ਖੋਖਲਾ ਨਾ ਰਹਿ ਜਾਏ “ਬੇਟੀ ਬਚਾਓ ਬੇਟੀ ਪੜਾਓ” ਦਾ ਨਾਅਰਾ

ss1

ਖੋਖਲਾ ਨਾ ਰਹਿ ਜਾਏ “ਬੇਟੀ ਬਚਾਓ ਬੇਟੀ ਪੜਾਓ” ਦਾ ਨਾਅਰਾ

ਭਾਰਤ ਦੇਸ਼ ਧਰਮ ਵਿੱਚ ਅਟੁੱਟ ਆਸਥਾ ਰੱਖਣ ਵਾਲਿਆਂ ਦਾ ਦੇਸ਼ ਹੈ। ਹਰ ਨਾਗਰਿਕ ਆਪਣੀ ਆਸਥਾ ਅਲੱਗ ਅਲੱਗ ਧਰਮਾਂ ਵਿੱਚ ਰੱਖਦੇ ਹੋਏ, ਧਾਰਮਿਕ ਗ੍ਰੰਥਾਂ ਵਿੱਚ ਲਿੱਖੀ ਹਰ ਗੱਲ ਨੂੰ ਸ਼ਬਦ ਦਰ ਸ਼ਬਦ ਸੱਚ ਅਤੇ ਪਵਿੱਤਰ ਮੰਨਦਾ ਹੈ। ਹਰ ਧਾਰਮਿਕ ਗ੍ਰੰਥ ਵਿੱਚ ਔਰਤ ਨੂੰ ਬੜਾ ਉੱਚਾ ਅਤੇ ਸਨਮਾਨਜਨਕ ਸਥਾਨ ਦਿੱਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਔਰਤ ਨੂੰ ਇਜ਼ੱਤ ਦਿਤੀ ਜਾਂਦੀ ਹੈ, ਉਸ ਘਰ ਵਿੱਚ ਦੇਵਤਿਆਂ ਦਾ ਵਾਸ ਹੁੰਦਾ ਹੈ। ਕੋਈ ਵੀ ਧਾਰਮਿਕ ਇਨਸਾਨ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਔਰਤ ਹੀ ਸੰਸਾਰ ਦੀ ਜਨਨੀ ਹੈ ਅਤੇ ਕਿਸੇ ਘਰ, ਸਮਾਜ ਅਤੇ ਦੁਨੀਆਂ ਦੀ ਔਰਤ ਤੋਂ ਬਗੈਰ ਕਲਪਨਾ ਕਰਨੀ ਵੀ ਮੁਸ਼ਕਿਲ ਹੈ। ਹਿੰਦੂ ਧਰਮ ਵਿੱਚ ਤਾਂ ਔਰਤ ਨੂੰ ਦੇਵੀ ਤੁੱਲ ਮੰਨਦੇ ਹੋਏ ਸ਼ਕਤੀ ਦਾ ਸਵਰੂਪ ਮੰਨਦੇ ਹਨ। ਭਾਰਤ ਦੇ ਸੁਨਿਹਰੇ ਗੌਰਵਸ਼ਾਲੀ ਇਤਿਹਾਸ ਵਿੱਚ ਦਰਜ਼ ਝਾਂਸੀ ਦੀ ਰਾਣੀ, ਰਜ਼ੀਆ ਸੁਲਤਾਨ, ਰਾਣੀ ਦੁਰਗਾਵਤੀ, ਰਾਣੀ ਕਰਨਾਵਤੀ, ਰਾਜਕੁਮਾਰੀ ਰਤਨਾਵਤੀ ਨੇ ਆਪਣੇ ਜੀਂਦੇ ਜੀ ਕਦੇ ਆਪਣੇ ਸਵਾਭਿਮਾਨ ਨਾਲ ਕਦੇ ਸਮਝੌਤਾ ਨਹੀਂ ਕੀਤਾ ਅਤੇ ਮਰਦੇ ਦਮ ਤੱਕ ਦੁਸ਼ਮਣਾਂ ਦੇ ਦੰਦ ਖੱਟੇ ਕਰਦੇ ਰਹੀਆਂ। ਰਾਣੀ ਪਦਮਾਵਤੀ ਨੇਂ ਤਾਂ ਆਪਣੇ ਸਤੀਤਵ ਦੀ ਰੱਖਿਆ ਲਈ ਜੌਹਰ ਕਰਦੇ ਹੋਏ ਅੱਗ ਦੇ ਸਮੰਦਰ ਵਿੱਚ ਛਾਲ ਮਾਰ ਦਿੱਤੀ। ਨਾਰੀ ਦੇ ਸਨਮਾਨ ਲਈ ਕਈ ਯੁੱਧ ਲੜੇ ਵੀ ਗਏ ਅਤੇ ਦੁਸ਼ਮਣਾਂ ਨੂੰ ਮਾਰ ਕੇ ਜਿੱਤੇ ਵੀ ਗਏ। ਬੜੇ ਦੁੱਖ ਦੀ ਗੱਲ ਹੈ ਕਿ ਅਜਿਹੇ ਗੌਰਵਸ਼ਾਲੀ ਇਤਿਹਾਸ ਦੇ ਮਾਲਕ ਇਸ ਦੇਸ਼ ਵਿੱਚ ਅੱਜ ਦੇ ਸਮੇਂ ਵਿੱਚ ਸਾਡੀ ਸੌੜੀ ਸੋਚ ਕਾਰਨ ਤਿੱਖੀ ਗਿਰਾਵਟ ਨਜ਼ਰ ਆ ਰਹੀ ਹੈ। ਸਾਡੀ ਨਾਸਮਝੀ ਅਤੇ ਘਟੀਆ ਸੋਚ ਕਾਰਨ ਦੇਸ਼ ਵਿੱਚ ਖਾਸ ਤੌਰ ਤੇ ਉੱਤਰੀ ਭਾਰਤ ਦੇ ਰਾਜਾਂ ਵਿੱਚ ਲਿੰਗ ਅਨੁਪਾਤ ਖਤਰੇ ਦੀ ਘੰਟੀ ਵਜਾਉਂਦਾ ਹੋਇਆ ਪਤਾਲ ਵਿੱਚ ਜਾ ਰਿਹਾ ਹੈ। ਇਵੇਂ ਲੱਗਦਾ ਹੈ ਜਿਵੇਂ ਭਰੂਣ ਹੱਤਿਆ ਕਰ ਕੇ ਅਸੀਂ ਜਿਸ ਟਹਿਣੀ ਤੇ ਬੈਠੇ ਹਾਂ ਉਸੇ ਤੇ ਹੀ ਕੁਹਾੜਾ ਚਲਾ ਰਹੇ ਹਾਂ। ਦੁਨੀਆਂ ਦੀ ਅੱਧੀ ਆਬਾਦੀ ਔਰਤਾਂ ਦੀ ਹੈ ਅਤੇ ਇਸ ਅੱਧੀ ਆਬਾਦੀ ਤੋਂ ਬਿਨਾਂ ਦੁਨੀਆਂ ਕੀ ਤਰੱਕੀ ਕਰ ਪਾਵੇਗੀ, ਇਸ ਦਾ ਜਵਾਬ ਤਾਂ ਕੋਈ ਮੰਦਬੁੱਧੀ ਵੀ ਦੇ ਸਕਦਾ ਹਾਂ, ਪਰ ਇਸ ਭਿਆਨਕ ਸਥਿਤਿ ਦੇ ਜਿਮੇਂਵਾਰ ਜਿਆਦਾ ਪੜ੍ਹੇ ਲਿਖੇ ਅਤੇ ਜਰੂਰਤ ਤੋਂ ਵੱਧ ਸਮਝਦਾਰ ਲੋਕ ਹੀ ਹਨ। ਜਿਸ ਤੇਜ਼ੀ ਨਾਲ ਲਿੰਗ ਅਨੁਪਾਤ ਵਿਗੜਦਾ ਜਾ ਰਿਹਾ ਹੈ, ਇਹ ਦੇਖ ਕੇ ਇੱਕ ਪ੍ਰਸ਼ਨ ਉੱਠਦਾ ਹੈ ਕਿ ਅਸੀਂ ਇੱਕ ਔਰਤ ਮੁਕਤ ਦੁਨੀਆਂ ਚਾਹੁੰਦੇ ਹਾਂ ? ਅਜਿਹੀ ਸੋਚ ਅਤੇ ਸਥਿਤਿ ਦੀ ਕਲਪਨਾ ਤੋਂ ਹੀ ਇਨਸਾਨੀਅਤ ਨੂੰ ਸ਼ਰਮਿੰਦਾ ਹੋ ਜਾਣਾ ਚਾਹੀਦਾ ਹੈ।
ਹੁਣ ਪ੍ਰਸ਼ਨ ਉੱਠਦਾ ਹੈ ਕਿ ਕਿਉਂ ਅਸੀਂ ਘਰ ਵਿੱਚ ਨੂੰਹ ਤਾਂ ਚਾਹੁੰਦੇ ਹਾਂ ਪਰ ਧੀ ਨਹੀਂ। ਇਸ ਦਾ ਸੱਭ ਤੋਂ ਵੱਡਾ ਕਾਰਨ ਧੀਆਂ ਦੀ ਸਮਾਜਿਕ ਸੁਰੱਖਿਆ ਨਜ਼ਰ ਆਉਂਦਾ ਹੈ। ਜਿਸ ਸਮਾਜਿਕ ਸਨਮਾਨ ਦੀ ਹੱਕਦਾਰ ਔਰਤ ਅਤੇ ਧੀਆਂ ਹਨ ਉਹ ਸਨਮਾਨ ਉਹਨਾਂ ਤੋਂ ਇਸ ਪੁਰਸ਼ ਪ੍ਰਧਾਨ ਸਮਾਜ ਨੇ ਖੋ ਲਿਆ ਹੈ। ਬੱਚਪਨ ਤੋਂ ਜਵਾਨੀ ਤੱਕ ਆਉਂਦੀਆਂ ਨੌਜਵਾਨਾਂ ਦਾ ਝੁਕਾਵ ਵਿਪਰੀਤ ਲਿੰਗ ਪ੍ਰਤਿ ਇਸ ਕਦਰ ਹੋ ਜਾਂਦਾ ਹੈ ਕਿ ਉਹ ਸਾਰੀਆਂ ਮਾਨ ਮਰਯਾਦਾਵਾਂ ਭੁੱਲ ਕੇ ਹਰ ਕੀਮਤ ਤੇ ਔਰਤ ਨੂੰ ਹਾਸਿਲ ਕਰਨਾ ਚਾਹੁੰਦਾ ਹੈ। ਔਰਤ ਦੇ ਜਿਹੜੇ ਅੰਗਾਂ ਨਾਲ ਉਸਦਾ ਜਨਮ ਅਤੇ ਪਾਲਣ ਪੋਸ਼ਣ ਹੋਇਆ ਸੀ, ਉਹਨਾਂ ਦੀ ਹੀ ਭੁੱਖ ਵਿੱਚ ਉਹ ਵਾਸਨਾ ਦਾ ਭੇੜਿਆ ਬਣ ਜਾਂਦਾ ਹੈ। ਸਮਾਜ ਵਿੱਚ ਕਿੰਨੇ ਅਜਿਹੇ ਮਾਪੇ ਹੋਣਗੇ ਜੋ ਛੇੜਖਾਨੀ ਦੀਆਂ ਘਟਨਾਵਾਂ ਵਿੱਚ ਆਪਣੇ ਬੇਟੇ ਦਾ ਕਸੂਰ ਸਵੀਕਾਰ ਕਰਨਗੇ ? ਹੱਦ ਤਾਂ ਉਦੋਂ ਹੈ ਜਦੋਂ ਸਾਡੇ ਸਮਾਜ ਦੇ ਤਾਰਨਹਾਰ ਸਾਡੇ ਰਾਜਨੇਤਾ “ਲੜਕੋਂ ਸੇ ਗਲਤੀ ਹੋ ਜਾਤੀ ਹੈ” ਵਰਗੀ ਆਪਣੀ ਘਟੀਆ ਸੋਚ ਨੂੰ ਲੋਕਾਂ ਵਿੱਚ ਪ੍ਰਚਾਰਿਤ ਕਰਦੇ ਹਨ। ਅਜਿਹੀ ਛੋਟੀ ਛੋਟੀ ਛੇੜਖਾਨੀ ਦੀਆਂ ਘਟਨਾਵਾਂ ਅੱਗੇ ਜਾ ਕੇ ਕੁੜੀਆਂ ਦੇ ਅਪਮਾਨ, ਯੋਨ ਸ਼ੋਸ਼ਣ ਅਤੇ ਬਲਾਤਕਾਰ ਤੋਂ ਵਧਦੇ ਹੋਏ ਉਹਨਾਂ ਨੂੰ ਤੇਜ਼ਾਬ ਨਾਲ ਜਲਾ ਕੇ ਜਾਨੋਂ ਮਾਰਨ ਤੱਕ ਜਾ ਪਹੁੰਚਦਿਆਂ ਹਨ। ਅਜਿਹੀ ਘਟਨਾਵਾਂ ਲਈ ਕੁੜੀਆਂ ਦੇ ਛੋਟੇ ਕੱਪੜਿਆਂ ਨੂੰ ਜਿੰਮੇਵਾਰ ਮੰਨਦੇ ਬੁੱਧੀਜੀਵੀ ਇਹ ਭੁੱਲ ਜਾਂਦੇ ਹਨ ਕਿ ਅਜਿਹੇ ਮਨੁੱਖਤਾ ਦੇ ਦੁਸ਼ਮਣਾਂ ਨੇ ਤਾਂ ਡਾਈਪਰ ਪਹਿਨੇ ਕੁੱਛ ਮਹੀਨੇ ਦੀਆਂ ਮਸੂਮ ਬੱਚੀਆਂ ਨੂੰ ਵੀ ਨੋਚ ਲਿਆ ਹੈ। ਅਜਿਹੇ ਮਾਮਲਿਆਂ ਲਈ ਕੁੜੀਆਂ ਨੂੰ ਹੀ ਜਿੰਮੇਵਾਰ ਠਹਿਰਾ ਕੇ, ਹਲ਼ਕੇ ਵਿੱਚ ਲੈਂਦੇ ਅਤੇ ਪਰੋਖ਼ ਸਮਰਥਨ ਕਰਦੇ ਦਿੱਖਦੇ ਕਥਿੱਤ ਬੁੱਧੀਜੀਵੀਆਂ ਕਾਰਨ ਪੂਰੀ ਮਾਨਵ ਜਾਤ ਦਾ ਸਿਰ ਸ਼ਰਮ ਨਾਲ ਝੁੱਕਦਾ ਹੈ।
ਧੀਆਂ ਦੇ ਜਨਮ ਤੋੰ ਘਬਰਾਂਦੇ ਮਾਪਿਆਂ ਦੇ ਇੱਕ ਸੋਚ ਇਹ ਵੀ ਹੈ ਕਿ ਧੀਆਂ ਦੇ ਵਿਆਹ ਲਈ ਦਹੇਜ਼ ਵੀ ਇੱਕਠਾ ਕਰਨਾ ਪਵੇਗਾ। ਪਰ ਸੋਚੋ ਕਿ ਅਸੀਂ ਪੁੱਤਾਂ ਦੇ ਵਿਆਹ ਤੇ ਝੂਠੀ ਸ਼ਾਨੋ ਸ਼ੌਕਤ ਵਧਾਉਣ ਲਈ ਪੈਸਾ ਪਾਣੀ ਦੀ ਤਰ੍ਹਾਂ ਨਹੀਂ ਵਹਾਉਂਦੇ ? ਅਸਲ ਵਿੱਚ ਪੁੱਤ ਹੋਵੇ ਜਾਂ ਧੀ ਮਾਪਿਆਂ ਤੇ ਦੋਵਾਂ ਦੀ ਸਹੀ ਪਰਵਰਿਸ਼ ਅਤੇ ਉਹਨਾਂ ਦਾ ਕਰੀਅਰ ਬਣਾਉਣ ਦੀ ਬਰਾਬਰ ਜਿੰਮੇਵਾਰੀ ਰਹਿੰਦੀ ਹੈ। ਸਾਨੂੰ ਚਾਹੀਦਾ ਹੈ ਕਿ ਧੀਆਂ ਨੂੰ ਦਹੇਜ਼ ਦਾ ਗਹਿਣਾ ਦੇਣ ਦੀ ਬਜਾਏ ਵਿੱਦਿਆ ਦਾ ਗਹਿਣਾ ਭੇਂਟ ਕਰੀਏ ਤਾਂ ਜੋ ਦੋਵੇਂ ਪਰਿਵਾਰ ਦਹੇਜ਼ ਦੀ ਕੁਰੀਤੀ ਤੋਂ ਮੁਕਤੀ ਪਾ ਲੈਣ। ਇੱਕ ਹੋਰ ਰੂੜੀਵਾਦੀ ਸੋਚ ਹੈ ਕਿ ਪੁੱਤਾਂ ਨਾਲ ਹੀ ਵੰਸ਼ ਅੱਗੇ ਚੱਲਦਾ ਹੈ ਅਤੇ ਪੁੱਤ ਬੁਢਾਪੇ ਦੀ ਲਾਠੀ ਅਤੇ ਸਹਾਰਾ ਹੁੰਦਾ ਹੈ। ਅੱਜਕਲ ਨੌਜਵਾਨਾਂ ਵਿੱਚ ਜਿਸ ਤਰਾਂ ਪੜ੍ਹ ਲਿੱਖ ਕੇ ਵਿਦੇਸ਼ ਸੈਟਲ ਹੋਣ ਦਾ ਚਲਣ ਵਧਿਆ ਹੈ, ਸੋਚੋ ਕਿੰਨੇ ਨੌਜ਼ਵਾਨ ਬੁਢਾਪੇ ਵਿੱਚ ਮਾਪਿਆਂ ਦੀ ਸੇਵਾ ਲਏ ਮੌਜ਼ੂਦ ਰਹਿੰਦੇ ਹਨ। ਧੀਆਂ ਤਾਂ ਵਿਆਹ ਤੋਂ ਬਾਅਦ ਵੀ ਮਾਪਿਆਂ ਦਾ ਸੋਚ ਕੇ ਉਹਨਾਂ ਦੀ ਮੱਦਦ ਲਈ ਕਿਸੇ ਨਾਂ ਕਿਸੇ ਰੂਪ ਵਿੱਚ ਹਾਜ਼ਿਰ ਰਹਿੰਦੀਆਂ ਹਨ। ਕਿਹਾ ਜਾਂਦਾ ਹੈ ਕਿ ਪੁੱਤ ਮਾਪਿਆਂ ਦੀ ਜਾਇਦਾਦ ਅਤੇ ਧੀਆਂ ਉਹਨਾਂ ਦੇ ਦੁੱਖ ਵੰਡਦੀਆਂ ਹਨ। ਹੁਣ ਚਿੰਤਨ ਵਾਲੀ ਗੱਲ ਹੈ ਕਿ ਸਿਰਫ ਪੁੱਤਾਂ ਨਾਲ ਵੰਸ਼ ਅੱਗੇ ਵੱਧ ਸਕਦਾ ਹੈ ? ਕਿ ਵੰਸ਼ ਵਾਧਾ ਔਰਤ ਤੋਂ ਬਗੈਰ ਮੁਮਕਿਨ ਹੈ ? ਵੰਸ਼ ਵਾਧੇ ਵਿੱਚ ਪੁੱਤਾਂ ਦੇ ਨਾਲ ਨਾਲ ਨੂੰਹਾਂ ਦੀ ਵੀ ਬਰਾਬਰ ਭਾਗੀਦਾਰੀ ਹੁੰਦੀ ਹੈ ਜੋ ਪਹਿਲਾਂ ਕਿਸੇ ਦੀ ਧੀ ਹੁੰਦੀ ਹੈ। ਮਰਨ ਤੋਂ ਬਾਅਦ ਪੁੱਤ ਹੀ ਚਿਤਾ ਨੂੰ ਅਗਨੀ ਦੇਂਦਾ ਹੈਂ, ਪਰ ਰੋਜ਼ਾਨਾ ਹੀ ਅਖਬਾਰਾਂ ਵਿੱਚ ਮਾਪਿਆਂ ਦੀ ਅਰਥੀ ਨੂੰ ਮੋਢਾ ਅਤੇ ਚਿਤਾ ਨੂੰ ਅਗਨੀ ਦੇਂਦੀਆਂ ਧੀਆਂ ਬਾਰੇ ਅਸੀਂ ਪੜਦੇ ਹਾਂ।
ਧੀਆਂ ਨੂੰ ਸ਼ਰੀਰਿਕ ਤੋਰ ਤੇ ਕਮਜ਼ੋਰ ਸਮਝਣ ਦੀ ਮਾਨਸਿਕਤਾ ਨੂੰ ਸ਼ਾਇਦ ਅਸੀਂ ਕੁਸ਼ਤੀ ਵਿੱਚ ਫੋਗਾਟ ਭੈਣਾਂ, ਮੁੱਕੇਬਾਜ਼ੀ ਵਿੱਚ ਮੇਰੀਕੋਮ, ਦੌੜ ਵਿੱਚ ਪੀ ਟੀ ਊਸ਼ਾ, ਹਿਮਾ ਦਾਸ, ਟੇਨਿਸ ਵਿੱਚ ਸਾਨੀਆ ਮਿਰਜ਼ਾ, ਬੈਡਮਿੰਟਨ ਵਿੱਚ ਸਾਇਨਾ ਨੇਹਵਾਲ ਦੇ ਬਾਰੇ ਵਿੱਚ ਰੋਜ਼ਾਨਾ ਮੀਡਿਆ ਵਿੱਚ ਪੜ੍ਹ ਕੇ ਵੀ ਬਦਲਣ ਨੂੰ ਤਿਆਰ ਨਹੀਂ ਹਾਂ। ਸਰੋਜਨੀ ਨਾਇਡੂ, ਅਰੁੰਧਤੀ ਰਾਏ, ਕਿਰਨ ਬੇਦੀ, ਲਤਾ ਮੰਗੇਸ਼ਕਰ, ਮਦਰ ਟੇਰੇਸਾ, ਕਲਪਨਾ ਚਾਵਲਾ, ਕੁੰਜਰਾਨੀ ਦੇਵੀ, ਚੰਦਾ ਕੋਚਰ, ਸ਼ੋਭਾ ਡੇ ਅਤੇ ਇੰਦਰਾ ਗਾਂਧੀ ਜਿਸਨੇ ਆਪਣੀ ਅਗੁਵਾਈ ਵਿੱਚ ਭਾਰਤੀ ਫੌਜ਼ ਦੇ ਦਿਲੇਰੀ ਸਦਕਾ ਪਾਕਿਸਤਾਨ ਨੂੰ ਘੁੱਟਣੇਆਂ ਦੇ ਲਿਆ ਦਿੱਤਾ ਸੀ, ਅਜਿਹੀ ਦਿਲੇਰ ਔਰਤਾਂ ਦੀ ਸੂਚੀ ਤਾਂ ਬਹੁਤ ਲੰਬੀ ਹੈ ਪਰ ਸਾਡੀ ਨੀਵੀਂ ਸੋਚ ਅੱਗੇ ਬਹੁਤ ਛੋਟੀ। ਭਗਵਾਨ ਦੀ ਅਜਿਹੀ ਅਮੁੱਲ ਦੇਣ ਦੀ ਕਦਰ ਕਰਨ ਦੀ ਥਾਂ ਅਸੀਂ ਵਾਦ ਵਿਵਾਦ ਅਤੇ ਲੜਾਈ ਝਗੜੇ ਵਿੱਚ ਇੱਕ ਦੂਜੇ ਨੂੰ ਮਾਂ, ਭੈਣ ਅਤੇ ਧੀ ਦੀਆਂ ਗਾਲਾਂ ਕੱਢ ਕੇ ਬਹਾਦੁਰੀ ਦੀ ਮਿਸਾਲ ਪੇਸ਼ ਕਰਦੇ ਹਾਂ।
ਸਮਾਜ ਵਿੱਚ ਕਿੰਨੇ ਮਾਪੇ ਹੋਣਗੇ ਜੋ ਧੀਆਂ ਦੇ ਘਰ ਦੇਰ ਨਾਲ ਆਉਣ ਤੇ ਇੱਕ ਇੱਕ ਮਿੰਟ ਦਾ ਹਿਸਾਬ ਲੈਂਦੇ ਹਨ, ਪਰ ਪੁੱਤਾਂ ਦੇ ਦੇਰ ਰਾਤ ਤੱਕ ਬਾਹਰ ਰਹਿਣ ਤੇ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ। ਕਿਉਂ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿਤੇ ਉਹ ਬਾਹਰ ਕਿਸੇ ਦੀ ਧੀ ਭੈਣ ਦੇ ਮਾਨ ਸਨਮਾਨ ਅਤੇ ਸੁਰੱਖਿਆ ਨੂੰ ਠੇਸ ਤਾਂ ਨਹੀਂ ਪਹੁੰਚਾ ਰਹਿਆ ? ਧੀਆਂ ਨੂੰ ਹਰ ਤਰ੍ਹਾਂ ਨਾਲ ਅੰਗੂਠੇ ਹੇਠਾਂ ਰੱਖਣ ਦੀ ਖਵਾਇਸ਼ ਛੱਡ ਕੇ ਸਾਨੂੰ ਪੁੱਤਾਂ ਨੂੰ ਦੂਸਰਿਆਂ ਦੀਆਂ ਧੀਆਂ ਦੀ ਇੱਜ਼ਤ ਕਰਨਾ ਬੱਚਪਨ ਤੋਂ ਹੀ ਸਿਖਾਣਾ ਚਾਹਿਦਾ ਹੈ। ਪੁੱਤਾਂ ਦੀ ਸਹੀ ਪਰਵਰਿਸ਼ ਨਾਲ ਆਪਣੇ ਘਰ ਦੀ ਧੀਆਂ ਤਾਂ ਸੁਰੱਖਿਅਤ ਹੋ ਹੀ ਜਾਏਗੀ ਅਤੇ ਭਵਿੱਖ ਵਿੱਚ ਲੋਕਾਂ ਦੇ ਹਜ਼ੂਮ ਨੂੰ ਜੰਤਰ ਮੰਤਰ ਤੇ ਕਿਸੇ ਨਿਰਭਯਾ ਨੂੰ ਇਨਸਾਫ ਦਵਾਉਣ ਲਏ ਸੰਗ੍ਰਸ਼ ਨਹੀਂ ਕਰਨਾ ਪਵੇਗਾ।
ਸਾਡਾ ਸਮਾਜ ਧੀਆਂ ਦੀ ਸੁਰੱਖਿਆ ਲਈ ਕਿੰਨਾ ਗੰਭੀਰ ਹੈ ਇਸਦਾ ਪਤਾ ਰੋਜ਼ਾਨਾ ਅਖ਼ਬਾਰ ਵਿੱਚ ਛੱਪਦੀਆਂ ਦੁਸ਼ਕਰਮ ਦੀਆਂ ਘਟਨਾਵਾਂ ਅਤੇ ਬਲਾਤਕਾਰ ਦੇ ਅਦਾਲਤਾਂ ਵਿੱਚ ਚੱਲਦੇ ਅੰਤਹੀਨ ਮੁਕ਼ਦਮਿਆਂ ਤੋਂ ਪਤਾ ਚਲਦਾ ਹੈ। ਸਮਾਜ ਦੇ ਸਹਿਜੋਗ ਤੋਂ ਬਿਨਾਂ ਸਾਰੀ ਸਰਕਾਰੀ ਯੋਜਨਾਵਾਂ ਜ਼ੁਬਾਨੀ ਜਮਾ ਖਰਚ ਕਰਦੀਆਂ ਕਾਗਜ਼ਾਂ ਵਿੱਚ ਸਿਮਟ ਜਾਂਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਕੇਬਲ ਟੀ ਵੀ ਦਵਾਰਾ ਘਰ ਘਰ ਪ੍ਰਸਾਰਿਤ ਹੁੰਦੀਆਂ ਅਸ਼ਲੀਲ ਫ਼ਿਲਮਾਂ, ਸੀਰੀਅਲ ਅਤੇ ਵਿਗਿਆਪਨਾਂ ਨੂੰ ਬੈਨ ਕਰੇ ਜੋ ਬੱਚਿਆਂ ਦੇ ਕੋਮਲ ਮਨਾਂ ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਸਰਕਾਰ ਦਵਾਰਾ 2012 ਵਿੱਚ ਪਾਕਸੋ ਐਕਟ ਬਣਾਇਆ ਗਿਆ ਜੋ ਕਿ ਸਖਤੀ ਨਾਲ ਉਹਨਾਂ ਅਪਰਾਧੀਆਂ ਨਾਲ ਨਜਿੱਠਦਾ ਹੈ ਜੋ ਨਾਬਾਲਿਗ ਬੱਚਿਆਂ ਨਾਲ ਕੁਕਰਮ, ਯੋਨ ਅਪਰਾਧ ਅਤੇ ਛੇੜਖਾਨੀ ਦੀਆਂ ਘਟਨਾਵਾਂ ਵਿੱਚ ਲਿਪਤ ਹੁੰਦੇ ਹਨ। ਪਰ ਇਸ ਨਵੇਂ ਕਾਨੂੰਨ ਦੇ ਬਾਵਜੂਦ ਅਜਿਹੇ ਅਪਰਾਧਾਂ ਵਿੱਚ ਕਿੰਨੀ ਕਮੀ ਆਈ ਹੈ, ਸਭ ਦੇ ਸਾਹਮਣੇ ਹੈ। ਜਦੋਂ ਰਾਵਣ ਨੂੰ ਭਗਵਾਨ ਰਾਮ ਦਾ ਸਿਰਫ਼ ਭੇਸ਼ ਧਾਰਨ ਕਰਦਿਆਂ ਹੀ ਹਰ ਔਰਤ ਵਿੱਚ ਮਾਂ ਨਜ਼ਰ ਆਉਂਦੀ ਸੀ, ਤਾਂ ਸਾਨੂੰ ਵੀ ਚਾਹੀਦਾ ਹੈ ਅਸੀਂ ਆਪਣੇ ਅੰਦਰ ਬੁਰਾਈਆਂ ਦੇ ਰਾਵਣ ਨੂੰ ਮਾਰ ਕੇ ਭਗਵਾਨ ਰਾਮ ਦੀਆਂ ਸਿੱਖਿਆਵਾਂ ਆਪਣਾ ਕੇ ਇੱਕ ਸੁਰੱਖਿਅਤ ਸਮਾਜ ਦੀ ਸਥਾਪਨਾ ਦੇ ਹਵਣ ਵਿੱਚ ਆਪਣੇ ਯਤਨਾਂ ਦੀ ਆਹੂਤੀ ਦੇਈਏ। ਸਾਨੂੰ ਚਾਹੀਦਾ ਹੈ ਕਿ ਪੁੱਤ ਅਤੇ ਧੀਆਂ ਦੋਹਾਂ ਨੂੰ ਹੀ ਬੱਚਪਨ ਤੋਂ ਹੀ ਸਹੀ ਪਰਵਰਿਸ਼ ਦੇਂਦੇ ਹੋਏ ਸੁਰੱਖਿਅਤ ਸਮਾਜ ਸਥਾਪਨਾ ਦਾ ਸ਼ੁਭ ਆਰੰਭ ਆਪਣੇ ਘਰ ਤੋਂ ਹੀ ਕਰੀਏ। ਧੀਆਂ ਨੂੰ ਚੰਨ ਵਾਂਗ ਸੁੰਦਰ ਬਣਾਉਣ ਦੀ ਥਾਂ ਸੂਰਜ ਵਾਂਗ ਤੇਜ਼ਵਾਨ ਬਣਾਈਏ ਤਾਂ ਜੋ ਘਟੀਆ ਸੋਚ ਵਾਲਿਆਂ ਦੀਆਂ ਅੱਖਾਂ ਚੁੰਧਿਆ ਜਾਣ। ਬੇਟੀ ਬਚਾਓ ਬੇਟੀ ਪੜਾਓ ਦੇ ਨਾਅਰੇ ਵਿੱਚ ਬੇਟੇ ਨੂੰ ਸਹੀ ਰਾਹ ਦਿਖਾਓ ਵੀ ਸ਼ਾਮਿਲ ਕਰੀਏ। ਇਹ ਨਾਅਰਾ ਖੋਖਲਾ ਨਾ ਰਹਿ ਜਾਏ, ਇਸ ਲਈ ਆਪਣੀ ਰੂੜੀਵਾਦੀ ਸੋਚ ਬਦਲੀਏ ਅਤੇ ਧੀਆਂ ਨੂੰ ਆਪਣੇ ਪੰਖ ਫੈਲਾ ਕੇ ਅੰਤਰਿਕਸ਼ ਦੀਆਂ ਸੀਮਾਵਾਂ ਨਾਪ ਲੈਣ ਦਾ ਮੌਕਾ ਦੇਈਏ।

ਜੈ ਹਿੰਦ

ਲੇਫ਼ਟੀਨੇਂਟ ਕੁਲਦੀਪ ਸ਼ਰਮਾ

ਜਲੰਧਰ

8146546260

Share Button

Leave a Reply

Your email address will not be published. Required fields are marked *