Tue. Sep 24th, 2019

ਖਹਿਰੇ ਦੇ ਅਦਾਲਤੀ ਸੰਮਨਾਂ ਨੇ ਕਸੂਤੀ ਫਸਾਈ ‘ਆਪ’, ਵਿਰੋਧੀ ਪਾਰਟੀਆਂ ਨੇ ਮੰਗੀ ਖਹਿਰੇ ਦੀ ਬਲੀ

ਖਹਿਰੇ ਦੇ ਅਦਾਲਤੀ ਸੰਮਨਾਂ ਨੇ ਕਸੂਤੀ ਫਸਾਈ ‘ਆਪ’, ਵਿਰੋਧੀ ਪਾਰਟੀਆਂ ਨੇ ਮੰਗੀ ਖਹਿਰੇ ਦੀ ਬਲੀ
ਖਹਿਰਾ ਨੇ ਅਦਾਲਤੀ ਸੰਮਨਾਂ ਨੂੰ ਦੱਸਿਆ ਸਿਆਸੀ ਸਾਜਿਸ਼

ਡਰੱਗ ਮਾਮਲੇ ਦੇ ਫਾਜ਼ਿਲਕਾ ਦੀ ਅਦਾਲਤ ਵੱਲੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੂੰ ਸੰਮਨ ਕੀਤੇ ਜਾਣ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਲਈ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ । ਡਰੱਗ ਨੂੰ ਮੁੱਖ ਮੁੱਦਾ ਬਣਾ ਕੇ ਵਿਧਾਨ ਸਭਾ ਚੋਣਾਂ ਲੜ ਚੁੱਕੀ ‘ਆਪ’ ਦੇ ਸੀਨੀਅਰ ਲੀਡਰ ਨੂੰ ਅਦਾਲਤ ਵੱਲੋਂ ਸੰਮਨ ਕੀਤੇ ਜਾਣ ਦਾ ਮੁੱਦਾ ਵਿਰੋਧੀ ਧਿਰਾਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਜ਼ੋਰ-ਸ਼ੋਰ ਨਾਲ ਚੁੱਕ ਲਿਆ ਹੈ ।
ਸੁਖਪਾਲ ਖਹਿਰਾ ਨੇ ਇਹਨਾਂ ਅਦਾਲਤੀ ਸੰਮਨਾਂ ਨੂੰ ਆਪਣੇ ਖਿਲ਼ਾਫ ਸਿਆਸੀ ਸਾਜਿਸ਼ ਕਰਾਰ ਦਿੱਤਾ ਹੈ । ਖਹਿਰਾ ਨੇ ਕਿਹਾ ਹੈ ਕਿ ਅਕਾਲੀ ਦਲ ਤੇ ਕਾਂਗਰਸ ਮਿਲਕੇ ਉਹਨਾਂ ਦਾ ਸਿਆਸੀ ਕੈਰੀਅਰ ਤਬਾਹ ਕਰਨਾ ਚਾਹੁੰਦੇ ਹਨ ਕਿਉਂਕਿ ਇਹ ਮਾਮਲਾ ਅਕਾਲੀ-ਭਾਜਪਾ ਸਰਕਾਰ ਵੇਲੇ ਦਰਜ਼ ਹੋਇਆ ਸੀ ਤੇ ਹੁਣ ਕਾਂਗਰਸ ਸਰਕਾਰ ਇਸਨੂੰ ਅੱਗੇ ਵਧਾ ਰਹੀ ਹੈ ।
ਉਧਰ ਵਿਰੋਧੀ ਧਿਰਾਂ ਨੇ ਖਹਿਰਾ ਖਿਲਾਫ ਕਮਰ ਕੱਸ ਲਈ ਹੈ ਤੇ ਇਕ ਸੁਰ ਵਿੱਚ ਖਹਿਰਾ ਦੀ ਬਲੀ ਮੰਗੀ ਗਈ ਹੈ । ਸੀਨੀਅਰ ਕਾਂਗਰਸ ਆਗੂ ਤੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਖਹਿਰਾ ਨੂੰ ਨੈਤਿਕਤਾ ਦੇ ਅਧਾਰ ਤੇ ਤੁਰੰਤ ਪ੍ਰਭਾਵ ਨਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ।
ਅਕਾਲੀ ਦਲ ਤੇ ਭਾਜਪਾ ਨੇ ਵੀ ਡਰੱਗ ਮਾਮਲੇ ਤੇ ਖਹਿਰੇ ਤੇ ਨਿਸ਼ਾਨਾ ਦਾਗਿਆ ਹੈ । ਭਾਜਪਾ ਦੇ ਬੁਲਾਰੇ ਵਿਨੀਤ ਜੋਸ਼ੀ ਨੇ ਕਿਹਾ ਕਿ ਡਰੱਗ ਦੇ ਮੁੱਦੇ ਤੇ ਚੋਣ ਲੜਣ ਵਾਲੀ ‘ਆਪ’ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ ਤੇ ਪਾਰਟੀ ਨੂੰ ਖਹਿਰਾ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ ।
ਜਿਥੇ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖਹਿਰਾ ਦੇ ਅਸਤੀਫੇ ਦੀ ਮੰਗ ਕੀਤੀ ਉਥੇ ਹੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਮਹੇਸ਼ਇੰਦਰ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਵਿਰਸਾ ਸਿੰਘ ਵਲਟੋਹਾ ਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ‘ਕੀ ਹੁਣ ਕੇਜਰੀਵਾਲ ਖਹਿਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਬਰਖਾਸਤ ਕਰਨਗੇ? ਅਕਾਲੀ ਨੇਤਾਵਾਂ ਨੇ ਖਹਿਰਾ ਵੱਲੋਂ ਲਗਾਏ ਸਿਆਸੀ ਰੰਜਿਸ਼ ਦੇ ਦੋਸ਼ਾਂ ਦੇ ਜਵਾਬ ਵਿੱਚ ਕਿਹਾ ਕਿ ਜੇ ਨਿਆਂਇਕ ਪ੍ਰਣਾਲੀ ਵੀ ਸਿਆਸੀ ਪਰਛਾਂਵੇ ਹੇਠ ਹੈ ਤਾਂ ਕੀ ਉਹਨਾਂ ਦੇ ਰਿਸ਼ਤੇਦਾਰ ਸਾਬਕਾ ਜੱਜ ਵੀ ਹੁਣ ਤੱਕ ਸਿਆਸੀ ਪ੍ਰਭਾਵ ਹੇਠ ਫੈਸਲੇ ਲੈਂਦੇ ਆਏ ਨੇ ? ਅਕਾਲੀ ਦਲ ਨੇ ਇਕ ਕਦਮ ਹੋਰ ਅੱਗੇ ਜਾਂਦੇ ਹੋਏ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਇਸ ਮਾਮਲੇ ਦੀ ਵੱਖਤੇ ਤੌਰ ਤੇ ਜਾਂਚ ਕਰਵਾਉਣ ਦੀ ਮੰਗ ਵੀ ਰੱਖ ਦਿੱਤੀ ਹੈ ।
ਕੁੱਲ ਮਿਲਾ ਕੇ ਖਹਿਰਾ ਨੂੰ ਡਰੱਗ ਮਾਮਲੇ ਚ ਆਏ ਅਦਾਲਤੀ ਸੰਮਨਾਂ ਨੇ ਖਹਿਰਾ ਹੀ ਨਹੀਂ, ਆਮ ਆਦਮੀ ਪਾਰਟੀ ਦੇ ਲਈ ਵੀ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ, ਸੋ ਹੁਣ ਦੇਖਣਾ ਹੋਏਗਾ ਕਿ ਪਾਰਟੀ ਚਾਰੇ ਪਾਸਿਓਂ ਪੈ ਰਹੇ ਇਸ ਦਬਾਅ ਨਾਲ ਕਿਸ ਤਰੀਕੇ ਨਾਲ ਨਜਿੱਠੇਗੀ ?

Leave a Reply

Your email address will not be published. Required fields are marked *

%d bloggers like this: