Mon. Oct 14th, 2019

ਕੰਜਕਾਂ ਪੂਜਣ ਵਾਲੇ ਦੇਸ਼ ਦੇ ਮੱਥੇ ਤੇ ਵੱਡਾ ਕਲੰਕ ਹਨ ‘ਮਾਦਾ ਭਰੂਣ ਹੱਤਿਆ’ ਲਈ ਕੀਤੇ ਜਾਂਦੇ ਗਰਭਪਾਤ

ਕੰਜਕਾਂ ਪੂਜਣ ਵਾਲੇ ਦੇਸ਼ ਦੇ ਮੱਥੇ ਤੇ ਵੱਡਾ ਕਲੰਕ ਹਨ ‘ਮਾਦਾ ਭਰੂਣ ਹੱਤਿਆ’ ਲਈ ਕੀਤੇ ਜਾਂਦੇ ਗਰਭਪਾਤ

ਸਾਡਾ ਦੇਸ਼ ਗੁਰੂਆਂ-ਪੀਰਾਂ ਦੀ ਧਰਤੀ ਹੈ । ਇਸ ਦੇਸ਼ ਵਿੱਚ ਔਰਤ ਨੂੰ ਦੇਵੀ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ । ਕੰਜਕਾਂ ਦੇ ਪੈਰ੍ਹ ਧੋ-ਧੋ ਕੇ ਪੀਤੇ ਜਾਂਦੇ ਹਨ । ਮਾਤਾ ਦੇ ਜਗਰਾਤੇ ਕਰਾਏ ਜਾਂਦੇ ਹਨ । ਧੀਆਂ-ਭੈਣਾਂ ਦਾ ਸਤਿਕਾਰ ਕਰਨਾ ਸਾਨੂੰ ਵਿਰਸੇ ਵਿੱਚ ਹੀ ਸਿਖਾਇਆ ਜਾਂਦਾ ਹੈ । ਫਿਰ ਵੀ ਅਸੀਂ ਭਟਕ ਕੇ ਮਾਦਾ ਭਰੂਣ ਹੱਤਿਆ, ਦਹੇਜ ਪ੍ਰਥਾ, ਘਰੇਲੂ ਹਿੰਸਾ, ਛੇੜ-ਛਾੜ, ਤੇਜ਼ਾਬੀ ਹਮਲੇ ਤੇ ਬਲਾਤਕਾਰ ਆਦਿ ਅਪਰਾਧਿਕ ਬਿਰਤੀ ਵਾਲੇ ਕਾਰੇ ਕਰਕੇ ਔਰਤ ਦਾ ਨਿਰਾਦਰ ਕਰ ਰਿਹੇ ਹਾਂ ਜਦ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਫਰਮਾਇਆ ਹੈ ਕਿ,
” ਸੋ ਕਿਉਂ ਮੰਦਾ ਆਖੀਏ ਜਿਤੁ ਜੰਮੇ ਰਾਜਾਨਿ ।”

ਸਾਡੇ ਲਈ ਵੱਡਾ ਦੁਖਾਂਤ ਹੈ ਕਿ ਇੱਕੀਵੀਂ ਸਦੀ ਦੇ ਵਿਗਿਆਨਿਕ ਯੁੱਗ ਵਿੱਚ ਵੀ ਸਾਡੇ ਦੇਸ਼ ਵਿੱਚ ਮਾਦਾ ਭਰੂਣ ਹੱਤਿਆ ਪੂਰੇ ਜ਼ੋਰ ਨਾਲ ਹੋ ਰਹੀ ਹੈ । ਲਿੰਗ ਪਤਾ ਕਰਨ ਦੀ ਨਵੀਂ ਕਾਢ ਰਾਹੀਂ ਜਦ ਪਤਾ ਲੱਗ ਜਾਂਦਾ ਹੈ ਕਿ ਭਰੂਣ ਮਾਦਾ ਹੈ ਤਾਂ ਝੱਟ ਹੀ ਭਰੂਣ ਨੂੰ ਗਿਰਾ ਕੇ ਗਰਭਪਾਤ ਕਰ ਦਿੱਤਾ ਜਾਂਦਾ ਹੈ । ਇਹ ਜਾਣਦੇ ਹੋਏ ਵੀ ਕਿ ਭਾਰਤ ਦਾ ਲਿੰਗ ਅਨੁਪਾਤ ੯੪੬ ਤੇ ਪੰਜਾਬ ਦਾ ਲਿੰਗ ਅਨੁਪਾਤ ੮੮੯ ਹੈ ਫਿਰ ਵੀ ਅਸੀਂ ਕੁੜੀਆਂ ਦੀ ਘੱਟ ਰਹੀ ਗਿਣਤੀ ਨੂੰ ਅੱਖੋਂ ਉਹਲੇ ਕਰਕੇ ਇਹ ਪਾਪ ਕਰੀ ਜਾ ਰਹੇ ਹਾਂ । ਸਾਨੂੰ ਲਿੰਗ ਟੈਸਟ ਕਰਾਉਣ ਜਾਂ ਗਰਭਪਾਤ ਦੇ ਕਾਨੂੰਨ ਤੇ ਸਜਾਵਾਂ ਬਾਰੇ ਪਤਾ ਹੁੰਦੇ ਵੀ ਅਸੀਂ ਨਹੀਂ ਰੁਕ ਰਹੇ । ਇਹ ਵੀ ਮੈਡੀਕਲ ਪਰੂਵਡ ਹੈ ਕਿ ਕੁੜੀ ਦੇ ਪੈਦਾ ਹੋਣ ਪਿੱਛੇ ਔਰਤ ਨਹੀਂ ਬਲਕਿ ਆਦਮੀ ਜ਼ਿੰਮੇਵਾਰ ਹੈ ਫਿਰ ਵੀ ਅਸੀਂ ਹੱਥ ਧੋ ਕੇ ਮਾਦਾ ਭਰੂਣ ਦੇ ਪਿੱਛੇ ਪਏ ਹੋਏ ਹਾਂ । ਇੱਕ ਰਿਪੋਰਟ ਅਨੁਸਾਰ ੧੦੦੦ ਪਿੱਛੇ ੪੦.੧ ਮਾਦਾ ਭਰੂਣ ਹੱਤਿਆ ਲਈ ਗਰਭਪਾਤ ਹੋਏ ਹਨ । ਇਸ ਲਈ ਕੰਜਕਾਂ ਪੂਜਣ ਵਾਲੇ ਸਾਡੇ ਦੇਸ਼ ਦੇ ਮੱਥੇ ਤੇ ਮਾਦਾ ਭਰੂਣ ਹੱਤਿਆ ਲਈ ਕੀਤੇ ਜਾਂਦੇ ਗਰਭਪਾਤ ਵੱਡਾ ਕਲੰਕ ਹਨ । ਸਾਨੂੰ ਰਲ-ਮਿਲ ਕੇ ਇਹ ਕਲੰਕ ਧੋਣਾ ਚਾਹੀਦਾ ਹੈ । ਮਾਦਾ ਭਰੂਣ ਹੱਤਿਆ ਕਰਨ ਲਈ ਧੜਾ-ਧੜ ਕੀਤੇ ਜਾ ਰਹੇ ਗਰਭਪਾਤਾਂ ਨੂੰ ਨੱਥ ਪਾਉਣੀ ਪਵੇਗੀ ।

ਬੇਸ਼ੱਕ ਲਿੰਗ ਨਿਰਧਾਰਨ ਟੈਸਟ ਕਰਨ ਦੀ ਮਨਾਹੀ ਹੈ । ਤਿੰਨ ਸਾਲ ਦੀ ਸਜਾ ਤੇ ੧੦੦੦੦ ਰੁਪਏ ਤੱਕ ਜ਼ੁਰਮਾਨਾ ਹੈ । ਮਾਦਾ ਭਰੂਣ ਹੱਤਿਆ ਤੇ ਜੰਮਦੀਆਂ ਕੁੜੀਆਂ ਮਾਰਨ ਤੇ ਪਾਬੰਦੀ ਹੈ ਪਰ ਫਿਰ ਵੀ ਯੂਨੀਸੈਫ ਅਨੁਸਾਰ ਭਾਰਤ ਵਿੱਚ ੫੦ ਮਿਲੀਅਨ ਕੁੜੀਆਂ ਮਾਰੀਆਂ ਗਈਆਂ ਹਨ । ਗੁਜਰਾਤ, ਜੈਪੁਰ, ਉੱਤਰ ਪ੍ਰਦੇਸ਼, ਤਮਿਲਨਾਡੂ, ਹਰਿਆਣਾ, ਜੰਮੂ-ਕਸ਼ਮੀਰ ਤੇ ਪੰਜਾਬ ਦੀਆਂ ਅੰਤਰਰਾਸ਼ਟਰੀ ਪੱਧਰ ਤੇ ਲੱਗੀਆਂ ਖਬਰਾਂ ਨੇ ਕੁੱਖ ‘ਚ ਧੀਆਂ ਨੂੰ ਕਤਲ ਕਰਨ ਦੇ ਸੱਚ ਨੂੰ ਜੱਗ ਜ਼ਾਹਿਰ ਕੀਤਾ ਹੈ । ਪੰਜਾਬ ਵਿੱਚ ੨੦੧੦ ਵਿੱਚ ਰਜਿਸ਼ਟਰ ਗਰਭਵਤੀ ਔਰਤਾਂ ਵਿੱਚੋਂ ੭੫੦੦੦ ਮਾਦਾ ਭਰੂਣ ਗਾਇਬ ਸਨ । ਅਮ੍ਰਿਤਸਰ ਦੇ ੮੩੨੦, ਫਿਰੋਜ਼ਪੁਰ ਦੇ ੭੬੫੬, ਲੁਧਿਆਣੇ ਦੇ ੬੫੫੦ ਤੇ ਪਟਿਆਲੇ ਦੇ ਸਭ ਤੋਂ ਵੱਧ ੧੦੬੫੦ ਕੇਸ ਸਨ ।

ਗਰਭਪਾਤ ਦਾ ਅਰਥ ਹੈ ਬੱਚੇ ਨੂੰ ਜਨਮ ਤੋਂ ਪਹਿਲਾਂ ਹੀ ਮਾਂ ਦੇ ਪੇਟ ਵਿੱਚ ਹੀ ਖਤਮ ਕਰ ਦੇਣਾ । ਇਸਤਰੀ ਤੇ ਪੁਰਸ਼ ਦੇ ਸੰਭੋਗ ਸਮੇਂ ਪੁਰਸ਼ ਦਾ ਵੀਰਜ-ਕੀਟਾਣੂ ਜਦ ਇਸਤਰੀ ਦੇ ਅੰਡਕੋਸ਼ ਵਿੱਚ ਪ੍ਰਵੇਸ਼ ਕਰਦਾ ਹੈ ਤਦ ਇਸਤਰੀ ਗਰਭ ਧਾਰਨ ਕਰ ਲੈਂਦੀ ਹੈ । ਉਸ ਸਮੇਂ ਗਰਭ ਦਾ ਅਕਾਰ ਬਹੁਤ ਛੋਟਾ ਹੁੰਦਾ ਹੈ ਜੋ ਸਮੇਂ ਨਾਲ ਵੱਡਾ ਹੋ ਕੇ ਮਾਨਵ ਰੂਪ ਧਾਰ ਲੈਂਦਾ ਹੈ । ੨ ਤੋਂ ੯ ਮਹੀਨੇ ਤੱਕ ਦੀ ਗਰਭ-ਅਵਸਥਾ ਨੂੰ ਗਰਭ-ਬੱਚਾ ਕਿਹਾ ਜਾਂਦਾ ਹੈ । ਪ੍ਰਸੂਤੀ ਦੁਆਰਾ ਜਨਮ ਤਦ ਹੁੰਦਾ ਹੈ ਜਦ ਬੱਚਾ ਮਾਂ ਦੇ ਪੇਟ ਵਿੱਚ ਅਲੱਗ ਰਹਿ ਕੇ ਜ਼ਿੰਦਾ ਰਹਿ ਕੇ ਜੀਉਂਦਾ ਰਹਿ ਸਕੇ । ਜੇਕਰ ਬੱਚਾ ਮਾਂ ਦੇ ਪੇਟ ਤੋਂ ਅਲੱਗ ਰਹਿਣ ਦੇ ਯੋਗ ਨਾ ਹੋਵੇ ਤਾਂ ਉਸ ਨੂੰ ਪੇਟ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ ਜਿਸਨੂੰ ਗਰਭਪਾਤ ਕਹਿੰਦੇ ਹਨ ।

ਗਰਭਪਾਤ ਦੋ ਤਰ੍ਹਾਂ ਦਾ ਹੁੰਦਾ ਹੈ । ਪਹਿਲਾ ਕੁਦਰਤੀ ਗਰਭਪਾਤ ਤੇ ਦੂਜਾ ਮਰਜ਼ੀ ਨਾਲ ਕੀਤਾ ਗਰਭਪਾਤ । ਜਦ ਕਿਸੇ ਕਾਰਨ ਅਚਾਨਕ ਹੀ ਗਰਭ ਡਿੱਗ ਜਾਵੇ ਜਿਸਤੇ ਗਰਭਵਤੀ ਦਾ ਜ਼ੋਰ ਨਾ ਹੋਵੇ ਅਤੇ ਨਾ ਹੀ ਉਸ ਨੂੰ ਡਾਕਟਰ ਬਚਾਉਣ ਵਿੱਚ ਸਫਲ ਹੋਵੇ ਉਸ ਨੂੰ ਕੁਦਰਤੀ ਗਰਭਪਾਤ ਕਿਹਾ ਜਾਂਦਾ ਹੈ । ਜਦ ਬੱਚੇ ਨੂੰ ਜਾਣ-ਬੁਝ ਕੇ ਜਨਮ ਤੋਂ ਪਹਿਲਾਂ ਹੀ ਮਾਂ ਦੇ ਪੇਟ ਤੋਂ ਅਲੱਗ ਕਰਕੇ ਮਾਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਮਰਜ਼ੀ ਨਾਲ ਕੀਤਾ ਗਰਭਪਾਤ ਕਿਹਾ ਜਾਂਦਾ ਹੈ ।

ਇਤਿਹਾਸਿਕ ਤੌਰ ਤੇ ਗਰਭਪਾਤ ਨੂੰ ਘ੍ਰਿਣਤ ਮੰਨਦੇ ਆਏ ਹਨ । ਪੁਰਤਾਨ ਯੁੱਗ ਵਿੱਚ ਬੱਚਾ ਭਗਵਾਨ ਦੀ ਦੇਣ ਮੰਨਿਆ ਜਾਂਦਾ ਸੀ । ਗਰਭਵਾਤ ਕਰਨਾ ਭਗਵਾਨ ਦੀ ਰਜ਼੍ਹਾ ਤੋਂ ਬਾਹਰ ਜਾਣਾ ਸਮਝਿਆ ਜਾਂਦਾ ਸੀ । ਪਰ ਕਈ ਲੋਕ ਸਮਝਦੇ ਸਨ ਕਿ ਜੇਕਰ ਗਰਭਵਤੀ ਇਸਤਰੀ ਦੀ ਜਾਨ ਨੂੰ ਕੋਈ ਖਤਰਾ ਹੈ ਤਾਂ ਗਰਭਪਾਤ ਕਰਾਉਣ ਵਿੱਚ ਕੋਈ ਬੁਰਾਈ ਨਹੀਂ । ਹਿੰਦੂ ਧਰਮ ਗਰਭਪਾਤ ਨੂੰ ਬੁਰਾ ਅਪਰਾਧ ਮੰਨਦਾ ਹੈ । ਬੁੱਧ ਧਰਮ ਅਨੁਸਾਰ ਬੱਚਾ ਜਨਮ ਤੋਂ ਪੂਰਵ ਮਾਨਵ ਹੀ ਨਹੀਂ ਹੁੰਦਾ ਇਸ ਲਈ ਗਰਭਪਾਤ ਨੂੰ ਜੀਵ ਹੱਤਿਆ ਨਹੀਂ ਮੰਨਿਆਂ ਜਾਂਦਾ । ਇਸਲਾਮ ਧਰਮ ਅਨੁਸਾਰ ੧੫੦ ਦਿਨਾਂ ਤੱਕ ਬੱਚੇ ਵਿੱਚ ਜਾਨ ਨਹੀਂ ਹੁੰਦੀ । ੧੫੦ ਦਿਨਾਂ ਤੱਕ ਗਰਭਪਾਤ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਨਹੀਂ । ਜੇਕਰ ਅਸ਼ੰਕਾ ਪੈਦਾ ਹੋ ਜਾਏ ਕਿ ਸੰਤਾਨ ਬੁੱਧੀਮਾਨ ਤੇ ਬਲਵਾਨ ਨਹੀਂ ਹੋਵੇਗੀ ਉਹ ਕਮਜ਼ੋਰ ਬੱਚਾ ਪੈਦਾ ਕਰਨ ਨਾਲੋਂ ਗਰਭਪਾਤ ਕਰਾਉਣਾ ਠੀਕ ਮੰਨਦੇ ਸਨ । ਪਲੈਟੋ ਤੇ ਅਰਸਤੂ ਦੇ ਵਿਚਾਰ ਵੀ ਬੜੇ ਉਦਾਰ ਸਨ । ਉਹਨਾਂ ਅਨੁਸਾਰ ਜਨਮ ਸਮੇਂ ਬੱਚੇ ਨੂੰ ਇੱਕ ਟਿੱਲੇ ਤੇ ਰੱਖ ਦਿੱਤਾ ਜਾਂਦਾ ਸੀ ਜੋ ਜੀਉਂਦਾ ਰਹਿ ਜਾਂਦਾ ਸੀ ਉਸ ਨੂੰ ਅਪਣਾ ਲਿਆ ਜਾਂਦਾ ਤੇ ਜੋ ਜੀਉਂਦਾ ਨਾ ਰਹਿੰਦਾ ਉਸ ਦਾ ਮਰਨਾ ਹੀ ਠੀਕ ਸਮਝਿਆ ਜਾਂਦਾ ਸੀ । ਅਜੋਕੇ ਸਮੇਂ ਵਿੱਚ ਵਿਗਿਆਨਿਕ ਉੱਨਤੀ ਕਰਕੇ ਗਰਭਪਾਤ ਦੇ ਨਵੇਂ-ਨਵੇਂ ਤਰੀਕਿਆਂ ਨੇ ਇਸਨੂੰ ਵਧੇਰੇ ਅਸਾਨ ਕਰ ਦਿੱਤਾ ਹੈ । ਇਸ ਲਈ ਇਸਤਰੀਆਂ ਦਾ ਝੁਕਾਅ ਇਸ ਪਾਸੇ ਵੱਧ ਗਿਆ ਹੈ ।

ਅਸੀਂ ਗਰਭਪਾਤ ਪ੍ਰਤੀ ਤਿੰਨੋਂ ਵਰਗਾਂ ਦੇ ਮੱਤ ਵਿਚਾਰਦੇ ਹਾਂ । ਪਹਿਲੇ ਉਹ ਜੋ ਕਿਸੇ ਹਾਲਤ ਵਿੱਚ ਵੀ ਗਰਭਪਾਤ ਨੂੰ ਚੰਗਾ ਨਹੀਂ ਸਮਝਦੇ । ਇਸਨੂੰ ਜੀਵ ਹੱਤਿਆ ਮੰਨਦੇ ਹਨ । ਉਹਨਾਂ ਅਨੁਸਾਰ ਗਰਭਪਾਤ ਕਰਨ ਵਾਲੇ ਨੂੰ ਕਾਨੂੰਨ ਅਨੁਸਾਰ ਸਖਤ ਸਜਾ ਮਿਲਣੀ ਚਾਹੀਦੀ ਹੈ । ਦੂਜੇ ਉਹ ਲੋਕ ਜੋ ਇਹ ਸਮਝਦੇ ਹਨ ਕਿ ਜੇਕਰ ਇਸਤਰੀ ਦੀ ਜਾਨ ਨੂੰ ਕੋਈ ਖਤਰਾ ਹੈ ਤਾਂ ਗਰਭਪਾਤ ਕਰਨਾ ਠੀਕ ਹੈ । ਤੀਸਰੇ ਉਹ ਲੋਕ ਜੋ ਇਹ ਸਮਝਦੇ ਹਨ ਕਿ ਇਹ ਇਸਤਰੀ ਦਾ ਪੂਰਾ ਅਧਿਕਾਰ ਹੈ । ਉਹ ਆਪਣੀ ਇੱਛਾ ਨਾਲ ਗਰਭਪਾਤ ਕਰ ਸਕਦੀ ਹੈ ।

ਅਜੋਕੇ ਸਮੇਂ ਵਿੱਚ ਗਰਭਪਾਤ ਕੁਝ ਅਧਾਰਾਂ ਦੇ ਅਨੁਸਾਰ ਕੀਤਾ ਜਾਂਦਾ ਹੈ । ਪਹਿਲਾ ਅਧਾਰ ਇਹ ਹੈ ਕਿ ਜੇਕਰ ਇਸਤਰੀ ਦੀ ਜਾਨ ਨੂੰ ਕੋਈ ਖਤਰਾ ਬਣ ਜਾਂਦਾ ਹੈ ਜਿਸ ਨੂੰ ਡਾਕਟਰ ਵੀ ਬਚਾ ਨਹੀਂ ਸਕਦੇ ਤਾਂ ਗਰਭਪਾਤ ਕੀਤਾ ਜਾਂਦਾ ਹੈ । ਦੂਜਾ ਜਦ ਪਹਿਲੇ ਬੱਚਿਆਂ ਦਾ ਪੇਟ ਭਰਨਾ ਔਖਾ ਹੋ ਜਾਏ ਤਾਂ ਗੁਰਬਤ ਕਾਰਨ ਵੀ ਗਰਭਪਾਤ ਕੀਤਾ ਜਾਂਦਾ ਹੈ । ਦੇਸ਼ ਵਿੱਚ ਵੱਧਦੀ ਅਬਾਦੀ ਨੂੰ ਕੰਟਰੋਲ ਕਰਨ ਲਈ ਵੀ ਗਰਭਪਾਤ ਕੀਤਾ ਜਾਂਦਾ ਹੈ । ਵਿਗਿਆਨਿਕ ਕਾਢਾਂ ਕਰਕੇ ਲਿੰਗ ਦੀ ਪਛਾਣ ਹੋ ਜਾਣ ਕਰਕੇ ਜਦ ਪਤਾ ਲੱਗ ਜਾਂਦਾ ਹੈ ਕਿ ਭਰੂਣ ਮਾਦਾ ਹੈ ਤਾਂ ਗਰਭਪਾਤ ਦਾ ਸਹਾਰਾ ਲਿਆ ਜਾਂਦਾ ਹੈ । ਹਾਦਸਿਆਂ ਕਰਕੇ ਭਾਵ ਐਕਸੀਡੈਂਟ ਕੇਸ, ਕੁੱਟਮਾਰ ਕਰਕੇ, ਦੰਗਿਆਂ ਜਾਂ ਬਲਾਤਕਾਰ ਕਰਕੇ ਵੀ ਗਰਭਪਾਤ ਕਰਨੇ ਪੈਂਦੇ ਹਨ । ਕੁਝ ਕੁ ਲੋਕ ਧੀਆਂ ਦੇ ਕਿਰਦਾਰ ਤੇ ਉੰਗਲ ਚੁੱਕ ਕੇ ਪੱਗ ਨੂੰ ਦਾਗ਼ ਲਾਉਣ ਵਾਲੀਆਂ ਤੋਹਮਤਾਂ ਲਾਉਣ ਵਾਲੇ ਵੀ ਦਰਅਸਲ ਪੁੱਤਰ ਪ੍ਰਾਪਤੀ ਲਈ ਹੀ ਗਰਭਪਾਤ ਕਰਾਉਂਦੇ ਹਨ । ਕਈ ਲੋਕ ਪੁੱਤਾਂ ਨੂੰ ਕਮਾਊ ਤੇ ਧੀਆਂ ਨੂੰ ਬੋਝ ਸਮਝ ਕੇ ਵੀ ਮਾਦਾ ਭਰੂਣ ਹੱਤਿਆ ਕਰਦੇ ਹਨ ।

ਲਿੰਗ ਨਿਰਧਾਰਨ ਟੈਸਟ ਤੇ ਭਰੂਣ ਹੱਤਿਆ ਦੀ ਮਾਮੂਲੀ ਜਿਹੀ ਸਜਾ ਸਾਡੇ ਭ੍ਰਿਸ਼ਟ ਢਾਂਚੇ ਵਿੱਚ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੋ ਨਿੱਬੜਦੀ ਹੈ । ਰਾਜਸੀ ਦਖਲ ਦਾ ਸਹਾਰਾ ਲੈ ਕੇ ਸਜਾ ਨਾਲੋਂ ਚਾਰ ਗੁਣਾ ਜ਼ਿਆਦਾ ਪੈਸੇ ਖਰਚ ਕੇ ਗਰਭਪਾਤ ਕਰਵਾਇਆ ਜਾਂਦਾ ਹੈ । ਜੇ ਕੋਈ ਸ਼ਿਕਾਇਤ ਹੋਣ ਤੇ ਫਸ ਵੀ ਜਾਂਦਾ ਹੈ ਤਾਂ ਸਾਡੇ ਦੇਸ਼ ਵਿੱਚ ਚਾਂਦੀ ਦੀ ਜੁੱਤੀ ਹਰ ਮਰਜ਼ ਦੀ ਦਵਾ ਹੈ । ਹਸਪਤਾਲਾਂ ਦੇ ਬਾਹਰ ਨੋਟਿਸ ਬੋਰਡ ਤਾਂ ਲੱਗੇ ਹਨ ਪਰ ਉਹ ਵਿਖਾਵੇ ਤੋਂ ਬਿਨਾ ਕੁਝ ਨਹੀਂ ਹਨ । ਨਵੀਂ ਤਕਨਾਲੌਜੀ ਦੀ ਦੁਰਵਰਤੋਂ ਨੇ ਵੀ ਮਾਦਾ ਭਰੂਣ ਦਾ ਪਤਾ ਲਗਾਉਣ ਤੇ ਅਸਾਨ ਤਰੀਕੇ ਨਾਲ ਗਰਭਪਾਤ ਕਰਨ ਕਰਕੇ ਵੀ ਇਸਤਰੀਆਂ ਦੇ ਝੁਕਾਅ ਵਿੱਚ ਵਾਧਾ ਕੀਤਾ ਹੈ ।

ਰਾਜ ਤੇ ਕੇਂਦਰ ਸਰਕਾਰਾਂ, ਸਮਾਜਿਕ-ਸੰਸਥਾਵਾਂ ਤੇ ਸਥਾਨਿਕ ਸਭਾਵਾਂ ਯਤਨਸ਼ੀਲ ਹਨ ਕਿ ਲੋਕਾਂ ਨੂੰ ਮਾਦਾ ਭਰੂਣ ਹੱਤਿਆ ਨਾ ਕਰਨ ਲਈ ਜਾਗ੍ਰਿਤ ਕੀਤਾ ਜਾਵੇ । ਸਮੇਂ-ਸਮੇਂ ਤੇ ਸੈਮੀਨਾਰ ਕੀਤੇ ਜਾ ਰਹੇ ਹਨ । ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ । ਬੱਚੀ ਦੇ ਜਨਮ ਤੇ ਅਤੇ ਸ਼ਗਨ ਸਕੀਮ ਵਰਗੀਆਂ ਸਕੀਮਾਂ ਹਨ । ਕਵਿਤਾਵਾਂ, ਗੀਤਾਂ ਤੇ ਨਾਟਕਾਂ ਰਾਹੀਂ ਲੋਕਾਂ ਨੂੰ ਚੇਤਨ ਕਰਨ ਲਈ ਹੀਲੇ ਕੀਤੇ ਜਾ ਰਹੇ ਹਨ ਪਰ ਇਹ ਸਭ ਨਾ-ਕਾਫੀ ਹਨ । ਸਮੱਸਿਆ ਦੀ ਜੜ੍ਹ ਇਸ ਸਮਾਜ ਦੀ ਮਰਦ ਪ੍ਰਧਾਨ ਸੋਚ ਹੈ । ਦਰਅਸਲ ਔਰਤ ਅੱਜ ਵੀ ਅਜ਼ਾਦੀ ਦੇ ੭੧ ਸਾਲ ਬਾਅਦ ਵੀ ਨਾ-ਬਰਾਬਰੀ ਦਾ ਸ਼ਿਕਾਰ ਹੈ । ਇਸ ਲਈ ਇਸ ਦਾ ਪੂਰਨ ਤੌਰ ਤੇ ਜ਼ਿੰਮੇਵਾਰ ਆਦਮੀ ਹੈ ਇਹ ਸਮਝਾਉਣਾ ਵੀ ਖਾਲਾ ਜੀ ਦਾ ਵਾੜ੍ਹਾ ਨਹੀਂ ਹੈ । ਔਰਤ ਵੀ ਜਦੋਂ ਸੱਸ ਬਣ ਜਾਂਦੀ ਹੈ ਤਾਂ ਉਹ ਔਰਤ ਦੀ ਦੁਸ਼ਮਣ ਬਣ ਕੇ ਪੁੱਤਰ-ਹੇਜ਼ ‘ਚ ਮਾਦਾ ਭਰੂਣ ਹੱਤਿਆ ਕਰਨ ਲਈ ਮਜ਼ਬੂਰ ਜਿਹੀ ਹੋ ਜਾਂਦੀ ਲੱਗਦੀ ਹੈ । ਡਾ. ਰਛਪਾਲ ਸਿੰਘ ਬਾਠ ਦੀ ਕਵਿਤਾ ‘ਮਾਦਾ ਭਰੂਣ ਦੀ ਅਵਾਜ਼’ ਦੀਆਂ ਸਤਰਾਂ ਹਨ ਕਿ,
” ਤੂੰ ਵੀ ਧੀ ਏਂ ਕਿਸੇ ਦੀ, ਕਿਸੇ ਮਾਂ ਦੀ ਹੀ ਜਾਈ ਏਂ,
ਪੁੱਤ-ਫਲ ਪ੍ਰਾਪਤੀ ਲਈ, ਕਿਉਂ ਮੇਰੀ ਬਲੀ ਚੜ੍ਹਾਈ ਏ,
ਰਹਿਮ ਕਰ, ਤਰਸ ਕਰ, ਮਹਿਰ ਭਰਿਆ ਹੱਥ ਧਰ ।
ਜਨਮ ਲੈ ਲੈਣ ਦੇ, ਨਾ ਭਰੂਣ ਦਾ ਹੀ ਕਤਲ ਕਰ ।”

ਇਹ ਵੀ ਸੱਚ ਹੈ ਕਿ ਪੁੱਤ ਮਾਪਿਆਂ ਦੀਆਂ ਜ਼ਮੀਨਾਂ ਵੰਡਾਉਂਦੇ ਹਨ ਅਤੇ ਧੀਆਂ ਉਹਨਾਂ ਦੇ ਦੁੱਖ ਵੰਡਾਉਂਦੀਆਂ ਹਨ । ਬਹੁਤੇ ਪੁੱਤ ਬੁੱਢੇ ਮਾਪਿਆਂ ਨੂੰ ਆਸ਼ਰਮਾਂ ਵਿੱਚ ਰੁਲਣ ਲਈ ਛੱਡ ਆਉਂਦੇ ਹਨ ਅਤੇ ਧੀਆਂ ਉਹਨਾਂ ਨੂੰ ਆਸ਼ਰਮਾਂ ਤੋਂ ਵਾਪਸ ਘਰ ਲਿਆਉਂਦੀਆਂ ਹਨ । ਭੈਣਾਂ ਬਿਨਾ ਵੀਰਾਂ ਦੇ ਗੁੱਟ ਰੱਖੜੀ ਬਗੈਰ ਸੁੰਨ੍ਹੇ ਰਹਿਣਗੇ । ਭਵਿੱਖ ਵਿੱਚ ਮੁੰਡਿਆਂ ਨੂੰ ਰਿਸ਼ਤੇ ਲੱਭਣ ਲਈ ਕੁੜੀਆਂ ਨਹੀਂ ਲੱਭਣਗੀਆਂ । ਧੀਆਂ ਨਾ ਰਹੀਆਂ ਤਾਂ ਪੀੜ੍ਹੀ ਅੱਗੇ ਕਿਸ ਤਰ੍ਹਾਂ ਵੱਧੇਗੀ ? ਇਸ ਦੇ ਬਾਵਜੂਦ ਵੀ ਅਸੀਂ ਔਰਤ ਦੀ ਮਹੱਤਤਾ ਨੂੰ ਨਹੀਂ ਸਮਝ ਰਹੇ ਤੇ ਜ਼ੋਰਾਂ-ਸ਼ੋਰਾਂ ਨਾਲ ਮਾਦਾ ਭਰੂਣ ਹੱਤਿਆ ਕਰਨ ਲਈ ਗਰਭਪਾਤ ਕਰਵਾ ਰਹੇ ਹਾਂ ।

ਮਾਦਾ ਭਰੂਣ ਹੱਤਿਆ ਲਈ ਕੀਤੇ ਜਾ ਰਹੇ ਗਰਭਪਾਤ ਰੋਕਣ ਲਈ ਸਾਨੂੰ ਘਰ ਤੋੰ ਯਤਨ ਆਰੰਭਨੇ ਪੈਣੇ ਹਨ । ਧੀ ਨੂੰ ਪੁੱਤਰਾਂ ਵਾਂਗ ਵਾਰਿਸ ਬਣਾ ਕੇ ਬਰਾਬਰਤਾ ਦੇਣੀ ਪਵੇਗੀ । ਸਾਨੂੰ ਆਪਣੇ ਪਰਿਵਾਰ ਤੇ ਸਮਾਜ ਨੂੰ ਚੇਤਨ ਕਰਨਾ ਪਵੇਗਾ ਕਿ ਮੁੰਡਾ-ਕੁੜੀ ਬਰਾਬਰ ਹਨ । ਕੁੜੀਆਂ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ । ਸਮਾਜਿਕ-ਸੰਸਥਾਵਾਂ, ਸਥਾਨਿਕ-ਸਭਾਵਾਂ, ਰਾਜ ਤੇ ਕੇਂਦਰ ਸਰਕਾਰਾਂ ਨੂੰ ਬੇਟੀ ਨੂੰ ਵਡਿਆਉਣ ਵਾਲੇ ਪ੍ਰੋਗਰਾਮਾਂ ਵਿੱਚ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ । ਸਰਕਾਰਾਂ ਨੂੰ ਜਣੇਪਾ ਰਾਸ਼ੀ, ਪੜ੍ਹਾਈ ਲਈ ਵਜ਼ੀਫੇ ਰਾਸ਼ੀ ਤੇ ਸ਼ਗਨ ਸਕੀਮ ਦੀ ਰਾਸ਼ੀ ‘ਚ ਵਾਧਾ ਕਰਨਾ ਚਾਹੀਦਾ ਹੈ । ਮਾਦਾ ਭਰੂਣ ਹੱਤਿਆ ਕਰਾਉਣ ਤੇ ਕਰਨ ਵਾਲੇ ਦੋਵਾਂ ਲਈ ਸਖਤ ਸਜਾਵਾਂ ਦਾ ਬਿਨਾ ਰਾਜਸੀ ਦਖਲ ਪ੍ਰਬੰਧ ਕਰਨਾ ਚਾਹੀਦਾ ਹੈ । ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਚਾਹੀਦੀ ਹੈ । ਇਸਤਰੀ ਦੀ ਜਾਨ ਨੂੰ ਖਤਰਾ ਹੋਏ, ਕੁਆਰੀ ਜਾਂ ਬਲਾਤਕਾਰ ਕੇਸ ਛੱਡ ਕੇ ਹੋਰ ਕਿਸੇ ਵੀ ਕੇਸ ਵਿੱਚ ਗਰਭਪਾਤ ਦੀ ਇਜ਼ਾਜ਼ਤ ਨਹੀਂ ਮਿਲਣੀ ਚਾਹੀਦੀ । ਸਾਨੂੰ ਸਭ ਨੂੰ ਰਲ-ਮਿਲ ਕੇ ਇਹੋ-ਜਿਹਾ ਅਪਰਾਧ ਕਰਨ ਵਾਲਿਆਂ ਦਾ ਡਟਵਾਂ ਵਿਰੋਧ ਕਰਕੇ ਉਹਨਾਂ ਵਿਰੁੱਧ ਸੰਘਰਸ਼ ਕਰਨਾ ਚਾਹੀਦਾ ਹੈ । ਜਨਤਕ ਘੋਲ ਰਾਹੀਂ ਸਰਕਾਰਾਂ ਤੇ ਵੀ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦੇਵੇ ।

ਅੰਤ ਵਿੱਚ ਇਹੀ ਕਹਾਂਗਾ ਕਿ ਔਰਤ ਨੂੰ ਦੇਵੀ ਦੇ ਰੂਪ ‘ਚ ਮੰਨਣ ਵਾਲੇ ਤੇ ਕੰਜਕਾਂ ਦੇ ਰੂਪ ਵਿੱਚ ਪੂਜਣ ਵਾਲੇ ਸਾਡੇ ਦੇਸ਼ ਦੇ ਮੱਥੇ ਤੇ ‘ਮਾਦਾ ਭਰੂਣ ਹੱਤਿਆ’ ਲਈ ਕੀਤੇ ਜਾ ਰਹੇ ਗਰਭਪਾਤ ਕਲੰਕ ਹਨ ਤੇ ਉਹਨਾਂ ਨੂੰ ਧੋਣ ਲਈ ਸੁਹਿਰਦ ਯਤਨ ਕਰਨ ਦੀ ਲੋੜ ਹੈ । ਰਾਜ ਤੇ ਕੇਂਦਰ ਸਰਕਾਰਾਂ, ਸਮਾਜਿਕ-ਸੰਸਥਾਵਾਂ, ਸਥਾਨਿਕ-ਸਭਾਵਾਂ ਨਾ-ਮਾਤਰ ਯਤਨ ਕਰ ਰਹੇ ਹਨ ਪਰ ਸਮਾਜ ਦੀ ਮਰਦ ਪ੍ਰਧਾਨ ਸੋਚ ਕਰਕੇ ਇਸ ਅਪਰਾਧ ਵਿੱਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ । ਕਾਨੂੰਨ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਜਾਵਾਂ ਇਸ ਭ੍ਰਿਸ਼ਟ ਢਾਂਚੇ ਵਿੱਚ ਮਾਮੂਲੀ ਹਨ । ਸਾਨੂੰ ਘਰਾਂ ਤੋਂ ਸ਼ੁਰੂਆਦ ਕਰਕੇ ਪਰਿਵਾਰ ਤੇ ਸਮਾਜ ਦਾ ਕੁੜੀਆਂ ਪ੍ਰਤੀ ਨਜ਼ਰੀਆ ਬਦਲਣ ਲਈ ਹੰਭਲਾ ਮਾਰਨਾ ਪਵੇਗਾ । ‘ਮਾਦਾ ਭਰੂਣ ਹੱਤਿਆ’ ਲਈ ਗਰਭਪਾਤ ਕਰਨ ਤੇ ਕਰਾਉਣ ਵਾਲੇ ਦੋਹਾਂ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ । ਲਾਮਬੰਦੀ ਕਰਕੇ ਜਨਤਕ ਲਹਿਰ ਉਸਾਰ ਕੇ ਸਰਕਾਰਾਂ ਤੇ ਸੰਘਰਸ਼ ਰਾਹੀੰ ਦਬਾਅ ਬਣਾ ਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦੇਣ ਦਾ ਪ੍ਰਬੰਧ ਯਕੀਨੀ ਬਣਾਉਣ ਲਈ ਯਤਨ ਕਰਨਾ ਹੋਵੇਗਾ ਤਾਂ ਹੀ ਅਸੀਂ ਰਲ-ਮਿਲ ਕੇ ਆਪਣੇ ਦੇਸ਼ ਦੇ ਮੱਥੇ ਤੇ ਲੱਗਾ ‘ਮਾਦਾ ਭਰੂਣ ਹੱਤਿਆ’ ਲਈ ਕੀਤੇ ਜਾ ਰਹੇ ਗਰਭਪਾਤ ਰੂਪੀ ਕਲੰਕ ਧੋਣ ਵਿੱਚ ਕਾਮਯਾਬ ਹੋ ਸਕਾਂਗੇ ।

ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ. ੯੮੫੫੨੦੭੦੭੧

Leave a Reply

Your email address will not be published. Required fields are marked *

%d bloggers like this: