Thu. Jun 20th, 2019

ਕੰਡਿਆਲੀ ਤਾਰ ਦੇ ਪਾਰ ਖੇਤੀ ਤੋਂ ਰੋਕ ਹਟੀ

ਕੰਡਿਆਲੀ ਤਾਰ ਦੇ ਪਾਰ ਖੇਤੀ ਤੋਂ ਰੋਕ ਹਟੀ

10210cd-_2-oct-1

ਫ਼ਿਰੋਜ਼ਪੁਰ, 2 ਅਕਤੂਬਰ (ਪ.ਪ.) ਪੰਜਾਬ ਸਰਕਾਰ ਨੇ ਭਾਰਤ-ਪਾਕਿ ਸਰਹੱਦ ’ਤੇ ਕੰਡਿਆਲੀ ਤਾਰ (ਜ਼ੀਰੋ ਲਾਈਨ) ਦੇ ਪਾਰ ਖੇਤੀ ਕਰਨ ’ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ। ਸਰਹੱਦੀ ਖੇਤਰ ਦੇ ਕਿਸਾਨ ਹੁਣ ਆਪਣੇ ਰੋਜ਼ਮੱਰਾ ਦੇ ਖੇਤੀ ਕਾਰਜਾਂ ਲਈ ਪਹਿਲਾਂ ਤੋਂ ਨਿਰਧਾਰਿਤ ਨਿਯਮਾਂ ਦੀ ਪਾਲਨਾ ਕਰਦੇ ਹੋਏ ਤਾਰਬੰਦੀ ਦੇ ਪਾਰ ਜਾ ਸਕਦੇ ਹਨ। ਇਸ ਗੱਲ ਦਾ ਖੁਲਾਸਾ ਕਰਦਿਆਂ ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਬੀ.ਐਸ.ਐਫ. ਵੱਲੋਂ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਸਾਂਭ ਸੰਭਾਲ, ਕਟਾਈ ਅਤੇ ਅਗਲੀ ਫ਼ਸਲ ਦੀ ਬਿਜਾਈ ਲਈ ਤਾਰਬੰਦੀ ਦੇ ਪਾਰ ਜਾਣ ਤੋਂ ਨਹੀਂ ਰੋਕਿਆ ਜਾਵੇਗਾ ਪਰ ਇਸ ਦੇ ਲਈ ਪਹਿਲਾਂ ਤੋਂ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੋਮਵਾਰ ਨੂੰ ਸਰਹੱਦੀ ਲੋਕਾਂ ਦਾ ਹੌਸਲਾ ਵਧਾਉਣ, ਉਨ੍ਹਾਂ ਦੀ ਸੁਰੱਖਿਆ ਲਈ ਕੀਤੇ ਪ੍ਰਬੰਧਾਂ ਅਤੇ ਰਾਹਤ ਕੇਂਦਰਾਂ ਆਦਿ ਦਾ ਦੌਰਾ ਕਰਨਗੇ। ਉਹ ਹੁਸੈਨੀਵਾਲਾ ਸਰਹੱਦ ਨਾਲ ਲੱਗਦੇ ਪਿੰਡ ਟੇਂਡੀਵਾਲਾ, ਦਿਹਾਤੀ ਹਲਕੇ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਅਤੇ ਗੁਰੂਹਰਸਹਾਏ ਹਲਕੇ ਦੇ ਸਰਹੱਦੀ ਪਿੰਡ ਗਜਨੀ ਵਾਲਾ ਵਿਖੇ ਸਰਹੱਦੀ ਲੋਕਾਂ ਨਾਲ ਮੁਲਾਕਾਤ ਕਰਨਗੇ।
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਅੱਜ ਇਥੇ ਸਰਹੱਦੀ ਲੋਕਾਂ ਦੀ ਸੁਰੱਖਿਆ ਲਈ ਕੀਤੇ ਇੰਤਜ਼ਾਮ ਅਤੇ ਰਾਹਤ ਕੈਂਪਾਂ ਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪਿੰਡ ਹਬੀਬ ਵਾਲਾ, ਰੁਹੇਲਾ ਹਾਜੀ ਅਤੇ ਕਾਮਲ ਵਾਲਾ ਸਮੇਤ ਵੱਡੀ ਗਿਣਤੀ ਵਿਚ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ ਹਰ ਤਰਾਂ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਹਲਕਾ ਦਿਹਾਤੀ ਜੋਗਿੰਦਰ ਸਿੰਘ ਜਿੰਦੂ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਅੰਤਰ-ਰਾਸ਼ਟਰੀ ਭਾਰਤ ਪਾਕਿ ਸਰਹੱਦਾਂ ਤੇ ਰਹਿੰਦੇ ਲੋਕਾਂ ਨੂੰ ਸੱਚੇ ਦੇਸ਼ ਭਗਤ ਕਹਿੰਦਿਆਂ ਕਿਹਾ ਕਿ ਇਸ ਧਰਤੀ ਦੇ ਉਹ ਪੁੱਤਰ ਹਨ, ਜਿਨ੍ਹਾਂ ਨੂੰ ਹਰ ਰੋਜ਼ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਮੁਸ਼ਕਲਾਂ ਦੇ ਬਾਵਜੂਦ ਇਨਾਂ ਬਹਾਦਰ ਅਤੇ ਮਿਹਨਤੀ ਲੋਕਾਂ ਨੇ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ।
ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਮੌਕੇ ਤੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਸਰਹੱਦੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਤਿਹਾਤ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਿਤ ਕੀਤੇ ਗਏ ਰਾਹਤ ਕੈਂਪਾਂ ਵਿੱਚ ਪੁੱਜਣ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸੁਰੱਖਿਆ, ਖਾਣ ਪੀਣ, ਪਸ਼ੂਆਂ ਲਈ ਚਾਰੇ ਅਤੇ ਰਹਿਣ ਸਮੇਤ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਸਰਹੱਦੀ ਲੋਕਾਂ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਘਬਰਾਉਣ ਨਾ ਅਤੇ ਅਫ਼ਵਾਹਾਂ ਤੋਂ ਸੁਚੇਤ ਰਹਿਣ।
ਸ. ਜੋਗਿੰਦਰ ਸਿੰਘ ਜਿੰਦੂ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਨੇ ਕਿਹਾ ਕਿ ਬੀਤੇ ਦਿਨੀਂ ਜੋ ਸਰਜੀਕਲ ਅਪਰੇਸ਼ਨ ਜੰਮੂ-ਕਸ਼ਮੀਰ ਖੇਤਰ ਵਿੱਚ ਫ਼ੌਜ ਨੇ ਕੀਤਾ ਸੀ, ਉਸ ਨੂੰ ਵੇਖਦੇ ਹੋਏ ਕਿ ਕਿਧਰੇ ਪਾਕਿਸਤਾਨ ਇਧਰ ਕੋਈ ਸ਼ਰਾਰਤ ਨਾ ਕਰੇ, ਇਸ ਲਈ ਸਰਹੱਦ ਨਾਲ ਲੱਗਦਾ 10 ਕਿੱਲੋਮੀਟਰ ਖੇਤਰ ਦੇ ਲੋਕਾਂ ਨੂੰ ਚੌਕਸ ਰਹਿਣ ਤੇ ਰਾਹਤ ਕੈਂਪਾਂ ਵਿੱਚ ਜਾਣ ਦੀ ਅਪੀਲ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਡੀ.ਪੀ.ਐਸ ਖਰਬੰਦਾ ਨੇ ਕਿਹਾ ਕਿ ਹਰ ਰਾਹਤ ਕੇਂਦਰ ਦੇ ਵਿੱਚ 8-10 ਪਿੰਡਾਂ ਦੇ ਵਸਨੀਕਾਂ ਦੇ ਠਹਿਰਣ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਕਿ ਕਿਸੇ ਇੱਕ ਰਾਹਤ ਕੇਂਦਰ ਵਿੱਚ ਜ਼ਿਆਦਾ ਭੀੜ ਨਾ ਹੋਵੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਰਾਹਤ ਕੇਂਦਰਾਂ ਵਿੱਚ ਖਾਣ-ਪੀਣ, ਰਹਿਣ, ਪਾਣੀ, ਪਖਾਨੇ, ਰੌਸ਼ਨੀ, ਸੁਰੱਖਿਆ ਸਮੇਤ ਹਰ ਤਰ੍ਹਾਂ ਦੇ ਪ੍ਰਬੰਧ ਹਨ ਤੇ ਇਸ ਕੰਮ ਲਈ ਧਾਰਮਿਕ ਸੰਸਥਾਵਾਂ, ਐਨ.ਜੀ.ਓਜ ਆਦਿ ਦੀ ਮੱਦਦ ਵੀ ਲਈ ਜਾ ਰਹੀ ਹੈ।

ਪੜ੍ਹਾਈ ਲਈ ਬਦਲਵੇਂ ਪ੍ਰਬੰਧ ਕੀਤੇ
ਜ਼ਿਲ੍ਹਾ ਸਿੱਖਿਆ ਅਫ਼ਸਰ ਜਗਸੀਰ ਸਿੰਘ ਆਵਾ ਨੇ ਦੱਸਿਆ ਕਿ ਸਰਹੱਦੀ ਖੇਤਰ ਦੇ ਬੰਦ ਕੀਤੇ ਸਕੂਲਾਂ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਦਲਵਾਂ ਪ੍ਰਬੰਧ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰ ਦਿੱਤਾ ਗਿਆ ਹੈ। ਸੋਮਵਾਰ ਤੋਂ ਜਿਥੇ ਵੀ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ ਉਥੋਂ ਦੇ ਨਜ਼ਦੀਕੀ ਸਕੂਲਾਂ ਵਿੱਚ ਪ੍ਰਭਾਵਿਤ ਬੱਚੇ ਪੜ੍ਹਾਈ ਕਰ ਸਕਣਗੇ।

Leave a Reply

Your email address will not be published. Required fields are marked *

%d bloggers like this: