Fri. Apr 19th, 2019

ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਕਰਨ ਵਾਲੇ ਮਨੁੱਖੀ ਜਿੰਦਗੀਆਂ ਨਾਲ ਕਰ ਰਹੇ ਹਨ ਖਿਲਵਾੜ

ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਕਰਨ ਵਾਲੇ ਮਨੁੱਖੀ ਜਿੰਦਗੀਆਂ ਨਾਲ ਕਰ ਰਹੇ ਹਨ ਖਿਲਵਾੜ

ਦਿੜ੍ਹਬਾ ਮੰਡੀ 08 ਅਕਤੂਬਰ (ਰਣ ਸਿੰਘ ਚੱਠਾ) ਅੱਜ ਦੇ ਇਸ ਮੌਜੂਦਾ ਯੁੱਗ ਵਿੱਚ ਆਮ ਲੋਕਾਂ ਨੂੰ ਮਿਲਣ ਵਾਲੀ ਹਰੇਕ ਵਸਤੂ ਵਿੱਚ ਮਿਲਾਵਟ ਦਾ ਬੋਲਬਾਲਾ ਹੈ ਅਤੇ ਲੋਕਾਂ ਵਲੋਂ ਨਿੱਤ ਵਰਤੋਂ ਵਿੱਚ ਲਿਆਂਦੀਆਂ ਜਾਣ ਵਾਲੀਆਂ ਖਾਣ ਪੀਣ ਦੀਆਂ ਵਸਤੂਆਂ ਵੀ ਪੂਰੀ ਤਰ੍ਹਾਂ ਮਿਲਾਵਟ ਦੀ ਮਾਰ ਹੇਠ ਹਨ।ਮੁਨਾਫਾਖੋਰੀ ਦੇ ਲਾਲਚ ਵਿੱਚ ਮਿਲਾਵਟ ਕਰਨ ਵਾਲੇ ਬਾਜਾਰ ਵਿੱਚ ਵਿਕਣ ਵਾਲੀ ਹਰੇਕ ਉਸ ਵਸਤੂ ਵਿੱਚ ਮਿਲਾਵਟ ਕਰਦੇ ਹਨ ਜਿਸ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਨਾਲ ਉਹਨਾਂ ਨੂੰ ਫਾਇਦਾ ਹੋਣ ਦੀ ਆਸ ਹੁੰਦੀ ਹੈ ਅਤੇ ਇਹ ਕਾਰਵਾਈ ਲਗਾਤਾਰ ਵੱਧਦੀ ਹੀ ਜਾ ਰਹੀ ਹੈ।
ਬਾਜਾਰਾਂ ਵਿੱਚ ਵਿਕਦਾ ਖਾਣ ਪੀਣ ਦਾ ਅਜਿਹਾ ਮਿਲਾਵਟੀ ਜਾਂ ਨਕਲੀ ਸਾਮਾਨ ਆਮ ਲੋਕਾਂ ਦੀ ਸਿਹਤ ਉੱਪਰ ਬਹੁਤ ਮਾਰੂ ਅਸਰ ਪਾਉਂਦਾ ਹੈ। ਸ਼ਹਿਰ ਦੀਆਂ ਮਾਰਕੀਟਾਂ ਵਿੱਚ ਰੇਹੜੀਆਂ ਲਗਾ ਕੇ ਵੇਚੇ ਜਾਣ ਵਾਲੇ ਖਾਣ ਪੀਣ ਦੇ ਸਾਮਾਨ ਜਿਵੇਂ ਕੜ੍ਹੀ ਚਾਵਲ, ਵੜਾ ਪਾਓ, ਕੁਲਚੇ ਛੋਲੇ, ਮੂਮੋ, ਸੈਂਡਵਿਚ ਅਤੇ ਅਜਿਹੇ ਹੋਰ ਤਰ੍ਹਾਂ ਦੇ ਸਾਮਾਨ ਦੀ ਗੁਣਵਤਾ ਦੀ ਜਾਂਚ ਲਈ ਸਿਹਤ ਵਿਭਾਗ ਵਲੋਂ ਕੁੱਝ ਵੀ ਨਹੀਂ ਕੀਤਾ ਜਾਂਦਾ ਜਦੋਂ ਕਿ ਸਿਹਤ ਵਿਭਾਗ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਅਨਸਰਾਂ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਜਿਹਨਾਂ ਵਲੋਂ ਆਪਣੇ ਨਿੱਜੀ ਮੁਨਾਫੇ ਲਈ ਆਮ ਲੋਕਾਂ ਨੂੰ ਖਾਣ ਪੀਣ ਦਾ ਘਟੀਆ ਸਾਮਾਨ ਵੇਚਿਆ ਜਾਂਦਾ ਹੈ।ਇਸੇ ਤਰ੍ਹਾਂ ਬਾਜਾਰ ਵਿੱਚ ਵਿਕਣ ਵਾਲੇ ਨਕਲੀ ਦੁੱਧ (ਸਿੰਥੈਟਿਕ ਦੁੱਧ), ਸਬਜੀਆਂ, ਫਲ ਅਤੇ ਦੁੱਧ ਨਾਲ ਬਣਨ ਵਾਲੇ ਹੋਰ ਉਤਪਾਦਾਂ (ਪਨੀਰ, ਮੱਖਣ, ਖੋਆ, ਕ੍ਰੀਮ, ਦਹੀ, ਲੱਸੀ ਆਦਿ) ਦੇ ਉਤਪਾਦਨ ਅਤੇ ਬਾਜਾਰ ਵਿੱਚ ਚਲ ਰਹੀ ਇਹਨਾਂ ਉਤਪਾਦਾਂ ਦੀ ਵਿਕਰੀ ਸੰਬੰਧੀ ਵਿਖਾਈਆਂ ਜਾਣ ਵਾਲੀਆਂ ਮੀਡੀਆ ਰਿਪੋਰਟਾਂ ਲੋਕਾਂ ਦੇ ਲੂ ਕੰਢੇ ਖੜ੍ਹੇ ਕਰਨ ਵਾਲੀਆਂ ਹੁੰਦੀਆਂ ਹਨ ਜਿਹੜੀਆਂ ਇਹ ਸਾਬਿਤ ਕਰਦੀਆਂ ਹਨ ਕਿ ਦੇਸ਼ ਵਿੱਚ ਹਰ ਤਰ੍ਹਾਂ ਦੇ ਖਾਣ ਪੀਣ ਦੇ ਸਾਮਾਨ ਦੇ ਰੂਪ ਵਿੱਚ ਜਨਤਾ ਨੂੰ ਜਹਿਰ ਪਰੋਸਿਆ ਜਾ ਰਿਹਾ ਹੈ।ਇਸ ਤਰੀਕੇ ਨਾਲ ਹੁੰਦੀ ਖਾਣ ਪੀਣ ਦੇ ਨਕਲੀ ਅਤੇ ਦੂਸ਼ਿਤ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣਾ ਸਿਹਤ ਵਿਭਾਗ ਦੀ ਜਿੰਮੇਵਾਰੀ ਹੈ ਜਿਸ ਵਲੋਂ ਕਦੇ ਕਦਾਰ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਕੰਮ ਕਰਦੇ ਹਲਵਾਈਆਂ ਅਤੇ ਥੋਕ ਵਿੱਚ ਮਿਠਾਈਆਂ ਆਦਿ ਬਣਾਉਣ ਵਾਲੇ ਲੋਕਾਂ ਉੱਪਰ ਛਾਪੇਮਾਰੀ ਕਰਕੇ ਖਾਨਾਪੂਰਤੀ ਕਰ ਲਈ ਜਾਂਦੀ ਹੈ। ਹਾਲਾਂਕਿ ਸਿਹਤ ਵਿਭਾਗ ਵਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਵੱਲੋਂ ਕੀਤੀ ਜਾਣ ਵਾਲੀ ਇਹ ਕਾਰਵਾਈ ਲਗਾਤਾਰ ਜਾਰੀ ਰਹਿੰਦੀ ਹੈ ਪਰੰਤੂ ਅਸਲੀਅਤ ਵਿੱਚ ਅਜਿਹੀ ਕਾਰਵਾਈ ਕਦੇ ਕਦਾਰ ਹੀ ਵੇਖਣ ਵਿੱਚ ਆਉਂਦੀ ਹੈ।ਸਿਹਤ ਵਿਭਾਗ ਵਲੋਂ ਕੀਤੀ ਜਾਣ ਵਾਲੀ ਇਹ ਕਾਰਵਾਈ ਆਮ ਤੌਰ ਤੇ ਤਿਊਹਾਰਾਂ ਦੇ ਮੌਸਮ ਦੌਰਾਨ ਹੀ ਕੀਤੀ ਜਾਂਦੀ ਹੈ ਅਤੇ ਇਸ ਕਾਰਵਾਈ ਦੌਰਾਨ ਨਕਲੀ ਅਤੇ ਮਿਲਾਵਟੀ ਮਿਠਾਈਆਂ ਅਤੇ ਅਜਿਹੇ ਹੋਰ ਸਾਮਾਨ ਦੀ ਫੜੋ ਫੜੀ ਵੀ ਕੀਤੀ ਜਾਂਦੀ ਹੈ ਪਰੰਤੂ ਉਸਦੀ ਇਸ ਕਾਰਵਾਈ ਨਾਲ ਆਮ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਜਿਹੇ ਸਾਮਾਨ ਤੇ ਮੁਕੰਮਲ ਰੋਕ ਨਹੀਂ ਲੱਗਦੀ। ਬਦਲ ਰਹੇ ਇਸ ਮੌਸਮ ਵਿੱਚ ਜਦੋਂ ਲੋਕਾਂ ਨੂੰ ਖਾਣ ਪੀਣ ਦੇ ਦੂਸ਼ਿਤ ਸਾਮਾਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਬਹੁਤ ਵੱਧ ਜਾਂਦਾ ਹੈ ਇਸ ਸੰਬੰਧੀ ਵਿਸ਼ੇਸ਼ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਮਿਲਾਵਟੀ ਅਤੇ ਘਟੀਆ ਸਾਮਾਨ ਬਣਾਉਣ ਅਤੇ ਵੇਚਣ ਵਾਲੇ ਲੋਕਾਂ ਦੇ ਖਿਲਾਫ ਲੋੜੀਂਦੀ ਕਾਨੂੰਨੀ ਕਾਰਵਾਈ ਕਰਕੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸ਼ਹਿਰ ਵਿੱਚ ਵਿਕਣ ਵਾਲਾ ਅਜਿਹਾ ਕੋਈ ਵੀ ਸਾਮਾਨ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਨਾ ਹੋਵੇ।ਇਸ ਸਮੱਸਿਆ ਦਾ ਮੁਕੰਮਲ ਹਲ ਕਰਨ ਲਈ ਇਸ ਕਾਰਵਾਈ ਨੂੰ ਤਿੱਖਾ ਅਤੇ ਪ੍ਰਭਾਵੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਸੰਬੰਧੀ ਆਮ ਲੋਕਾਂ ਦੀ ਸਿਹਤ ਤੇ ਮੰਡਰਾ ਰਹੇ ਇਸ ਖਤਰੇ ਨੂੰ ਬਿਹਤਰ ਤਰੀਕੇ ਨਾਲ ਕਾਬੂ ਕੀਤਾ ਜਾ ਸਕੇ।

Share Button

Leave a Reply

Your email address will not be published. Required fields are marked *

%d bloggers like this: