Tue. Apr 23rd, 2019

ਖਾਲਸਾਈ ਜਾਹੋ-ਜਲਾਲ ਨਾਲ ਹੋਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਸ਼ੁਰੂਆਤ

ਖਾਲਸਾਈ ਜਾਹੋ-ਜਲਾਲ ਨਾਲ ਹੋਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਸ਼ੁਰੂਆਤ
ਸਿੰਘ ਸਾਹਿਬ ਗਿ: ਰਘਬੀਰ ਸਿੰਘ ਨੇ ਹੋਲੇ ਮਹੱਲੇ ਦੀ ਆਰੰਭਤਾ ਦੀ ਕੀਤੀ ਅਰਦਾਸ
ਸ਼੍ਰੋਮਣੀ ਕਮੇਟੀ ਵਲੋਂ ਖਾਲਸਾਈ ਰਵਾਇਤਾਂ ਮੁਤਾਬਿਕ ਭਲਕੇ ਕੱਢਿਆ ਜਾਵੇਗਾ ਮਹੱਲਾ
ਪਹਿਲੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਹੋਈਆਂ ਨਤਮਸਤਕ, ਖਾਲਸਾਈ ਰੰਗ ਵਿਚ ਰੰਗੀ ਗੁਰੂ ਨਗਰੀ

ਸ਼੍ਰੀ ਅਨੰਦਪੁਰ ਸਾਹਿਬ, 19 ਮਾਰਚ (ਦਵਿੰਦਰਪਾਲ ਸਿੰਘ/ਅੰਕੁਸ਼): ਅੱਜ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਪਾਵਨ ਅਸਥਾਨ ਤੋਂ ਸਿਖ ਕੌਮ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਅਤੇ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ।

ਇਸ ਸੰਬੰਧੀ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਉਪਰੰਤ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਹੋਲਾ ਮਹੱਲਾ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ ਜਿਨਾਂ ਦੇ ਭੋਗ 21 ਮਾਰਚ ਨੂੰ ਮਹੱਲੇ ਵਾਲੇ ਦਿਨ ਪੈਣਗੇ ਅਤੇ ਉਸੇ ਦਿਨ ਖਾਲਸਾਈ ਰਵਾਇਤਾਂ ਮੁਤਾਬਿਕ ਮਹੱਲਾ ਕੱਢਿਆ ਜਾਵੇਗਾ।

ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਤਖਤ ਸ਼੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ, ਮੈਨੇਜਰ ਜਸਬੀਰ ਸਿੰਘ ਅਤੇ ਸਮੂਹ ਸੰਗਤਾਂ ਹਾਜ਼ਰ ਸਨ। ਆਪਣੇ ਸੰਬੌਧਨ ਦੌਰਾਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਅੱਜ ਬੜੇ ਹੀ ਜੋਸ਼ੌ ਖਰੋਸ਼ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਰੰਭ ਹੋਇਆ ਹੈ। ਜਿਸ ਵਿਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ।

ਉਹਨਾਂ ਕਿਹਾ ਸੰਨ 1700 ਤੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ। ਉਸੇ ਪ੍ਰੰਪਰਾ ਦੇ ਮੁਤਾਬਿਕ ਅੱਜ ਤੱਕ ਇਸੇ ਪਾਵਨ ਅਸਥਾਨ ਤੇ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਖੰਡੇ ਬਾਟੇ ਦਾ ਅੰਂਮਿ੍ਰਤ ਛਕ ਕੇ ਗੁਰੂ ਵਾਲੇ ਬਣੋਂ ਅਤੇ ਵਹਿਮਾਂ, ਭਰਮਾਂ, ਪਖੰਡਾਂ ਤੋਂ ਦੂਰ ਰਹੋ।

ਇਸ ਮੌਕੇ ਉਹਨਾਂ ਕਿਹਾ ਕਿ ਅੱਜ ਲੋੜ ਹੈ ਘਰ ਘਰ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਪਹੁੰਚਾਇਆ ਜਾਵੇ ਤਾਂ ਜੋ ਕੌਮ ਦੀ ਚੜਦੀਕਲਾ ਹੋ ਸਕੇ। ਇਸ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਗੁਰੂ ਘਰਾਂ ਵਿਚ ਨਤਮਸਤਕ ਹੋਈਆਂ। ਇਸ ਮੌਕੇ ਸੂਚਨਾ ਅਫਸਰ ਹਰਦੇਵ ਸਿੰਘ, ਮਨਜਿੰਦਰ ਸਿੰਘ ਬਰਾੜ, ਹਰਦੇਵ ਸਿੰਘ, ਭੁਪਿੰਦਰ ਸਿੰਘ, ਪੰਜ ਪਿਆਰੇ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
—————————————————-

ਹੋਲੇ ਮਹੱਲੇ ਦੌਰਾਨ ਗੁਰਮਤਿ ਪ੍ਰਚਾਰ ਦਾ ਲੱਗਿਆ ਲੰਗਰ

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਰੰਭ ਹੋਏ ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਜਿੱਥੇ ਗੁਰੂ ਨਗਰੀ ਪੁੱਜਣ ਵਾਲੀਆਂ ਸੰਗਤਾਂ ਲਈ ਵੱਖ-ਵੱਖ ਤਰਾਂ ਦੇ ਲੰਗਰ ਲਗਾਏ ਗਏ ਹਨ ਉੱਥੇ ਹੀ ਵੱਡੀ ਗਿਣਤੀ ਵਿਚ ਧਰਮ ਪ੍ਰਚਾਰ ਕਮੇਟੀਆਂ ਵਲੋਂ ਧਾਰਮਿਕ ਲਿਟਰੇਚਰ ਦਾ ਲੰਗਰ ਲਗਾਕੇ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ।
—————————————————-
ਨਹੀਂ ਹੋਣਗੀਆਂ ਇਸ ਵਾਰ ਸਿਆਸੀ ਕਾਨਫਰੰਸਾਂ

ਹੋਲਾ ਮਹੱਲਾ ਮੌਕੇ ਜਿੱਥੇ ਹਰ ਸਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਿਆਸੀ ਕਾਨਫਰੰਸਾਂ ਹੁੰਦੀਆਂ ਸਨ ਉੱਥੇ ਇਸ ਵਾਰ ਆਗਾਮੀ ਲੋਕ ਸਭਾ ਚੌਣਾਂ ਦੇ ਚਲਦਿਆਂ ਚੌਣ ਕਮਿਸ਼ਨ ਵਲੋਂ ਲਗਾਏ ਗਏ ਚੌਣ ਜਾਬਤੇ ਦੇ ਮੱਦੇਨਜ਼ਰ ਸਿਆਸੀ ਕਾਨਫਰੰਸਾਂ ਵੀ ਨਹੀਂ ਹੋਣਗੀਆਂ। ਸਿਰਫ ਸ਼੍ਰੋਮਣੀ ਕਮੇਟੀ ਵਲੋਂ ਹੀ ਧਾਰਮਿਕ ਸਮੇਤ ਸਟੇਜ ਲਗਾਈ ਜਾਵੇਗੀ।
—————————————————-
ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਸ਼ਾਸ਼ਨ ਵਲੋਂ ਪੁਖਤਾ ਪ੍ਰਬੰਧ

ਹੋਲੇ ਮਹੱਲੇ ਦੌਰਾਨ ਜਿੱਥੇ ਹਰ ਵਾਰ ਜਾਮ ਦੀ ਸਥਿਤੀ ਬਣੀ ਰਹਿੰਦੀ ਸੀ ਉੱਥੇ ਇਸ ਵਾਰ ਪੁਲਿਸ ਵਲੋਂ ਪੂਰੀ ਸਖਤੀ ਦੇ ਨਾਲ ਟ੍ਰੈਫਿਕ ਨੂੰ ਕੰਟਰੌਲ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ, ਐਸ ਐਸ ਪੀ ਸਵਪਨ ਸ਼ਰਮਾ, ਐਸ ਡੀ ਐਮ ਕਨੂੰ ਗਰਗ, ਡੀ ਐਸ ਪੀ ਚੰਦ ਸਿੰਘ ਸਮੇਤ ਪੁਲਿਸ ਪ੍ਰਸ਼ਾਸ਼ਨ ਵਲੋਂ ਹੋਲਾ ਮਹੱਲਾ ਪ੍ਰਬੰਧਾਂ ਦੀ ਦੇਖ ਰੇਖ ਕੀਤੀ ਜਾ ਰਹੀ ਹੈ।
—————————————————-

Share Button

Leave a Reply

Your email address will not be published. Required fields are marked *

%d bloggers like this: