ਕੌਮ ਦੀ ਚੜ੍ਹਦੀਕਲਾ ਲਈ ਵਿਦਵਾਨਾਂ ਦਾ ਸਨਮਾਨ ਸਤਿਕਾਰ ਜ਼ਰੂਰੀ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਕੌਮ ਦੀ ਚੜ੍ਹਦੀਕਲਾ ਲਈ ਵਿਦਵਾਨਾਂ ਦਾ ਸਨਮਾਨ ਸਤਿਕਾਰ ਜ਼ਰੂਰੀ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਕਵੀ ਦਰਬਾਰ ਦੀ ਆਰੰਭਤਾ ਮੌਕੇ ਲਵਾਈ ਹਾਜ਼ਰੀ
ਪੰਥ ਦੇ ਉੱਚਕੋਟੀ ਦੇ ਵਿਦਵਾਨਾਂ, ਕਵੀਆਂ, ਰਾਗੀ ਢਾਡੀਆਂ, ਗ੍ਰੰਥੀ ਸਿੰਘਾਂ ਅਤੇ ਪ੍ਰਚਾਰਕਾਂ ਦੇ ਸਤਿਕਾਰ ਕਰਨ ਦੀ ਪਰੰਪਰਾ ਨੂੰ ਵਿਸਾਰਨ ’ਤੇ ਜਤਾਇਆ ਅਫ਼ਸੋਸ
ਮਹਿਤਾ ਚੌਕ / ਪਟਨਾ ਸਾਹਿਬ ਬਿਹਾਰ , 19 ਜਨਵਰੀ (ਨਿਰਪੱਖ ਆਵਾਜ਼ ਬਿਊਰੋ): ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 554ਵੇਂ ਪ੍ਰਕਾਸ਼ ਗੁਰਪੁਰਬ ਮਨਾਉਣ ਪਹੁੰਚੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਵੀ ਦਰਬਾਰ ਦੀ ਆਰੰਭਤਾ ਮੌਕੇ ਹਾਜ਼ਰੀ ਭਰਦਿਆਂ ਕਿਹਾ ਕਿ ਸਾਨੂੰ ਪੰਥ ਦੇ ਵਿੱਦਿਆਦਾਨੀਆਂ ਅਤੇ ਵਿਦਵਾਨਾਂ ਨੂੰ ਅਜਿਹਾ ਸਨਮਾਨ ਸਤਿਕਾਰ ਦੇਣਾ ਚਾਹੀਦਾ ਹੈ ਜਿਸ ਨੂੰ ਦੇਖ ਹੋਰਨਾਂ ਧਰਮਾਂ ਦੇ ਵਿਦਵਾਨ ਵੀ ਸਿੱਖ ਪੰਥ ਦੀ ਮੁਖਧਾਰਾ ਵਿਚ ਪ੍ਰਵੇਸ਼ ਪਾਉਣ ਲਈ ਉਤਾਵਲੇ ਹੋਣ।
ਪ੍ਰੋ: ਸਰਚਾਂਦ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਵਿਦਵਾਨਾਂ ਦਾ ਸਤਿਕਾਰ ਨਹੀਂ ਕਰਦੀਆਂ ਉਹ ਕੌਮਾਂ ਦੁਨੀਆ ’ਚ ਕਦੀ ਵੀ ਸਫਲਤਾ ਅਤੇ ਉੱਚੇ ਮੁਕਾਮ ਨੂੰ ਹਾਸਲ ਨਹੀਂ ਕਰ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਦਸਮੇਸ਼ ਪਿਤਾ ਜੀ ਆਪ ਇਕ ਉੱਚਕੋਟੀ ਦੇ ਵਿਦਵਾਨ ਸਨ ਉੱਥੇ ਹੀ ਵਿਦਵਾਨਾਂ ਅਤੇ ਕਵੀਆਂ ਦੇ ਵੱਡੇ ਕਦਰਦਾਨ ਵੀ ਸਨ ਕਿ ਭਾਈ ਨੰਦ ਲਾਲ ਜੀ ਵਰਗੇ ਦਿਲੀ ਦਰਬਾਰ ਦੇ ਵੱਡੇ ਵੱਡੇ ਵਿਦਵਾਨ ਅਤੇ ਕਵੀ ਸ੍ਰੀ ਅਨੰਦਪੁਰ ਸਾਹਿਬ ਕੇ ਆਪ ਜੀ ਦੇ ਦਰਬਾਰ ਦੀ ਸੋਭਾ ਬਣਨ ਅਤੇ ਸਮਰਪਿਤ ਹੋਣ ’ਚ ਮਾਣ ਮਹਿਸੂਸ ਕਰਦੇ ਸਨ। ਸਤਿਗੁਰਾਂ ਨੇ ਸਾਨੂੰ ਵਿਦਵਾਨਾਂ ਕਵੀਆਂ ਤੇ ਪ੍ਰਚਾਰਕਾਂ ਦਾ ਸਤਿਕਾਰ ਕਰਨਾ ਸਿਖਾਇਆ ਪਰ ਅਫ਼ਸੋਸ ਕਿ ਅੱਜ ਅਸੀਂ ਪੰਥ ਦੇ ਉੱਚਕੋਟੀ ਦੇ ਵਿਦਵਾਨਾਂ, ਕਵੀਆਂ, ਰਾਗੀ ਢਾਡੀਆਂ, ਗ੍ਰੰਥੀ ਸਿੰਘਾਂ ਅਤੇ ਪ੍ਰਚਾਰਕਾਂ ਦਾ ਸਤਿਕਾਰ ਕਰਨ ਦੀ ਪਰੰਪਰਾ ਨੂੰ ਛੱਡਦੇ ਜਾ ਰਹੇ ਹਾਂ।
ਉਨ੍ਹਾਂ ਗੁਰਬਾਣੀ ਦੇ ਹਵਾਲੇ ਨਾਲ ਕਿਹਾ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਗੂੰਗਾ ਵਿਅਕਤੀ ਵੀ ਕਾਵਿ ਰਚਨਾ ਕਰਨ ਅਤੇ ਬੋਲਣ ਪ੍ਰਤੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਮਿਹਰ ਸਦਕਾ ਗੁਰੂ ਦਰਬਾਰ ਦੇ ਘਾਹੀ ਵੀ ਸਿੱਖ ਪੰਥ ਦੇ ਉੱਚਕੋਟੀ ਦੇ ਵਿਦਵਾਨ ਹੋਏ ਹਨ, ਜਿਨ੍ਹਾਂ ਅੱਗੇ ਚੰਦਨ ਵਰਗੇ ਉੱਚਕੋਟੀ ਦੇ ਵਿਦਵਾਨ ਵੀ ਫਿੱਕੇ ਪੈ ਗਏ ਸਨ। ਉਨ੍ਹਾਂ ਦੱਸਿਆ ਕਿ ਗੁਰੂ ਪੰਥ ਦਾ ਚੂੜਾਮਨੀ ਮਹਾਂਕਵੀ ਭਾਈ ਸੰਤੋਖ ਸਿੰਘ ਨੇ ਕਾਵਿ ਰੂਪ ’ਚ ਅਜਿਹਾ ਵਿਸ਼ਾਲ ਗੁਰ ਇਤਿਹਾਸ ਲਿਖਿਆ, ਜਿਸ ਵਰਗਾ ਦੁਨੀਆ ’ਚ ਕਿਸੇ ਹੋਰ ਕਵੀ ਨੇ ਸਿਰਜਣਾ ਨਹੀਂ ਕੀਤੀ। ਉਨ੍ਹਾਂ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗ਼ੌਰ ਏ ਮਸਕੀਨ ਦੀ ਪੰਥ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੰਤ ਬਾਬਾ ਪ੍ਰਦੀਪ ਸਿੰਘ ਬੋਰੇ ਵਾਲ ਵਾਲੇ ਵੀ ਮੌਜੂਦ ਸਨ।