਕਿਹਾ ਕਿ ਇਹ ਸਾਡੀ ਕਿਹੋ ਜਿਹੀ ਇਨਸਾਨੀਅਤ ਹੈ? ਉਨ੍ਹਾਂ ਕਿਹਾ ਕਿ ਇਹੋ ਹਾਲਾਤ ਸੜਕਾਂ ਉੱਤੇ ਹੋਣ ਵਾਲੇ ਹਾਦਸਿਆਂ ਦੌਰਾਨ ਵੀ ਵਾਪਰਦੇ ਹਨ। ਅਸੀਂ ਲੋਕ ਹਾਦਸਿਆਂ ਦੌਰਾਨ ਤੜਫ ਰਹੇ ਲੋਕਾਂ ਦੀ ਮੱਦਦ ਕਰਨ ਦੀ ਥਾਂ ਸੈਲਫੀਆਂ ਲੈਣ ਵਿੱਚ ਲੱਗੇ ਰਹਿੰਦੇ ਹਾਂ, ਪਰ ਜਦੋਂ ਕੋਈ ਮਰ ਜਾਂਦਾ ਹੈ ਤਾਂ ਇੱਕ ਦੂਜੇ ਦੇ ਕਸੂਰ ਕੱਢਦੇ ਹੋਏ ਗੱਡੀਆਂ ਸਾੜ ਦਿੰਦੇ ਹਾਂ ਅਤੇ ਹੋਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਸੜਕਾਂ ਵੀ ਜਾਮ ਕਰਕੇ ਬੈਠ ਜਾਂਦੇ ਹਾਂ।
ਮੋਦੀ ਨੇ ਕਿਹਾ ਕਿ ਕਥਿਤ ਗਊ ਭਗਤ ਵੀ ਇਸੇ ਹੀ ਸ਼ਰੇਣੀ ਵਿੱਚ ਆਉਂਦੇ ਹਨ। ਉਹ ਚਿਹਰੇ ਤਾਂ ਸੇਵਕਾਂ ਵਾਲੇ ਲੈ ਕੇ ਘੁੰਮਦੇ ਹਨ, ਪਰ ਉਨ੍ਹਾਂ ਉੱਤੇ ਭਾਰੂ ਹਮੇਸ਼ਾਂ ਸ਼ੈਤਾਨ ਰਹਿੰਦਾ ਹੈ। ਮੋਦੀ ਨੇ ਕਿਹਾ ਕਿ ਕਿਸੇ ਵੀ ਮਾਮਲੇ ਵਿੱਚ ਕਾਨੂੰਨ ਆਪਣੇ ਹੱਥ ਵਿੱਚ ਲੈਣਾ ਅਤੇ ਹਿੰਸਾ ‘ਤੇ ਉਤਰਨਾ ਚੰਗੇ ਦੇਸ਼ ਵਾਸੀਆਂ ਦੀ ਨਿਸ਼ਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ 2022 ਵਿੱਚ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਰਹੇ ਹਨ। ਜਿਨ੍ਹਾਂ ਲੋਕਾਂ ਨੇ ਵੀ ਇਸ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ, ਉਨ੍ਹਾਂ ਦੇ ਇਸ ਆਜ਼ਾਦੀ ਪ੍ਰਤੀ ਅਨੇਕਾਂ ਸੁਪਨੇ ਸਨ ਜਿਨ੍ਹਾਂ ਨੂੰ ਅੱਖਾਂ ਵਿੱਚ ਲੈ ਕੇ ਉਹ ਫਾਂਸੀਆਂ ਦੇ ਤਖਤੇ ਉੱਤੇ ਚੜ੍ਹੇ, ਕਾਲੇ ਪਾਣੀਆਂ ਵਿੱਚ ਤੜਫ ਤੜਫ ਕੇ ਮਰੇ ਅਤੇ ਹੋਰ ਮੁਸੀਬਤਾਂ ਝੱਲੀਆਂ। ਮੋਦੀ ਨੇ ਕਿਹਾ ਕਿ ਜੇ ਅਸੀਂਂ ਸੱਚਮੁੱਚ ਹੀ ਦੇਸ਼ ਭਗਤ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਪੂਰੇ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਮੋਦੀ ਨੇ ਇਹ ਵੀ ਕਿਹਾ ਕਿ ਮੈਂ ਹਾਲ ਹੀ ਵਿੱਚ ਨੀਂਦਰਲੈਂਡ ਜਾ ਕੇ ਆਇਆ ਹਾਂ, ਉੱਥੇ ਸਭ ਤੋਂ ਵੱਧ ਸੜਕਾਂ ਦੇ ਨਾਂਅ ਮਹਾਤਮਾ ਗਾਂਧੀ ਦੇ ਨਾਂਅ ਉੱਪਰ ਹਨ। ਮੋਦੀ ਨੇ ਕਿਹਾ ਕਿ 2019 ਵਿੱਚ ਅਸੀਂ ਮਹਾਤਮਾ ਗਾਂਧੀ ਦੇ ਜਨਮ ਦਿਨ ਦੇ 150 ਸਾਲਾ ਸਮਾਗਮ ਮਨਾਵਾਂਗੇ ਤਾਂ ਇੱਥੇ ਵੀ ਅਨੇਕਾਂ ਸੜਕਾਂ ਦੇ ਨਾਂਅ ਮਹਾਤਮਾ ਗਾਂਧੀ ਦੇ ਨਾਮ ਉੱਤੇ ਰੱਖੇ ਜਾਣਗੇ।

Share Button

Leave a Reply

Your email address will not be published. Required fields are marked *