Thu. Oct 17th, 2019

ਖਿਜਰਾਬਾਦ ਵਿਖੇ ਵਾਪਰੀ ਘਟਨਾ ਸਬੰਧੀ ਪਾਖੰਡੀ ਸਾਧ ਗਜਿੰਦਰ ਸਿੰਘ ਨੇ ਮੰਗੀ ਮੁਆਫੀ

ਖਿਜਰਾਬਾਦ ਵਿਖੇ ਵਾਪਰੀ ਘਟਨਾ ਸਬੰਧੀ ਪਾਖੰਡੀ ਸਾਧ ਗਜਿੰਦਰ ਸਿੰਘ ਨੇ ਮੰਗੀ ਮੁਆਫੀ
ਤਖ਼ਤ ਸ੍ਰੀ ਕੇਸਗੜ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਪੰਜ ਪਿਆਰੇ ਸਾਹਿਬਾਨ ਦੇ ਸਨਮੁੱਖ ਹੋਇਆ ਪੇਸ਼

ਸ੍ਰੀ ਅਨੰਦਪੁਰ ਸਾਹਿਬ 25 ਅਪ੍ਰੈਲ (ਦਵਿੰਦਰਪਾਲ ਸਿੰਘ): ਬਾਬਾ ਨਾਂਗਾ ਨਾਮਕ ਜਗਾ ਪਿੰਡ ਖਿਜਰਾਬਾਦ ਜਿਲਾ ਮੋਹਾਲੀ ਵਿਖੇ ਇੱਕ ਅਣਮੱਤੀ ਗ੍ਰੰਥ ਨੂੰ ਚੰਦੋਆ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਪ੍ਰਕਾਸ਼ ਕਰਕੇ ਅੰਮ੍ਰਿਤਧਾਰੀ ਸਿੰਘਾਂ ਪਾਸੋਂ ਉਸ ਉਪਰ ਚੋਰ ਕਰਵਾਉਣ ਵਾਲਾ ਪਾਖੰਡੀ ਸਾਧ ਗਜਿੰਦਰ ਸਿੰਘ ਅੱਜ ਤਖ਼ਤ ਸ੍ਰੀ ਕੇਸਗੜ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਪੰਜ ਪਿਆਰੇ ਸਾਹਿਬਾਨ ਦੇ ਸਨਮੁੱਖ ਪੇਸ਼ ਹੋਇਆ। ਇਹ ਪਾਖੰਡੀ ਸਾਧ ਬਾਬਾ ਨਾਂਗਾ ਨਾਮਕ ਜਗਾ ਪਿੰਡ ਖਿਜਰਾਬਾਦ ਜਿਲਾ ਮੋਹਾਲੀ ਵਿਖੇ ਇੱਕ ਅਣਮੱਤੀ ਗ੍ਰੰਥ ਨੂੰ ਚੰਦੋਆ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਪ੍ਰਕਾਸ਼ ਕਰਕੇ ਅੰਮ੍ਰਿਤਧਾਰੀ ਸਿੰਘਾਂ ਪਾਸੋਂ ਉਸ ਉਪਰ ਚੋਰ ਕਰਵਾਉਂਦਾ ਅਤੇ ਅੰਮ੍ਰਿਤਧਾਰੀ ਸਿੰਘਾਂ ਪਾਸੋਂ ਉਸ ਦਾ ਪਾਠ ਕਰਾਉਂਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਣ ਅਤੇ ਸਿੱਖ ਧਰਮ ਨੂੰ ਮੰਨਣ ਵਾਲੇ ਭੋਲ਼ੇ-ਭਾਲ਼ੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਦਾ-ਪੱਤਰ ਉਪਰ ”ੴ ਸਤਿਗੁਰ ਪ੍ਰਸਾਦਿ” ਲਿਖ ਕੇ ਖੰਡੇ ਦਾ ਨਿਸ਼ਾਨ ਬਣਾ ਕੇ ਆਖੰਡਪਾਠ ਦਾ ਨਾਮ ਦੇ ਕੇ ਪਾਠ ਕਰਵਾਉਣ ਅਤੇ ਗੁਰੂ ਘਰ ਦੇ ਕੀਤਰਨੀਆਂ ਨੂੰ ਬੁਲਾ ਕੇ ਉਨਾਂ ਪਾਸੋਂ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਵਾਉਂਦਾ। ਭੋਲ਼ੀ-ਭਾਲ਼ੀ ਸੰਗਤ ਨੂੰ ਗੁੰਮਰਾਹ ਕਰਕੇ ਅਣਮੱਤੀ ਗ੍ਰੰਥ ਨੂੰ ਮੱਥੇ ਟਿਕਾਉਂਦਾ। ਇਹ ਪਾਖੰਡੀ ਸਾਧ ਪਿਛਲੇ ਕਈ ਸਾਲਾਂ ਤੋਂ ਭੋਲ਼ੇ-ਭਾਲ਼ੇ ਲੋਕਾਂ ਨੂੰ ਗੁੰਮਰਾਹ ਕਰਦਾ ਆ ਰਿਹਾ ਸੀ ਜਿਸ ਨੂੰ ਕਿ ਮਿਤੀ 30-03-2006 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਐਸਾ ਕਰਨ ਤੋਂ ਸਖ਼ਤੀ ਨਾਲ ਵਰਜਿਤ ਕੀਤਾ ਗਿਆ ਸੀ ਪਰ ਫਿਰ ਵੀ ਇਹ ਐਸਾ ਕਰਨ ਤੋਂ ਬਾਜ ਨਹੀਂ ਆਇਆ। ਪਿਛਲੇ ਦਿਨੀ ਮਿਤੀ 29-03-2019 ਨੂੰ ਵਾਪਰੀ ਘਟਨਾ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਅਤੇ ਸੰਗਤਾਂ ਵੱਲੋਂ ਲਿਖਤੀ ਸ਼ਿਕਾਇਤਾਂ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਭੇਜੀਆਂ ਗਈਆਂ ਜਿਸ ਤੋਂ ਬਾਅਦ ਜਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ ਵੱਲੋਂ ਪੜਤਾਲ ਕਰਨ ਲਈ ਸਬ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੀ ਪੜਤਾਲੀਆ ਰਿਪੋਰਟ ਮੁਤਾਬਿਕ ਇਸ ਦੀਆਂ ਸਾਰੀਆਂ ਕਰਵਾਈਆਂ ਸਿੱਖ ਧਰਮ ਦੇ ਉਲਟ ਪਾਈਆਂ ਗਈਆਂ। ਅੱਜ ਇਸ ਨੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਦੇ ਸਨਮੁੱਖ ਹੋ ਕੇ ਲਿਖਤੀ ਰੂਪ ਵਿੱਚ ਮੰਨਿਆ ਕਿ ਮੇਰੇ ਕੋਲੋਂ ਪਿਛਲੇ ਸਮੇਂ ਜੋ ਗਲਤੀਆਂ ਹੋਈਆਂ, ਉਸ ਨਾਲ ਸਿੱਖ ਕੌਮ ਨੂੰ ਭਾਰੀ ਠੇਸ ਪੁੱਜੀ ਹੈ। ਮੈਂ ਪਿਛਲੀਆਂ ਹੋਈਆਂ ਗਲਤੀਆਂ ਦੀ ਅਧੀਨਗੀ ਨਾਲ ਮੁਆਫੀ ਮੰਗਦਾ ਹਾਂ ਅਤੇ ਯਕੀਨ ਦੁਆਉਂਦਾ ਹਾਂ ਕਿ ਅੱਗੇ ਤੋਂ ਮੈਂ ਅਜਿਹੀ ਕੋਈ ਗਲਤੀ ਨਹੀਂ ਕਰਾਂਗਾ ਜਿਸ ਨਾਲ ਸਿੱਖ ਕੌਮ ਨੂੰ ਠੇਸ ਪਹੁੰਚੇ ਅਤੇ ਸਿੱਖ ਮਰਿਯਾਦਾ ਦਾ ਉਲੰਘਣ ਹੋਵੇ। ਆਸ ਕਰਦਾ ਹਾਂ ਕਿ ਮੇਰੇ ਵੱਲੋਂ ਕੀਤੀਆਂ ਗਲਤੀਆਂ ਸਿੱਖ ਕੌਮ ਮੁਆਫ ਕਰ ਦੇਵੇਗੀ।ਇਸ ਮੌਕੇ ਪੰਜ ਪਿਆਰੇ ਸਾਹਿਬਾਨ ਭਾਈ ਕੁਲਵੰਤ ਸਿੰਘ, ਭਾਈ ਬਲਜੀਤ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਹਰਜੀਤ ਸਿੰਘ, ਭਾਈ ਕਰਮਜੀਤ ਸਿੰਘ ਅਤੇ ਗਿਆਨੀ ਫੂਲਾ ਸਿੰਘ ਹੈੱਡਗ੍ਰੰਥੀ ਤਖ਼ਤ ਸ੍ਰੀ ਕੇਸਗੜ ਸਾਹਿਬ, ਨਿੱਜੀ ਸਹਾਇਕ ਭਾਈ ਹਰਦੇਵ ਸਿੰਘ, ਭਾਈ ਗੁਰਵੇਲ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: