Thu. Oct 17th, 2019

ਕੱਟੜ  ਫੈਨ (ਅੰਨ੍ਹੇ ਭਗਤ)

ਕੱਟੜ  ਫੈਨ (ਅੰਨ੍ਹੇ ਭਗਤ)

ਅੱਜ-ਕੱਲ੍ਹ ਇਹ ਕਹਿੰਦੇ ਲੋਕ ਆਮ ਸੁਣੇ ਜਾ ਸਕਦੇ ਹਨ ਕਿ ਮੈਂ ਫ਼ਲਾਣੇ ਗਾਉਣ ਵਾਲੇ ਦਾ ਫੈਨ ਹਾਂ, ਮੈਂ  ਧਿਮਕੇ ਬਾਈ (ਗੁੰਡੇ ) ਦਾ ਫੈਨ ਹਾਂ, ਫ਼ਲਾਣੇ ਬਾਬੇ( ਅਖੌਤੀ ) ਦਾ ਫੈਨ ਹਾਂ| ਬੱਸ  ਕੋਈ ਥੋੜ੍ਹਾ ਜਿਹਾ ਚਰਚਾ ਵਿੱਚ ਆਉਣਾ  ਚਾਹੀਦਾ, ਉਸਨੂੰ ਬਹੁਤ ਸਾਰੇ ਫੈਨ (ਅੰਨ੍ਹੇ ਭਗਤ) ਮਿਲ ਜਾਂਦੇ ਹਨ।
 ਕਿਸੇ ਦੀ ਕਲਾ ਨੂੰ ਸਲਾਹੁਣਾ,ਕਿਸੇ ਦੀ ਰਹਿਣੀ- ਬਹਿਣੀ ਜਾਂ ਅਧਿਆਤਮਿਕ ਪਹੁੰਚ ਜਾਂ ਵਿਚਾਰਾਂ ਦੇ ਪੱਖੀ  ਹੋਣਾ ਕੋਈ ਮਾੜੀ ਗੱਲ  ਨਹੀਂ ਹੈ। ਪਰ ਕੀ ਕਿਸੇ   ਦੁਆਰਾ ਆਪਣੀ ਮਰਜੀ ਨਾਲ ਮਿਥ ਕੇ ਆਪਣੀ ਸ਼ਖ਼ਸੀਅਤ ਦਾ ਜੋ ਪੱਖ ਤਹਾਡੇ  ਸਾਹਮਣੇ ਉਭਾਰਿਆ ਗਿਆ ਹੈ ਸਿਰਫ ਉਸ ਦੇ ਅਧਾਰ ‘ਤੇ ਉਸ ਦੇ ਮੁਰੀਦ ਹੋ ਜਾਣਾ ਠੀਕ ਹੈ ? ਉਸਦੇ ਮਾੜੇ ਪੱਖਾਂ ਨੂੰ ਵੀ ਆਦਰਸ ਮੰਨ ਲੈਣਾ  ਠੀਕ ਹੈ ? ਸਭ ਤੋਂ ਵੱਡਾ ਸਵਾਲ; ਕੀ ਉਸ ਸ਼ਖਸ ਤੋਂ ਬਿਨਾ ਤੁਹਾਡਾ ਆਪਣਾ ਕੋਈ ਵਜੂਦ  ਨਹੀਂ ਹੈ? ਇਸ ਤਰਾਂ ਦੇ ਸਵਾਲ ਮੇਰੇ ਜ਼ਹਿਨ ਵਿਚ ਅਕਸਰ ਉੱਠਦੇ ਹਨ। ਇਹਨਾਂ ਸਵਾਲਾਂ  ਦੇ ਜਵਾਬ ਜਦੋਂ ਮੈਂ ਆਪਣੇ ਪੁਰਖਿਆਂ ਨੂੰ ਪੁੱਛੇ  ਤਾਂ ਉਹਨਾਂ ਦੇ ਜੋ ਜਵਾਬ ਇਤਿਹਾਸਿਕ ਪੁਸਤਕਾਂ ਤੇ ਹੋਰ ਸ੍ਰੋਤਾਂ ਦੇ ਹਵਾਲੇ ਨਾਲ ਮੈਨੂੰ ਮਿਲੇ। ਉਹ ਅਜੋਕੀ ਪੀੜ੍ਹੀ ਦੇ ਪੰਜਾਬੀਆਂ ਦੇ ਤਬਦੀਲ ਹੋ ਰਹੇ ਸੁਭਾਅ ਨਾਲ ਮੇਲ ਨਹੀਂ ਖਾਂਦੇ।
ਇਤਿਹਾਸ ਵਿੱਚ ਹਵਾਲਾ ਮਿਲਦਾ  ਹੈ, ਪੰਜ  ਪਿਆਰਿਆਂ ਦੁਆਰਾ ਆਪਣੇ ਆਦਰਸ਼ ਗੁਰੂ ਗੋਬਿੰਦ ਸਿੰਘ ਨੂੰ ਚਮਕੌਰ  ਦੀ ਗੜ੍ਹੀ ਵਿਚ ਹੁਕਮ ਸੁਣਾਉਣ  ਦਾ, ਅਕਾਲੀ  ਫੂਲਾ ਸਿੰਘ ਦੁਆਰਾ ਮਹਾਰਾਜਾ ਰਣਜੀਤ ਸਿੰਘ   ਨੂੰ ਉਸਦੇ ਜਰਾ ਕੁ ਖ਼ਾਲਸਾਈ ਅਸੂਲਾਂ ਤੋਂ ਥਿੜਕਣ ‘ਤੇ ਉਹਨਾਂ ਨੂੰ ਤਾੜ ਕੇ ਵਰਜਣ ਦਾ। ਇਸ ਤੋਂ ਇਲਾਵਾ ਸਾਡੇ ਮਹਾਨ ਲਿਖਾਰੀਆਂ  ਦੁਆਰਾ ਲੋਕ ਨਾਇਕਾਂ ਦੇ ਗੁਣਗਾਣ ਦੇ ਨਾਲ-ਨਾਲ ਉਹਨਾਂ ਦੇ ਮਾੜੇ ਪੱਖ ਸਾਹਮਣੇ ਲਿਆਉਣੇ  ਜਾਂ ਮਹਾਨ ਲਿਖਾਰੀਆਂ ਦੀਆਂ ਲਿਖਤਾਂ ‘ਤੇ ਵੀ ਯੋਗ ਟਿੱਪਣੀ ਕਰਨੀ। ਉਦਾਹਰਣ ਦੇ ਤੌਰ ‘ਤੇ ਸਿਵ ਕੁਮਾਰ ਬਟਾਲਵੀ  ਦੇ ਬੋਲ ‘ਮੈਂ ਪੂਰਨ ਦੀ ਮਾਂ ਪੂਰਨ ਦੇ ਹਾਣਦੀ’ ,  ਗੁਰਦਾਸ ਮਾਨ ਦਾ ‘ਕੁੜੀਏ ਕਿਸਮਤ ਪੁੜੀਏ’ ਗੀਤ ਵਿਚ ਕਹਿਣਾ ‘ਇਕੱਲੀ  ਸਾਹਿਬਾਂ ਬੁਰੀ ਬਣਾ ਤੀ ਮਰਦ ਹਜਾਰਾਂ ਨੇ’ , ‘ਕਵੀਆਂ ਦੀ ਇਸ ਗ਼ਲਤੀ ਨੂੰ ਮੈਂ ਕਿਵੇਂ ਸੁਧਾਰ ਦਿਆਂ’, ਬਲਦੇਵ ਸਿੰਘ ਵਰਗੇ ਲਿਖਾਰੀਆਂ ਦੁਆਰਾ ਲੋਕ ਗਾਥਾਵਾਂ ਵਿੱਚ ਦੁੱਲੇ ਭੱਟੀ ਦੇ ਗੁਣਗਾਣ ਕਰਨ ਦੇ ਨਾਲ ਸ਼ਰਾਬ ਦੇ ਆਦੀ ਹੋਣ ਵਰਗੇ ਪੱਖਾਂ ਨੂੰ ਪੇਸ਼  ਕਰਨਾ ਆਦਿ।
            ਪ੍ਰੰਤੂ ਅਜੋਕੇ ਸਮੇਂ ਪੰਜਾਬੀ ਲੋਕਮਨ  ਵਿਚ ਜੋ ਕਿਸੇ ਦੇ ਫੈਨ ਹੋਣ ਦੀ ਭੇਡ ਚਾਲ ਦਾ  ਕਾਇਰਤਾ ਭਰਿਆ ਵਰਤਾਰਾ ਘਟਿਤ ਹੋ ਰਿਹਾ ਹੈ। ਉਹ ਪ੍ਰੋ. ਪੂਰਨ ਸਿੰਘ ਦੇ ਅੱਥਰੇ ਸੁਭਾਅ  ਵਾਲੇ ਮੂੰਹ ‘ਤੇ ਗੱਲ ਕਹਿਣ ਵਾਲੇ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਨਹੀਂ ਸੀ। ਭੇਡ ਚਾਲ ਦਾ ਇਹ ਰਵਈਆ ਸਾਡੇ ਲਈ ਇਸ ਕਰਕੇ ਚਿੰਤਾ  ਦਾ ਵਿਸ਼ਾ ਹੋਣਾ ਚਾਹੀਂਦਾ ਹੈ ਕਿਉਂਕਿ ਇਹ ਬੇਵਜ੍ਹਾ ਵਿਵਾਦਾਂ ਨੂੰ ਜਨਮ ਦਿੰਦਾ ਹੈ ਅਤੇ ਸਾਡੀ  ਜਵਾਨੀ ਨੂੰ ਦਿਸ਼ਾ-ਹੀਣ ਕਰਕੇ ਮੰਜਿਲਾਂ ਤੋਂ ਵਾਂਝੀ  ਕਰਦਾ ਹੈ। ਜਦੋਂ ਅਸੀਂ ਆਪਣੇ ਨਿਗੂਣੇ ਸੋਸ਼ਲ ਮੀਡਿਆ ਦੇ ਜਰੀਏ ਆਪੇ ਬਣੇ ਨਾਇਕਾਂ ਦੀਆਂ ਸਿਫਤਾਂ ਕਰਦੇ ਲੋਕਾਂ ਨੂੰ ਦੇਖਦੇ ਹਾਂ ਤਾਂ ਰਾਤ ਨੂੰ ਉੱਪਰ ਵੱਲ ਮੂੰਹ ਕਰਕੇ ਹੁਆਂਕਦੇ ਗਿੱਦੜਾਂ   ਦੀ ਡਾਰ ਦਾ ਭੁਲੇਖਾ ਪੈਂਦਾ ਹੈ।
ਸੁਖਚਰਨ ਸਿੰਘ ਸਰਾਂ 
90419-50845

Leave a Reply

Your email address will not be published. Required fields are marked *

%d bloggers like this: