Tue. Jul 23rd, 2019

ਖਹਿਰੇ ਨੂੰ ਵਿਧਾਨ ਸਭਾ ਸੈਸ਼ਨ ਨੂੰ ਵਧਾਉਣ ਦੀ ਮੰਗ ਕਰਨ ਦਾ ਨੈਤਿਕ ਅਧਿਕਾਰ ਨਹੀਂ: ਸਿੱਕੀ

ਖਹਿਰੇ ਨੂੰ ਵਿਧਾਨ ਸਭਾ ਸੈਸ਼ਨ ਨੂੰ ਵਧਾਉਣ ਦੀ ਮੰਗ ਕਰਨ ਦਾ ਨੈਤਿਕ ਅਧਿਕਾਰ ਨਹੀਂ: ਸਿੱਕੀ

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਖਡੂਰ ਸਾਹਿਬ ਹਲਕੇ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਅੱਜ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕਿਹਾ ਕਿ ਨਸ਼ਿਆਂ ਦੀ ਤਸ਼ਕਰੀ ਵਿੱਚ ਦਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਦੇ ਸ਼ੈਸ਼ਨ ਨੂੰ ਵਧਾਉਣ ਦੀ ਮੰਗ ਕਰਨ ਦਾ ਨੈਤਿਕ ਅਧਿਕਾਰ ਨਹੀਂ ਹੈ। ਸਿੱਕੀ ਨੇ ਕਿਹਾ ਕਿ ਇਹ ਬੜੀ ਹਾਸੋ-ਹੀਣੀ ਗੱਲ ਹੈ ਕਿ ਜਿਸ ਵਿਅਕਤੀ ਦਾ ਵਿਧਾਨ ਸਭਾ ਵਿੱਚ ਬੈਠਣ ਦਾ ਅਧਿਕਾਰ ਹੀ ਹੁਣ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੋਵੇ ਉਹ ਵਿਅਕਤੀ ਵਿਧਾਨ ਸਭਾ ਦੇ ਸ਼ੈਸ਼ਨ ਨੂੰ ਲੰਮੇਰਾ ਕਰਨ ਦੀ ਮੰਗ ਰੱਖ ਰਿਹਾ ਹੈ। ਸਿੱਕੀ ਨੇ ਇਹ ਬਿਆਨ ਸੁਖਪਾਲ ਖਹਿਰਾ ਵੱਲੋਂ ਵਿਧਾਨ ਸਭਾ ਦੇ ਸ਼ੈਸ਼ਨ ਨੂੰ ਵਧਾਏ ਜਾਣ ਦੀ ਰੱਖੀ ਮੰਗ ਦੇ ਪ੍ਰਤੀਕਰਮ ਵੱਜੋਂ ਦਿੱਤਾ। ਕਾਂਗਰਸੀ ਵਿਧਾਇਕ ਨੇ ਕਿਹਾ ਕਿ ਖਹਿਰੇ ਨੂੰ ਤਾਂ ਸਿਰਫ਼ ਇਸ ਗੱਲ ਲਈ ਹੀ ਸਪੀਕਰ ਵਿਧਾਨ ਸਭਾ ਦਾ ਰਿਣੀ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਖਹਿਰੇ ਨੂੰ ਮਿਲਣ ਅਤੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਕਿਉਂਕਿ  ਨਸ਼ਿਆਂ ਦੀ ਤਸ਼ਕਰੀ ਵਰਗੇ ਗੰਭੀਰ ਇਲਜ਼ਾਮਾਂ ਵਿੱਚ ਘਿਰੇ ਕਿਸੇ ਵੀ ਵਿਅਕਤੀ ਨੂੰ ਵਿਧਾਨ ਸਭਾ ਦੇ ਪਵਿੱਤਰ ਸਦਨ ਵਿੱਚ ਦਾਖਿਲ ਹੋਣ ਦਾ ਅਧਿਕਾਰ ਨਹੀਂ। ਸ. ਸਿੱਕੀ ਨੇ ਕਿਹਾ ਕਿ ਖਹਿਰਾ ਇਹ ਭਲੀਭਾਂਤ ਜਾਣਦਾ ਹੈ ਕਿ ਵਿਰੋਧੀ ਧਿਰ ਦੇ ਆਗੂ ਵਜੋਂ ਉਸ ਦੇ ਦਿਨ ਪੁੱਗ ਚੁੱਕੇ ਹਨ ਕਿਉਂਕਿ ਖਹਿਰੇ ਦੇ ਵਿਰੁੱਧ ਉਸਦੀ ਆਪਣੀ ਪਾਰਟੀ ਦੇ ਅੰਦਰ ਬਗਾਬਤ ਸ਼ੁਰੂ ਹੋ ਚੁਕੀ ਹੈ। ਉਹਨਾਂ ਕਿਹਾ ਕਿ ਇਹ ਜਾਪਦਾ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਨੇ ਖਹਿਰੇ ਨੂੰ ਅਸਤੀਫਾ ਨਾ ਦੇਣ ਦੀ ਗੱਲ ਆਖੀ ਹੈ ਕਿਉਂਕਿ ਖਹਿਰੇ ਨੇ ਖੁੱਲੇਆਮ ਇਹ ਬਿਆਨ ਦਿੱਤਾ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ, ਜਿਸ ਉੱਤੇ ਵੀ ਗੰਭੀਰ ਦੋਸ਼ ਲਗੇ ਹਨ, ਨੂੰ ਬਚਾ ਰਹੇ ਹਨ ਤਾਂ ਇਸ ਸਥਿਤੀ ਵਿਚ ਕੋਈ ਵਿਅਕਤੀ ਉਸ ਦਾ (ਖਹਿਰੇ ਦਾ) ਅਸਤੀਫਾ ਕਿਵੇਂ ਮੰਗ ਸਕਦਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕੇ ਨਸ਼ਿਆਂ ਦੀ ਤਸ਼ਕਰੀ ਦੇ ਲੱਗੇ ਦੋਸ਼ ਬਹੁਤ ਹੀ ਗੰਭੀਰ ਹਨ, ਜਿਹਨਾਂ ਤੋਂ ਖਹਿਰੇ ਦਾ ਬਚ ਨਿਕਲਣਾ ਮੁਸ਼ਕਿਲ ਹੈ। ਉਹਨਾਂ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਅਧੀਨ ਹੈ ਅਤੇ ਅਦਾਲਤ ਦੇ ਫੈਸਲੇ ਮਗਰੋਂ ਖਹਿਰੇ ਦੇ ਭਵਿੱਖ ਦਾ ਫੈਸਲਾ ਹੋ ਜਾਵੇਗਾ।

Leave a Reply

Your email address will not be published. Required fields are marked *

%d bloggers like this: