ਖੱਟਾ ਸਿੰਘ ਦੀ ਅਰਜ਼ੀ ਨੂੰ ਖਾਰਿਜ ਕੀਤਾ ਜਾਵੇ- ਰਾਮ ਰਹੀਮ

ਖੱਟਾ ਸਿੰਘ ਦੀ ਅਰਜ਼ੀ ਨੂੰ ਖਾਰਿਜ ਕੀਤਾ ਜਾਵੇ- ਰਾਮ ਰਹੀਮ

ਰਣਜੀਤ ਸਿੰਘ ਕਤਲ ਕੇਸ ‘ਚ ਗੁਰਮੀਤ ਰਾਮ ਰਹੀਮ ਨਾਲ ਡਰਾਈਵਰ ਰਹਿ ਚੁੱਕੇ ਖੱਟਾ ਸਿੰਘ ਦੇ ਮੁੜ ਬਿਆਨ ਦਰਜ ਕਰਵਾਉਣ ਦੀ ਮੰਗ ਵਾਲੀ ਅਰਜ਼ੀ ‘ਤੇ ਇਸ ਕਤਲ ਕੇਸ ‘ਚ ਦੋਸ਼ੀ ਗੁਰਮੀਤ ਰਾਮ ਰਹੀਮ ਵੱਲੋਂ ਕੁਝ ਦਸਤਾਵੇਜ਼ ਆਨ ਰਿਕਾਰਡ ਕੀਤੇ ਗਏ ਹਨ, ਜਿਸ ‘ਚ ਖੱਟਾ ਸਿੰਘ ਦੀ ਮੁੜ ਬਿਆਨ ਦਰਜ ਕਰਵਾਉਣ ਦੀ ਮੰਗ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਹਾਈ ਕੋਰਟ ਨੇ ਖੱਟਾ ਸਿੰਘ ਦੀ ਅਰਜ਼ੀ ‘ਤੇ ਬਹਿਸ ਲਈ 11 ਜਨਵਰੀ ਦੀ ਤਰੀਕ ਤੈਅ ਕੀਤੀ ਹੈ। ਗੁਰਮੀਤ ਰਾਮ ਰਹੀਮ ਵੱਲੋਂ ਪੇਸ਼ ਜਵਾਬ ‘ਚ ਕਿਹਾ ਗਿਆ ਹੈ ਕਿ ਅਰਜ਼ੀ ਮੇਨਟੇਨੇਬਲ ਨਹੀਂ ਹੈ। ਕਿਹਾ ਗਿਆ ਹੈ ਕਿ ਉਸ ਨੇ ਇਹ ਅਰਜ਼ੀ ਸੀ. ਬੀ. ਆਈ. ਦੇ ਪਬਲਿਕ ਪ੍ਰੋਸੀਕਿਊਟਰ ਨੂੰ ਨਹੀਂ ਦਿੱਤੀ, ਜੋ ਕਿ ਪ੍ਰੋਸੀਕਿਊਸ਼ਨ ਦੇ ਇੰਚਾਰਜ ਹਨ।

ਖੱਟਾ ਸਿੰਘ ਨੇ ਸੀ. ਆਰ. ਪੀ. ਸੀ. 164 ਤਹਿਤ ਦਿੱਤੇ ਬਿਆਨਾਂ ਤੋਂ ਪਹਿਲਾਂ ਦੇ ਕੁਝ ਦਸਤਾਵੇਜ਼ ਲੁਕੋਏ ਸਨ। ਉਸ ਨੇ ਆਪਣੇ 164 ਦੇ ਬਿਆਨਾਂ ਤੋਂ ਪਹਿਲਾਂ 26 ਅਪ੍ਰੈਲ, 2007 ਨੂੰ ਸੀ. ਬੀ. ਆਈ. ਕਰਮਚਾਰੀਆਂ ਦੀ ਸ਼ਿਕਾਇਤ ਐੱਸ. ਪੀ. ਸਿਰਸਾ ਨੂੰ ਕੀਤੀ ਸੀ, ਜਿਸ ਨੂੰ ਅੱਗੇ ਡੀ. ਐੱਸ. ਪੀ. ਨੂੰ ਮਾਰਕ ਕਰ ਦਿੱਤਾ ਗਿਆ ਸੀ। ਖੱਟਾ ਸਿੰਘ ਨੇ ਐਡੀਸ਼ਨਲ ਸੈਸ਼ਨ ਜੱਜ, ਅੰਬਾਲਾ ਦੀ ਕੋਰਟ ‘ਚ ਵੀ ਸ਼ਿਕਾਇਤ ਦਿੱਤੀ ਸੀ। ਉਸ ਦੀ ਅਰਜ਼ੀ ਅਦਾਲਤ ਨੇ ਰੱਦ ਕਰ ਦਿੱਤੀ ਸੀ, ਜਿਸ ਦੀ ਰੀਵਿਜ਼ਨ ਵੀ ਰੱਦ ਹੋ ਗਈ ਸੀ। ਇਹ ਦਸਤਾਵੇਜ਼ ਸਰਕਾਰੀ ਰਿਕਾਰਡ ‘ਚ ਹਨ।

ਇਨ੍ਹਾਂ ਦਸਤਾਵੇਜ਼ਾਂ ਨੂੰ ਆਧਾਰ ਬਣਾਉਂਦੇ ਹੋਏ ਖੱਟਾ ਸਿੰਘ ਦੀ 14 ਸਤੰਬਰ, 2017 ਦੀ ਅਰਜ਼ੀ ਨੂੰ ਪੂਰੀ ਤਰ੍ਹਾਂ ਝੂਠਾ ਤੇ ਮਨਘੜਤ ਦੱਸਿਆ ਗਿਆ ਹੈ। ਮੁੜ ਬਿਆਨ ਦਰਜ ਕਰਵਾਉਣ ਦੀ ਅਰਜ਼ੀ ਨੂੰ ਸਬੰਧਿਤ ਕੇਸ ‘ਚ ਟ੍ਰਾਇਲ ‘ਚ ਦੇਰੀ ਪਾਉਣ ਦਾ ਢੰਗ ਦੱਸਦੇ ਹੋਏ ਦੁਰਭਾਵਨਾ ਤੋਂ ਪ੍ਰੇਰਿਤ ਦੱਸਿਆ ਗਿਆ ਹੈ। ਨਾਲ ਹੀ ਕਿਹਾ ਗਿਆ ਹੈ ਕਿ ਗੁਰਮੀਤ ਰਾਮ ਰਹੀਮ ਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਖੱਟਾ ਸਿੰਘ ਨੂੰ ਕਦੇ ਨਹੀਂ ਧਮਕਾਇਆ ਗਿਆ। ਜ਼ਿਕਰਯੋਗ ਹੈ ਕਿ ਖੱਟਾ ਸਿੰਘ ਨੇ ਹਾਈ ਕੋਰਟ ‘ਚ ਦਾਇਰ ਅਰਜ਼ੀ ‘ਚ ਕਿਹਾ ਸੀ ਕਿ ਉਹ ਟ੍ਰਾਇਲ ਅਦਾਲਤ ‘ਚ ਦਿੱਤੇ ਬਿਆਨਾਂ ਤੋਂ ਇਸ ਲਈ ਮੁੱਕਰਿਆ ਸੀ, ਕਿਉਂਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਸਨ।

ਗੁਰਮੀਤ ਰਾਮ ਰਹੀਮ ਵੱਲੋਂ ਜਵਾਬ ‘ਚ ਕਿਹਾ ਗਿਆ ਹੈ ਕਿ ਖੱਟਾ ਸਿੰਘ ਦੇ ਬਿਆਨ ਦਰਜ ਹੋਏ 5 ਸਾਲ ਦੇ ਲੱਗਭਗ ਹੋ ਚੁੱਕੇ ਹਨ। ਖੱਟਾ ਸਿੰਘ ਦੀ ਅਰਜ਼ੀ ਨੂੰ ਕਾਨੂੰਨ ਦੀ ਦੁਰਵਰਤੋਂ ਦੱਸਿਆ ਗਿਆ ਹੈ। ਕਿਹਾ ਗਿਆ ਹੈ ਕਿ ਕੇਸ ਪਹਿਲਾਂ ਹੀ 15 ਸਾਲ ਤੋਂ ਜ਼ਿਆਦਾ ਸਮੇਂ ਤੋਂ ਪੈਂਡਿੰਗ ਹੈ। ਇਸ ਲਈ ਖੱਟਾ ਸਿੰਘ ਦੀ ਅਰਜ਼ੀ ਖਾਰਿਜ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟ੍ਰਾਇਲ ਕੋਰਟ ਖੱਟਾ ਸਿੰਘ ਦੀ ਮੁੜ ਬਿਆਨ ਦਰਜ ਕਰਵਾਉਣ ਦੀ ਅਰਜ਼ੀ ਨੂੰ ਖਾਰਿਜ ਕਰ ਚੁੱਕੀ ਹੈ।

Share Button

Leave a Reply

Your email address will not be published. Required fields are marked *

%d bloggers like this: