Thu. Apr 25th, 2019

ਖਾਣ, ਹੰਢਾਣ ਲਈ ਤਾਂ ਇਸ ਜਿੰਦਗੀ ਨੂੰ ਮਾਂਣ ਰਹੇ ਹਾਂ 

ਖਾਣ, ਹੰਢਾਣ ਲਈ ਤਾਂ ਇਸ ਜਿੰਦਗੀ ਨੂੰ ਮਾਂਣ ਰਹੇ ਹਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ

satwinder_7@hotmail.com

ਰੱਬ ਕਰੇ ਹਰ ਰੋਜ਼ ਕਰਵੇ ਚੌਥ ਦਾ ਵਰਤ ਰੱਖਿਆ ਜਾਵੇ। ਅੰਨ-ਜਲ ਦੀ ਬੱਚਤ ਹੋ ਜਾਵੇਗੀ। ਪਤਨੀਆਂ ਭੁੱਖੀਆਂ ਮਰ ਜਾਣ। ਉਦਾ ਵੀ ਪਤਨੀ ਨੂੰ ਸਹੁਰਿਆਂ ਵਲੋਂ ਦਾਜ ਜਾਂ ਹੋਰ ਕਾਸੇ ਦੇ ਬਹਾਨੇ ਕੋਹ-ਕੋਹ ਕੇ ਮਾਰਿਆ ਜਾਂਦਾ ਹੈ। ਪਤਨੀ ਮਰੇ ਤੋਂ ਦੂਜੀ ਨਵੀਂ ਮਿਲ ਜਾਂਦੀ ਹੈ। ਪਤੀਆਂ ਦੀਆਂ ਉਮਰਾਂ ਬਹੁਤ ਲੰਬੀਆਂ ਹੋ ਜਾਣ। ਨਿਰਮਲ ਵਰਗੇ ਪਤੀ ਹੋਰ ਔਰਤਾਂ ਹਾਸਲ ਕਰਨ ਦਾ ਸੁਪਨਾ ਪੂਰਾ ਕਰ ਸਕਣ। ਐਸੇ ਮਰਦਾਂ ਅੱਗੇ ਔਰਤਾਂ ਬੇਵਕੂਫ਼ ਬਣਦੀਆਂ ਰਹਿਣਗੀਆਂ। ਜੱਗੀ ਨੇ ਕਰਵੇ ਚੌਥ ਦਾ ਵਰਤ ਰੱਖਿਆ ਸੀ। ਉਸ ਦੇ ਬੱਚੇ ਉਸ ਨੂੰ ਪੁੱਛ ਰਹੇ ਸਨ, “ ਮੰਮ ਭੁੱਖੇ ਕਿਉਂ ਬੈਠੇ ਹੋ? ਤੁਸੀ ਘਰ ਕੁੱਝ ਖਾਣ ਨੂੰ ਵੀ ਨਹੀਂ ਬਣਾਇਆਂ ਹੈ। “ “ ਅੱਜ ਮੇਰਾ ਵਰਤ ਹੈ। ਇਸ ਨਾਲ ਤੁਹਾਡੇ ਡੈਡੀ ਦੀ ਉਮਰ ਲੰਬੀ ਹੋਵੇਗੀ। ਹੁਣ ਤੁਸੀਂ ਪੀਜ਼ਾ ਮੰਗਾ ਲਵੋ। ਰਾਤ ਦਾ ਖਾਣਾ ਰੈਸਟੋਰੈਂਟ ਵਿਚੋਂ ਆ ਜਾਣਾ ਹੈ। “ ਲਾਲੀ ਨੇ ਕਿਹਾ, “ ਫਿਰ ਤਾਂ ਤੁਸੀਂ ਭੁੱਖ ਹੜਤਾਲ ਹੀ ਕਰਕੇ ਰੱਖਿਆ ਕਰੋ। ਸਾਨੂੰ ਰੋਟੀਆਂ ਨਹੀਂ ਖਾਣੀਆਂ ਪੈਣਗੀਆਂ।ਰੈਸਟੋਰੈਂਟ ਦਾ ਖਾਣਾ ਵੀ ਮਿਲਦਾ ਰਹੇਗਾ। ਤੁਸੀਂ ਭੁੱਖੇ ਮਰ ਜਾਵੋਗੇ। ਤੁਹਾਡੇ ਨਾਲੋਂ ਆਪੇ ਡੈਡੀ ਦੀ ਉਮਰ ਲੰਬੀ ਹੋਵੇਗੀ। ਮੰਮੀ ਉਮਰ ਲੰਬੀ ਨਾਲ, ਕੀ ਡੈਡੀ ਘਰ ਰਹਿਣ ਲੱਗ ਜਾਣਗੇ? “ ਨਿਰਮਲ ਨੇ ਬਾਹਰ ਜਾਣ ਲਈ ਜੁੱਤੀ ਪਾਉਣੀ ਸ਼ੁਰੂ ਕਰ ਦਿੱਤੀ। ਜੱਗੀ ਨੇ ਕਿਹਾ, “ ਮੈਂ ਅੱਜ ਚੂਲਾ ਹੀ ਨਹੀਂ ਤਪਾਇਆ। ਤੁਸੀਂ ਭੁੱਖੇ ਹੀ ਬਾਹਰ ਨੂੰ ਚੱਲੇ ਹੋ। ਦੁੱਧ ਨਾਲ ਬ੍ਰਿਡ ਹੀ ਖਾ ਲੈਂਦੇ। ਮੈਂ ਗਰਮ ਕਰਕੇ ਦੇ ਦਿੰਦੀ ਹਾਂ। “ “ ਮੈਂ ਤੈਨੂੰ ਦੇਖ ਕੇ ਹੀ ਰੱਜ ਗਿਆ ਹਾਂ। ਅੱਗੇ ਕਿਹੜਾ ਤੂੰ ਮੈਨੂੰ ਪਰੋਸੇ ਪਰੋਸਦੀ ਹੈ? “ ਲਾਲੀ ਨੇ ਕਿਹਾ, “ ਮੰਮ ਡੈਡ ਨੂੰ ਵੀ ਵਰਤ ਰੱਖਣ ਦਿਉ। ਤੁਹਾਡੀ ਵੀ ਉਮਰ ਲੰਬੀ ਹੋ ਜਾਵੇਗੀ। ਜੇ ਇੱਕ ਦਿਨ ਵਰਤ ਰੱਖਣ ਨਾਲ ਤੁਹਾਡੇ ਪਤੀ ਦੀ ਉਮਰ ਲੰਬੀ ਹੁੰਦੀ ਹੈ। ਫਿਰ ਤਾਂ ਹਰ ਰੋਜ਼ ਵਰਤ ਰੱਖ ਕੇ ਰਾਤ ਨੂੰ ਵੀ ਖਾਣਾਂ ਖਾਇਆ ਕਰੋ। ਤੁਹਾਡਾ ਪਤੀ ਮਰੇਗਾ ਹੀ ਨਹੀਂ। ਨਾਲੇ ਅੰਨ-ਜਲ ਦੀ ਬਚਤ ਹੋਵੇਗੀ। ਉਹੀ ਕੋਈ ਹੋਰ ਖਾਵੇਗਾ। “ ਸਿਮਰਨ ਗੋਰੀ ਨੂੰ ਘਰ ਲੈ ਆਇਆ ਸੀ। ਗੋਰੀ ਤਾਰੋ ਦਾ ਸੂਟ ਪਾਈ ਫਿਰਦੀ ਸੀ। ਇਹ ਸੂਟ ਤਾਰੋ ਨੇ 25 ਵੀਂ ਵਿਆਹ ਦੀ ਸਾਲ ਗਿਰਾ ਲਈ ਸਮਾਇਆ  ਸੀ। ਇਹ ਸੂਟ ਗੁਰਨਾਮ ਨੇ ਲੈ ਕੇ ਦਿੱਤਾ ਸੀ। ਇੱਕੋ ਬਾਰ ਪਾ ਕੇ, ਰੱਖ ਦਿੱਤਾ ਸੀ। ਉਸ ਨੇ ਸਿਮਰਨ ਨੂੰ ਪੁੱਛਿਆ, “ ਇਹ ਸੂਟ ਮੇਰਾ ਲੱਗਦਾ ਹੈ। ਸਿਮਰਨ ਨੇ ਦੱਸਿਆ, “ ਹਾਂ ਜੀ, ਇਹ ਪੰਜਾਬੀ ਬਣਨ ਦੀ ਕੋਸ਼ਿਸ਼ ਕਰਦੀ ਹੈ। ਇਸ ਨੇ ਵੀ ਵਰਤ ਰੱਖਿਆ ਹੈ। ਕੀ ਮੰਮੀ ਤੁਸੀਂ ਵੀ ਅੱਜ ਭੁੱਖੇ ਰਹਿਣਾ ਹੈ? “ ਉਸ ਨੂੰ ਪੰਜਾਬੀ ਸੂਟ ਵਿੱਚ  ਦੇਖ ਕੇ, ਤਾਰੋਂ ਨੂੰ ਖ਼ੁਸ਼ੀ ਵੀ ਹੋਈ। “ ਮੈਨੂੰ ਤਾਂ ਡਾਕਟਰ ਨੇ ਪਹਿਲਾਂ ਹੀ ਬਹੁਤ ਸਾਰੀਆਂ ਚੀਜ਼ਾਂ ਖਾਣ ਤੋਂ ਬੰਦ ਕੀਤਾ ਹੋਇਆ ਹੈ। ਸੁੱਕ ਕੇ ਪਿੰਜਰ ਬਣ ਗਈ ਹਾਂ। ਮੈਨੂੰ ਪਤਾ ਹੈ, ਬਿਮਾਰੀ ਨਾਲ ਮੈਂ ਪਹਿਲਾਂ ਹੀ ਮਰ ਜਾਣਾ ਹੈ। ਤੇਰੇ ਡੈਡੀ ਤੋਂ ਮੇਰੀ ਉਮਰ ਛੋਟੀ ਹੀ ਹੈ। ਭਾਵੇਂ ਉਹ ਮੇਰੇ ਨਾਲੋਂ ਵੱਡੀ ਉਮਰ ਦਾ ਹੈ। “ ਗੋਰੀ  ਨੇ ਸਿਮਰਨ ਨੂੰ ਕੂਹਣੀ ਮਾਰੀ। “ ਪਰਸ ਵਿਚੋਂ ਕੱਢ ਕੇ, ਬੀਅਰ ਦਾ ਕੈਨ ਦਿਖਾਇਆ। ਸਿਮਰਨ ਨੇ ਨਾਂ ਵਿੱਚ ਸਿਰ ਮਾਰਿਆ। ਪਰ ਉਹ ਤਾਰੋਂ ਦੇ ਸਾਹਮਣੇ ਹੀ ਗਟਗਟ ਕਰਕੇ ਪੀ ਗਈ। ਤਾਰੋ ਸੋਚਾਂ ਵਿੱਚ ਪੈ ਗਈ। “ ਮੀਆਂ ਬੀਬੀ ਰਾਜ਼ੀ ਕੀ ਕਰੇਗਾ ਕਾਜ਼ੀ। “
ਸ਼ਾਮ ਦੇ ਅਜੇ ਤਿੰਨ ਵਜੇ ਸਨ। ਗੋਰੀ, ਸਿਮਰਨ ਤੇ ਲਾਲੀ ਹੁਣਾਂ ਨੇ ਮੱਛੀ, ਮੀਟ ਖਾਣਾ ਸ਼ੁਰੂ ਕਰ ਦਿੱਤਾ ਸੀ। ਖਾਣ, ਹੰਢਾਣ ਲਈ ਤਾਂ ਇਸ ਜਿੰਦਗੀ ਨੂੰ ਮਾਂਣ ਰਹੇ ਹਾਂ। ਜੱਗੀ ਚੰਦ ਚੜ੍ਹਨ ਦੀ ਉਡੀਕ ਕਰ ਰਹੀ ਸੀ। ਜੱਗੀ ਥਾਲ਼ੀ ਵਿੱਚ ਦੀਵਾ ਜਗਾ ਕੇ, ਸਰਗੀ ਲਈ ਕਈ ਚੀਜ਼ਾਂ ਰੱਖੀ ਬੈਠੀ ਸੀ। ਪੂਰਾ ਚੰਦ ਅਸਮਾਨ ਵਿੱਚ ਛਾਇਆ ਹੋਇਆ ਸੀ। ਜੱਗੀ ਦਾ ਚੰਦ ਨਿਰਮਲ ਪਤਾ ਨਹੀਂ, ਕੀਹਦੇ ਵਿਹੜੇ ਜਾ ਚੜ੍ਹਇਆ ਸੀ? ਦੀਵਾ ਬੁੱਝ ਗਿਆ ਸੀ। ਜੱਗੀ ਦੀ ਸੋਫ਼ੇ ਉੱਤੇ ਬੈਠੀ ਦੀ ਅੱਖ ਲੱਗ ਗਈ ਸੀ। ਜਦੋਂ ਅੱਖ ਖੁੱਲ੍ਹੀ ਚਿੱਟਾ ਦਿਨ ਚੜ੍ਹ ਗਿਆ ਸੀ। ਉਹ ਰਸੋਈ ਵਿੱਚ ਜਾ ਕੇ, ਚਾਹ ਰੱਖ ਕੇ ਸਬ ਲਈ ਨਾਸ਼ਤਾ ਬਣਾਉਣ ਲੱਗ ਗਈ ਸੀ। ਉਸ ਦੇ ਢਿੱਡ ਵਿੱਚ ਭੁੱਖ ਨਾਲ ਖੋ ਪੈ ਰਹੀ ਸੀ। ਇੱਕ ਦਿਨ ਅੰਨ-ਜਲ ਛੱਡਣ ਨਾਲ ਉਸ ਦੀਆਂ ਲੱਤਾਂ ਭਾਰ ਨਹੀਂ ਝੱਲ ਰਹੀਆਂ ਸਨ। ਉਸ ਨੂੰ ਚੱਕਰ ਆਇਆ, ਉਹ ਕੁਰਸੀ ਉੱਤੇ ਬੈਠ ਗਈ। ਸਿਮਰਨ ਨੇ ਪੁੱਛਿਆ, “ ਆਂਟੀ ਵਟਸ ਅੱਪ? ਕੀ ਹੋ ਗਿਆ? ਤਵੇ ਉੱਤੇ ਪਰੌਂਠਾ ਜਲੀ ਜਾਂਦਾ ਹੈ। “ ਜੱਗੀ ਕੋਲੋਂ ਬੋਲ ਨਹੀਂ ਹੋਇਆ। ਲਾਲੀ ਨੇ ਕਿਹਾ, “ ਮੰਮ ਨੂੰ ਚੱਕਰ ਆ ਗਿਆ। ਕਲ ਰੋਟੀ ਨਹੀਂ ਖਾਂਦੀ। “ ਸਿਮਰਨ ਨੇ ਕਿਹਾ, “ ਤੁਹਾਨੂੰ ਬਲੱਡ ਸ਼ੂਗਰ ਹੈ। ਮੈਂ ਬਲੱਡ ਸ਼ੂਗਰ ਵਾਲੀ ਮਸ਼ੀਨ ਨਾਲ ਹੁਣੇ ਚੈੱਕ ਕਰਕੇ ਦੇਖਦਾ ਹਾਂ। “ ਉਸ ਦੀ ਬਲੱਡ ਸ਼ੂਗਰ ਘੱਟ ਕੇ 3 ਉੱਤੇ ਚਲੀ ਗਈ ਸੀ। ਬਲੱਡ ਪ੍ਰੈਸ਼ਰ ਨਾਪਣ ਵਾਲੀ ਮਸ਼ੀਨ ਵੀ ਘਰ ਸੀ। ਚੈੱਕ ਕੀਤਾ ਤਾਂ ਉਹ ਵੀ ਬਿਲਕੁਲ ਘਟਿਆ ਹੋਇਆ ਸੀ। ਉਸ ਨੂੰ ਪੀਣ ਲਈ ਸਿਮਰਨ ਨੇ ਜੂਸ ਦਾ ਗਿਲਾਸ ਦੇ ਦਿੱਤਾ। ਬੱਚੇ ਮਾਂ ਨੂੰ ਚੌਕਲੇਟ ਖੁਆ ਰਹੇ ਸਨ। ਜੱਗੀ ਬਿਮਾਰ ਹੋ ਗਈ ਸੀ। ਪਤਾ ਨਹੀਂ ਕਿੰਨੇ ਦਿਨ ਚੱਕਰ ਆਉਣਗੇ? ਰੋਟੀ ਨਾ ਪੱਕਣ ਕਾਰਨ ਹੋਰ ਕਿੰਨੇ ਦਿਨ ਸਾਰਾ ਟੱਬਰ ਵਰਤ ਰੱਖੇਗਾ? ਦਰਬਾਰ ਸਾਹਿਬ ਵਿੱਚੋਂ ਭਾਈ ਸਾਹਿਬ ਕੀਰਤਨ ਕਰ ਰਹੇ ਸਨ। ਛੋਡੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹ ਰੰਡ॥ ਰੱਬ ਨੇ ਅੰਨ ਖਾਣ ਨੂੰ ਦਿੱਤਾ ਹੈ। ਉਸ ਦੀ ਨਿਰਾਦਰੀ ਨਹੀਂ ਕਰਨੀ ਹੈ। ਜਿਸ ਨੂੰ ਭੁੱਖੇ, ਪਿਆਸੇ ਰਹਿਣਾ ਪੈਦਾ ਹੈ। ਉਹੀ ਅੰਨ-ਜਲ ਦਾ ਮੁੱਲ ਲਾ ਸਕਦਾ ਹੈ। ਜਦੋਂ ਇਹ ਮਿਲਦਾ ਹੈ। ਉਹ ਰੱਬ ਦਾ ਬੇਅੰਤ ਬਾਰ ਸ਼ੂਕਰ ਕਰਦਾ ਹੈ। ਜੋ ਅੰਨ-ਜਲ ਮਿਲਦੇ ਹੋਏ ਤੋਂ ਛੱਡ ਕੇ ਔਰਤਾਂ ਵਾਲੇ ਚਰਿੱਤਰ ਕਰਦਾ ਹੈ। ਉਹ ਰੱਬ ਦਾ ਨਿਰਾਦਰ ਕਰਦਾ ਹੈ। ਅੰਤ ਨੂੰ ਖਾਂਣਾਂ-ਪੀਣਾਂ ਹੀ ਪੈਂਦਾ ਹੈ। ਇਹੋ ਜਿਹੇ ਕੰਮ ਜ਼ਨਾਨੀਆਂ ਕਰਦੀਆਂ ਹਨ। ਜਦੋਂ ਅੱਡ ਹੋਣਾ ਹੋਵੇ। ਨੂੰਹ ਚੂਲਾ ਚੌਕਾ  ਛੱਡ ਦਿੰਦੀ ਹੈ। ਮੁੰਡਾ ਵੀ ਬਹੂ ਮਗਰ ਲੱਗ ਕੇ, ਕੰਮ ਕਰਨਾ ਛੱਡ ਦਿੰਦਾ ਹੈ। ਘਰ ਸੀ ਬਣੀ ਰੋਟੀ ਖਾਣੀ ਛੱਡ ਦਿੰਦੇ ਹਨ। ਆਥਣ ਸਵੇਰੇ ਬਾਜ਼ਾਰ ਜਾ ਕੇ, ਸਮੋਸੇ, ਭਠੂਰੇ ਜ਼ਰੂਰ ਖਾ ਲਏ ਜਾਂਦੇ ਹਨ। ਤੁਸੀਂ ਸਬ ਨੇ ਦੇਖਿਆ ਹੈ। ਉਹ ਸਾਧ ਸਾੜੀ ਵੀ ਲਾ ਲੈਂਦਾ ਹੈ। ਨੰਗਾ ਹੋ ਕੇ, ਲੋਕਾਂ ਨੂੰ ਜੋਗਾ ਕਰਾਉਂਦਾ ਹੈ। ਜਾਂ ਔਰਤਾਂ ਨੂੰ  80 ਕੁ ਕਿੱਲੋ ਦਾ ਆਪਦਾ ਸਰੀਰ ਨੰਗਾ ਹੋ ਕੇ ਦਿਖਾਉਂਦਾ ਹੈ। ਕਿੱਡਾ ਸਰੀਰ ਬਣਾਇਆ ਹੈ। ਬੜੇ ਪਖੰਡ ਕਰਦਾ ਹੈ। ਕਦੇ ਭੁੱਖ ਹੜਤਾਲ ਕਰਦਾ ਹੈ। ਉਸ ਨੂੰ ਮਸਾਂ ਮਰ ਕੇ. ਜੂਸ ਪੀਣ ਨੂੰ ਲੱਭਿਆ ਸੀ। ਕੋਈ ਗੱਲ ਮਨਾਉਣੀ ਹੋਵੇ। ਘਰ ਵਿੱਚ ਕਿਸੇ ਨਾਲ ਲੜਾਈ ਹੋ ਜਾਵੇ। ਕੋਈ ਰੋਟੀ ਥਾਲ਼ੀ ਵਿੱਚ ਪਰੋਸ ਕੇ, ਅੱਗੇ ਨਾਂ ਰੱਖੇ। ਬੱਚੇ ਗੱਲ  ਨਾਂ ਸੁਣਦੇ ਹੋਣ। ਵਿਆਹ ਕਰਵਾਉਣਾ ਹੋਵੇ। ਘਰਵਾਲੀ ਪੇਕਿਆਂ ਤੋਂ ਮੰਗਾਉਣੀ ਹੋਵੇ। ਬਹੁਤੇ ਲੋਕ ਨਿੱਕੀ-ਨਿੱਕੀ ਗੱਲ ਉੱਤੇ ਅੰਨ-ਪਾਣੀ, ਖਾਣਾ ਪੀਣਾ ਛੱਡ ਦਿੰਦੇ ਹਨ। ਐਸੇ ਕੰਮਾਂ ਨਾਲ ਲੜਾਈ ਖਾ-ਪੀ ਕੇ, ਲੜੀ ਜਾ ਸਕਦੀ ਹੈ। ਜਾਂ ਭੁੱਖੇ ਰਹਿ ਕੇ, ਮੌਤ ਵੱਲ ਜਾ ਕੇ, ਕੀ ਦੁਸ਼ਮਣ ਨੂੰ ਹਰਾਇਆ ਜਾਂਦਾ ਹੈ? ਦੁਸ਼ਮਣ ਤਾਂ ਸੌ ਸੁੱਖਾ ਸੁੱਖੇਗਾ। ਮੇਰਾ ਵਿਰੋਧੀ ਮਰ ਜਾਵੇ। ਉਸ ਨੂੰ ਕੀ ਹੈ? ਬਿੰਦੇ ਨੂੰ ਮਰਦੇ, ਹੁਣ ਮਰ ਜਾਵੋ। ਤੁਸੀਂ ਜਿਉਂਦੇ ਹੋ ਜਾਂ ਮਰ ਗਏ। ਕਿਸੇ ਨੇ ਕੀ ਲੈਣਾ ਹੈ? ਨਾਂ ਹੀ ਧਰਤੀ ਨੂੰ ਕੋਈ ਫ਼ਰਕ ਪੈਣਾ ਹੈ। ਮਰਨ ਪਿੱਛੋਂ ਆਪਣੇ ਹੀ ਜਾਇਦਾਦ ਜ਼ਰੂਰ ਵੰਡ ਲੈਣਗੇ। ਭੁੱਖ ਹੜਤਾਲ ਨਾਲ ਸਾਰੇ ਮਸਲੇ ਸੁਲਝਦੇ ਹੁੰਦੇ। 1978 ਤੋਂ ਲੈ ਕੇ, 1984 ਵਿੱਚ ਹੁਣ ਤੱਕ, ਇੰਨੀ ਜਨਤਾ ਨਾਂ ਮਰਵਾਉਂਦੇ। ਪੜ੍ਹੇ ਲਿਖੇ ਲੋਕਾਂ ਵਿੱਚ ਅਜੇ ਵੀ ਅਨਪੜ੍ਹਤਾ ਕੁੱਟ-ਕੁੱਟ ਕੇ ਭਰੀ ਹੈ। ਭੁੱਖ ਹੜਤਾਲ ਨਾਲ ਦੁਨੀਆ ਚੱਲਦੀ ਹੁੰਦੀ। ਰੋਟੀ ਲਈ ਬੰਦਾ ਹੱਥ ਪੈਰ ਕਿਉਂ ਮਾਰਦਾ? ਦੇਸ਼ਾਂ ਪ੍ਰਦੇਸ਼ਾਂ ਵਿੱਚ ਕਿਉਂ ਤੁਰਿਆ ਫਿਰਦਾ? ਐਡੇ ਪਸਾਰੇ ਦੀ ਕੀ ਲੋੜ ਸੀ? ਅੱਜ ਕਲ ਲੜਾਈਆਂ ਕਿਰਪਾਨਾਂ, ਬੰਦੂਕਾਂ, ਭੁੱਖ ਹੜਤਾਲ, ਧੱਕੇਸ਼ਾਹੀ ਦੇ ਜ਼ੋਰ ਉੱਤੇ ਨਹੀਂ ਲੜੀਆਂ ਜਾਂਦੀਆਂ। ਗੱਲ-ਬਾਤ, ਲਿਖਾ-ਪੜ੍ਹੀ ਤੇ ਪਿਆਰ ਰਾਹੀਂ ਮਸਲੇ ਹੱਲ ਹੁੰਦੇ ਹਨ। ਮੁੱਠੀ ਭਰ ਚਲਾਕ ਲੋਕ, ਲਾਈ-ਲੱਗ ਬੰਦੇ ਨੂੰ ਚੱਕ ਚੱਕਾ ਕੇ ਭੁੱਖਾ ਮਾਰ ਦਿੰਦੇ ਹਨ। ਭੁੱਖੇ ਮਰਨਾ, ਇਹ ਕਿੱਡੀ ਕੁ ਸਿਆਣਪ ਹੈ? ਇਹ ਕਮਜ਼ੋਰੀ ਦੀ ਨਿਸ਼ਾਨੀ ਹੈ। ਕੀ ਬੰਦਾ ਐਡਾ ਨਿਰਬਲ ਹੋ ਗਿਆ ਹੈ? ਸਿੱਖ ਦਾ ਕੰਮ ਹੈ। ਸਿੱਖਣਾ ਤੇ ਸਿਖਾਉਣਾ। ਭੁੱਖ ਹੜਤਾਲ ਵਿਚੋਂ ਕੀ ਨਿਕਲਦਾ ਹੈ? ਮੌਤ ਤੇ ਬਿਮਾਰੀਆਂ ਹਾਸਲ ਹੋਣਗੀਆਂ। ਹੱਥ ਤੇ ਹੱਥ ਧਰ ਕੇ, ਭੁੱਖੇ ਬੈਠ ਕੇ ਲੰਘਦੇ ਸਮੇਂ ਨੂੰ ਉਡੀਕਣਾ, ਕਿਸੇ ਤੋਂ ਤਰਸ ਕਰਨ ਦੀ ਝਾਕ ਕਰਨੀ, ਕਿਸੇ ਯੋਧੇ-ਬੀਰ ਦੀ ਨਿਸ਼ਾਨੀ ਨਹੀਂ ਹੈ। ਯੋਧਾ-ਬੀਰ ਜਾਂ ਸਹੀ ਇਲਾਜ ਕਰਨ ਵਾਲਾ ਡਾਕਟਰ ਉਹੀ ਹੈ। ਜੋ ਸੁੱਧ ਖਾਣ-ਪੀਣ ਵੱਲ ਪ੍ਰੇਰਤ ਕਰਕੇ, ਤੱਕੜਾ ਸਰੀਰ ਬਣਾਉਣ ਵਿੱਚ ਮਦਦ ਕਰਦਾ ਹੈ। ਨਾ ਕਿ ਭੁੱਖੇ ਮਰਕੇ, ਕਿਸੇ ਦੇ ਤਰਸ ਉੱਤੇ ਜਿਉਣਾਂ ਹੈ। ਆਪਦੇ ਕਮਜ਼ੋਰ ਹੋ ਰਹੇ ਸਰੀਰ ਦੇ ਮਰਨ ਦੀ ਦਿਆਂ ‘ਤੇ. ਗੱਲ ਮਨਵਾਉਣ ਉੱਤੇ, ਜੋ ਅੜ ਗਿਆ ਹੈ। ਉਹ ਬੰਦਾ ਜਰੂਰ ਕਮਜ਼ੋਰ ਹੋ ਗਿਆ ਹੈ। ਜੋ ਲੋਕ ਭੁੱਖ ਹੜਤਾਲ ਵਾਲੇ ਬਾਰੇ ਨਾਹਰੇ  ਲਾਉਂਦੇ ਰਹਿੰਦੇ ਹਨ। ਉਸ ਦੀ ਹਮਾਇਤ ਕਰਦੇ ਹਨ। ਆਪ ਵੀ ਕਿਉਂ ਨਹੀਂ ਭੁੱਖ ਹੜਤਾਲ ਉੱਤੇ ਬੈਠ ਜਾਂਦੇ? ਭੁੱਖੇ ਮਰਨਾ ਬਹੁਤ ਔਖਾ ਹੈ। ਉਦਾ ਤਾਂ ਜੇ ਕੋਈ ਬੰਦਾ ਕੁੱਟਣਾ ਹੋਵੇ। ਮੁਜ਼ਾਰਾ ਕਰਨਾ ਹੋਵੇ, ਭੇਡ-ਚਾਲ ਕਰਦੇ ਹਨ। ਝੰਡੀਆਂ ਚੱਕ ਕੇ ਸੜਕਾਂ ਉੱਤੇ ਆ ਜਾਂਦੇ ਹਨ। ਜੋ ਸੁੱਧ ਤਾਜਾ ਭੋਜਨ ਸਮੇ ਸਿਰ ਖਾਂਦਾ ਹੈ। ਉਹ ਤੰਦਰੁਸਤ ਹੁੰਦਾ ਹੈ। ਜੋ ਆਪਣੇ ਬੰਦਾ ਦਿਮਾਗ਼ ਦੀ ਤਾਕਤ ਨਾਲ ਚਲਦਾ ਹੈ। ਚੰਗੇ ਗੁਣ ਇਕੱਠੇ ਕਰਦਾ ਹੈ। ਖੁਸ਼ ਰਹਿੰਦਾ ਹੈ। ਉਹ ਲੰਬੀ ਉਮਰ ਜਿਉਂਦਾ ਹੈ। ਉਸ ਨੂੰ ਬਿਮਾਰੀ, ਚਿੰਤਾ, ਦੁੱਖ ਵੀ ਨਹੀਂ ਮਾਰ ਸਕਦੇ।

Share Button

Leave a Reply

Your email address will not be published. Required fields are marked *

%d bloggers like this: