Fri. Jul 19th, 2019

ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼ ਵਿਚਾਰ-ਚਰਚਾ:ਕਿਵੇਂ ਪੂਰਾ ਹੋਵੇ ਮਹਿਲਾ ਦਿਵਸ ਮਨਾਉਣ ਦਾ ਅਸਲੀ ਮਨੋਰਥ?

ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼ ਵਿਚਾਰ-ਚਰਚਾ:ਕਿਵੇਂ ਪੂਰਾ ਹੋਵੇ ਮਹਿਲਾ ਦਿਵਸ ਮਨਾਉਣ ਦਾ ਅਸਲੀ ਮਨੋਰਥ?

ਮਨੁੱਖੀ ਸਮਾਜ ਵਿੱਚ ਮਰਦ ਪ੍ਰਧਾਨਤਾ ਦੀ ਕਹਾਣੀ ਸਦੀਆਂ ਪੁਰਾਣੀ ਹੈ।ਔਰਤਾਂ ‘ਤੇ ਅੱਤਿਆਚਾਰ ਦਾ ਆਲਮ ਕਿਸੇ ਇੱਕ ਸਮਾਜ,ਫਿਰਕੇ ਜਾਂ ਧਰਮ ਤੱਕ ਸੀਮਿਤ ਨਹੀਂ।ਔਰਤਾਂ ‘ਤੇ ਅੱਤਿਆਚਾਰਾਂ ਦੀ ਗਾਥਾ ਸੰਸਾਰ ਦੇ ਹਰ ਸਮਾਜ ਦੇ ਇਤਿਹਾਸ ਦਾ ਸਿਆਹ ਪੰਨਾ ਰਹੀ ਹੈ। ਕੁੜੀ ਦੇ ਜਨਮ ਤੋਂ ਹੀ ਉਸ ਨਾਲ ਵਿਤਕਰਿਆਂ ਦਾ ਆਲਮ ਸ਼ੁਰੂ ਹੁੰਦਾ ਰਿਹਾ ਹੈ।ਪੁੱਤਾਂ ਮੁਕਾਬਲੇ ਧੀਆਂ ਦੇ ਪਾਲਣਪੋਸ਼ਣ ਅਤੇ ਪੜਾਈ ਲਿਖਾਈ ਵਿੱਚ ਵਿਤਕਰੇ ਦਾ ਆਲਮ ਹਰ ਘਰ ਦੀ ਕਹਾਣੀ ਰਿਹਾ ਹੈ।ਔਰਤ ਦੀ ਤਰਸਯੋਗ ਹਾਲਤ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਕਹਿਣਾ ਪਿਆ ਸੀ ”ਸੋ ਕਿਉਂ ਮੰਦਾ ਆਖਿਐ ਜਿਤੁ ਜੰਮਹਿ ਰਾਜੁਨ”।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਡਟ ਕੇ ਔਰਤ ਜਾਤੀ ਦਾ ਸਮਰਥਨ ਕੀਤਾ।
ਮਾੜੀ ਸਥਿਤੀ ‘ਚੋਂ ਗੁਜ਼ਰਦੀ ਔਰਤ ਨੂੰ ਜਿੱਥੇ ਰਹਿਬਰਾਂ ਅਤੇ ਸਮਾਜ ਸੁਧਾਰਕਾਂ ਦਾ ਸਹਾਰਾ ਮਿਲਿਆ,ਉੱਥੇ ਔਰਤ ਨੇ ਖੁਦ ਵੀ ਅਗੜਾਈ ਲਈ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਕੋਸ਼ਿਸ਼ ਕੀਤੀ। ਪ੍ਰਾਚੀਨ ਗ੍ਰੀਸ ਵਿਚ ਲੀਸਿਸਟਰਾਟਾ ਨਾਂ ਦੀ ਔਰਤ ਨੇ ਫਰਾਂਸੀਸੀ ਕ੍ਰਾਂਤੀ ਦੌਰਾਨ ਯੁੱਧ ਸਮਾਪਤੀ ਦੀ ਮੰਗ ਰੱਖਦਿਆਂ ਇਸ ਦਿਨ ਅੰਦੋਲਨ ਦੀ ਸੁਰੂਆਤ ਕੀਤੀ।ਫਾਰਸੀ ਮਹਿਲਾਵਾਂ ਦੇ ਇੱਕ ਸਮੂਹ ਨੇ ਵਰਸੈਲਜ਼ ਵਿੱਚ ਇਕ ਮੋਰਚਾ ਕੱਢਦਿਆਂ ਔਰਤਾਂ ਉੱਪਰ ਹੋ ਰਹੇ ਅੱਤਿਆਚਾਰ ਰੋਕਣ ਦੀ ਮੰਗ ਕੀਤੀ।ਅਮਰੀਕਾ ਦੀ ਸੋਸਲਿਸਟ ਪਾਰਟੀ ਵੱਲੋਂ ੧੯੦੯ ਵਿੱਚ ਪਹਿਲੀ ਵਾਰ ਪੂਰੇ ਅਮਰੀਕਾ ਵਿੱਚ ੨੮ ਫਰਵਰੀ ਨੂੰ ਮਹਿਲਾ ਦਿਵਸ ਮਨਾਇਆ ਗਿਆ।ਨਿਊਯਾਰਕ ਦੀਆਂ ਕੱਪੜਾਂ ਮਿੱਲਾਂ ਵਿੱਚ ਔਰਤਾਂ ਨਾਲ ਬੇਇਨਸਾਫੀ ਅਤੇ ਸ਼ੋਸਣ ਦਾ ਆਲਮ ਸਿਖਰਾਂ ‘ਤੇ ਸੀ।ਮਹਿਲਾਵਾਂ ਆਪਣੇ ਹਕੂਕਾਂ ਲਈ ਜੱਦੋਜਹਿਦ ਕਰ ਰਹੀਆਂ ਸਨ।ਔਰਤਾਂ ਦੀ ਹੜਤਾਲ ਇੱਕ ਵਰੇ ਤੋਂ ਚਲ ਰਹੀ ਸੀ ਪਰ ਕਿਧਰੇ ਕੋਈ ਸੁਣਵਾਈ ਨਹੀਂ ਸੀ ਹੋ ਰਹੀ।ਸੰਨ ੧੯੧੦ ਵਿੱਚਸੋਸਲਿਸਟ ਇੰਟਰਨੈਸ਼ਲ ਵੱਲੋਂ ਕੌਪਨਹੈਗਨ ਵਿੱਚ ਮਹਿਲਾ ਦਿਵਸ ਮਨਾਇਆ ਗਿਆਅਤੇ ੧੯੧੧ ਵਿੱਚ ਆਸਟਰੀਆ,ਡੈਨਮਾਰਕ,ਜਰਮਨੀ ਅਤੇ ਸ਼ਵਿਟਜਰਲੈਂਡ ‘ਚ ਲੱਖਾਂ ਮਹਿਲਾਵਾਂ ਨੇ ਇਕੱਤਰ ਹੋ ਕੇ ਰੈਲੀ ਦਾ ਆਯੋਜਨ ਕੀਤਾ। ੧੯੧੩-੧੪ ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ ਰੂਸੀ ਮਹਿਲਾਵਾਂ ਨੇ ਪਹਿਲੀ ਵਾਰ ਸਾਂਤੀ ਸਥਾਪਨਾ ਲਈ ਫਰਵਰੀ ਮਹੀਨੇ ਦੇ ਅਖੀਰਲੇ ਐਤਵਾਰ ਮਹਿਲਾ ਦਿਵਸ ਮਨਾਇਆ।ਯੂਰਪ ਵਿੱਚ ਵੀ ਯੁੱਧ ਖਿਲਾਫ ਪ੍ਰਦਰਸ਼ਨ ਹੋਏ। ੧੯੧੭ ਤੱਕ ਵਿਸ਼ਵ ਯੁੱਧ ਵਿੱਚ ਰੂਸ ਦੇ ਦੋ ਲੱਖ ਤੋਂ ਜਿਆਦਾ ਸੈਨਿਕ ਮਾਰੇ ਗਏ।ਰੂਸੀ ਮਹਿਲਾਵਾਂ ਨੇ ਸ਼ਾਂਤੀ ਲਈ ਇਸ ਦਿਨ ਹੜਤਾਲ ਕੀਤੀ।ਹਾਲਾਂਕਿ ਰਾਜਸੀ ਲੋਕ ਇਸ ਅੰਦੋਲਨ ਦੇ ਖਿਲਾਫ ਸਨ ਪਰ ਮਹਿਲਾਵਾਂ ਨੇ ਆਪਣਾ ਅੰਦੋਲਨ ਜਾਰੀ ਰੱਖਿਆ।ਇਸ ਦੇ ਫਲਸਰੂਪ ਰੂਸ ਦੇ ਜਾਰਜ ਨੂੰ ਆਪਣੀ ਗੱਦੀ ਛੱਡਣੀ ਪਈ ਅਤੇ ਹੀਸਰਕਾਰ ਨੂੰ ਅੋਰਤਾਂ ਲਈ ਵੋਟ ਦੇ ਅਧਿਕਾਰ ਦੀ ਘੋਸ਼ਣਾ ਕਰਨੀ ਪਈ।ਔਰਤ ਚੇਤਨਾ ਦੇ ਇਸ ਯੁੱਗ ਦੌਰਾਨ ਔਰਤਾਂ ਨੇ ਆਪਣੇ ਨਾਲ ਹੋ ਰਹੀ ਬੇਇਨਸਾਫੀ ਨੂੰ ਬਾਖੂਬੀ ਮਹਿਸੂਸ ਕੀਤਾ।ਇਹ ਔਰਤ ਚੇਤਨਾ ਦਾ ਅਜਿਹਾ ਦੌਰ ਸੀ ਕਿ ਪੁਰਸ਼ਾਂ ਨੂੰ ਔਰਤਾਂ ਦੇ ਅਧਿਕਾਰਾਂ ‘ਤੇ ਮੋਹਰ ਲਗਾਉਣੀ ਪਈ।ਔਰਤ ਦੀ ਆਜ਼ਦੀ ਅਤੇ ਸਵੈਮਾਣ ਦੀ ਬਹਾਲੀ ਲਈ ੧੯੦੯ ਵਿੱਚ ਪਹਿਲੀ ਵਾਰ ਅੰਤਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਅਤੇ ੧੯੭੫ ਵਿੱਚ ਸੰਯੂਕਤ ਰਾਸ਼ਟਰ ਨੇ ਇਸ ਨੂੰ ਮਾਨਤਾ ਦਿੱਤੀ। ਇਸ ਦਿਵਸ ‘ਤੇ ਪੇਸ਼ ਹਨ ਕੁੱਝ ਮਹਿਲਾਵਾਂ ਦੇ ਵਿਚਾਰ-
੧.- ਸ੍ਰੀਮਤੀ ਹਰਵਿੰਦਰ ਕੌਰ ਬਾਜਵਾ ਦਾ ਕਹਿਣਾ ਹੈ ਕਿ ਔਰਤ ਨੂੰ ਅਮਲੀ ਰੂਪ ਵਿੱਚ ਅਧਿਕਾਰਾਂ ਦੀ ਹੱਕਦਾਰ ਬਣਾਉਣ ਵਿੱਚ ਹੀ ਮਹਿਲਾ ਦਿਵਸ ਮਨਾਉਣ ਦੀ ਸਾਰਥਿਕਤਾ ਹੈ।ਸਿਰਫ ਇੱਕ ਦਿਨ ਲਈ ਔਰਤ ਦੇ ਹੱਕਾਂ ਅਤੇ ਅਧਿਕਾਰਾਂ ਦੀ ਗੱਲ ਕਰ ਲੈਣਾ ਮਹਿਜ਼ ਡਰਾਮੇਬਾਜ਼ੀ ਤੋਂ ਵੱਧ ਕੁੱਝ ਨਹੀਂ ਹੈ।ਔਰਤ ਆਪਣੇ ਅਧਿਕਾਰਾਂ ਦੇ ਇਸਤੇਮਾਲ ਲਈ ਅੱਜ ਵੀ ਆਜ਼ਾਦ ਨਹੀਂ ਹੈ।ਰਾਖਵੇਂਕਰਨ ਦੀ ਬਦੌਲਤ ਰਾਜਸੀ ਖੇਤਰ ਵਿੱਚ ਪੈਰ ਪਾਉਣ ਵਿੱਚ ਕਾਮਯਾਬ ਹੋਈਆਂ ਬਹੁਿਗਣਤੀ ਔਰਤਾਂ ਦੇ ਅਧਿਕਾਰ ਅੱਜ ਵੀ ਪੁਰਸ਼ਾਂ ਦੇ ਹੱਥਾਂ ਦੀ ਕਠਪੁਤਲੀ ਹਨ।ਔਰਤਾਂ ਨਾਲ ਵਾਪਰਨ ਵਾਲੀਆਂ ਜਬਰ ਜਿਨਾਹ ਦੀਆਂ ਘਟਨਾਵਾਂ ਜਿੱਥੇ ਅੱਜ ਵੀ ਸਮਾਜ ਦੇ ਮੱਥੇ ਦਾ ਕਲੰਕ ਬਣੀਆਂ ਹੋਈਆਂ ਹਨ,ਉੱਥੇ ਪੀੜਿਤ ਔਰਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਅਤੇ ਇਨਸਾਫ ਦਿਵਾਉਣ ਲਈ ਸੰਘਰਸ਼ੀਲ ਹੋਣ ਵਾਲੇ ਲੋਕਾਂ ਦੀ ਗਿਣਤੀ ਆਟੇ ਵਿੱਚ ਲੂਣ ਸਮਾਨ ਹੈ।ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਹਜ਼ਾਰਾਂ ਕੁੜੀਆਂ ਇਨਸਾਫ ਲਈ ਤਰਸ ਰਹੀਆਂ ਹਨ।ਔਰਤਾਂ ‘ਤੇ ਘਰੇਲੂ ਹਿੰਸਾਂ ਦਾ ਆਲਮ ਅੱਜ ਵੀ ਬਾਦਸਤੂਰ ਜਾਰੀ ਹੈ।ਸਾਰਾ ਦਿਨ ਕੰਮ ਕਰਕੇ ਪਰਿਵਾਰ ਦਾ ਪੇਟ ਭਰਨ ਦੀ ਕੋਸ਼ਿਸ਼ ਵਿੱਚ ਜੁਟੀਆਂ ਹਜ਼ਾਰਾਂ ਔਰਤਾਂ ਨੂੰ ਨਸ਼ਈ ਪਤੀਆਂ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।ਧੀਆਂ ਦੇ ਜਨਮ ‘ਤੇ ਪਰਿਵਾਰਾਂ ਦਾ ਮਾਹੌਲ ਅੱਜ ਵੀ ਸੋਗਮਈ ਕਿਉਂ ਬਣ ਜਾਂਦਾ ਹੈ?ਸਿਰਫ ਸਟੇਜਾਂ ‘ਤੇ ਭਾਸ਼ਣਾਂ ਅਤੇ ਤਕਰੀਰਾਂ ਨਾਲ ਔਰਤ ਦੀ ਹੋਣੀ ਬਦਲਣ ਦੀਆਂ ਉਮੀਦਾਂ ਕਰਨੀਆਂ ਹਨੇਰੇ ‘ਚ ਹੱਥ ਮਾਰਨ ਸਮਾਨ ਹੈ।ਲੋੜ ਹੈ ਔਰਤ ਪ੍ਰਤੀ ਮਾਨਸਿਕਤਾ ਤਬਦੀਲ ਕਰਕੇ ਔਰਤ ਨੂੰ ਮਜਬੂਤ ਕਰਨ ਦੀ।

੨.-ਲੇਖਿਕਾ ਹਰਪ੍ਰੀਤ ਕੌਰ ਘੁੰਨਸ ਦਾ ਕਹਿਣਾ ਹੈ ਕਿ ਜਿੰਦਗੀ ਦੇ ਹਰ ਖੇਤਰ ‘ਚ ਮਹਿਲਾਵਾਂ ਨੇ ਆਪਣੀ ਭੂਮਿਕਾ ਮਾਣਮੱਤੇ ਤਰੀਕੇ ਨਾਲ ਨਿਭਾਈ ਹੈ।ਬੇਦਾਵਾ ਦੇਣ ਵਾਲੇ ਚਾਲੀ ਸਿੰਘਾਂ ਨੂੰ ਵੰਗਾਰ ਕੇ ਮੁੜ ਰਣ ਭੂਮੀ ਵਿੱਚ ਜੂਝਣ ਲਈ ਤਿਆਰ ਕਰਨ ਵਾਲੀ ਮਾਈ ਭਾਗੋ ਤੋਂ ਲੈ ਕੇ ਝਾਂਸੀ ਦੀ ਰਾਣੀ ਅਤੇ ਜੋਤਿਬਾ ਫੂਲੇ ਸਮੇਤ ਅਨੇਕਾਂ ਔਰਤਾਂ ਨਾਰੀ ਜਾਤੀ ਦਾ ਮਾਣ ਬਣੀਆਂ ਹਨ।ਪਰ ਅਜੋਕੇ ਸਮਾਜ ‘ਚ ਮਹਿਲਾਵਾਂ ਖੌਫ ਦੇ ਛਾਏ ਹੇਠ ਜੀਅ ਰਹੀਆਂ ਹਨ।ਮਹੀਨਿਆਂ ਦੀਆਂ ਬੱਚਿਆਂ ਨਾਲ ਜਬਰ ਜਿਨਾਹ ਹੋਣ ਤੋਂ ਲੈ ਕੇ ਮਾਦਾ ਭਰੂਣ ਹੱਤਿਆ,ਦਾਜ ਲਈ ਕਤਲ ਹੋ ਰਹੀਆਂ ਧੀਆਂ ਅਤੇ ਕੰਮ ਵਾਲੀ ਜਗਾ ‘ਤੇ ਅਸੁਰੁੱਖਿਅਤ ਮਹਿਲਾਵਾਂ ਆਪਣੇ ਆਪ ਨੂੰ ਸਭਿਅਕ ਕਹਾਉਣ ਵਾਲੇ ਸਮਾਜ ਦੇ ਮੂੰਹ ‘ਤੇ ਕਰਾਰੀ ਚਪੇੜ ਹਨ।ਸਿੱਖਿਆ ਦੇ ਖੇਤਾਰ ਵਿੱਚ ਬੁਲੰਦੀਆਂ ‘ਤੇ ਪਹੁੰਚਣ ਦੇ ਬਾਵਯੂਦ ਔਰਤ ਨੂੰ ਆਪਣੇ ਅਧਿਕਾਰ ਅਤੇ ਹੱਕ ਮਾਨਣ ਦੀ ਆਜ਼ਾਦੀ ਨਹੀਂ।ਵੇਖਿਆ ਜਾਵੇ ਤਾਂ ਔਰਤ ਨੂੰ ਅੱਜ ਵੀ ਵਸਤੂ ਤੋਂ ਵੱਧ ਕੁੱਝ ਨਹੀਂ ਸਮਝਿਆ ਜਾ ਰਿਹਾ।ਵਸਤੂਆਂ ਦੀਆਂ ਮਸ਼ਹੂਰੀਆਂ ਤੋਂ ਲੈ ਕੇ ਗੀਤਾਂ ਵਿੱਚ ਅਸ਼ਲੀਲ ਨਾਚ ਲਈ ਔਰਤ ਦਾ ਇਸਤੇਮਾਲ ਹੋ ਰਿਹਾ ਹੈ।ਅੱਜ ਮਹਿਲਾ ਦਿਵਸ ਮੌਕੇ ਸਮਾਗਮ ਕਰਕੇ ਵਰਿਆਂ ਤੋਂ ਜਾਰੀ ਪਿਰਤ ਨੂੰ ਅੱਗੇ ਤੋਰਦਿਆਂ ਔਰਤ ਦੇ ਅਧਿਕਾਰਾਂ ਅਤੇ ਹੱਕਾਂ ਦਾ ਢੰਢੋਰਾ ਪਿੱਟਿਆ ਜਾਵੇਗਾ।ਪਰ ਮਹਿਲਾ ਦਿਵਸ ਮਨਾਉਣ ਦਾ ਮਨੋਰਥ ਉਸ ਦਿਨ ਪੂਰਾ ਹੋਇਆ ਸਮਝਿਆ ਜਾਵੇਗਾ ਜਦੋਂ ਦਾਜ ਲਈ ਕੋਈ ਕਤਲ ਨਹੀਂ ਹੋਵੇਗਾ,ਪੁੱਤਰ ਦੀ ਲਾਲਸਾ ਲਈ ਧੀ ਨਹੀਂ ਮਾਰੀ ਜਾਵੇਗੀ,ਔਰਤਾਂ ਨਾਲ ਜਬਰ ਜਿਨਾਹ ਦੀਆਂ ਘਟਨਾਵਾਂ ਦਾ ਕੋਈ ਵਜ਼ੂਦ ਨਹੀਂ ਰਹੇਗਾ ਅਤੇ ਜਿੰਦਗੀ ਦੇ ਹਰ ਖੇਤਰ ਵਿੱਚਲੇ ਆਪਣੇ ਅਧਿਕਾਰਾਂ ਦੇ ਇਸਤੇਮਾਲ ਲਈ ਔਰਤ ਨੂੰ ਪੁਰਸ਼ ਦੇ ਹੱਥਾਂ ਦੀ ਕਠਪੁਤਲੀ ਨਹੀਂ ਬਣਨਾ ਪਵੇਗਾ।

੩.- ਸ੍ਰੀਮਤੀ ਹਰਵਿੰਦਰ ਕੌਰ ਕਾਹਲੋਂ ਐਮ.ਡੀ ਸ਼ੀz ਗੁਰੂ ਅਰਜਨ ਦੇਵ ਪਬਲਿਕ ਸਕੂਲ ਰਣਸੀਂਹਕੇ ਟਿੱਲਾ ਜਿਲਾ ਗੁਰਦਾਸਪੁਰ ਦਾ ਕਹਿਣਾ ਹੈ ਕਿ ਔਰਤ ਨੂੰ ਆਪਣੇ ਅਧਿਕਾਰਾਂ ਦੀ ਲੜਾਈ ਖੁਦ ਲੜਨੀ ਪੈਣੀ ਹੈ।ਆਪਣੇ ਰਾਜਸੀ,ਆਰਥਿਕ ਅਤੇ ਸਮਾਜਿਕ ਅਧਿਕਾਰਾਂ ਲਈ ਪੁਰਸ਼ ‘ਤੇ ਨਿਰਭਰਤਾ ਔਰਤ ਨੂੰ ਤਿਆਗਣੀ ਪਵੇਗੀ।ਪੁਰਸ਼ ‘ਤੇ ਨਿਰਭਰਤਾ ਦੇ ਚੱਲਦਿਆਂ ਔਰਤਾਂ ਦੇ ਇਹਨਾਂ ਅਧਿਕਾਰਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।ਅਸਲ ਵਿੱਚ ਔਰਤ ਦੀ ਨਿਰਭਰਤਾ ਵਾਲੀ ਮਾਨਸਿਕਤਾ ਨੇ ਹੀ ਔਰਤ ਨੂੰ ਅਪਾਹਜ਼ ਬਣਾਇਆ ਹੈ।ਮਾਪਿਆਂ ਵੱਲੋਂ ਬਚਪਨ ਤੋਂ ਹੀ ਧੀਆਂ ਦੀ ਮਾਨਸਿਕਤਾ ਨੂੰ ਡਰੂ ਬਣਾਉਣਾ ਸਮੇਂ ਦਾ ਸਭ ਤੋਂ ਵੱਡਾ ਦੁਖਾਂਤ ਹੈ।ਅੱਜ ਭਲਾ ਕਿਹੜਾ ਖੇਤਰ ਹੈ ਜਿਸ ਵਿੱਚ ਔਰਤਾਂ ਨੇ ਮੱਲਾਂ ਨਹੀਂ ਮਾਰੀਆਂ?ਫਿਰ ਇਹ ਨਿਰਭਰਤਾ ਦਾ ਆਲਮ ਕਿਉਂ ਨਹੀਂ ਤਿਆਗ ਰਹੀ ਔਰਤ? ਧੀਆਂ ਨੂੰ ਸਮਾਜ ਵਿੱਚ ਵਿਚਰਦੇ ਦਰਿੰਦਿਆਂ ਦਾ ਮੂੰਹ ਤੋੜਨ ਦੇ ਸਮਰੱਥ ਬਣਾਉਣਾ ਹਰ ਮਾਂ-ਬਾਪ ਦਾ ਫਰਜ਼ ਹੈ।ਧੀਆਂ ਨੂੰ ਚਾਹੀਦਾ ਹੈ ਕਿ ਖੁਦ ਨੂੰ ਇੰਨਾਂ ਮਜਬੂਤ ਬਣਾਉਣ ਕਿ ਕੋਈ ਵੀ ਦਰਿੰਦਾ ਉਹਨਾਂ ਵੱਲ ਵਧਣ ਤੋਂ ਪਹਿਲਾਂ ਸੌ ਵਾਰ ਸੋਚੇ।ਮਾਪਿਆਂ ਨੂੰ ਚਾਹੀਦਾ ਹੈ ਕਿ ਧੀਆਂ ਨੂੰ ਲਿਆਕਤ ਦਾ ਪਾਠ ਪੜਾਉਣ ਤੋਂ ਪਹਿਲਾਂ ਪੁੱਤਰਾਂ ਨੂੰ ਔਰਤਾਂ ਦਾ ਸਨਮਾਨ ਕਰਨ ਦੀ ਲਿਆਕਤ ਦੇਣ।ਮਹਿਲਾ ਦਿਵਸ ਮਨਾਉਣ ਦੀ ਸਾਰਥਿਕਤਾ ਔਰਤ ਦੇ ਖੁਦ ਜਾਗਰੂਕ ਹੋਣ ਵਿੱਚ ਹੀ ਹੈ।
੪.-ਸ੍ਰੀਮਤੀ ਸੁਖਪਾਲ ਕੌਰ ਪੰਜਾਬੀ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਠੀਕਰੀਵਾਲਾ ਦਾ ਕਹਿਣਾ ਹੈ ਕਿ ੮ ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤ ਦੇ ਹੱਕ ਵਿੱਚ ਸਮਾਗਮ ਕਰ ਦੇਣਾ ਹੀ ਕਾਫੀ ਨਹੀਂ।ਸਗੋਂ ਜਰੂਰਤ ਹੈ ਔਰਤ ਨੂੰ ਅਮਲੀ ਰੂਪ ਵਿੱਚ ਬਰਾਬਰੀ ਦੇ ਅਧਿਕਾਰ ਦੇਣ ਦੀ।ਆਲਮ ਤਾਂ ਇਹ ਬਣਿਆ ਪਿਆ ਹੈ ਕਿ ਕਈ ਵਾਰ ਔਰਤ ਦੇ ਹੱਕਾਂ ਦੀ ਕਾਵਾਂ ਰੌਲੀ ਪਾਉਣ ਵਾਲੇ ਖੁਦ ਵੀ ਅੋਰਤ ਨੂੰ ਬਣਦੇ ਹੱਕ ਨਹੀਂ ਦਿੰਦੇ।ਉੱਚੇ ਅਸਮਾਨਾਂ ਅਤੇ ਡੂੰਘੇ ਸਮੁੰਦਰਾਂ ‘ਚ ਤਾਰੀਆਂ ਲਗਾਉਣ ਵਾਲੀ ਆਧੁਨਿਕ ਨਾਰੀ ਅੱਜ ਵੀ ਸਮਾਜ ਵਿੱਚ ਸੁਰੱਖਿਅਤ ਨਹੀਂ ਹੈ।ਬਾਲੜੀਆਂ ਤੋਂ ਲੈ ਕੇ ਬਜ਼ੁਰਗ ਉਮਰ ਦੀਆਂ ਔਰਤਾਂ ਨਾਲ ਜਬਰ ਜਿਨਾਹ ਦੀਆਂ ਸ਼ਰਮਨਾਕ ਘਟਨਾਵਾਂ ਹਰ ਰੋਜ ਵਾਪਰ ਰਹੀਆਂ ਹਨ।ਲੜਕੀਆਂ ਉੱਪਰ ਤੇਜ਼ਾਬੀ ਹਮਲਿਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲ਼ੈ ਰਹੀਆਂ।ਲੜਕੇ ਅਤੇ ਲੜਕੀ ਦੇ ਪਾਲਣ ਪੋਸ਼ਣ ਵਿੱਚ ਵਿਤਕਰੇ ਦਾ ਆਲਮ ਸਾਡੀ ਮਾਨਸਿਕਤਾ ਦਾ ਅਟੁੱਟ ਹਿੱਸਾ ਬਣ ਚੁੱਕਿਆ ਹੈ।ਆਜ਼ਾਦੀ ਦੇ ਮਾਮਲੇ ਵਿੱਚ ਵੀ ਲੜਕੀਆਂ ਨੂੰ ਲੜਕਿਆਂ ਦੇ ਮੁਕਾਬਲੇ ਬੰਦਸ਼ਾਂ ਦਾ ਖੂਬ ਪਾਠ ਪੜਾਇਆ ਜਾਂਦਾ ਹੈ।ਮਹਿਲਾ ਦਿਵਸ ਮਨਾਉਣ ਦੀ ਸਾਰਥਿਕਤਾ ਇਸੇ ਵਿੱਚ ਹੈ ਕਿ ਹਰ ਪਰਿਵਾਰ ਆਪਣੇ ਘਰ ਦੀਆਂ ਔਰਤਾਂ ਨੂੰ ਆਜ਼ਾਦੀ ਅਤੇ ਮਾਣ ਸਤਿਕਾਰ ਦੇਣ ਦੀ ਸ਼ੁਰੂਆਤ ਕਰਦਿਆਂ ਸਮਾਜ ਨੂੰ ਅਜਿਹਾ ਕਰਨ ਲਈ ਆਦਰਸ਼ ਪੇਸ਼ ਕਰੇ।ਲੜਕੇ ਅਤੇ ਲੜਕੀ ਵਿਚਲਾ ਅੰਤਰ ਧੁਰ ਅੰਦਰ ਤੋਂ ਮਿਟਾਉਣਾ ਸਮੇਂ ਦੀ ਮੁੱਖ ਜਰੂਰਤ ਹੈ।

ਬਿੰਦਰ ਸਿੰਘ ਖੁੱਡੀ ਕਲਾਂ
ਮੋਬ-੯੮੭੮੬-੦੫੯੬੫
ਗਲੀ ਨੰਬਰ ੧,ਸ਼ਕਤੀ ਨਗਰ,ਬਰਨਾਲਾ।

Leave a Reply

Your email address will not be published. Required fields are marked *

%d bloggers like this: